Monday, April 7, 2025
11 C
Vancouver

ਮਨਮੋਹਨ ਪੰਜਾਬੀ ਚਿੰਤਨ ‘ਮਨ ਪੰਖੀ ਭਇਓ’

ਲਿਖਤ : ਕਰਮਜੀਤ ਸਿੰਘ ਬੁੱਟਰ, +91 98722 46652
ਮਨਮੋਹਨ ਪੰਜਾਬੀ ਚਿੰਤਨ, ਸਮੀਖਿਆ ਅਤੇ ਸਿਰਜਣਾ ਦਾ ਮਹੱਤਵਪੂਰਨ ਨਾਮ ਹੈ। ‘ਮਨ ਪੰਖੀ ਭਇਓ’ ਉਸਦਾ ਨਵਾਂ ਨਾਵਲ ਹੈ। ਸਦਮਿਆਂ ਦੀ ਬਿਰਤਾਂਤਕਾਰੀ ਨੂੰ ਰੁਮਾਨੀ ਦ੍ਰਿਸ਼ਟੀ ਵਿਚੋਂ ਕੱਢ ਕੇ ਆਪਣੇ ਧਰਾਤਲ ਦੇ ਚਿੰਤਨੀ ਅਤੇ ਗਿਆਨ ਸ਼ਾਸਤਰੀ ਪਰੰਪਰਾਵਾਂ ਦੀ ਟੇਕ ਲੈ ਕੇ ਪੇਸ਼ ਕਰਨ ਪੱਖੋਂ ਮਨਮੋਹਨ ਦਾ ਇਹ ਨਾਵਲ ਨਵੀ ਪਹਿਲਕਦਮੀ ਵਾਲੀ ਟੈਕਸਟ ਹੈ। ਇਸ ਚਿੰਤਨ ਕੇਂਦਰਿਤ ਨਾਵਲ ਵਿੱਚ ਸੰਤਾਲੀ ਦੇ ਉਜਾੜੇ ਨਾਲ ਜੁੜੀ ਸੱਤਾ ਸਿਆਸਤ ਦੀ ਗਿਰਝ ਮਾਨਸਿਕਤਾ,ਧਾਰਮਿਕ ਫਿਰਕਾਪ੍ਰਸਤੀ, ਮਾਰਵੱਢ, ਔਰਤਾਂ ਦੇ ਉਧਾਲਿਆਂ ਨਾਲ ਸਬੰਧਤ ਘਟਨਾਵੀਂ ਵੇਰਵਿਆਂ ਵਾਲਾ ਪੰਜਾਬ ਨਹੀਂ ਸਗੋਂ ਇਸ ਧਰਤੀ ‘ਤੇ ਸਦਮਿਆਂ ਦੇ ਸਮਾਂਨਅੰਤਰ ਵੱਖ ਵੱਖ ਗਿਆਨ ਪਰੰਪਰਾਵਾਂ ਵਾਲੇ ਪੰਜਾਬ ਦੀ ਭਰਪੂਰ ਦ੍ਰਿਸ਼ਕਾਰੀ ਹੋਈ ਹੈ। ਨਾਵਲਕਾਰ ਮੁਸ਼ਤਰਕਾ ਪੰਜਾਬ ਵਿੱਚ ਸਾਂਝੇ ਤੌਰ ‘ਤੇ ਰਹਿੰਦੇ ਹਿੰਦੂ, ਮੁਸਲਮਾਨ ਅਤੇ ਸਿੱਖ ਧਰਮਾਂ ਸਮੇਤ ਅਨੇਕਾਂ ਮਤ ਮਤਾਂਤਰਾਂ ਦੀਆਂ ਦਾਰਸ਼ਨਿਕ ਬੁਨਿਆਦਾਂ ਭਰਪੂਰ ਗਿਆਨ ਪਰੰਪਰਾਵਾਂ ਦੇ ਪ੍ਰਸੰਗ ਵਿੱਚ ਸੰਤਾਲੀ ਦੀ ਵੰਡ ਮੌਕੇ ਫੈਲੀ ਬੁਰਛਾਗਰਦੀ ਅੰਦਰ ਮਨੁੱਖਤਾ ਦੇ ਹੋਏ ਘਾਣ ਨੂੰ ਸਮਝਣ ਲਈ ਸੰਵਾਦੀ ਪ੍ਰਵਚਨ ਦੀ ਸਿਰਜਣਾ ਕਰਦਾ ਹੈ। ਕਬੀਰ ਚਿੰਤਨ ਅਤੇ ਗੁਰਮਿਤ ਦਰਸ਼ਨ ਦੀਆਂ ਨੀਂਹਾਂ ‘ਤੇ ਉਸਰੇ ਇਸ ਨਾਵਲ ਦਾ ਕੇਦਰੀ ਪਾਤਰ ਬੋਧਾ ਪੰਜਾਬ ਦੀ ਮੱਧਕਾਲੀਨ ਬੌਧਿਕ ਪਰੰਪਰਾ ਦਾ ਵਾਰਿਸ ਪਾਤਰ ਹੈ ਜਿਸ ਕੋਲ ਕਬੀਰ ਚਿੰਤਨ ਸਮੇਤ ਗੁਰਮਤਿ ਦਰਸ਼ਨ ਦਾ ਵੱਡਾ ਖਜ਼ਾਨਾ ਹੈ। ਜਗਿਆਸੂ ਬਿਰਤੀ ਵਾਲਾ ਅਤੇ ਮਾਨਵੀ ਹੋਂਦ ਅੰਦਰਲੇ ਕੁਕਨੁਸ ਦੀ ਭਾਲ ਵਿੱਚ ਬਿਹਬਲ ਅਜਿਹਾ ਪਾਤਰ ਪੰਜਾਬੀ ਨਾਵਲ ਪਰੰਪਰਾ ਦਾ ਵਿਸ਼ੇਸ਼ ਹਾਸਿਲ ਹੈ ਜਿਸ ਕੋਲ ਬਿਖਮ ਪਰਿਸਥਿਤੀਆਂ ਵਿੱਚ ਆਪਣੀਆਂ ਮੌਲਿਕ ਗਿਆਨ ਪਰੰਪਰਾਵਾਂ ਦੇ ਆਸਰੇ ਜੀਵਨ ਜੀਉਣ ਦਾ ਵਿਸ਼ਾਲ ਬੁੱਧੀਤਵ ਹੈ। ਨਾਵਲਕਾਰ ਨੇ ਅੰਗਰੇਜ਼ ਬਸਤੀਵਾਦੀ ਵੱਲੋਂ ਆਪਣੀ ਪੂੰਜੀਵਾਦੀ ਸੱਤਾ ਦੇ ਵਿਸਥਾਰ ਅਤੇ ਪੰਜਾਬ ਦੀ ਮੂਲ ਰਹਿਤਲ ਨੂੰ ਨੇਸਤੋ ਨਾਬੂਦ ਕਰਨ ਲਈ ਨੀਤੀਆਂ ਦਾ ਕੱਚ ਸੱਚ ਪੇਸ਼ ਕੀਤਾ ਹੈ ਜਿਸ ਤਹਿਤ ਬਾਰ ਮਾਝਾ, ਦੁਆਬਾ ਦੇ ਆਬਾਦਕਾਰਾਂ ਨੂੰ ਬਾਰਾਂ ਵਿੱਚ ਵਸਾ ਕੇ ਉਥੋਂ ਦੇ ਜਾਂਗਲੀ ਕਲਚਰ ਨੂੰ ਤਬਾਹ ਕਰਨ ਦੇ ਮਨਸੂਬੇ ਵਿਸ਼ੇਸ਼ ਹਨ।
ਇਸਦੇ ਨਾਲ ਬਸਤੀਵਾਦੀ ਸੱਤਾ ਵੱਲੋਂ ਹਿੰਦੂ, ਸਿੱਖ ਅਤੇ ਮੁਸਲਮਾਨ ਧਰਮ ਦੇ ਲੋਕਾਂ ਦੀ ਆਪੋ ਆਪਣੀ ਗੌਰਵਸ਼ਾਲੀ ਕਬੀਲਾਈ ਚੇਤਨਾ ਨੂੰ ਮਜਹਬਾਂ ਦੇ ਚੁੰਗਲ ਵਿੱਚ ਉਲਝਾ ਕੇ ਸੰਤਾਲੀ ਦੀ ਬੁਰਛਾਗਰਦੀ ਮੌਕੇ ਭਰਪੂਰ ਰੂਪ ਵਿੱਚ ਵਰਤਣ ਦੀਆਂ ਚਾਲਾਂ ਵੀ ਨਸ਼ਰ ਹੋਈਆਂ ਹਨ। ਨਾਵਲ ਕੁਰਤੁਲ ਐਨ ਹੈਦਰ ਦੇ ਨਾਵਲ ‘ਆਗ ਕਾ ਦਰਿਆ’ ਦੀ ਯਾਦ ਤਾਜ਼ਾ ਕਰਦਾ ਹੈ ਜਿਸਦੀ ਕੇਂਦਰੀ ਧੁਨੀ ਚੰਦਰ ਗੁਪਤ ਮੌਰੀਆ ਤੋਂ ਸੰਤਾਲੀ ਦੇ ਸੰਤਾਪ ਤੱਕ ਫੈਲੇ ਭਾਰਤੀ ਮਨੋਵਿਗਿਆਨ ਨੂੰ ਜਾਣਨ ਦੀ ਰਹੀ ਹੈ। ਜਿਸ ਵਿੱਚ ਰਹੱਸਵਾਦ, ਅਧਿਆਤਮ ਸਮੇਤ ਗਿਆਨ ਪਰੰਪਰਾ ਦੇ ਅਥਾਹ ਦਾਰਸ਼ਨਿਕ ਸੋਮਿਆਂ ਵਾਲੇ ਸ਼ਾਨਾਮੱਤੀ ਹਿੰਦੋਸਤਾਨ ਦੀ ਤਕਸੀਮ ਮੌਕੇ ਫੈਲੀ ਹਿੰਸਾ, ਖੌਫ, ਦਹਿਸ਼ਤ ਅਤੇ ਵਿਸਥਾਪਨ ਦੀ ਖੇਡ ਨੂੰ ਸਮਝਣ ਦਾ ਇਤਿਹਾਸਕ ਖਾਕਾ ਉਲੀਕਿਆ ਗਿਆ ਹੈ।
ਮਨਮੋਹਨ ਦਾ ਨਾਵਲ ਮਹਾਂ ਪੰਜਾਬ ਦੇ ਪ੍ਰਸੰਗ ਵਿੱਚ ‘ਆਗ ਕਾ ਦਰਿਆ’ ਦਾ ਨਵਾਂ ਅਧਿਆਏ ਪੇਸ਼ ਕਰਦਾ ਹੈ। ਮਹਾਂ ਪੰਜਾਬ ਦੀ ਸੰਗੀਤ ਪਰੰਪਰਾ, ਗੁਰਮਤਿ ਦਰਸ਼ਨ, ਹਿੰਦੂ ਵਿਦਵਤਾ, ਮਜਲਿਸਾਂ ਵਿੱਚ ਗਾਇਣ, ਇਸਲਾਮੀ ਚਿੰਤਨ, ਖਾਨਗਾਹਾਂ ਦੀ ਕੱਵਾਲਕਾਰੀ, ਸਮੇਤ ਉਦਾਸੀਆਂ, ਨਿਰਮਲਿਆਂ, ਸਾਧੂਆਂ ਸਮੇਤ ਕਬੀਰ ਚਿੰਤਨ ਪਰੰਪਰਾ ਨਾਲ ਭਰਪੂਰ ਸੰਵਾਦ ਇਸ ਨਾਵਲ ਦਾ ਚਿੰਤਨੀ ਕੈਨਵਸ ਵਿਸ਼ਾਲ ਕਰਦਾ ਹੈ। ਮੁਸ਼ਤਰਕਾ ਪੰਜਾਬ ਦੀ ਧਾਰਮਿਕ, ਸਭਿਆਚਾਰਕ ਅਤੇ ਲੋਕ ਜੀਵਨ ਵਾਲੀ ਸਹਿਹੋਂਦੀ ਅਤੇ ਸਮਨਵੈ ਵਾਲੀ ਵਿਰਾਸਤ ਉੱਤੇ ਬਸਤੀਵਾਦੀ ਹਾਕਮਾਂ ਅਤੇ ਸੱਤਾ ਦੀ ਲਲਕ ਪ੍ਰਤੀ ਗਿਰਝ ਮਾਨਸਿਕਤਾ ਵਾਲੀ ਦੇਸੀ ਸਿਆਸਤ ਸੰਤਾਲੀ ਮੌਕੇ ਜਿਹੜਾ ਕਹਿਰ ਢਾਹੁੰਦੀ ਹੈ ਉਸਦੀ ਪੇਸ਼ਕਾਰੀ ਇਸ ਨਾਵਲ ਨੂੰ ਸਭਿਆਚਾਰਕ-ਇਤਿਹਾਸਕ ਤ੍ਰਾਸਦੀ ਵਾਲੀ ਲਿਖਤ ਵੱਜੋਂ ਤਸਲੀਮ ਕਰਦੀ ਹੈ। ਨਾਵਲ ਦੇ ਪਾਤਰ ਬੋਧਾ, ਹੌਲਦਾਰ ਭਾਗ ਸਿੰਘ, ਹੀਰਾ, ਕੰਮੋ, ਗਿਆਨੀ ਕਰਮ ਸਿੰਘ, ਰਸ਼ੀਦਾ, ਤਾਇਆ ਬਿਸ਼ਨਾ ਆਦਿ ਦੇ ਵਾਰਤਾਲਾ ਅਤੇ ਮਨਬਚਨੀਆਂ ਤ੍ਰਿੰਝਣੀ ਇਤਿਹਾਸ ਵਾਲੇ ਪੰਜਾਬ ਦੀ ਪੇਸ਼ਕਾਰੀ ਕਰਦੇ ਹਨ। ਸੰਤਾਲੀ ਦੀ ਖੂੰਖਾਰ ਫਿਰਕਾਪ੍ਰਸਤੀ ਵਿੱਚ ਬਰਬਰਤਾ ਹੰਢਾਉਣ ਵਾਲੇ ਪਾਤਰਾਂ ਦੇ ਦੁਖਾਂਤਕ ਬੋਧ ਨੂੰ ਸਿਰਜਣ ਵਾਲੇ ਇਸ ਨਾਵਲ ਦਾ ਚਿੰਤਨੀ ਪੱਖ ਰਵਾਇਤੀ ਬਿਰਤਾਂਤਕ ਰਸ ਅਤੇ ਰਹੱਸ ਵਾਲੀ ਨਹੀਂ। ਇਸ ਰਚਨਾ ਵਿੱਚ ਗੁਰਮਤਿ ਕਾਵਿ ਦੇ ਹਵਾਲੇ, ਗਾਲਿਬ ਦਾ ਕਾਵਿ ਚਿੰਤਨ, ਲੋਕ ਬਾਣੀ ਸਮੇਤ ਸਥਾਨਾਂ ਦੀ ਇਤਿਹਾਸਕਤਾ ਨਾਲ ਜੁੜੇ ਹਵਾਲੇ ਅਨੇਕਾਂ ਥਾਵਾਂ ‘ਤੇ ਵਾਧੂ ਭਰਤੀ ਵੱਜੋਂ ਪੇਸ਼ ਹੋਏ ਹਨ ਅਤੇ ਕਈ ਵਾਰ ਜਾਪਦਾ ਹੈ ਕਿ ਲੇਖਕ ਚਿੰਤਨ ਨਾਲ ਲੋਡਿਡ ਸੂਚਨਾਵਾਂ ਅਤੇ ਇਤਿਹਾਸਕ ਹਵਾਲਿਆਂ ਦੀ ਬਾਰੀਕਬਾਨ ਪੇਸ਼ਕਾਰੀ ਨਾਲ ਪਾਠਕਾਂ ਦੀ ਝੋਲੀ ਭਰਨ ਲਈ ਬਿਹਬਲ ਹੈ। ਇਸਦੇ ਬਾਵਜੂਦ ਦਰਸ਼ਨ ਸ਼ਾਸਤਰ ਨੂੰ ਨਾਵਲੀ ਚਿੰਤਨ ਦਾ ਹਿੱਸਾ ਬਣਾਉਣ ਲਈ ਇਹ ਰਚਨਾ ਇਕ ਮਾਰਗ ਤੈਅ ਕਰਦੀ ਹੈ ਜਿਸ ਵਿੱਚ ਸਦਮੇ, ਉਜਾੜੇ, ਵਿਸਥਾਪਨ ਅਤੇ ਦਹਿਸ਼ਤ ਦੇ ਸਮਾਂਨਅੰਤਰ ਤਰਲ ਮਾਨਵੀ ਹੋਂਦ ਦੇ ਪੰਖੀ ਮਨ ਦੀਆਂ ਅਨੇਕਾਂ ਗਿਆਨਮੁੱਖੀ ਪਰਵਾਜ਼ਾਂ ਭਰੀਆਂ ਪੇਸ਼ ਹੋਈਆਂ ਹਨ। ਬੋਧਾ ਦੀ ਮਨੋ ਭੂਮੀ ਇਨ੍ਹਾਂ ਆਵਾਜ਼ਾਂ ਦਾ ਮੰਚ ਬਣਦੀ ਹੈ।
* ਡਾ ਮਨਮੋਹਨ ਨੂੰ ਇਸ ਨਾਵਲ ‘ਤੇ ਮੁਬਾਰਕਬਾਦ