Friday, April 18, 2025
7 C
Vancouver

ਕੈਨੇਡਾ ਵਿੱਚ ਮਹਿੰਗਾਈ ਦਰ ਘਟ ਕੇ 1.9 ਪ੍ਰਤੀਸ਼ਤ ਦੀ ਦਰ ‘ਤੇ ਪਹੁੰਚੀ

ਸਰੀ, (ਏਕਜੋਤ ਸਿੰਘ): ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਨਵੰਬਰ ਮਹੀਨੇ ਦੌਰਾਨ ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਘਟ ਕੇ 1.9 ਪ੍ਰਤੀਸ਼ਤ ‘ਤੇ ਪਹੁੰਚ ਗਈ ਹੈ। ਇਹ ਗਿਰਾਵਟ ਮੁੱਖ ਤੌਰ ‘ਤੇ ਘੱਟ ਮੌਰਗੇਜ ਵਿਆਜ ਲਾਗਤਾਂ ਅਤੇ ਸਸਤੇ ਯਾਤਰਾ ਟੂਰਾਂ ਦੇ ਕਾਰਨ ਦਰਜ ਕੀਤੀ ਗਈ ਹੈ। ਨਵੰਬਰ ਦੌਰਾਨ ਸਮੁੱਚੀ ਮਹਿੰਗਾਈ ਵਿਚ ਕਮੀ ਦਿਖਾਈ ਦਿੱਤੀ। ਸਾਲ-ਦਰ-ਸਾਲ ਅਧਾਰ ‘ਤੇ ਗ੍ਰੋਸਰੀ ਦੀਆਂ ਕੀਮਤਾਂ 2.6% ਉੱਪਰ ਰਹੀਆਂ, ਜੋ ਕਿ ਅਕਤੂਬਰ ਵਿੱਚ 2.7% ਸੀ। ਹਾਲਾਂਕਿ, ਨਵੰਬਰ 2021 ਨਾਲੋਂ ਇਹ ਕੀਮਤਾਂ ਅਜੇ ਵੀ 19.1% ਵਧੀ ਹੋਈ ਹਨ।
ਨਵੰਬਰ ਮਹੀਨੇ ਦੌਰਾਨ ਗੈਸ ਦੀਆਂ ਕੀਮਤਾਂ ਵਿੱਚ -0.5% ਦੀ ਗਿਰਾਵਟ ਆਈ। ਹਾਲਾਂਕਿ ਸਾਲ-ਦਰ-ਸਾਲ ਅਧਾਰ ‘ਤੇ ਗੈਸ ਦੀਆਂ ਕੀਮਤਾਂ ਵਿੱਚ ਬਹੁਤ ਜ਼ਿਆਦਾ ਤਬਦੀਲੀ ਨਹੀਂ ਹੋਈ। ਪਰ ਜੇ ਗੈਸ ਦੀਆਂ ਕੀਮਤਾਂ ਨੂੰ ਮਹਿੰਗਾਈ ਦੇ ਗਣਿਤ ‘ਚੋਂ ਹਟਾ ਦਿੱਤਾ ਜਾਵੇ, ਤਾਂ ਸਮੁੱਚੀ ਮਹਿੰਗਾਈ ਦਰ ਪਿਛਲੇ ਮਹੀਨੇ 2% ਵਧੀ ਹੋਈ ਦਰਜ ਕੀਤੀ ਗਈ। ਮੋਰਗੇਜ ਵਿਆਜ ਲਾਗਤਾਂ ਵਿੱਚ ਘੱਟੌਤਰੀ ਨੇ ਲੋਕਾਂ ਨੂੰ ਰਾਹਤ ਦਿੱਤੀ ਹੈ। ਇਸਦੇ ਨਾਲ ਯਾਤਰਾ ਲਈ ਦਿੱਤੇ ਜਾ ਰਹੇ ਛੂਟ ਵਾਲੇ ਪੈਕੇਜਾਂ ਨੇ ਸਮੁੱਚੀ ਕੀਮਤਾਂ ਵਿੱਚ ਗਿਰਾਵਟ ਲਿਆਉਣ ਵਿੱਚ ਯੋਗਦਾਨ ਪਾਇਆ।
ਭਾਵੇਂ ਕਿ ਤਾਜ਼ਾ ਮਹੀਨੇ ਵਿੱਚ ਗ੍ਰੋਸਰੀ ਅਤੇ ਹੋਰ ਜਰੂਰੀ ਚੀਜ਼ਾਂ ਦੀਆਂ ਕੀਮਤਾਂ ਕੁਝ ਹੱਦ ਤੱਕ ਘੱਟ ਹੋਈਆਂ ਹਨ, ਪਰ ਇਹ ਅਜੇ ਵੀ 2021 ਦੀਆਂ ਕੀਮਤਾਂ ਦੇ ਮੁਕਾਬਲੇ ਕਾਫੀ ਵੱਧ ਹਨ। ਇਹ ਘਰਾਂ ਦਾ ਬਜਟ ਬਨਾਉਣ ਵਾਲੇ ਲੋਕਾਂ ਲਈ ਇੱਕ ਚੁਣੌਤੀ ਬਣੀ ਹੋਈ ਹੈ।
ਇਹ ਗਿਰਾਵਟ ਕੈਨੇਡਾ ਦੇ ਮੌਜੂਦਾ ਆਰਥਿਕ ਸਥਿਤੀ ਨੂੰ ਸਮਝਣ ਲਈ ਇਕ ਮੁਹੱਤਵਪੂਰਨ ਸੰਕੇਤ ਹੈ। ਅਗਲੇ ਕੁਝ ਮਹੀਨਿਆਂ ਵਿੱਚ ਮਹਿੰਗਾਈ ਦਰ ਅਤੇ ਕੀਮਤਾਂ ਦੇ ਹਾਲਾਤ ਕਿਵੇਂ ਬਦਲਦੇ ਹਨ, ਇਸ ‘ਤੇ ਨਿਗਾਹ ਰਹੇਗੀ। This report was written by Ekjot Singh as part of the Local Journalism Initiative.