ਬੇ-ਮਤਲਬ ਦੀ ਨੁਕਤਾਚੀਨੀ ਮਾੜੀ ਹੈ
ਦਿਲ ਵਿਚ ਰੱਖਣੀ ਸੋਚ ਕਮੀਨੀ ਮਾੜੀ ਹੈ
ਹਰ ਵੇਲੇ ਹੀ ਦੌਲਤ ਪਿੱਛੇ ਦੌੜ੍ਹਣ ਦੀ
ਇਹ ਜੋ ਅੰਨ੍ਹੀਂ ਦੌੜ੍ਹ ਮਸ਼ੀਨੀ ਮਾੜੀ ਹੈ
ਅੰਦਰ ਵਾਲੀ ਸੂਰਤ ‘ਤੇ ਹੈ ਧੂੜ ਚੜ੍ਹੀ
ਬਾਹਰੋਂ ਕੀਤੀ ਟੌਰ੍ਹ ਸ਼ਕੀਨੀ ਮਾੜੀ ਹੈ
ਹੱਸਦਾ ਚਿਹਰਾ ਦੁਸ਼ਮਣ ਦਾ ਵੀ ਭਾਉਂਦਾ ਏ
ਆਦਤ ਰੋਂਦੂ ਤੇ ਗ਼ਮਗੀਨੀ ਮਾੜੀ ਹੈ
ਗੁਣ ਵੀ ਨੇ ਵਡਿਆਉਣੇ ਹੁੰਦੇ ਚਾਹੀਦੇ
ਲੱਭਦੇ ਰਹਿਣਾ ਘਾਟ ਮਹੀਨੀ ਮਾੜੀ ਹੈ
ਭਾਂਡਾ ਪਾਪਾਂ ਵਾਲਾ ਟੁੱਟਦਾ ਓੜਕ ਨੂੰ
ਲੋੜੋਂ ਵੱਧਕੇ ਰੰਗ ਰਂਗੀਨੀ ਮਾੜੀ ਹੈ
‘ ਬੋਪਾਰਾਏ ‘ ਸੋਹਵਣ ਸਾਫ ਸੁਚੱਜੇ ਹੀ
ਸੋਚਾਂ ਵਿਚਲੀ ਫਸਲ ਨਦੀਨੀ ਮਾੜੀ ਹੈ
ਲਿਖਤ : ਭੁਪਿੰਦਰ ਸਿੰਘ ਬੋਪਾਰਾਏ