ਮੈਂ ਤੈਨੂੰ ਮਿਲਣਾ ਨਹੀਂ ਚਾਹੁੰਦੀ….
ਮੈਂ ਤੈਨੂੰ ਚਾਹੁੰਦੀ ਹਾਂ
ਜਿਸ ਤਰਾਂ ਕੋਈ ਮਾਂ ਮਤਰੇਇਆ ਬਾਲ
ਆਪਣੀ ਮਾਂ ਦੀ ਬੁੱਕਲ ਚਾਹੁੰਦਾ …
ਜਿਸ ਤਰ੍ਹਾਂ ਕੋਈ ਔੜਾਂ ਮਾਰੀ ਧਰਤ
ਕਿਸੇ ਬੱਦਲ ਨੂੰ ਚਾਹੁੰਦੀ …..
ਜਿਸ ਤਰ੍ਹਾਂ ਕੋਈ ਕਿਸਾਨ
ਆਪਣੀ ਫ਼ਸਲ ਨੂੰ ਚਾਹੁੰਦਾ …
ਜੰਗ ਦੀਆਂ ਸਫਾਂ ਵਿੱਚ
ਪਿੱਛੇ ਰਹਿ ਗਿਆ ਕੋਈ ਸੈਨਿਕ
ਜਿਸ ਤਰ੍ਹਾਂ ਆਪਣੇ
ਸਾਥੀਆਂ ਨੂੰ ਚਾਹੁੰਦਾ ….
ਜਿਸ ਤਰ੍ਹਾਂ ਕੋਈ ਸਾਧ, ਯੋਗੀ
ਆਪਣੇ ਇਸ਼ਟ ਨੂੰ ਚਾਹੁੰਦਾ …
ਹੁਣ ਜਦੋ ਵੀ ਮਿਲੇ ਸਾਹਿਬ
ਇਸ ਤਰ੍ਹਾਂ ਮਿਲਣਾ
ਕਿ ਭੇਦ ਅਭੇਦ ਹੋ ਜਾਵੇ
ਨਾਦ ਅਨਹਦ ਹੋ ਜਾਵਣ,
ਵਿਰਾਗ ਰਾਗ ਹੋ ਜਾਵੇ
ਤੇ
ਮੈਂ ਤੂੰ ਹੋ ਜਾਵਾਂ
ਤੂੰ ਮੈਂ ਹੋ ਜਾਵੇ
ਤੇ ਜੋ ਅਮੂਰਤ ਹੈ ਉਹ ਮੂਰਤ ਹੋ ਜਾਵੇ
ਜੋ ਸੁਰਤ ਹੈ ਉਹ ਸੀਰਤ ਹੋ ਜਾਵੇ।
ਲਿਖਤ : ਜੋਬਨਰੂਪ ਛੀਨਾ