ਲਿਖਤ : ਦਰਬਾਰਾ ਸਿੰਘ ਕਾਹਲੋਂ
ਵ੍ਹਟਸਐਪ : +12898292929
ਇਸ ਵਾਰ ਅਮਰੀਕੀ ਵੋਟਰਾਂ ਨੇ ਡੋਨਾਲਡ ਟਰੰਪ ਵਰਗੇ ਅਤਿ ਵਿਵਾਦਤ, ਸਿਰਫਿਰੀਆਂ ਮਨਮਾਨੀਆਂ ਕਰਨ ਲਈ ਬਦਨਾਮ, ਝੂਠ ਬੋਲਣ ਦੀ ਮੁਹਾਰਤ ਰੱਖਣ ਵਾਲੇ, ਰਾਸ਼ਟਰੀ ਦਸਤਾਵੇਜ਼ ਚੁਰਾਉਣ, ਬੁਰਸ਼ਾਗਰਦ ਅਤੇ ਟੈਕਸ ਚੋਰੀ, ਪੋਰਨ ਸਬੰਧੀ ਮੂੰਹ ਬੰਦ ਕਰਨ ਲਈ ਧਨ ਦੇਣ, 6 ਜਨਵਰੀ 2021 ਨੂੰ ਅਮਰੀਕੀ ਕੈਪੀਟਲ ‘ਤੇ ਹਮਲੇ ਲਈ ਆਪਣੇ ਹਮਾਇਤੀਆਂ ਨੂੰ ਉਕਸਾਉਣ ਤੋਂ ਇਲਾਵਾ ਹੋਰ ਕਈ ਕੇਸਾਂ ਵਿਚ ਦਾਗ਼ੀ ਨੂੰ ਮੁੜ 47ਵੇਂ ਰਾਸ਼ਟਰਪਤੀ ਵਜੋਂ ਚੁਣ ਲਿਆ। ਪਿਛਲੇ 45ਵੇਂ ਰਾਸ਼ਟਰਪਤੀ ਵਜੋਂ ਕੌੜੇ ਅਤੇ ਨਿਰਣਿਆਂ ਸਬੰਧੀ ਰੋਕਾਂ ਭਰੇ ਤਜਰਬੇ ਤੋਂ ਸਬਕ ਸਿੱਖਦੇ ਹੋਏ ਇਸ ਵਾਰ ਉਹ ਹੋਰ ਸ਼ਿੱਦਤ ਨਾਲ ਘਰੋਗੀ, ਕੌਮਾਂਤਰੀ ਅਤੇ ਆਪਣੀ ਕੈਬਨਿਟ ਅਤੇ ਸਲਾਹਕਾਰਾਂ ਸਬੰਧੀ ਮਨਮਾਨੀ ਕਰਨ ਲਈ ਬਜ਼ਿੱਦ ਹੈ। ਅਮਰੀਕੀ ਰਾਜਨੀਤੀ ਦੇ ਮਾਹਿਰ ਮੰਨ ਰਹੇ ਹਨ ਕਿ ਉਹ ਇਸ ਵਾਰ ਉਸ ਹਰ ਵਿਅਕਤੀ ਜਾਂ ਸੰਸਥਾ ਨੂੰ ਚੀਰ ਕੇ ਰੱਖ ਦੇਵੇਗਾ ਜੋ ਉਸ ਦੀਆਂ ਨੀਤੀਆਂ ਜਾਂ ਉਸ ਵੱਲੋਂ ਕੀਤੀਆਂ ਜਾ ਰਹੀਆਂ ਨਿਯੁਕਤੀਆਂ ਦੇ ਰਾਹ ਵਿਚ ਰੋੜਾ ਬਣੇਗੀ। ਪਿਛਲੀ ਵਾਰ ਦਾ ਕੌੜਾ ਤਜਰਬਾ ਦੱਸਦਾ ਹੈ ਕਿ ਕਿਵੇਂ ਉਸ ਨੂੰ ਕੁਝ ਮਹੱਤਵਪੂਰਨ ਨਿਯੁਕਤੀਆਂ ਲਈ 2 ਸਾਲ ਤੱਕ ਦੀ ਉਡੀਕ ਕਰਨੀ ਪਈ।
ਡੋਨਾਲਡ ਟਰੰਪ ਅਗਲੇ ਸਾਲ 20 ਜਨਵਰੀ ਨੂੰ ਆਪਣਾ 47ਵੇਂ ਰਾਸ਼ਟਰਪਤੀ ਵਜੋਂ ਪਦ ਸੰਭਾਲੇਗਾ। ਆਪਣੇ 4 ਸਾਲਾ ਸ਼ਾਸਨ ਦੀ ਵਧੀਆ ਅਤੇ ਗਤੀਸ਼ੀਲ ਸ਼ੁਰੂਆਤ ਲਈ ਉਹ ਉਸ ਤੋਂ ਪਹਿਲਾਂ ਆਪਣੇ ਕੈਬਨਿਟ ਸਹਿਯੋਗੀਆਂ, ਸਲਾਹਕਾਰਾਂ ਅਤੇ ਸੰਵਿਧਾਨਕ ਪਦਾਂ ‘ਤੇ ਆਪਣੇ ਮਨਮਰਜ਼ੀ ਦੇ ਵਿਅਕਤੀਆਂ ਦੀਆਂ ਨਿਯੁਕਤੀਆਂ ਕਰ ਲੈਣਾ ਚਾਹੁੰਦਾ ਹੈ। ਇਸ ਮੰਤਵ ਲਈ ਉਹ ਨਿੱਤ ਨਿਯੁਕਤੀਆਂ ਸਬੰਧੀ ਨਾਮਜ਼ਦਗੀਆਂ ਐਲਾਨ ਰਿਹਾ ਹੈ। ਪਿਛਲੀ ਵਾਰ ਇਸ ਕਾਰਜ ਵਿਚ ਉਸ ਦੀ ਲੜਕੀ ਇਵਾਂਕਾ ਟਰੰਪ ਅਤੇ ਉਸ ਦਾ ਪਤੀ ਜਾਰਡ ਕੁਸ਼ਨਰ ਮਦਦ ਕਰਦੇ ਵਿਖਾਈ ਦਿੱਤੇ ਸਨ। ਪਰ ਇਸ ਵਾਰ ਇਸ ਮੰਤਵ ਲਈ ਉਸ ਦਾ ਵੱਡਾ ਪੁੱਤਰ ਡਾਨ ਜੂਨੀਅਰ ਟਰੰਪ ਮਦਦ ਕਰ ਰਿਹਾ ਹੈ।
ਅਮਰੀਕਾ ਅੰਦਰ ਨਵੇਂ ਰਾਸ਼ਟਰਪਤੀ ਦੀ ਚੋਣ ਕਰਕੇ 10 ਲੱਖ ਨਿਯੁਕਤੀਆਂ ਉੱਪਰਲੇ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਪ੍ਰਭਾਵਿਤ ਹੁੰਦੀਆਂ ਹਨ। ਲਗਪਗ 50 ਹਜ਼ਾਰ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਹੁੰਦੀਆਂ ਹਨ। ਇਨ੍ਹਾਂ ਵਿੱਚੋਂ 4000 ਕਾਰਜਕਾਰੀ ਬਰਾਂਚ ਨਾਲ ਸਬੰਧਤ ਹੁੰਦੀਆਂ ਹਨ। ਇਨ੍ਹਾਂ ਵਿੱਚੋਂ ਮਹੱਤਵਪੂਰਨ 1200 ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਮਨਜ਼ੂਰੀ ਸੈਨੇਟ ਤੋਂ ਲੈਣੀ ਜ਼ਰੂਰੀ ਹੁੰਦੀ ਹੈ। ਅਮਰੀਕੀ ਸੰਵਿਧਾਨ ਦੇ ਆਰਟੀਕਲ 2, ਸੈਕਸ਼ਨ 2, ਕਲਾਜ਼ 2 ਅਨੁਸਾਰ ਅਮਰੀਕੀ ਰਾਸ਼ਟਰਪਤੀ ਰਾਜਦੂਤਾਂ, ਪਬਲਿਕ ਮੰਤਰੀਆਂ, ਸੁਪਰੀਮ ਕੋਰਟ ਦੇ ਜੱਜਾਂ, ਸਲਾਹਕਾਰਾਂ ਅਤੇ ਹੋਰ ਅਧਿਕਾਰੀਆਂ ਦੀਆਂ ਨਿਯੁਕਤੀਆਂ ਸੈਨੇਟ ਦੀ ਸਲਾਹ ਅਤੇ ਮਨਜ਼ੂਰੀ ਨਾਲ ਕਰੇਗਾ। ਇਨ੍ਹਾਂ ਨਿਯੁਕਤੀਆਂ ਦੀ ਮਨਜ਼ੂਰੀ ਸੈਨੇਟ ਬਹੁਮਤ ਨਾਲ ਦਿੰਦੀ ਹੈ। ਪਰ ਕਈ ਵਾਰ ਇਨ੍ਹਾਂ ਨੂੰ ਸੈਨੇਟ ਦੀ ਮਾਹਿਰ ਕਮੇਟੀ ਕੋਲ ਛਾਣਬੀਣ ਲਈ ਭੇਜ ਦਿੱਤਾ ਜਾਂਦਾ ਹੈ। ਕਈ ਨਿਯੁਕਤੀਆਂ ਬਾਰੀਕੀ ਨਾਲ ਛਾਣਬੀਣ ਲਈ ਐੱਫਬੀਆਈ ਕੋਲ ਭੇਜਣੀਆਂ ਪੈਂਦੀਆਂ ਹਨ। ਸੋ ਐਸੀਆਂ ਨਿਯੁਕਤੀਆਂ ਦੀ ਮਨਜ਼ੂਰੀ ਲਈ ਦੋ ਸਾਲ ਤੱਕ ਲੱਗ ਜਾਂਦੇ ਹਨ। ਟਰੰਪ ਦੇ 45ਵੇਂ ਰਾਸ਼ਟਰਪਤੀ ਕਾਰਜਕਾਲ ਦਾ ਤਜਰਬਾ ਦਰਸਾਉਂਦਾ ਹੈ ਕਿ ਉਸ ਦੇ ਪਹਿਲੇ ਸਾਲ ਵਿਚ ਸਿਰਫ਼ 320 ਨਿਯੁਕਤੀਆਂ ਸੈਨੇਟ ਵੱਲੋਂ ਮਨਜ਼ੂਰ ਕੀਤੀਆਂ ਗਈਆਂ ਸਨ। ਇਸ ਵਾਰ ਸੈਨੇਟ ਵਿਚ ਰਿਪਬਲਿਕਨ ਬਹੁਮਤ ‘ਚ ਹੋਣ ਕਰ ਕੇ ਉਹ ਚਾਹੁੰਦਾ ਹੈ ਕਿ ਨਿਯੁਕਤੀਆਂ ਵਿਚ ਰੋਕ ਨਾ ਪਾਈ ਜਾਏ ਅਤੇ ਨਾ ਹੀ ਉਹ ਐੱਫਬੀਆਈ ਨੂੰ ਭੇਜੀਆਂ ਜਾਣ। ਫਿਰ ਵੀ ਉਹ ਇਸ ਵਾਰ ਕੋਈ ਜੋਖ਼ਮ ਨਹੀਂ ਉਠਾਉਣਾ ਚਾਹੁੰਦਾ। ਇਸ ਲਈ ਉਹ ਸੰਵਿਧਾਨਕ ‘ਵਿਸ਼ਰਾਮ ਨਿਯੁਕਤੀਆਂ’ ਸਬੰਧੀ ਕਲਾਜ਼ ਦੀ ਵਰਤੋਂ ਕਰਨਾ ਚਾਹੁੰਦਾ ਹੈ।ਇਨ੍ਹਾਂ ਨਿਯੁਕਤੀਆਂ ਤੋਂ ਭਾਵ ਹੈ ਕਿ ਜਦੋਂ ਸੈਨੇਟ ਦਾ ਸਦਨ ਸੈਸ਼ਨ ਵਿਚ ਨਾ ਹੋਵੇ। ਪਰ ਵਿਸ਼ਰਾਮ ਘੱਟੋ-ਘੱਟ 10 ਦਿਨ ਦਾ ਹੋਣਾ ਚਾਹੀਦਾ ਹੈ। ਇਸ ਦੌਰਾਨ ਰਾਸ਼ਟਰਪਤੀ ਲੋੜੀਂਦੇ ਪਦਾਂ ‘ਤੇ ਨਿਯੁਕਤੀਆਂ ਕਰ ਸਕਦਾ ਹੈ ਸੈਨੇਟ ਦੀ ਮਨਜ਼ੂਰੀ ਬਗੈਰ। ਸੈਨੇਟ ਦੀ ਮਨਜ਼ੂਰੀ ਬਗੈਰ ਨਿਯੁਕਤ ਕੀਤੇ ਅਧਿਕਾਰੀ ਓਨਾ ਚਿਰ ਤਨਖ਼ਾਹ-ਭੱਤਿਆਂ ਤੋਂ ਮਹਿਰੂਮ ਰਹਿਣਗੇ ਜਿੰਨਾ ਚਿਰ ਉਨ੍ਹਾਂ ਨੂੰ ਮਨਜ਼ੂਰੀ ਨਹੀਂ ਮਿਲਦੀ। ਸੰਨ 2026 ਤੱਕ ਅਜਿਹੀ ਪ੍ਰਕਿਰਿਆ ਰਾਹੀਂ ਵਿਅਕਤੀ ਆਪਣੇ ਅਹੁਦਿਆਂ ‘ਤੇ ਬਣੇ ਰਹਿ ਸਕਣਗੇ। ਸੰਨ 2014 ਵਿਚ ਅਮਰੀਕੀ ਸੁਪਰੀਮ ਕੋਰਟ ਨੇ ਇਕ ਨਿਰਣੇ ਰਾਹੀਂ ਅਜਿਹੀਆਂ ਨਿਯੁਕਤੀਆਂ ‘ਤੇ ਮੋਹਰ ਲਗਾ ਦਿੱਤੀ ਸੀ। ਰਾਸ਼ਟਰਪਤੀ ਆਪਣਾ ਕੰਮ ਭਲੀਭਾਂਤ ਚਲਾਉਣ ਲਈ ਅਜਿਹੀਆਂ ਨਿਯੁਕਤੀਆਂ ਕਰ ਸਕਦਾ ਹੈ ਜਦੋਂ ਸੈਨੇਟ ਸੈਸ਼ਨ ਵਿਚ ਨਾ ਹੋਵੇ।
ਟਰੰਪ ਤਾਂ ਹੋਰ ਅੱਗੇ ਛਾਲ ਮਾਰਨ ਲਈ ਵੀ ਬਜ਼ਿੱਦ ਹੈ।
ਉਹ ਸੈਨੇਟ ਦੇ ਵਿਸ਼ਰਾਮ ਕਾਲ ਦੀ ਉਡੀਕ ਵੀ ਨਹੀਂ ਕਰਨਾ ਚਾਹੁੰਦਾ। ਉਹ ਬਲਕਿ ਸੈਨੇਟ ਨੂੰ ਅਜਿਹੀਆਂ ਨਿਯੁਕਤੀਆਂ ਲਈ ਸੈਸ਼ਨ ਮੁਲਤਵੀ ਕਰਨ ਲਈ ਵੀ ਕਹੇਗਾ। ਹਕੀਕਤ ਵਿਚ ਅਮਰੀਕੀ ਰਾਜਨੀਤੀ ਦਾ ਧੁਰਾ ਧਨ ਹੈ ਜਿਸ ਦੁਆਲੇ ਉਹ ਉਵੇਂ ਹੀ ਲਿਪਟੀ ਨਜ਼ਰ ਆਵੇਗੀ ਜਿਵੇਂ ਇਕ ਵੇਲ੍ਹ ਕਿਸੇ ਦਰਖ਼ਤ ਦੇ ਤਣੇ ਦੁਆਲੇ। ਲਗਪਗ 25 ਸਾਲ ਪਹਿਲਾਂ ਜਾਰਜ ਡਬਲਯੂ. ਬੁਸ਼ ਨੇ ਕਿਹਾ ਸੀ ਕਿ ਲੋਕ ਇਨ੍ਹਾਂ ਧਨੀ ਵਿਅਕਤੀਆਂ ਨੂੰ ਕੁਲੀਨ ਕਹਿੰਦੇ ਹਨ ਪਰ ਇਹ ਮੇਰੀ ਰਾਜਨੀਤੀ ਦਾ ਆਧਾਰ ਹਨ। ਇਹ ਲੋਕ ਰਿਪਬਲਿਕਨਾਂ ਅਤੇ ਡੈਮੋਕ੍ਰੈਟਾਂ ਨਾਲ ਹੁੰਦੇ ਹਨ।
ਇਹ ਉਨਾਂ ਲੋਕਾਂ ਦਾ ਖ਼ੂਨ ਚੂਸ ਕੇ ਧਨਾਢ ਬਣੇ ਹੋਏ ਹੁੰਦੇ ਹਨ ਜਿਨ੍ਹਾਂ ਨੂੰ ਵੋਟ ਪਾਉਣ ਲਈ ਸ਼ਿਸ਼ਕਾਰਦੇ ਹਨ। ਟਰੰਪ ਵੀ ਇਕ ਅਜਿਹਾ ਵਿਅਕਤੀ ਹੈ ਜੋ ਖ਼ੁਦ ਧਨਾਢ ਹੈ ਅਤੇ ਧਨਾਢਾਂ ਦਾ ਪਾਲਕ ਹੈ। ਆਪਣੇ ਪਹਿਲੇ ਕਾਰਜਕਾਲ 2017-21 ਵਿਚ ਉਸ ਨੇ ਅਮਰੀਕੀ ਇਤਿਹਾਸ ਵਿਚ ਪਹਿਲੀ ਵਾਰ ਧਾਨਾਢਾਂ ਨੂੰ 1.5 ਟ੍ਰਿਲੀਅਨ ਡਾਲਰ ਦੀ ਟੈਕਸ ਰਾਹਤ ਦਿੱਤੀ ਟੈਕਸ ਕਟੌਤੀ ਕਰ ਕੇ। ਹੈਰਾਨੀ ਇਸ ਗੱਲ ਦੀ ਸੀ ਕਿ ਖਰਬਪਤੀ ਧਨਾਢ ਉਸ ਦੇ ਕਾਰਜਕਾਲ ਵਿਚ ਆਮ ਕਾਮੇ ਨਾਲੋਂ ਘੱਟ ਦਰ ‘ਤੇ ਟੈਕਸ ਅਦਾ ਕਰਦਾ ਸੀ। ਐਲਨ ਮਸਕ ਜੋ 100 ਕੰਪਨੀਆਂ ਦਾ ਮਾਲਕ ਹੈ, ਨੇ ਸੰਨ 2004 ਵਿਚ ਜਾਰਜ ਬੁਸ਼ ਦੀ ਮਦਦ ਕਰਨ ਵਾਲੀਆਂ 42 ਕੰਪਨੀਆਂ ਦੇ ਮੁਖੀਆਂ ਬਰਾਬਰ ਟਰੰਪ ਦੀ ਰਿਪਬਲਿਕਨ ਪਾਰਟੀ ਨੂੰ ਦਾਨ ਦਿੱਤਾ। ਹਕੀਕਤਨ ਸਭ ਦੇਸ਼ਾਂ ਵਿਚ ਧਨਾਢ ਰਾਜਨੀਤੀ ਵਿਚ ਭਵਿੱਖੀ ਲਾਹੇ ਲਈ ਨਿਵੇਸ਼ ਕਰਦੇ ਹਨ।
ਇਸ ਸਮੇਂ ਟਰੰਪ ਧੜਾ-ਧੜ ਆਪਣੇ ਸ਼ਾਸਨ ਲਈ ਨਿਯੁਕਤੀਆਂ ਕਰ ਰਿਹਾ ਹੈ। ਇਸ ਲਈ ਉਹ ਵਿਵਾਦਤ ਅਤੇ ਅਪਰਾਧਕ ਸ਼ਖ਼ਸੀਅਤਾਂ ਵੀ ਨਿਯੁਕਤ ਕਰ ਰਿਹਾ ਹੈ। ਐਲਨ ਮਸਕ ਅਤੇ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਨੂੰ ਸਰਕਾਰੀ ਕੁਸ਼ਲਤਾ ਵਿਭਾਗ ਵਿਚ ਨਿਯੁਕਤ ਕੀਤਾ ਹੈ। ਇਹ ਹਰ ਸਾਲ ਬਜਟ ਵਿਚ 2 ਟ੍ਰਿਲੀਅਨ ਖ਼ਰਚਾ ਘਟਾਉਣ ਦੀ ਗੱਪ ਛੱਡ ਰਹੇ ਹਨ। ਸਭ ਅਮਰੀਕੀ ਰਾਸ਼ਟਰਪਤੀਆਂ ਨੇ ਜਿੱਥੇ ਦੇਸ਼ ਸਿਰ 20 ਟ੍ਰਿਲੀਅਨ ਡਾਲਰ ਦਾ ਕਰਜ਼ਾ ਚੜ੍ਹਾਇਆ, ਇਕੱਲੇ ਟਰੰਪ ਨੇ ਉੱਥੇ 2017-21 ਵਿਚ 8 ਟ੍ਰਿਲੀਅਨ ਦਾ ਕਰਜ਼ਾ ਚੜ੍ਹਾਇਆ ਸੀ।
ਪੀਟ ਹੈਗਸਥ ਰੱਖਿਆ ਸਕੱਤਰ, ਰਾਬਰਟ ਐੱਫ. ਕੈਨੇਡੀ ਜੂਨੀਅਰ ਸਿਹਤ, ਡਗ ਬਰਗਮ ਅੰਦਰੂਨੀ ਸਕੱਤਰ, ਮਾਰਕੋ ਰੂਬੀਓ ਗ੍ਰਹਿ ਸਕੱਤਰ, ਕੈਂਟਰ ਫਿਟਜ਼ਗੇਰਾਲਡ ਕੰਪਨੀ ਦਾ ਚੇਅਰਮੈਨ ਹਾਵਰਡ ਲੁਟਨਿਕ ਵਣਜ ਸਕੱਤਰ, ਪਹਿਲਵਾਨ ਲਿਡਾ ਮੈਕਮੋਹਨ ਸਿੱਖਿਆ ਸਕੱਤਰ, ਕ੍ਰਿਸਟੀ ਨੋਇਮ ਹੋਮਲੈਂਡ ਸੁਰੱਖਿਆ ਸਕੱਤਰ, ਉੱਘਾ ਕੌਮਾਂਤਰੀ ਨਿਵੇਸ਼ਕ ਸਟਾਕ ਬੇਸੈਂਟ ਖ਼ਜ਼ਾਨਾ ਸਕੱਤਰ, ਕਾਂਗਰਸ ਮੈਂਬਰ ਲੋਰੀ ਚਾਵੇਜ਼ ਕਿਰਤ ਸਕੱਤਰ, ਸਕਾਟ ਟਰਨਰ ਆਵਾਸ ਅਤੇ ਸ਼ਹਿਰੀ ਵਿਕਾਸ ਸਕੱਤਰ, ਬਰੁੱਕ ਰਿਸ ਖੇਤੀ ਸਕੱਤਰ, ਡੀਪ ਸਟੇਟ ਕਾਰਨਾਮਿਆਂ ਲਈ ਬਦਨਾਮ ਤੁਲਸੀ ਗੋਬਰਡ ਸਾਂਸਦ ਡਾਇਰੈਕਟਰ ਰਾਸ਼ਟਰੀ ਗੁਪਤਚਰ ਵਿਭਾਗ, ਡਾ. ਜੈਨੇਟ ਸਰਜਨ ਜਨਰਲ, ਮਾਰਟੀ ਮਾਕਰੀ ਐੱਫਡੀਏ ਕਮਿਸ਼ਨਰ ਆਦਿ ਸਮੇਤ ਨਿਯੁਕਤੀਆਂ ਧੜਾਧੜ ਹੋ ਰਹੀਆਂ ਹਨ। ਅਟਾਰਨੀ ਜਨਰਲ ਵਜੋਂ ਨਿਯੁਕਤ ਮੱਟ ਗੈਟਜ਼ ਦੀ ਥਾਂ 59 ਸਾਲਾ ਕਾਨੂੰਨੀ ਮਾਹਿਰ ਪਾਮ ਬਾਂਡੀ ਨਿਯੁਕਤ ਕੀਤੀ ਕਿਉਂਕਿ ਮੱਟ ਗੈਟਜ਼ ਨਾਬਾਲਗ ਲੜਕੀ ਦੇ ਸ਼ੋਸ਼ਣ ਅਤੇ ਡਰੱਗ ਲੈਣ ਦੇ ਦੋਸ਼ਾਂ ਕਰ ਕੇ ਲਾਂਭੇ ਹੋ ਗਿਆ।
ਟਰੰਪ ਅਮਰੀਕਾ ਵਿੱਚੋਂ 13 ਮਿਲੀਅਨ ਗ਼ੈਰ ਕਾਨੂੰਨੀ ਪਰਵਾਸੀਆਂ ਨੂੰ ਆਪਣੀ ਦੂਸਰੀ ਪਾਰੀ ਦੇ ਪਹਿਲੇ ਦਿਨ ਤੋਂ ਦੇਸ਼ ਵਿੱਚੋਂ ਬਾਹਰ ਸੁੱਟਣ ਦਾ ਪ੍ਰੋਗਰਾਮ ਸ਼ੁਰੂ ਕਰੇਗਾ। ਪਿਛਲੇ ਕਾਰਜਕਾਲ ਵਿਚ ਉਸ ਨੇ 1.5 ਮਿਲੀਅਨ ਗ਼ੈਰ ਕਾਨੂੰਨੀ ਪਰਵਾਸੀ ਬਾਹਰ ਕੱਢੇ ਸਨ। ਇਸ ਮੰਤਵ ਲਈ ਅਲੀਨ ਐਨੀਮੀ ਐਕਟ 1798 ਅਤੇ ਰਾਸ਼ਟਰਪਤੀ ਆਈਜ਼ਨਹਾਵਰ ਦਾ 1954 ਮਾਡਲ ਅਮਲ ਵਿਚ ਲਿਆਵੇਗਾ। ਇਸ ਕਾਰਜ ‘ਤੇ 315 ਬਿਲੀਅਨ ਡਾਲਰ ਖ਼ਰਚ ਆਉਣਗੇ।
ਪਿਛਲੇ 75 ਸਾਲਾਂ ਤੋਂ ਅਮਰੀਕਾ ਨਸਲਘਾਤ ਨੀਤੀ ‘ਤੇ ਚੱਲ ਰਿਹਾ ਹੈ। ਟਰੰਪ ਪ੍ਰਸ਼ਾਸਨ ਵੀ ਇਸ ਵਿਚ ਕੋਈ ਤਬਦੀਲੀ ਨਹੀਂ ਕਰਨ ਵਾਲਾ। ਅਮਰੀਕਾ ਵਿਸ਼ਵ ਦੇ ਬਦਨਾਮ ਨਸਲਘਾਤੀ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਹਮਾਇਤ ਜਾਰੀ ਰੱਖੇਗਾ। ਅਮਰੀਕਾ ਦੀ ਅਮੀਰੀ ਦੇ ਮੱਥੇ ‘ਤੇ ਬੇਘਰੇ ਟੱਪਰੀਵਾਸ, ਗਲੀਆਂ ਵਿਚ ਰੁਲਣ ਵਾਲੇ ਲੱਖਾਂ ਲੋਕਾਂ ਦਾ ਬਦਨੁਮਾ ਦਾਗ਼ ਕਾਇਮ ਹੈ। ਇਸ ਬਾਰੇ ਟਰੰਪ ਪ੍ਰਸ਼ਾਸਨ ਚੁੱਪ ਹੈ। ਦਸ ਵੱਡੇ ਸ਼ਹਿਰਾਂ ਜਿਵੇਂ ਸਾਨ ਫ੍ਰਾਂਸਿਸਕੋ ਵਿਚ 7082, ਸੈਕਰਾਮੈਂਟੋ ‘ਚ 9281, ਫੋਨਿਕਸ ‘ਚ 9642, ਓਕਲੈਂਡ ‘ਚ 9759, ਸੇਨਜੋਸ਼ੇ ‘ਚ 9903, ਡੈਨੇਵਰ ‘ਚ 10054, ਸੇਨ ਡਾਇਗੋ ‘ਚ 10264, ਸੀਆਟਲ ‘ਚ 14444, ਲਾਸ ਏਂਜਲਸ ‘ਚ 71312 ਅਤੇ ਨਿਊਯਾਰਕ ਵਿਚ 88000 ਬੇਘਰੇ ਲੋਕ ਰੁਲ ਰਹੇ ਹਨ।
ਰੂਸ-ਯੂਕਰੇਨ ਜੰਗ ਦੇ ਖ਼ਾਤਮੇ ਲਈ ਟਰੰਪ ਖ਼ੁਫ਼ੀਆ ਵਿਭਾਗ ਪ੍ਰਮੁੱਖ ਰਿਚਰਡ ਗ੍ਰੈਨੇਲ ਨੂੰ ਚੁਣ ਰਹੇ ਹਨ। ਇਹ ਅਤਿ-ਜ਼ਰੂਰੀ ਹੈ ਤੀਸਰੀ ਵਿਸ਼ਵ ਜੰਗ ਦੇ ਭਾਂਬੜ ਰੋਕਣ ਲਈ। ਅਮਰੀਕਾ ਦੀ ਵਿਸ਼ਵ ਵਿਚ ਘਟਦੀ ਸਾਖ਼ ਨੂੰ ਮੁੜ ਨੰਬਰ ਇਕ ਸਥਾਪਤ ਕਰਨ ਲਈ ਟਰੰਪ ਵਚਨਬੱਧ ਲੱਗਦਾ ਹੈ। ਇਹ ਤਾਂ ਹੀ ਸੰਭਵ ਹੋ ਸਕੇਗਾ ਜੇ ਉਹ ਸਭ ਅਮਰੀਕੀਆਂ ਨੂੰ ਨਾਲ ਲੈ ਕੇ ਚੱਲੇਗਾ। ਪਥਾੜੇਬਾਜ਼ੀ ਤੋਂ ਗੁਰੇਜ਼ ਕਰੇਗਾ।