Friday, April 4, 2025
4.9 C
Vancouver

ਕੁਦਰਤ ਦੀ ਕਿਸ ਕਰਨੀ ਰੀਸ

 

ਲਿਖਤ : ਡਾ. ਗੁਰਬਖਸ਼ ਸਿੰਘ ਭੰਡਾਲ
ਫੋਨ: 216-556-2080
ਕੁਦਰਤ ਇਕ ਮਹਾਨ ਕਲਾਕਾਰ। ਸਮੁੱਚੀ ਕਲਾਕਾਰੀ ਇਸ ਦੀ ਇਨਾਇਤ। ਹਰ ਪਲ ਆਪਣੀ ਕਾਇਨਾਤ ਨੂੰ ਸਿਰਜਣ ਵਿਚ ਰੁੱਝੀ। ਕੁਦਰਤ ਜਿਹਾ ਕੋਈ ਨਹੀਂ ਕਲਾਕਾਰ। ਅਮੁੱਲ ਅਤੇ ਅਜ਼ੀਮ। ਉੱਤਮ ਅਤੇ ਆਹਲਾ। ਅਲੱਗ ਅਤੇ ਵਿਲੱਖਣ। ਹਰ ਪਲ ਕੁਝ ਨਾ ਕੁਝ ਨਵਾਂ ਸਿਰਜਣ ਦਾ ਆਹਰ। ਹਰ ਦਮ ਕਲਾਕਾਰੀ ਵਿਚ ਰੁੱਝੀ। ਵੱਖੋਵੱਖ ਰੰਗਾਂ, ਆਕਾਰਾਂ, ਅਠਾਰਾਂ ਅਤੇ ਰੂਪਾਂ ਰਾਹੀਂ ਸਮੁੱਚੀ ਕਾਇਨਾਤ ਨੂੰ ਸ਼ਿੰਗਾਰਦੀ। ਕਾਇਨਾਤ ਉਸ ਦੀ ਕੈਨਵਸ ਤੇ ਕੈਨਵਸ ਵਿਚ ਰੰਗ ਭਰਨਾ ਕੁਦਰਤ ਦਾ ਕਰਮ। ਇਸ ਕੈਨਵਸ ਨੂੰ ਧਿਆਨ ਨਾਲ ਦੇਖਣਾ। ਅਚੰਭਾ ਹੁੰਦਾ ਕਿ ਕੁਦਰਤ ਇੰਨੀ ਮਿਕਨਾਤੀਸੀ ਨਾਲ ਆਪਣੀ ਹਰ ਕਿਰਤ ਨੂੰ ਦੁਲਾਰਦੀ ਅਤੇ ਉਸ ‘ਚ ਵਿਭਿੰਨ ਰੰਗ ਭਰ ਕੇ ਉਸ ਦੀ ਰੰਗਤ ਨੂੰ ਨਿਖਾਰਦੀ। ਕੁਦਰਤ ਦੀ ਕਲਾਕਾਰੀ ਦੇ ਸਦਕੇ ਜਾਣ ਨੂੰ ਜੀਅ ਕਰਦਾ ਕਿ ਉਸ ਦੀ ਕਲਾਕਾਰੀ ਕਾਇਨਾਤ ਨੂੰ ਅਲੋਕਾਰੀ ਨੁਹਾਰ ਬਖ਼ਸ਼ਦੀ। ਕਦੇ ਕਦੇ ਕੁਦਰਤ ਦੀ ਕਲਾਕਾਰੀ ਵੱਲ ਦੇਖਿਆਂ ਪਤਾ ਲੱਗਦਾ ਕਿ ਮਨੁੱਖੀ ਕਲਾਕਾਰ ਕਿੰਨਾ ਨਿੱਕਾ ਜਿਹਾ। ਕੁਦਰਤ ਸਾਹਵੇਂ ਬੌਣਾ ਤੇ ਅਦਨਾ ਹੈ ਮਨੁੱਖ। ਉਹ ਕੁਝ ਕੁ ਕ੍ਰਿਤਾਂ ਨਾਲ ਮਹਾਨ ਕਲਾਕਾਰ ਦਾ ਭਰਮ ਪਾਲਦਾ। ਕੁਦਰਤ ਕਦੇ ਵੀ ਆਪਣੀ ਕਲਾਕਾਰੀ ‘ਤੇ ਨਾਜ਼ ਨਹੀਂ ਕਰਦੀ ਸਗੋਂ ਕਾਇਨਾਤ ਦੀਆਂ ਦੁਆਵਾਂ ਮੰਗਦੀ ਅਤੇ ਇਸ ਦੀ ਖ਼ੂਬਸੂਰਤੀ ਅਤੇ ਖੂਬਸੀਰਤੀ ਲਈ ਮਿਹਰਬਾਨ ਹੁੰਦੀ। ਕੁਦਰਤ ਦੀ ਕਲਾਕਾਰੀ ਦੇਖਣੀ ਹੋਵੇ ਤਾਂ ਕਦੇ ਦੂਰ ਤੀਕ ਫੈਲੇ ਮਾਰੂਥਲ ਦੇ ਪਿੰਡੇ ‘ਤੇ ਹਵਾ ਨਾਲ ਬਣੀਆਂ ਰੇਤ ਦੀਆਂ ਲਹਿਰਾਂ ਦੀ ਕਲਾਕਾਰੀ ਦੇਖਣਾ। ਇਨ੍ਹਾਂ ਵਿਚੋਂ ਦ੍ਰਿਸ਼ਟਮਾਨ ਹੋ ਰਹੇ ਦ੍ਰਿਸ਼ਾਂ ਨੂੰ ਨਿਹਾਰਨਾ। ਰੇਤੀਲੀ ਧਰਤ ‘ਤੇ ਕੈਕਟਸ ਦੇ ਬੂਟੇ ‘ਤੇ ਖਿੜਿਆ ਫੁੱਲ ਦੇਖ ਕੇ ਕੁਦਰਤ ਦੇ ਬਲਿਹਾਰੇ ਜਾਣ ਨੂੰ ਜੀਅ ਕਰਦਾ। ਟਾਂਵਾਂ-ਟਾਂਵਾਂ ਬਿਰਖ ਰੇਤੀਲੇ ਚੌਗਿਰਦੇ ਵਿਚ ਹਰਿਆਵਲ ਦਾ ਜਾਗ ਲਾਉਂਦਾ, ਕੋਈ ਹਰਿਆ ਬੂਟਾ ਰਹਿਓ ਰੀ ਦਾ ਨਾਦ ਅਲਾਹੁੰਦਾ। ਇਹ ਵੀ ਸਮਝਾਉਂਦਾ ਕਿ ਮਨੁੱਖਤਾ ਕਦੇ ਨਹੀਂ ਮਰਦੀ। ਕੁਝ ਕੁ ਇਨਸਾਨਾਂ ਕਰਕੇ ਦੁਨੀਆ ਦਾ ਹਰ ਰੰਗ ਹੀ ਮਾਣਨ ਯੋਗ। ਕੁਦਰਤ ਦਾ ਇਹ ਕੇਹਾ ਕਮਾਲ ਕਿ ਇਕ ਬੱਚਾ ਬਚਪਣੇ ਤੋਂ ਜਵਾਨ ਹੁੰਦਾ ਤਾਂ ਉਸ ਦੇ ਉਸੇ, ਨੁਹਾਰ, ਮੁਹਾਂਦਰਾ, ਸੋਚ ਅਤੇ ਸੁਪਨੇ ਬਦਲਦੇ। ਜਵਾਨੀ ਤੋਂ ਅਧਖੜ ਉਮਰ ਨੂੰ ਤੁਰਦਾ ਤਾਂ ਉਸ ਦੀਆਂ ਉਹਦੀਆਂ ਅਤੇ ਫ਼ਰਜ਼ਾਂ ਦੀ ਕਤਾਰ ਬੰਦੀ ਹੋ ਜਾਂਦੀ। ਫਿਰ ਉਸ ਦੇ ਵਾਲਾਂ ਵਿਚ ਚਾਂਦੀ ਰੰਗੀਆਂ ਤਾਰਾਂ ਉੱਘੜਨ ਲੱਗਦੀਆਂ। ਅੰਗ ਢਿੱਲੇ ਪੈ ਜਾਂਦੇ ਅਤੇ ਪੈਰਾਂ ਦਾ ਫੁਰਤੀਲਾਪਨ ਗ਼ਾਇਬ ਹੋ ਜਾਂਦਾ। ਕੁਦਰਤੀ ਨਿਆਮਤਾਂ ਦਾ ਖੁੱਸ ਜਾਣਾ। ਜੋਸ਼, ਜਜ਼ਬਾ, ਜਜ਼ਬਾਤ ਅਤੇ ਜ਼ਰੂਰਤਾਂ ਬਦਲ ਜਾਂਦੀਆਂ। ਜ਼ਮੀਰ ਤੇ ਜਗੀਰ ਬਦਲਦੀ। ਜ਼ਿੰਦਗੀ ਦੀਆਂ ਤਰਜੀਹ ਬਦਲਦੀਆਂ।
ਇਹ ਕੁਦਰਤ ਦਾ ਕੈਸਾ ਕ੍ਰਿਸ਼ਮਾ ਕਿ ਬੰਦਾ ਹਰ ਦਮ, ਹਰ ਸਾਹੇ, ਹਰ ਦਿਨ, ਬਦਲਦਾ। ਇਹ ਬਦਲਣਾ ਹੀ ਹੁੰਦਾ ਕਿ ਉਸ ਦੇ ਸਰੋਕਾਰ, ਸਬੰਧ, ਸਾਧਨ ਅਤੇ ਸੋਚ ਵੀ ਬਦਲਦੀ। ਸਵਾਦ ਅਤੇ ਸੰਵੇਦਨਾ ਵੀ ਬਦਲਦੀ। ਬਦਲਣਾ, ਕੁਦਰਤ ਦਾ ਸਭ ਤੋਂ ਅਹਿਮ ਵਰਤਾਰਾ। ਬਦਲਾਅ ਦੌਰਾਨ ਕੁਦਰਤ ਦੀ ਬੇਰੁਖ਼ੀ ਬੰਦੇ ਨੇ ਤਾਂ ਕੀ ਕਰਨੀ, ਇਸ ਦੀ ਕਿਸੇ ਵੀ ਕਿਰਤ ਨੇ ਕਦੇ ਨਹੀਂ ਕੀਤੀ। ਕੁਦਰਤ ਦਾ ਕੇਹਾ ਅਸੂਲ ਬਚਪਣੇ ਦਾ ਪਾਕੀਜ਼ ਮਨ ਹੌਲੀ-ਹੌਲੀ ਪਲੀਤ ਹੋਣਾ ਸ਼ੁਰੂ ਹੋ ਜਾਂਦਾ। ਅੰਦਰਲੀ ਰੌਸ਼ਨੀ ਮੱਧਮ ਹੋ ਜਾਂਦੀ। ਫਿਰ ਉਹ ਦੁਨਿਆਵੀ ਲੋਭਾਂ, ਲਾਲਚਾਂ ਖ਼ਾਤਰ ਨਿੱਕੇਨਿੱਕੇ ਦਾਇਰਿਆਂ ਵਿਚ ਉਲਝਿਆ ਖ਼ੁਦ ਨੂੰ ਖ਼ੁਦਕੁਸ਼ੀ ਦੇ ਰਾਹ ਤੋਰ ਲੈਂਦਾ। ਇਹ ਵੀ ਕੁਦਰਤ ਦਾ ਹੀ ਰੰਗ ਕਿ ਕੁਝ ਲੋਕ ਜ਼ਿੰਦਗੀ ਨੂੰ ਗਲਵੱਕੜੀ ਪਾਉਣ ਲਈ ਤਤਪਰ ਅਤੇ ਕੁਝ ਮੌਤ ਦੀ ਪਨਾਹ ਵਿਚ ਜਾਣ ਲਈ ਕਾਹਲੇ। ਕੁਝ ਦੁੱਖ-ਸੁੱਖ ਨੂੰ ਸਮ ਕਰ ਕੇ ਜਾਣਦੇ ਤੇ ਕੁਝ ਦੁੱਖਾਂ ਵਿਚੋਂ ਪੀੜਾਂ ਲੱਭਦੇ। ਕੁਝ ਬਹੁਤਾਤ ਵਿਚੋਂ ਕਮੀਆਂ ਤੇ ਕੁਝ ਕਮੀਆਂ ਵਿਚੋਂ ਬਹੁਤਾਤ। ਕੁਝ ਸੀਮਤ ਸਾਧਨਾਂ ‘ਚ ਸੁੱਖ-ਸੰਵੇਦਨਾ ਤੇ ਸਕੂਨ ਤਲਾਸ਼ਦੇ ਤੇ ਕੁਝ ਬਹੁਤਾਤ ਕਾਰਨ ਭਟਕਣਾ ਦਾ ਸ਼ਿਕਾਰ ਹੋ, ਜ਼ਿੰਦਗੀ ਨੂੰ ਸਮੇਟਣ ਦੇ ਰਾਹ ਤੁਰ ਪੈਂਦੇ।
ਕੁਦਰਤ ਨੇ ਬੰਦੇ ਦੇ ਮਨ ਨੂੰ ਕੇਹਾ ਬਣਾਇਆ ਕਿ ਉਹ ਮਹਿਲਾਂ ਵਾਲਾ ਹੋ ਕੇ ਵੀ ਝੁੱਗੀਆਂ ਢਾਹੁਣ ਲਈ ਕਾਹਲਾ ਪਰ ਝੁੱਗੀਆਂ ਵਾਲੇ ਮਹਿਲ ਉਸਾਰਦੇ ਵੀ ਮਨ ਵਿਚ ਦਗ਼ਾ, ਫ਼ਰੇਬ ਜਾਂ ਕਮੀਨਗੀ ਨਹੀਂ ਰੱਖਦੇ। ਇਹ ਕੇਹਾ ਆਲਮ ਕਿ ਲਾਲਚੀ ਬੰਦੇ ਦਾ ਲਾਲਚ ਕਦੇ ਨਹੀਂ ਮੁੱਕਦਾ। ਪਰ ਕੁਝ ਰੱਬੀ ਰੂਹਾਂ ਰੁੱਖੀ-ਸੁੱਕੀ ਖਾ ਕੇ ਡਕਾਰ ਮਾਰਦੇ ਅਤੇ ਰੂਹੀ-ਰੱਜ਼ਤਾ ਦਾ ਅਨੰਦ ਮਾਣਦੇ। ਕੁਦਰਤ ਕਮਾਲ ਦੀ ਕਲਾਕਾਰ। ਕਦੇ ਅੱਧੀ ਰਾਤ ਨੂੰ ਅਕਾਸ਼ ਵੰਨੀਂ ਦੇਖਣਾ। ਤਾਰਿਆਂ ਦੇ ਰੰਗ, ਚਮਕ, ਆਕਾਸ਼ ਗੰਗਾਵਾਂ, ਸੂਰਜੀ ਮੰਡਲ, ਗ੍ਰਹਿ ਅਤੇ ਉਪ-ਗ੍ਰਹਿ, ਸਭ ਕੁਝ ਅੰਬਰ ਦੇ ਵਿਹੜੇ ਦਾ ਜਲੌਅ। ਕਦੇ ਚੰਦਾ ਮਾਮਾ, ਕਦੇ ਮਾਈ ਬੁੱਢੀ ਦਾ ਝਾਟਾ। ਕਦੇ ਇਹ ਤਾਰੇ ਤੁਹਾਡੇ ਅੰਦਰ ਤੇ ਦਸਤਕ ਦੇ, ਤੁਹਾਨੂੰ ਤਾਰਾ ਬਣਨ ਲਈ ਉਤਸੁਕ ਕਰਦੇ। ਕਦੇ ਸੂਰਜੀ ਮੰਡਲ ਦਾ ਪਰਿਵਾਰ ਇਕ ਨਿਜ਼ਾਮ ਵਿਚ ਬੱਝਿਆ, ਪ੍ਰਕਰਮਾ ਕਰਦੇ, ਆਪਣੇ ਕੇਂਦਰ ਨਾਲ ਜੁੜੇ ਆਪਣਾ ਸਫ਼ਰ ਪੂਰਾ ਕਰਦੇ। ਉਨ੍ਹਾਂ ਦੇ ਮਨ ਵਿਚ ਕੇਂਦਰ ਨਾਲੋਂ ਟੁੱਟਣ ਦੀ ਤਮੰਨਾ ਹਰਗਿਜ਼ ਨਹੀਂ। ਪਰ ਅਸੀਂ ਤਾਂ ਆਪਣੇ ਮੂਲ ਨਾਲੋਂ ਟੁੱਟਣ ਲਈ ਕਾਹਲੇ। ਚੰਦਰਮਾ ਦਾ ਧਰਤੀ ਦੁਆਲੇ, ਧਰਤੀ ਦਾ ਸੂਰਜ ਦੁਆਲੇ ਅਤੇ ਸੂਰਜ ਦਾ ਆਕਾਸ਼ ਗੰਗਾ ਦੇ ਕੇਂਦਰ ਦੁਆਲੇ ਘੁੰਮਣਾ, ਕੁਦਰਤੀ ਕਾਇਦੇ ਕਾਨੂੰਨ ਦਾ ਕਮਾਲ। ਕੁਦਰਤ ਦੀ ਕੇਹੀ ਬਖਸ਼ਿਸ਼ ਕਿ ਸੂਰਜ ਸਾਨੂੰ ਜੀਵਨ ਵੀ ਬਖ਼ਸ਼ਦਾ ਅਤੇ ਰੌਸ਼ਨੀ ਰਾਹੀਂ ਸਾਡੀਆਂ ਰਾਹਾਂ ਵੀ ਰੁਸ਼ਨਾਉਂਦਾ। ਖ਼ੁਦਾ ਨਾ ਕਰੇ ਜੇ ਨਿਊਕਲੀਅਰ ਜੰਗ ਸ਼ੁਰੂ ਹੋ ਗਈ ਤਾਂ ਧਰਤ ਦੁਆਲੇ ਅਜੇਹਾ ਗ਼ੁਬਾਰ ਚੜ੍ਹੇਗਾ ਕਿ ਸੂਰਜ ਦੀ ਰੌਸ਼ਨੀ ਧਰਤੀ ‘ਤੇ ਨਹੀਂ ਆਵੇਗੀ। ਸਮੁੱਚੀ ਬਨਸਪਤੀ ਤਬਾਹ ਹੋ ਜਾਵੇਗੀ। ਐ ਬੰਦੇ! ਤੂੰ ਇਸ ਸਾੜ੍ਹਸਤੀ ਨੂੰ ਕਿਵੇਂ ਟਾਲੇਂਗਾ?
ਕੁਦਰਤ ਦੀ ਕਲਾਕਾਰੀ ‘ਚ ਵਿਘਨ ਨਾ ਪਾਓ। ਕੁਦਰਤ ਅਸੀਮਤ ਨਿਆਮਤਾਂ ਨਾਲ ਬੰਦੇ ਨੂੰ ਨਿਵਾਜਦੀ, ਦੁਆਵਾਂ ਹੀ ਮੰਗਦੀ। ਸਾਨੂੰ ਤਾਂ ਦੁਆਵਾਂ ਲੈਣੀਆਂ ਹੀ ਭੁੱਲ ਗਈਆਂ। ਅਸੀਂ ਤਾਂ ਬਦ-ਦੁਆਵਾਂ ਦੀ ਨਗਰੀ ਦੇ ਵਾਸੀ ਖ਼ੁਦ ਹੀ ਬਦਦੁਆ ਬਣ ਗਏ। ਕੁਦਰਤ ਦੀ ਕਲਾਕਾਰੀ ਵਿਚ ਕਦੇ ਵੀ ਕੋਈ ਖੋਟ ਨਹੀਂ। ਸਦਾ ਸੰਪੂਰਨ, ਕੋਈ ਨੁਕਸ ਨਹੀਂ ਅਤੇ ਨਾ ਹੀ ਕਿਸੇ ਕਿਸਮ ਦੀ ਊਣਤਾਈ। ਇਹ ਉਸ ਦੀ ਕਲਾਕਾਰੀ ਦਾ ਕਮਾਲ ਕਿ ਹਰ ਜੀਵ ਨੂੰ ਉਸ ਦੀਆਂ ਜ਼ਰੂਰਤਾਂ ਅਨੁਸਾਰ ਸਾਰੇ ਅੰਗ ਵੀ ਦਿੱਤੇ ਅਤੇ ਵਰਤੋਂ ਵੀ ਸਿਖਾਈ। ਕਦੇ ਪਰਬਤਾਂ ਤੇ ਬਿਰਖਾਂ ਦੀ ਤਾਮੀਜ਼ ਤੇ ਤਰਤੀਬ ਨੂੰ ਦੇਖਣਾ। ਇਹ ਪਰਬਤ-ਲੜੀਆਂ ਬਹੁਤ ਕੁਝ ਦੱਸਦੀਆਂ ਕਿ ਹਰ ਕੁਦਰਤੀ ਸਿਰਜਣਾ ਨਿਯਮਤ ਰੂਪ। ਬਰਫ਼ਾਂ ਨਾਲ ਢਕੀਆਂ ਪਰਬਤੀ ਟੀਸੀਆਂ, ਹਰਿਆਵਲ ਵਿਚ ਛੁਪੀਆਂ ਵਾਦੀਆਂ, ਝਰਨਿਆਂ ਦੀ ਕਲਕਲ, ਦਰਿਆਵਾਂ ਦੀ ਰਵਾਨਗੀ, ਜੰਗਲਾਂ ਦੀ ਰਹਿਮਤ ਅਤੇ ਪਰਿੰਦਿਆਂ ਦੀ ਸਲਤਨਤ ਬਹੁਤ ਕੁਝ ਮਨੁੱਖ ਨੂੰ ਸਮਝਾਉਣ ਲਈ ਕਾਫ਼ੀ। ਬੰਦਾ ਕੱਲੀ ਕਾਇਨਾਤ ਨਹੀਂ ਸਗੋਂ ਇਕਸੁਰਤਾ ਤੇ ਸਾਂਝ ਨਾਲ ਇਕ ਦੂਜੇ ਦੀਆਂ ਪੂਰਤੀਆਂ ਕਰਾਂਗੇ ਤਾਂ ਅਸੀਂ ਸਮੁੱਚੇ ਵਾਧੇ ਦਾ ਸਬੱਬ ਬਣਾਂਗੇ। ਜਦ ਅਸੀਂ ਇਕ ਦੂਜੇ ਨੂੰ ਮਿੱਧ ਕੇ ਅੱਗੇ ਵਧਣ ਦੀ ਲਾਲਸਾ ਪਾਲ਼ਾਂਗੇ ਤਾਂ ਸਾਨੂੰ ਵੀ ਕੋਈ ਮਿੱਧ ਕੇ ਅੱਗੇ ਵਧ ਜਾਵੇਗਾ। ਲੋੜ ਹੈ ਪਰਬਤਾਂ ਵਰਗਾ ਜੇਰਾ ਅਤੇ ਇਸ ਜਿਹੀ ਵਿਸ਼ਾਲਤਾ ਮਨਾਂ ਵਿਚ ਪਾਲ਼ੀਏ। ਆਪਣੀਆਂ ਤਰਜੀਹਾਂ ਨੂੰ ਤਦਬੀਰਾਂ ਵਿਚ ਬਦਲੀਏ ਅਤੇ ਪਰਬਤੀ ਸ਼ਖ਼ਸੀਅਤ ਨੂੰ ਸਮਾਜ ਦੇ ਨਾਮ ਕਰੀਏ। ਪਰਬਤ ਆਰੋਹੀ ਬਹੁਤ ਘੱਟ ਅਤੇ ਪਰਬਤੀ ਟੀਸੀਆਂ ‘ਤੇ ਪਹੁੰਚਣਾ ਵਿਰਲਿਆਂ ਦਾ ਦਮਖਮ। ਕੀ ਤੁਸੀਂ ਟੀਸੀ ‘ਤੇ ਪਹੁੰਚ ਕੇ ਕਦੇ ਕੁਦਰਤ ਦੀ ਸੁੰਦਰਤਾ ਅਤੇ ਆਕਰਸ਼ਕਤਾ ਨੂੰ ਨਿਹਾਰਿਆ?
ਕੁਦਰਤ ਦੀ ਕਲਾਕਾਰੀ ਦੇਖਣ ਲਈ ਦਰਿਆਵਾਂ ਦੇ ਵਹਿਣ ਨੂੰ ਦੇਖਣਾ ਕਿ ਉਹ ਕੰਢਿਆਂ ਦੀ ਗਲਵੱਕੜੀ ਦਾ ਨਿੱਘ ਮਾਣਦੇ, ਮਸਤ ਚਾਲ ਨਾਲ ਧਰਤ ਨੂੰ ਸਿੰਜਦੇ। ਕੰਢਿਆਂ ‘ਤੇ ਬੈਠੇ ਪ੍ਰੇਮੀਆਂ ਨੂੰ ਮਿਲਾਉਂਦੇ। ਪਾਕੀਜ਼ਗੀ, ਤਰਲਤਾ ਅਤੇ ਨਿਰੰਤਰਤਾ ਬਣੇ, ਜੀਵਨ-ਦਾਨੀ ਹੋਣ ਦਾ ਮਾਣ ਵੀ ਬਣਦੇ। ਇਹ ਵੀ ਸਮਝਾਉਂਦੇ ਕਿ ਖੜ੍ਹੇ ਤੇ ਗੰਧਲੇ ਪਾਣੀ ਮੌਤ ਦਾ ਸਿਰਨਾਵਾਂ ਜਦ ਕਿ ਵਗਦੇ ਪਾਣੀ ਜੀਵਨ ਦੀ ਰਵਾਨਗੀ। ਮੌਤ ਨਾਲੋਂ ਜੀਵਨ- ਦਾਨੀ ਬਣਨ ਦਾ ਉੱਦਮ ਕਰਨਾ। ਇਹ ਦਰਿਆ, ਨਦੀਆਂ, ਝੀਲਾਂ, ਤਲਾਅ ਤੇ ਛੱਪੜ ਅਤੇ ਇਸ ਵਿਚ ਵੱਸਦੇ ਜੀਵ-ਜੰਤੂ ਇਕ ਸੰਤੁਲਤ ਵਾਤਾਵਰਣ ਅਤੇ ਚੌਗਿਰਦੇ ਨੂੰ ਅਰਪਿਤ ਜਿਸ ਵਿਚੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ। ਅਸੀਂ ਛੱਪੜ ‘ਤੇ ਤਾਰੀਆਂ ਲਾਉਂਦੇ ਕਦੇ ਗਲੀਜ਼ਤਾ ਨਹੀਂ ਸੀ ਮਹਿਸੂਸਦੇ ਕਿਉਂਕਿ ਪਾਣੀ ਨਿਰਮਲ ਸਨ। ਪਾਣੀ ਪਲੀਤ ਅਤੇ ਕੁਦਰਤ ਨੂੰ ਜ਼ਲੀਲ ਕਰ ਕੇ ਕੀ ਖੱਟਿਆ, ਕਦੇ ਸੋਚਣਾ? ਕਦੇ ਮੌਕਾ ਮਿਲੇ ਤਾਂ ਬੀਚ ‘ਤੇ ਟਹਿਲਦਿਆਂ ਸਮੁੰਦਰ ਦੀ ਵਿਸ਼ਾਲਤਾ ਅਤੇ ਡੂੰਘਾਈ ਦਾ ਅਹਿਸਾਸ ਕਰਨਾ। ਬੀਚ ‘ਤੇ ਖਿੱਲਰੇ ਘੋਗੇ ਤੇ ਸਿਪੀਆਂ ਦੀ ਚਿੱਤਰਕਾਰੀ ਨੂੰ ਦੇਖਣਾ। ਪਾਣੀ ਦਾ ਤੁਹਾਡੇ ਪੈਰਾਂ ਨੂੰ ਭਿਉਂਣ ‘ਤੇ ਤੁਹਾਨੂੰ ਅਹਿਸਾਸ ਹੋਵੇਗਾ ਕਿ ਰੂਹੀ ਠੰਢਕ ਕੀ ਹੁੰਦੀ? ਲਹਿਰਾਂ ਦਾ ਤੁਹਾਡੀਆਂ ਤਲੀਆਂ ਨੂੰ ਝੱਸਣਾ ਤੇ ਟਕੋਰ ਕਰਨ ‘ਤੇ ਤੁਹਾਨੂੰ ਕਿੰਨਾ ਸਕੂਨ ਦਿੰਦਾ। ਇਕ ਵੱਖਰਾ ਅਨੁਭਵ ਜੋ ਬਹੁਤ ਘੱਟ ਲੋਕ ਮਾਣਨਾ ਜਾਣਦੇ। ਇਹ ਸਮੁੰਦਰੀ ਲਹਿਰਾਂ, ਇਨ੍ਹਾਂ ਦਾ ਸੰਗੀਤਕ ਸ਼ੋਰ ਅਤੇ ਚੰਨ ਨਾਲ ਗੂੜ੍ਹੀ ਸਾਂਝ ਵਿਚੋਂ ਕਦੇ ਮਨ ਵਿਚ ਅੰਬਰ ਨਾਲ ਸਾਂਝ ਪਾਉਣ ਬਾਰੇ ਜ਼ਰੂਰ ਸੋਚਣਾ। ਸਮੁੰਦਰੀ ਅਮੁੱਲਤਾ ਅਤੇ ਅਸੀਮਤਾ ਦੇ ਤੁਹਾਡੇ ਜੀਵਨ ਵਿਚ ਕੀ ਅਰਥ? ਕੀ ਤੁਸੀਂ ਕਦੇ ਸਮੁੰਦਰ ਬਣਨਾ ਲੋਚਿਆ?
ਸਮੁੰਦਰ ਅਸੀਮਤ ਦਾਤਾਂ ਦਾ ਭੰਡਾਰ ਹੁੰਦਿਆਂ ਵੀ ਕਿੰਨਾ ਨਿਮਾਣਾ ਕਿ ਉਹ ਤੁਹਾਡੇ ਪੈਰਾਂ ਵਿਚ ਵਿਛਦਾ। ਤੁਹਾਡੇ ਲਈ ਮਾਣਕ-ਮੋਤੀ ਬੀਚਾਂ ‘ਤੇ ਖਿਲਾਰਦਾ। ਸਕੂਨ ਤੇ ਸਹਿਜ ਦਿੰਦਾ। ਰੋਜ਼ਾਨਾ ਭੱਜ-ਦੌੜ ਵਿਚੋਂ ਰਾਹਤ ਦੇ ਕੁਝ ਪਲ ਮਾਣ ਕੇ ਆਪਣੇ ਜੀਵਨ ਨੂੰ ਸਾਰਥਕ ਸਮਝਦੇ। ਕਦੇ ਸਮੁੰਦਰ ਅਤੇ ਚੰਨ ਦੀ ਗੁਫ਼ਤਗੂ, ਚਾਨਣੀ ਦਾ ਸਮੁੰਦਰ ਦੇ ਪਾਣੀਆਂ ਵਿਚ ਘੁਲਣਾ, ਦਰਅਸਲ ਸਮੁੰਦਰ ਦੀ ਚਾਨਣੀ ਨਾਲ ਖ਼ੂਬਸੂਰਤ ਮਿਲਣੀ। ਇਹੀ ਦ੍ਰਿਸ਼ ਸੰਵੇਦਨਸ਼ੀਲ ਵਿਅਕਤੀ ਲਈ ਅਕਹਿ ਅਨੰਦ ਦਾ ਸਬੱਬ। ਸੋਚਣਾ! ਅਸੀਂ ਨਿੱਕੇ ਨਿੱਕੇ ਅਹਿਸਾਨ ਜਤਾਉਂਦਿਆਂ ਖ਼ੁਦ ਨੂੰ ਨਿੱਕਾ ਜਿਹਾ ਕਿਉਂ ਕਰ ਲੈਂਦੇ। ਖ਼ੁਦ ਨੂੰ ਉੱਚਾ ਰੱਖਿਆ ਕਰੋ। ਇਹ ਅਹਿਸਾਨ ਕਿਸੇ ‘ਤੇ ਨਹੀਂ ਕਰੀਦੇ। ਅਹਿਸਾਸ ਉਸ ਦੇ ਕਰੋ ਜਿਸ ਨੇ ਦਾਤਾਂ ਨਾਲ ਨਿਵਾਜਿਆ। ਤੁਸੀਂ ਕੌਣ ਹੋ ਕੁਝ ਦੇਣ ਵਾਲੇ। ਕੁਦਰਤ ਖ਼ੂਬਸੂਰਤੀ ਦੇਖਣੀ ਹੋਵੇ ਤਾਂ ਪਤਝੜ ਵਿਚ ਪੱਤਿਆਂ ‘ਤੇ ਉੱਕਰੇ ਹੋਏ ਰੰਗ ਅਤੇ ਇਨ੍ਹਾਂ ਰੰਗਾਂ ਨਾਲ ਸਿਰਜੀ ਮੀਨਾਕਾਰੀ ਅਤੇ ਕਲਾਕਾਰੀ ਨੂੰ ਦੂਰਦਿਸਹੱਦਿਆਂ ਤੀਕ ਨਿਹਾਰਨਾ। ਰੰਗ ਦੀਆਂ ਪਰਤਾਂ, ਕੁਦਰਤ ਦੀ ਇਨਾਇਤ। ਕੁਦਰਤ ਦਾ ਕਮਾਲ ਕਿ ਬਿਨ-ਪੱਤਰੇ ਬਿਰਖ ਤੇ ਟਾਹਣੀਆਂ ਮਾਯੂਸ ਨਹੀਂ ਹੁੰਦੇ ਸਗੋਂ ਰੁੱਤ ਆਉਣ ‘ਤੇ ਨਵੀਆਂ ਕਰੂੰਬਲਾਂ ਦੇ ਸਵਾਗਤ ਲਈ ਖ਼ੁਦ ਨੂੰ ਤਿਆਰ ਕਰਦੇ। ਪੱਤਿਆਂ ਨੂੰ ਹੱਥੀਂ ਤੋਰ ਕੇ ਨਵੇਂ ਦੀ ਆਸ ਵਿਚ ਜੀਵਨ ਨੂੰ ਜਿਊਣ ਦੀ ਆਨੰਦਤਾ ਮਾਣਦੇ। ਨਵੀਂ ਉਮੀਦ, ਉਤਸ਼ਾਹ ਸੀਨੇ ਵਿਚ ਪਾਲਦੇ ਅਤੇ ਕੁਦਰਤ ਕਦੇ ਵੀ ਉਨ੍ਹਾਂ ਨੂੰ ਨਿਰਾਸ਼ ਨਹੀਂ ਕਰਦੀ।
ਨਿਪੱਤਰੀਆਂ ਟਾਹਣੀਆਂ ਯੱਖ ਮੌਸਮਾਂ ਦੀ ਤਾਬ ਝੱਲਦਿਆਂ ਵੀ ਕਦੇ ਵੀ ਪੀੜਤ ਨਹੀਂ ਹੁੰਦੀਆਂ। ਉਹ ਜਾਣਦੀਆਂ ਕਿ ਇਹ ਉਨ੍ਹਾਂ ਦੇ ਸਬਰ, ਸਿਦਕ ਅਤੇ ਸਿਰੜ ਦੀ ਪਰਖ ਹੈ ਅਤੇ ਉਹ ਇਸ ਪਰਖ ‘ਤੇ ਪੂਰੀਆਂ ਉੱਤਰਦੀਆਂ। ਆਖ਼ਰ ਨੂੰ ਹਰੀਆਂ ਕਚੂਰ ਕਰੂੰਬਲਾਂ ਡਾਲੀਆਂ ਨੂੰ ਸਜਾਉਂਦੀਆਂ, ਬਿਰਖ ਨੂੰ ਹਰਿਆਵਲਾ ਬਣਾਉਂਦੀਆਂ ਅਤੇ ਫਲਾਂ ਤੇ ਫੁੱਲਾਂ ਦੀ ਛਹਿਬਰ ਵੀ ਲਾਉਂਦੀਆਂ। ਕੁਦਰਤ ਦੀ ਕਾਸ਼ਤਕਾਰੀ ਦੇਖਣ ਲਈ ਖੇਤਾਂ ਦਾ ਗੇੜਾ ਲਾਉਣਾ। ਖੇਤਾਂ ਵਿਚ ਝੂਮਦੀਆਂ ਫ਼ਸਲਾਂ ਅਤੇ ਦੂਰ ਤੀਕ ਪਸਰੇ ਦ੍ਰਿਸ਼ ਵਿਚੋਂ ਕੁਝ ਅਜੇਹਾ ਨਜ਼ਾਰਾ ਦੇਖਣ ਨੂੰ ਮਿਲੇਗਾ ਕਿ ਤੁਸੀਂ ਕੁਦਰਤ ਦੀ ਕ੍ਰਿਤ ਕਾਰੀ ਦੇ ਸਦਕੇ ਜਾਵੋਗੇ ਅਤੇ ਮਨ ਵਿਚ ਕੁਦਰਤ ਦਾ ਨਿੱਕਾ ਜਿਹਾ ਕਿਣਕਾ ਬਣਨ ਦੀ ਤਮੰਨਾ ਪੈਦਾ ਕਰੋਗੇ। ਇਹ ਕੁਦਰਤ ਦਾ ਕੇਹਾ ਕਮਾਲ ਕਿ ਧਰਤੀ ਬੰਦੇ ਨੂੰ ਭਰੇ ਭੜੋਲਿਆਂ ਦਾ ਦਾਨ ਦਿੰਦਿਆਂ ਕਦੇ ਨਹੀਂ ਥੱਕਦੀ ਪਰ ਮਨੁੱਖ ਸਦਾ ਭੋਖੜੇ ਦਾ ਪ੍ਰਤੀਕ। ਕੁਦਰਤ ਕੋਲੋਂ ਕੁਝ ਤਾਂ ਸਿੱਖੀਏ ਕਿ ਕੁਦਰਤ ਦਿੰਦੀ ਹੀ ਹੈ।
ਕੁਝ ਕੁ ਅਜੇਹਾ ਕਰੀਏ ਕਿ ਬੰਦਾ ਕੁਦਰਤ ਦੀ ਦਿੱਬ-ਦ੍ਰਿਸ਼ਟੀ ਦਾ ਹਾਣੀ ਬਣ ਸਕੇ। ਕੁਦਰਤ ਦੀ ਅਨੂਠੀ ਕਲਾਕਾਰੀ ਦੇਖਣ ਲਈ ਸਮੁੰਦਰ ਹੇਠਲੇ ਜੀਵ-ਸੰਸਾਰ ਦੀਆਂ ਵੰਨਗੀਆਂ ਅਤੇ ਇਸ ਦੇ ਰੂਪਾਂ ਨੂੰ ਦੇਖਣਾ। ਕਦੇ ਤਿਤਲੀਆਂ ਦੀ ਚਿੱਤਰਕਾਰੀ ਅਤੇ ਪਰਿੰਦਿਆਂ ਦੇ ਪਰਾਂ ‘ਤੇ ਕੀਤੀ ਕਲਾਕਾਰੀ ਨੂੰ ਦੇਖਣਾ। ਪਰਾਂ ਤੇ ਲੰਮੇਰੀ ਤੇ ਉਚੇਰੀ ਪਰਵਾਜ਼ ਦਾ ਸਿਰਨਾਵਾਂ ਪੜ੍ਹਨਾ, ਪਤਾ ਲੱਗੇਗਾ ਕਿ ਹਜ਼ਾਰਾਂ ਮੀਲ ਸਫ਼ਰ ਕਰ ਕੇ ਵੀ ਘਰ ਨੂੰ ਮੁੜਨ ਦੀ ਤਮੰਨਾ ਮਨ ਵਿਚ ਪਾਲੀ ਰੱਖਦੇ ਅਤੇ ਘਰਾਂ ਨੂੰ ਪਰਤਦੇ। ਪਰ ਬੰਦਾ ਤਾਂ ਮਾਪਿਆਂ ਦੀਆਂ ਆਖ਼ਰੀ ਰਸਮਾਂ ਨਿਭਾਉਣ ਲਈ ਵੀ ਆਪਣੇ ਵਤਨ ਨਹੀਂ ਪਰਤਦੇ ਜਦ ਕਿ ਕੁੰਜਾਂ ਆਪਣੇ ਬਚੜਿਆਂ ਦੀ ਖ਼ੈਰ-ਸੁੱਖ ਜਾਣਨ ਲਈ ਆਪਣੇ ਆਲ੍ਹਣਿਆਂ ਨੂੰ ਪਰਤਦੀਆਂ। ਬੰਦੇ ਦੀ ਬੇਵਤਨੀ ਤੇ ਨਿਰਮੋਹੇਪਣ ਦਾ ਕੇਹਾ ਰੰਗ ਕਿ ਸਾਡੇ ਮਨਾਂ ਵਿਚੋਂ ਸਾਡੀਆਂ ਜੜ੍ਹਾਂ ਹੀ ਸੁੱਕ ਗਈਆਂ। ਦੱਸਿਓ! ਜੜ੍ਹ ਹੀਣ ਮਨੁੱਖ ਕਿਵੇਂ ਜਿਊਂਦਾ ਰਹਿ ਸਕਦਾ?
ਇਹ ਕੁਦਰਤ ਦਾ ਹੀ ਕ੍ਰਿਸ਼ਮਾ ਕਿ ਉਹ ਭਾਵੀ ਤਰੰਗਾਂ ਰਾਹੀਂ ਕੂੰਜਾਂ ਦੇ ਬੋਟਾਂ ਨੂੰ ਚੋਗ ਚੁਗਾਉਂਦੀ। ਕਦੇ ਕੈਮਲੂਪ ਦੀਆਂ ਮੱਛੀਆਂ ਨੂੰ ਵਾਪਸ ਪਰਤਾਉਂਦੀ ਹੈ। ਕਦੇ ਕਦਾਈਂ ਵਾਵਾਂ ਹੱਥ ਸੁਗਮ-ਸੁਨੇਹੇ ਪਹੁੰਚਾਉਂਦੀ ਅਤੇ ਆਪਣਿਆਂ ਦਾ ਹਾਲ-ਚਾਲ ਦੱਸਦੀ। ਕਦੇ ਤੁਸੀਂ ਅਚੇਤ ਰੂਪ ਵਿਚ ਕੋਈ ਸੁਨੇਹਾ ਭੇਜਿਆ?
ਜੇ ਨਹੀਂ ਤਾਂ ਹੁਣ ਭੇਜਣਾ, ਤੁਹਾਨੂੰ ਇਸ ਦਾ ਹੁੰਗਾਰਾ ਜ਼ਰੂਰ ਮਿਲੇਗਾ। ਕੁਦਰਤ ਦੀਆਂ ਸਿਆਣਪਾਂ, ਸਮਝਾਂ, ਸੋਚਾਂ ਤੇ ਸਿਰਜਣਾ ਨੇ ਮਨੁੱਖ ਨੂੰ ਕੀ ਨਹੀਂ ਦਿੱਤਾ। ਮਨੁੱਖ ਕੇਹਾ ਅਕ੍ਰਿਤਘਣ ਕਿ ਖ਼ੁਦ ਹੀ ਆਪਣੀ ਬਰਬਾਦੀ ਦੇ ਸਰੋਕਾਰ ਪੈਦਾ ਕਰ ਰਿਹਾ ਅਤੇ ਫਿਰ ਆਪਣੀ ਅਬਾਦੀ ਲੱਭ ਰਿਹਾ। ਯਾਦ ਰੱਖਣਾ ਬਰਬਾਦੀ ਵਿਚੋਂ ਕਦੇ ਅਬਾਦੀ ਨਹੀਂ ਲੱਭਦੀ। ਉੱਜੜ ਗਈਆਂ ਤਵਾਰੀਖ਼ਾਂ ਅਤੇ ਮਰ-ਮੁੱਕੀਆਂ ਕੌਮਾਂ ਦੇ ਤਾਂ ਨਕਸ਼ ਵੀ ਸਮੇਂ ਦੀ ਤਖ਼ਤੀ ਤੋਂ ਮਿਟ ਜਾਂਦੇ।
ਕਦੇ ਕਦਾਈਂ ਮਨ ਵਿਚ ਕੁਦਰਤ ਵਾਂਗ ਕਲਾਕਾਰੀ ਕਰਨ ਦਾ ਗੁਣ ਪੈਦਾ ਕਰੋ। ਇਹ ਕਲਾਕਾਰੀ ਯਤੀਮ ਬੱਚੇ ਨੂੰ ਦਿੱਤੀ ਹਮਦਰਦੀ, ਖ਼ਾਲੀ ਬਸਤੇ ਵਿਚ ਕਿਤਾਬਾਂ ਦਾ ਦਾਨ, ਗਿਆਨਹੀਣ ਮਸਤਕ ਵਿਚ ਜੋਤ ਜਗਾਉਣ ਦੀ ਜੋਦੜੀ, ਨੰਗੇ ਜਿਸਮ ਲਈ ਕੱਜਣ, ਛੱਤ-ਹੀਣ ਲਈ ਸਿਰ ਦੀ ਛੱਤ, ਕਿਸੇ ਲੋੜਵੰਦ ਦੀਆਂ ਲੋੜਾਂ ਦੀ ਪੂਰਤੀ ਜਾਂ ਮਦਦਗਾਰ ਹੋਣ ਦਾ ਉੱਦਮ ਵੀ ਹੋ ਸਕਦਾ। ਕੁਝ ਤਾਂ ਕਰੋ। ਕੁਦਰਤ ਤੁਹਾਥੋਂ ਬਹੁਤ ਕੁਝ ਕਰਵਾਉਣਾ ਚਾਹੁੰਦੀ। ਤੁਸੀਂ ਕੀ ਕਰੋਗੇ ਇਹ ਤੁਹਾਡੇ ‘ਤੇ ਨਿਰਭਰ। ਕਲਾਕਾਰ ਬਣਨਾ ਤੇ ਕੁਦਰਤ ਦੀ ਕਲਾਕਾਰੀ ਦਾ ਸੁੰਦਰ ਸਰੂਪ ਬਣ, ਸੰਤੁਲਿਤ ਸਮਾਜ ਦਾ ਮਾਣਮੱਤਾ ਸਰਫ਼ ਬਣਨਾ। ਇਹ ਤਾਂ ਤੁਹਾਡੇ ‘ਤੇ ਹੀ ਮੁਨੱਸਰ ਕਰਦਾ। ਪਰ ਇਸ ਬਾਰੇ ਸੋਚਣਾ ਜ਼ਰੂਰ।