ਔਟਵਾ: ਏਅਰ ਕੈਨੇਡਾ ਨੇ 3 ਜਨਵਰੀ 2025 ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਅਨੁਸਾਰ ਮੁਸਾਫ਼ਰਾਂ ਲਈ ਲਗੇਜ ਨਾਲ ਸਫ਼ਰ ਮਹਿੰਗਾ ਕਰ ਦਿੱਤਾ ਹੈ। ਹੁਣ ਸਿਰਫ ਇਕ ਛੋਟੀ ਨਿਜੀ ਵਸਤੂ, ਜਿਵੇਂ ਬੀਬੀਆਂ ਦਾ ਪਰਸ ਜਾਂ ਲੈਪਟਾਪ ਬੈਗ ਮੁਫ਼ਤ ਲਿਜਾਣ ਦੀ ਇਜਾਜ਼ਤ ਹੋਵੇਗੀ। ਹੋਰ ਬੈਗ ਲਿਜਾਣ ਵਾਲਿਆਂ ਨੂੰ ਫੀਸ ਦੇਣੀ ਪਵੇਗੀ। ਪਹਿਲੇ ਬੈਗ ਲਈ 35 ਡਾਲਰ ਅਤੇ ਦੂਜੇ ਬੈਗ ਲਈ 50 ਡਾਲਰ ਫੀਸ ਤੈਅ ਕੀਤੀ ਗਈ ਹੈ। ਜੇਕਰ ਬਗੈਰ ਅਗਾਊਂ ਭੁਗਤਾਨ ਕੀਤੇ ਜਹਾਜ਼ ਦੇ ਦਰਵਾਜ਼ੇ ਤੱਕ ਪਹੁੰਚਿਆ ਜਾਂਦਾ ਹੈ, ਤਾਂ ਇਹ ਫੀਸ ਵਧ ਕੇ 65 ਡਾਲਰ ਹੋ ਜਾਵੇਗੀ।
ਏਅਰਲਾਈਨ ਨੇ ਸਪੱਸ਼ਟ ਕੀਤਾ ਕਿ ਇਹ ਤਬਦੀਲੀਆਂ ਉਤਰੀ ਅਮਰੀਕਾ ਅਤੇ ਯੂਰਪ ਦੇ ਸਸਤੀਆਂ ਟਿਕਟਾਂ ਵਾਲੇ ਰੂਟਾਂ ‘ਤੇ ਲਾਗੂ ਕੀਤੀਆਂ ਗਈਆਂ ਹਨ। ਸਿਰਫ ਉਹ ਚੀਜ਼ਾਂ ਜੋ ਸੀਟ ਦੇ ਹੇਠਾਂ ਰੱਖੀਆਂ ਜਾ ਸਕਦੀਆਂ ਹਨ, ਜਿਵੇਂ ਛੋਟੇ ਬੈਗ ਜਾਂ ਛੋਟੀਆਂ ਨਿਜੀ ਵਸਤਾਂ, ਮੁਫ਼ਤ ਲਿਜਾਈਆਂ ਜਾ ਸਕਦੀਆਂ ਹਨ। ਜਿਹੜੇ ਸਮਾਨ ਲਈ ਉੱਪਰੀ ਕੰਪਾਰਟਮੈਂਟ ਦੀ ਜਰੂਰਤ ਪਵੇਗੀ, ਉਸ ਉੱਤੇ ਫੀਸ ਲਾਗੂ ਹੋਵੇਗੀ।
21 ਜਨਵਰੀ 2025 ਤੋਂ ਬੇਸਿਕ ਕਿਰਾਏ ਵਾਲੇ ਮੁਸਾਫ਼ਰਾਂ ਲਈ ਮੁਫ਼ਤ ਸੀਟ ਬਦਲਣ ਦੀ ਸਹੂਲਤ ਖਤਮ ਕੀਤੀ ਜਾ ਰਹੀ ਹੈ। ਹੁਣ ਜਿਹੜੇ ਮੁਸਾਫ਼ਰ ਆਪਣੀ ਸੀਟ ਬਦਲਣਾ ਚਾਹੁੰਦੇ ਹਨ, ਉਨ੍ਹਾਂ ਨੂੰ ਚੁਣੀ ਗਈ ਸੀਟ ਦੇ ਮੁਤਾਬਕ ਫੀਸ ਅਦਾ ਕਰਨੀ ਪਵੇਗੀ।
ਮੁਸਾਫ਼ਰਾਂ ਨੇ ਨਵੇਂ ਨਿਯਮਾਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਹੈ। ਟੋਰਾਂਟੋ ਦੇ ਪੀਅਰਸਨ ਏਅਰਪੋਰਟ ਤੋਂ ਸਫ਼ਰ ਕਰ ਰਹੀ ਐਨੀ ਕਰੇਟਨ ਨੇ ਕਿਹਾ, “ਜਦੋਂ ਕਿਰਾਇਆ ਹੀ ਭੁਗਤਿਆ ਜਾਂਦਾ ਹੈ, ਤਾਂ ਛੋਟੀਆਂ ਵਸਤਾਂ ਲਈ ਵੱਖਰੀ ਫੀਸ ਗੈਰਵਾਜ਼ਬ ਹੈ।”
ਏਅਰ ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਨਵੇਂ ਨਿਯਮ ਹੋਰਨਾਂ ਏਅਰਲਾਈਨਜ਼, ਜਿਵੇਂ ਵੈਸਟਜੈਟ, ਦੇ ਤਰੀਕਿਆਂ ਦੇ ਬਰਾਬਰ ਹਨ। ਵੈਸਟਜੈਟ ਦੇ ਅਲਟਰਾ ਬੇਸਿਕ ਕਿਰਾਏ ਵਿੱਚ ਵੀ ਕੈਰੀਔਨ ਬੈਗ ਮੁਫ਼ਤ ਲਿਜਾਣ ਦੀ ਇਜਾਜ਼ਤ ਨਹੀਂ ਹੈ।
ਨਵੇਂ ਨਿਯਮਾਂ ਨੇ ਕੈਨੇਡਾ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਸੌਖੀ ਯਾਤਰਾ ਨੂੰ ਮਹਿੰਗਾ ਬਣਾਉਣ ਦੀ ਚਿੰਤਾ ਪੈਦਾ ਕੀਤੀ ਹੈ। ਮੁਸਾਫ਼ਰਾਂ ਲਈ ਇਹ ਨਿਯਮ ਸਹਿਜ ਨਹੀਂ, ਪਰ ਏਅਰਲਾਈਨਜ਼ ਨੇ ਇਸ ਨੂੰ ਲਾਗੂ ਕਰਦੇ ਹੋਏ ਕਿਹਾ ਹੈ ਕਿ ਇਹ ਸਥਿਤੀ ਦੇ ਅਨੁਸਾਰ ਜ਼ਰੂਰੀ ਹੈ।