Friday, April 4, 2025
4.9 C
Vancouver

ਅਸੀਂ ਜੀਵ ਜੰਤੂ ; ਕਿਤਾਬਾਂ ਦਾ ਰਿਵਿਊ

 

ਰਿਵਿਊ ਕਰਤਾ: ਡਾ. ਦੇਵਿੰਦਰ ਪਾਲ ਸਿੰਘ
ਕਿਤਾਬਾਂ ਦਾ ਨਾਮ : ਅਸੀਂ ਜੀਵ ਜੰਤੂ (ਭਾਗ-1 ਤੇ ਭਾਗ-2)
(ਵਿਗਿਆਨਕ ਕਵਿਤਾਵਾਂ)
ਲੇਖਕ : ਪ੍ਰਿੰ. ਹਰੀ ਕ੍ਰਿਸ਼ਨ ਮਾਇਰ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ,
ਪੰਜਾਬ, ਭਾਰਤ
ਪ੍ਰਕਾਸ਼ਨ ਸਾਲ : 2022,
ਕੀਮਤ : 150 ਰੁਪਏ/ਕਿਤਾਬ; ਪੰਨੇ: 64/ਕਿਤਾਬ
ਰਿਵਿਊ ਕਰਤਾ : ਡਾ. ਦੇਵਿੰਦਰ ਪਾਲ ਸਿੰਘ, ਡਾਇਰੈਕਟਰ,
ਕੈਨਬ੍ਰਿਜ ਲਰਨਿੰਗ, ਮਿਸੀਸਾਗਾ,
ਓਂਟਾਰੀਓ, ਕੈਨੇਡਾ।
”ਅਸੀਂ ਜੀਵ ਜੰਤੂ” (ਭਾਗ-1 ਤੇ ਭਾਗ-2) (ਵਿਗਿਆਨਕ ਕਵਿਤਾਵਾਂ) ਕਿਤਾਬਾਂ ਦਾ ਲੇਖਕ ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਕਿੱਤੇ ਵਜੋਂ ਵਿਗਿਆਨ ਦਾ ਅਧਿਆਪਕ ਹੈ, ਪਰ ਉਸ ਨੂੰ ਸਾਹਿਤਕ ਚੇਟਕ ਬਚਪਨ ਤੋਂ ਹੀ ਹੈ। ਵਿਗਿਆਨਕ ਰੁਚੀ ਤੇ ਬਚਪਨ ਦੌਰਾਨ ਘਰ ਵਿਚੋਂ ਹੀ ਮਿਲੇ ਸਾਹਿਤਕ ਮਾਹੌਲ ਨੇ, ਬਾਲਕ ਹਰੀ ਕ੍ਰਿਸ਼ਨ ਦਾ ਮਨ ਵਿਗਿਆਨ ਸਾਹਿਤ ਦੇ ਗਹਿਨ ਅਧਿਐਨ ਵੱਲ ਪ੍ਰੇਰਿਤ ਕੀਤਾ। ਸਮੇਂ ਨਾਲ ਇਹੋ ਬਿਰਤੀ ਹਰੀ ਕ੍ਰਿਸ਼ਨ ਦੇ ਵਿਗਿਆਨ ਸਾਹਿਤ ਲੇਖਣ ਕਾਰਜਾਂ ਦਾ ਅਧਾਰ ਬਣੀ। ਲਗਭਗ ਚਾਰ ਦਹਾਕੇ ਅਧਿਆਪਨ ਕਾਰਜ ਕਰਦਿਆਂ ਵੀ ਉਹ ਵਿਗਿਆਨ ਪੜ੍ਹਣ-ਪੜਾਉਣ, ਸਾਹਿਤ ਰਚਨਾ ਤੇ ਵਿਗਿਆਨਕ ਸੋਚ ਦੇ ਪ੍ਰਸਾਰ ਕਾਰਜਾਂ ਨੂੰ ਹੀ ਸਮਰਪਿਤ ਰਿਹਾ। ਇਨ੍ਹਾਂ ਖੇਤਰਾਂ ਵਿਚ ਉਸ ਦਾ ਯੋਗਦਾਨ ਵਿਲੱਖਣ ਰਿਹਾ ਹੈ। ਵਿਗਿਆਨ ਦੇ ਔਖੇ ਤੇ ਨੀਰਸ ਵਿਸ਼ਿਆਂ ਨੂੰ ਸਰਲ ਭਾਸ਼ਾ ਵਿਚ ਬਿਆਨ ਕਰਨਾ ਉਸ ਦੀ ਵਿਸ਼ੇਸ਼ ਮੁਹਾਰਿਤ ਹੈ। ਉਸ ਨੇ ਬਾਲਾਂ ਵਿਚ ਵਿਗਿਆਨ ਪ੍ਰਸਾਰ ਕਾਰਜਾਂ ਵਿਚ ਖ਼ਾਸ ਦਿਲਚਸਪੀ ਲੈਂਦੇ ਹੋਏ ਅਜਿਹੇ ਕਾਰਜਾਂ ਲਈ ਕਹਾਣੀ, ਕਵਿਤਾ ਤੇ ਵਾਰਤਕ ਵਿਧਾ ਨੂੰ ਆਪਣੀਆਂ ਰਚਨਾਵਾਂ ਦਾ ਅਧਾਰ ਬਣਾਇਆ। ਉਸ ਦੀਆਂ ਹੁਣ ਤਕ ਲਗਭਗ ਡੇਢ ਦਰਜਨ ਕਿਤਾਬਾਂ ਤੇ 175 ਰਚਨਾਵਾਂ ਦੇਸ਼ ਵਿਦੇਸ਼ ਦੀਆਂ ਪ੍ਰਸਿੱਧ ਅਖ਼ਬਾਰਾਂ ਤੇ ਮੈਗਜੀਨਾਂ ਵਿਚ ਛੱਪ ਚੁੱਕੀਆਂ ਹਨ। ਉਸ ਦੀਆਂ ਰਚਨਾਵਾਂ ਪੰਜਾਬੀ ਭਾਸ਼ਾ ਤੋਂ ਇਲਾਵਾ ਹਿੰਦੀ, ਸ਼਼ਾਹਮੁਖੀ ਲਿੱਪੀ ਤੇ ਅੰਗਰੇਜ਼ੀ ਵਿਚ ਵੀ ਛਪੀਆਂ ਹਨ। ਮੌਲਿਕ ਰਚਨਾਵਾਂ ਤੋਂ ਇਲਾਵਾਂ ਉਸ ਨੇ ਸੰਪਾਦਨ, ਤੇ ਹੋਰਨਾਂ ਭਾਸ਼ਾਵਾਂ ਤੋਂ ਪੰਜਾਬੀ ਵਿਚ ਅਨੁਵਾਦ ਕਾਰਜ ਵੀ ਸਫਲਤਾਪੂਰਣ ਕੀਤੇ ਹਨ।
”ਅਸੀਂ ਜੀਵ ਜੰਤੂ” (ਭਾਗ-1 ਤੇ ਭਾਗ-2), ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਦੀਆਂ ਵਿਗਿਆਨਕ ਤੱਥਾਂ ਨੂੰ ਕਵਿਤਾ ਵਿਧਾ ਰਾਹੀਂ ਪੇਸ਼ ਕਰਨ ਦਾ ਵਿਲੱਖਣ ਉਪਰਾਲਾ ਹੈ। ”ਅਸੀਂ ਜੀਵ ਜੰਤੂ” (ਭਾਗ-1) ਕਿਤਾਬ ਵਿਚ ਕੁੱਲ ਸੋਲਾਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਿਤਾਬ ਦੇ ਮਕਸਦ ਦੀ ਗੱਲ ਕਰਦਾ ਲੇਖਕ ਦੱਸਦਾ ਹੈ ਕਿ ਉਸ ਨੇ ਇਸ ਕਿਤਾਬ ਰਾਹੀਂ ਜੀਵ-ਜੰਤੂਆਂ ਬਾਰੇ ਜਾਣਕਾਰੀ ਉਪਲਬਧ ਕਰਾਉਣ ਦੇ ਨਾਲ ਨਾਲ ਉਨ੍ਹਾਂ ਬਾਰੇ ਮਨਘੜਤ ਮਿੱਥਾਂ ਨੂੰ ਤੋੜ੍ਹਣ ਤੇ ਉਨ੍ਹਾਂ ਦਾ ਸਾਡੇ ਜੀਵਨ ਵਿਚ ਮਹੱਤਵ ਦੀ ਗੱਲ ਕੀਤੀ ਹੇ।
ਸਾਡੇ ਗ੍ਰਹਿ ਵਿਖੇ ਮੌਜੂਦ ਅਨੇਕ ਕਿਸਮਾਂ ਦੇ ਜੀਵ-ਜੰਤੂਆਂ ਦੇ ਜੀਵਨ, ਗੁਣਾਂ ਤੇ ਲਾਭਾਂ ਦੀਆ ਬਾਤ ਪਾਉਂਦੀਆਂ ਇਹ ਕਵਿਤਾਵਾਂ ਪੰਜਾਬੀ ਬਾਲ ਪਾਠਕਾਂ ਨੂੰ ਬਹੁਤ ਕੁਝ ਨਵਾਂ ਜਾਨਣ ਤੇ ਸਮਝਣ ਵਿਚ ਸਹਾਈ ਹੋਣ ਦੇ ਸਮਰਥ ਹਨ। ”ਅਸੀਂ ਜੀਵ ਜੰਤੂ”(ਭਾਗ-1) ਕਿਤਾਬ ਵਿਚ ਉੱਲੂ, ਊਠ, ਸੱਪ, ਸ਼ੁਤਰਮੁਰਗ, ਸ਼ੇਰ, ਸਾਰਸ, ਹਾਥੀ, ਕੱਛੂਕੰਮਾਂ, ਕੰਨਖਜੂਰਾ, ਕੀੜੀ, ਕਬੂਤਰ, ਕਠਫੋੜਾ, ਖਰਗੋਸ਼, ਗੰਡੋਆ, ਗੋਹ ਤੇ ਚਮਗਾਦੜ ਵਰਗੇ ਜੀਵਾਂ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕੀਤਾ ਗਿਆ ਹੈ। ਸਾਰੀਆਂ ਕਵਿਤਾਵਾਂ ਨਾਲ ਸੰਬੰਧਤ ਵਿਸ਼ੇ ਬਾਰੇ ਸੁਯੋਗ ਸੁੰਦਰ ਚਿੱਤਰਣ ਵੀ ਦਿੱਤਾ ਗਿਆ ਹੈ। ਹਰ ਵਿਸ਼ੇ ਵਿਚ ਬੱਚਿਆਂ ਦੀ ਰੋਚਕਤਾ ਬਣਾਈ ਰੱਖਣ ਲਈ ਕਵਿਤਾ ਰਸ ਕਾਇਮ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
”ਅਸੀਂ ਜੀਵ ਜੰਤੂ”(ਭਾਗ-2) ਕਿਤਾਬ ਵਿਚ ਕੁੱਲ ਪੰਦਰਾਂ ਕਵਿਤਾਵਾਂ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਿਤਾਬ ਦਾ ਮਕਸਦ ਵੀ ਲੇਖਕ ਦੀ ਪਹਿਲੀ ਕਿਤਾਬ ”ਅਸੀਂ ਜੀਵ ਜੰਤੂ”(ਭਾਗ-1) ਵਾਲਾ ਹੀ ਹੈ। ਉਸੇ ਕਿਤਾਬ ਵਾਂਗ ਹੀ ਇਸ ਕਿਤਾਬ ਰਾਹੀਂ ਵੀ ਲੇਖਕ ਜੀਵ-ਜੰਤੂਆਂ ਬਾਰੇ ਜਾਣਕਾਰੀ ਉਪਲਬਧ ਕਰਾਉਣ ਦੇ ਨਾਲ ਨਾਲ ਉਨ੍ਹਾਂ ਬਾਰੇ ਮਨਘੜਤ ਮਿੱਥਾਂ ਨੂੰ ਤੋੜ੍ਹਣ ਤੇ ਉਨ੍ਹਾਂ ਦਾ ਸਾਡੇ ਜੀਵਨ ਵਿਚ ਮਹੱਤਵ ਦੀ ਗੱਲ ਕਰਦਾ ਹੈ। ”ਅਸੀਂ ਜੀਵ ਜੰਤੂ”(ਭਾਗ-2) ਕਿਤਾਬ ਵਿਚ ਚਕੋਰ, ਜੁਗਨੂੰ, ਟਟੀਹਰੀ, ਡੱਡੂ, ਤੋਤਾ, ਤਿੱਤਲੀ, ਨੀਲਕੰਠ, ਨਿਓਲਾ, ਪੈਂਗੁਇਨ, ਬਿੱਛੂ, ਬਿੱਲੀ, ਰੇਸ਼ਮ ਦਾ ਕੀੜਾ, ਮਧੂ ਮੱਖੀ, ਮਗਰਮੱਛ ਅਤੇ ਲਾਲ ਪਾਂਡਾ ਆਦਿ ਵਰਗੇ ਜੀਵਾਂ ਦੇ ਵਿਭਿੰਨ ਪੱਖਾਂ ਨੂੰ ਉਜਾਗਰ ਕੀਤਾ ਗਿਆ ਹੈ। ਇਸ ਕਿਤਾਬ ਦੀਆਂ ਸਾਰੀਆਂ ਕਵਿਤਾਵਾਂ ਨਾਲ ਵੀ ਵਿਸ਼ੇ ਸੰਬੰਧਤ ਸੁਯੋਗ ਸੁੰਦਰ ਚਿੱਤਰਣ ਵੀ ਦਿੱਤਾ ਗਿਆ ਹੈ। ਹਰ ਵਿਸ਼ੇ ਵਿਚ ਬੱਚਿਆਂ ਦੀ ਰੋਚਕਤਾ ਬਣਾਈ ਰੱਖਣ ਲਈ ਕਵਿਤਾ ਰਸ ਕਾਇਮ ਰੱਖਣ ਵੱਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ।
ਪ੍ਰਿੰ. ਹਰੀ ਕ੍ਰਿਸ਼ਨ ਮਾਇਰ, ਇਨ੍ਹਾਂ ਦੋਨ੍ਹਾਂ ਕਵਿਤਾ ਸੰਗ੍ਰਹਿਆਂ ਵਿਚ ਸਾਡੀ ਧਰਤੀ ਉੱਤੇ ਮੌਜੂਦ ਇਕੱਤੀ ਜੀਵਾਂ ਨਾਲ ਜਾਣ ਪਛਾਣ ਕਰਾਉਂਦੇ ਹੋਏ, ਉਨ੍ਹਾਂ ਦੇ ਗੁਣ ਔਗੁਣ ਬਿਆਨ ਕਰਦੇ ਹਨ। ਜੀਵਾਂ ਦੇ ਦਰਦਨਾਕ ਬਿਆਨਾਂ ਰਾਹੀਂ, ਮਨੁੱਖ ਦੁਆਰਾ, ਧਰਤੀ ਉੱਤੇ ਜੀਵਾਂ ਦੀ ਹੌਂਦ ਦੇ ਖਾਤਮੇ ਲਈ ਕੀਤੇ ਜਾ ਰਹੇ ਮਾੜੇ ਕੰਮਾਂ ਦਾ ਵਰਨਣ ਕਰਦੇ ਹਨ। ਮਨੁੱਖ ਕਿਧਰੇ ਉਨ੍ਹਾਂ ਨੂੰ ਮਾਰ ਮਾਰ ਖਾ ਰਿਹਾ ਹੈ, ਕਿਧਰੇ ਉਨ੍ਹਾਂ ਨਾਲ ਕੁੱਟਮਾਰ ਵਾਪਰ ਰਹੀ ਹੈ, ਕਿਧਰੇ ਉਨ੍ਹਾਂ ਦੀ ਖ੍ਰੀਦੋ-ਫਰੋਖਤ ਕੀਤੀ ਜਾ ਰਹੀ ਹੈ। ਕਿਧਰੇ ਇਨ੍ਹਾਂ ਨੂੰ ਪਿੰਜਰੇ ਦਾ ਕੈਦੀ ਬਣਾ ਦਿੱਤਾ ਗਿਆ ਹੈ ਤੇ ਕਿਧਰੇ ਇਨ੍ਹਾਂ ਨੂੰ ਡੁਗਡੁਗੀ ਦੀ ਤਾਲ ਉੱਤੇ ਜਬਰਦਸਤੀ ਨਚਾਇਆ ਜਾ ਰਿਹਾ ਹੈ। ਆਪਣੇ ਸੁੰਤਤਰ ਜੀਵਨ ਦੀ ਮੰਗ ਕਰਦੇ ਇਹ ਜੀਵ-ਜੰਤੂ, ਆਪਣੀਆ ਅਲੋਪ ਹੋ ਰਹੀਆਂ ਵੰਨਗੀਆਂ ਦਾ ਵੈਰਾਗ ਕਰਦੇ ਹੋਏ ਮਨੁੱਖ ਨੂੰ ਬਹੁਤ ਹੀ ਅਹਿਮ ਸਵਾਲ ਪੁੱਛਦੇ ਨਜ਼ਰ ਆਉਂਦੇ ਹਨ ਕਿ ਕੀ ਧਰਤੀ ਇਕੱਲੇ ਮਨੁੱਖ ਦੇ ਵਾਸੇ ਲਈ ਹੀ ਹੈ? ਇਹ ਕਵਿਤਾਵਾਂ ਦੱਸ ਪਾਉਂਦੀਆਂ ਹਨ ਕਿ ਜੀਵ-ਜੰਤੂਆਂ ਦੇ ਖਾਤਮੇ ਨਾਲ ਕੁਦਰਤ ਦਾ ਸੰਤੁਲਨ ਗੜਬੜਾ ਰਿਹਾ ਹੈ, ਜਿਸ ਕਾਰਣ ਮਨੁੱਖ ਜਾਤੀ ਵੀ ਨਿਰੰਤਰ ਵਿਨਾਸ਼ ਵੱਲ ਵੱਧ ਰਹੀ ਹੈ।
ਪ੍ਰਿੰ. ਹਰੀ ਕ੍ਰਿਸ਼ਨ ਮਾਇਰ, ਇਕ ਸਫ਼ਲ ਅਧਿਆਪਕ, ਵਿਗਿਆਨ ਦੇ ਵਿਲੱਖਣ ਸੰਚਾਰਕ ਅਤੇ ਸੰਵੇਦਨਸ਼ੀਲ ਕਵੀ ਵਜੋਂ ਬਹੁਪੱਖੀ ਸਖ਼ਸ਼ੀਅਤ ਦੇ ਮਾਲਿਕ ਹਨ। ਉਨ੍ਹਾਂ ਦੀ ਇਹ ਰਚਨਾ ਜੀਵ-ਜੰਤੂਆਂ ਬਾਰੇ ਜਾਣਕਾਰੀ ਨੂੰ ਬਹੁਤ ਹੀ ਸਰਲ ਤੇ ਸਾਦਗੀ ਭਰੀ ਭਾਸ਼ਾ ਵਿਚ ਪ੍ਰਗਟਾਉਣ ਕਾਰਣ, ਬਾਲ ਪਾਠਕਾਂ ਦੇ ਗਿਆਨ ਦੇ ਦਾਇਰੇ ਨੂੰ ਮੋਕਲਾ ਕਰਣ ਵਿਚ ਅਹਿਮ ਰੋਲ ਅਦਾ ਕਰਨ ਦੇ ਸਮਰਥ ਹੈ। ਪ੍ਰਿੰ. ਹਰੀ ਕ੍ਰਿਸ਼ਨ ਮਾਇਰ ਆਪਣੀ ਸੂਝ-ਬੂਝ ਤੇ ਵਿਦਵਤਾ ਨਾਲ ਪਾਠਕ ਨੂੰ ਵਿਸ਼ੈ ਨਾਲ ਜੋੜੀ ਰੱਖਣ ਵਿਚ ਸਫਲ ਰਹੇ ਹਨ। ਲੇਖਕ ਵਲੋਂ ਇਸ ਕਿਤਾਬ ਦੀ ਛਪਾਈ ਦਾ ਉੱਦਮ ਪ੍ਰਸੰਸਾਂ ਯੋਗ ਹੈ ਜੋ ਅਜੋਕੇ ਅਤੇ ਭਵਿੱਖਮਈ ਵਿਗਿਆਨਕ ਵਰਤਾਰਿਆਂ ਸੰਬੰਧਤ ਉਚਿਤ ਸਾਹਿਤ ਦੀ ਉਪਲਬਧੀ ਲਈ ਸਹੀ ਯੋਗਦਾਨ ਪਾਉਂਦੀ ਨਜ਼ਰ ਆਉਂਦੀ ਹੈ। ”ਅਸੀਂ ਜੀਵ ਜੰਤੂ”(ਭਾਗ-1 ਤੇ ਭਾਗ-2) (ਵਿਗਿਆਨਕ ਕਵਿਤਾ ਸੰਗ੍ਰਹਿ) ਅਜਿਹੀਆਂ ਕਿਤਾਬਾਂ ਹਨ ਜੋ ਹਰੇਕ ਲਾਇਬ੍ਰੇਰੀ ਦਾ ਸ਼ਿੰਗਾਰ ਬਨਣ ਦੇ ਹੱਕਦਾਰ ਹਨ। ਤਾਂ ਜੋ ਸਾਡੀ ਨਵੀਂ ਪੀੜ੍ਹੀ ਸਮਕਾਲੀ ਜੀਵਾਂ ਬਾਰੇ ਉਚਿਤ ਜਾਣਕਾਰੀ ਤੇ ਭਵਿੱਖਮਈ ਸੰਭਾਵਨਾਵਾਂ ਦਾ ਸਹੀ ਰੂਪ ਸਮਝ ਸਕੇ ਤੇ ਜੀਵ-ਜੰਤੂਆਂ ਦੀ ਸਹਿਹੌਂਦ ਵਿੱਚ ਅਮਨ-ਭਰਪੂਰ ਸਮਾਜ ਸਿਰਜਣ ਲਈ ਸਹੀ ਸੇਧ ਪ੍ਰਾਪਤ ਕਰ ਸਕੇ।
ਡਾ. ਦੇਵਿੰਦਰ ਪਾਲ ਸਿੰਘ ਅਧਿਆਪਕ ਅਤੇ ਲੇਖਕ ਹੈ, ਜਿਸ ਦੀਆਂ 24 ਕਿਤਾਬਾਂ ਤੇ ਲਗਭਗ 1200 ਰਚਨਾਵਾਂ ਵਿਗਿਆਨ, ਧਰਮ ਅਤੇ ਵਾਤਾਵਰਣ ਦੇ ਖੇਤਰਾਂ ਵਿਚ ਛੱਪ ਚੁੱਕੀਆਂ ਹਨ। ਉਸ ਦੇ 75 ਟੈਲੀਵਿਯਨ ਪ੍ਰੋਗਰਾਮ ਟੈਲੀਕਾਸਟ ਹੋ ਚੁੱਕੇ ਹਨ। ਜੋ ਯੂਟਿਊਬ ਪੇਸ਼ਕਾਰੀਆਂ ਵਜੋਂ ਇੰਟਰਨੈੱਟ ਉੱਤੇ ਵੀ ਉਪਲਬਧ ਹਨ। ਅਜ ਕਲ ਉਹ ਕੈਨੇਡਾ ਦੇ ਸ਼ਹਿਰ ਮਿਸੀਸਾਗਾ ਵਿਖੇ, ਕੈਨਬ੍ਰਿਜ ਲਰਨਿੰਗ ਸੰਸਥਾ ਦੇ ਡਾਇਰੈਟਰ ਵਜੋਂ ਸੇਵਾ ਨਿਭਾ ਰਹੇ ਹਨ।