ਸਰੀ, (ਜਗਰੂਪ ਸਿੰਘ): ਪਿਛਲੇ ਮਹੀਨੇ ਦੀਆਂ ਯਾਦਾਂ ਨੂੰ ਅੱਗੇ ਵਧਾਉਂਦੇ ਹੋਏ ਐਤਵਾਰ 24 ਨਵੰਬਰ, ਸ਼ਾਮ ਨੂੰ ਮਿੱਤਰਾਂ ਦੀ ਮਹਿਫ਼ਲ ਦਾ ਆਯੋਜਨ ਸਰਦਾਰ ਹਰਚਰਨ ਸਿੰਘ ਸੰਧੂ ਸਾਬਕਾ ਐਸ.ਡੀ.ਐਮ ਦੇ ਘਰ ਸ਼ਾਮ 5 ਵਜੇ ਹੋਇਆ, ਜਿਸ ਵਿੱਚ ਸਾਰੇ ਦੇ ਸਾਰੇ ਮਿੱਤਰ ਗਾੜ੍ਹਾ ਹਨੇਰਾ ਹੋਣ ਤੋ ਪਹਿਲਾਂ ਸਮੇਂ ਸਿਰ ਪਹੁੰਚ ਗਏ, ਜਿੰਨਾ ਵਿੱਚ ਸ. ਗੁਰਮੇਹਰ ਸਿੰਘ ਸੰਧੂ ਇਮੀਗ੍ਰੇਸ਼ਨ ਸਲਾਹਕਾਰ, ਲੁਧਿਆਣਾ, ਸ. ਦਲੇਲ ਸਿੰਘ ਬਰਾੜ, ਸ੍ਰ. ਜੰਗੀਰ ਸਿੰਘ ਨਾਗਰਾ, ਸੁਖਬੀਰ ਸਿੰਘ ਸੰਧੂ, ਸ੍ਰ. ਇੰਦਰਪਾਲ ਸਿੰਘ ਸੰਧੂ, ਰਣਜੀਤ ਕਿੰਗਰਾ ਅਤੇ ਜਗਰੂਪ ਸਿੰਘ ਖੇੜਾ ਸ਼ਾਮਲ ਸਨ।
ਆਪਸੀ ਹਾਲ ਚਾਲ ਅਤੇ ਪਰਵਾਰਾਂ ਦੀ ਸੁਖਸਾਂਦ ਪੁੱਛਣ ਤੋ ਬਾਦ, ਸਮਾਜਿਕ, ਰਾਜਨੀਤਿਕ, ਕਿਸਾਨੀ ਅਤੇ ਹੋਰ ਤਤਕਾਲੀ ਮਸਲਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ।ਪੰਜਾਬ ਦੇ ਕਿਸਾਨਾਂ ਦੀ ਤਰਾਸਦੀ ਦੇਖਦੇ ਹੋਏ ਸਭ ਨੇ ਚਿੰਤਾ ਦਾ ਇਜ਼ਹਾਰ ਕੀਤਾ ਅਤੇ ਸਲਾਹ ਦਿੱਤੀ ਗਈ ਕਿ ਝੋਨੇ ਦੀ ਜਗ੍ਹਾ ਕੋਈ ਹੋਰ ਬਦਲਵੀਂ ਫਸਲ ਬੀਜਣ ਲਈ ਉਤਸ਼ਾਹਿਤ ਕਰਨ ਦੇ ਨਾਲ ਜਾਣਕਾਰੀ ਦੇਣੀ ਚਾਹੀਦੀ ਹੈ ਕਿ ਪੰਜਾਬ ਦੇ ਕੁੱਲ ਝੋਨੇ ਦੇ ਉਤਪਾਦਨ ਦਾ 56% ਝੋਨਾ ਮੱਧ ਪ੍ਰਦੇਸ਼ ਵਿੱਚ ਵੀ ਹੋਣ ਲੱਗ ਪਿਆ ਹੈ, ਹਰਿਆਣਾ ਅਤੇ ਯੂਪੀ ਪਹਿਲਾਂ ਹੀ ਵੱਧ ਝੋਨੇ ਦਾ ਉਤਪਾਦਨ ਕਰਨ ਲੱਗ ਗਏ ਹਨ । ਇਸ ਕਰਕੇ ਅਗਲੇ ਸਾਲ ਝੋਨੇ ਦੀ ਪੰਜਾਬ ਵਿੱਚੋਂ ਸਰਕਾਰੀ ਖ਼ਰੀਦ ਦੇ ਆਸਾਰ ਬਹੁਤ ਹੀ ਮੱਧਮ ਜਾਪਦੇ ਹਨ। ਇਸ ਵਰਤਾਰੇ ਪ੍ਰਤੀ ਕਿਸਾਨ ਜਥੇਬੰਦੀਆਂ ਅਤੇ ਸਰਕਾਰਾਂ ਦੇ ਨਾਲ -ਨਾਲ ਸਮਾਜ ਸੇਵੀ ਸੰਸਥਾਵਾਂ ਰਾਹੀਂ ਵੀ ਲੋਕਾਂ ਵਿੱਚ ਜਾਗ੍ਰਿਤੀ ਪੈਂਦਾ ਕਰਨ ਦੀ ਬਹੁਤ ਜ਼ਰੂਰਤ ਹੈ।
ਸਾਰਿਆਂ ਨੇ ਸਰਬਸੰਮਤੀ ਨਾਲ ਆਪਣੇ-ਆਪਣੇ ਪਿੰਡਾਂ ਅਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਤੱਕ ਜ਼ਰੂਰੀ ਸੁਨੇਹਾ ਪਹੁੰਚਾਉਣ ਦੇ ਨਾਲ -ਨਾਲ ਇਸ ਗੱਲ ਨੂੰ ਲਾਗੂ ਕਰਨ ਦਾ ਵੀ ਹਾਂ ਪੱਖੀ ਹੁੰਗਾਰਾ ਦਿੱਤਾ।
ਕੈਨੇਡਾ ਅਤੇ ਅਮਰੀਕਾ ਤੋਂ ਪ੍ਰਵਾਸੀ ਹਰ ਸਾਲ ਅਕਤੂਬਰ ਨਵੰਬਰ ਵਿੱਚ ਪੰਜਾਬ ਆਪਦੇ ਸੁਨੇਹੀਆ ਨੂੰ ਮਿਲਣ ਜਾਂਦੇ ਹਨ ਪਰ ਉੱਤਰੀ ਭਾਰਤ ਇਸ ਸਮੇਂ ਧੂੰਏਂ ਅਤੇ ਗਰਦ ਦੀ ਲਪੇਟ ਵਿੱਚ ਲਿਪਟਿਆ ਪਿਆ ਰਹਿੰਦਾ ਹੈ। ਜੋ ਚਿੰਤਾ ਦਾ ਵਿਸ਼ਾ ਹੈ! ਜਦ ਤੱਕ ਬਰਸਾਤ ਨਹੀਂ ਹੁੰਦੀ ਵਾਤਾਵਰਨ ਸਾਫ ਨਹੀ ਹੋਣਾ, ਸਾਹ ਦੇ ਮਰੀਜ਼ਾਂ , ਬਜ਼ੁਰਗਾਂ ਅਤੇ ਬੱਚਿਆਂ ਨੂੰ ਇਹੋ ਜਿਹੇ ਹਾਲਾਤਾਂ ਚ ਸਫ਼ਰ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਮਹਿਫ਼ਲ ਦੇ ਆਰੰਭ ਵਿੱਚ ਹੀ ਬਾਈ ਇੰਦਰਪਾਲ ਸਿੰਘ ਸੰਧੂ ਨੇ ਸਾਰੇ ਸੀਨੀਅਰ ਸਿਟੀਜਨਾਂ ਨੂੰ ਬਚਪਨ ਵਿਚ ਕੀਤੀਆ ਸ਼ਰਾਰਤਾਂ ਦੀਆਂ ਹਾਸੇ ਭਰਪੂਰ ਗੱਲਾਂ ਸੁਣਾ ਕੇ ਸਭ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਫਿਰ ਕੀ ਸੀ, ਹਰ ਮੈਂਬਰ ਨੇ ਆਪਣਾ-ਆਪਣਾ ਯੋਗਦਾਨ ਪਾਇਆ ਅਤੇ ਮਹਿਫ਼ਲ ਰੰਗੀਨ ਹੁੰਦੀ ਗਈ ਅਤੇ ਸਾਰੇ ਹਾਜ਼ਰ ਮਿੱਤਰ ਇਸਦਾ ਸੁਆਦ ਮਾਣਦੇ ਗਏ। ਇੰਜ ਜਾਪਣ ਲੱਗ ਗਿਆ ਸੀ ਕਿ ਜਿਵੇਂ ਕੈਨੇਡਾ ਨਹੀ, ਪੰਜਾਬ ਦੇ ਆਪਦੇ ਹੀ ਪਿੰਡ ਦੀ ਸੱਥ ਵਿੱਚ ਸਿਆਲ ਦੀ ਧੂਣੀ ਲਾਗੇ ਬੈਠੇ ਸਾਫ ਸੁਥਰੇ ਚੁਟਕਲੇ ਅਤੇ ਮਸਖਰੀਆਂ ਦਾ ਆਨੰਦ ਮਾਣ ਰਹੇ ਹੋਣ ।
ਜਦ ਰਣਜੀਤ ਕਿੰਗਰਾ ਜੀ ਨੇ ਆਪਦੇ ਲਿਖੇ ਗੀਤਾਂ ਨੂੰ ਗਾਉਣਾ ਸ਼ੁਰੂ ਕੀਤਾ ਜਿੰਨਾਂ ਵਿੱਚ ਪ੍ਰਮੁਖ ”ਨਸ਼ਾ ਜਿਹਾ ਚੜ੍ਹ ਜਾਂਦਾ,
ਜਦ ਪੰਜਾਬੀ ਬੋਲੀਦੀ ।”
”ਮਰ ਜਾਣੀ”
”ਮੇਰੇ ਸੁਪਨਿਆਂ ਦੀ ਰਾਣੀ ਕੁੜੀ” ਆਦਿ ਸਾਹਿਤਕ ਗੀਤ ਗਾ ਕੇ ਸਭ ਨੂੰ ਝੂੰਮਣ ਲਾ ਦਿੱਤਾ।
ਇਸੇ ਤਰਾਂ ਚੁਟਕਲੇ, ਗ਼ਜ਼ਲਾਂ ਅਤੇ ਗੀਤਾਂ ਨਾਲ ਮਹਿਫ਼ਲ ਆਪਦੇ ਸਿਖਰ ਵੱਲ ਜਾ ਰਹੀ ਸੀ ।
ਇਸ ਦੌਰਾਨ ਸਰਦਾਰ ਖੁਸ਼ਵੰਤ ਸਿੰਘ, ਅੰਮ੍ਰਿਤਾ ਪ੍ਰੀਤਮ, ਸਾਹਿਰ ਲੁਧਿਆਣਵੀ ਅਤੇ ਸ਼ਿਵ ਕੁਮਾਰ ਬਟਾਲਵੀ ਆਦਿ ਮਹਾਨ ਸਖ਼ਸੀਅਤਾਂ ਦੇ ਸਾਹਿਤ ਨੂੰ ਯੋਗਦਾਨ ਦੀ ਵੀ ਚਰਚਾ ਹੋਈ।
ਰਾਤ ਦਾ ਖਾਣਾ ਖਾਣ ਤੋਂ ਪਹਿਲਾਂ ਹਰਚਰਨ ਸਿੰਘ ਸੰਧੂ ਨੇ ਆਪਣੀ ਕੈਨੇਡਾ ਆ ਕੇ 2009 ਦੀ ਲਿਖੀ ਕਵਿਤਾ ਜਿਸ ਵਿੱਚ ਆਪਣੇ ਖੱਟੇ ਮਿੱਠੇ ਤਜਰਬੇ ਵਿਅੰਗਮਈ ਅੰਦਾਜ਼ ਵਿੱਚ ਲਿਖੇ ਹਨ ਪੇਸ਼ ਕੀਤੀ।
ਬਾਈ ਇੰਦਰਪਾਲ ਸਿੰਘ ਸੰਧੂ, ਜੋ ਚੁਟਕਲਿਆਂ ਦੇ ਬਾਦਸ਼ਾਹ ਹਨ, ਨੇ ਮਾਹੌਲ ਮੁਤਾਬਕ ਹਾਜਮੋਲੇ ਦੀ ਗੋਲੀਆਂ ਦੀ ਤਰਾਂ ਚੁੱਟਕਲੇ ਸੁਣਾ ਸੁਣਾ ਕੇ ਮਹਿਫ਼ਲ ਨੂੰ ਸਿਰੇ ਦੇ ਡੰਡੇ ਤੇ ਪਹੁੰਚਾ ਦਿੱਤਾ ਅਤੇ ਗਰਮ ਗੁਲਾਬ ਜਾਮਨਾਂ ਖਾਣ ਤੋਂ ਬਾਦ ਰਣਜੀਤ ਕਿੰਗਰਾ ਨੇ ”ਬੇਬੇ ਦਾ ਸੰਦੂਕ” ਗਾ ਕੇ ਮਾਨੋ ਸਭ ਨੂੰ ਪੰਜਾਬ ਆਪਣਾ-ਆਪਣਾ ਘਰਾਂ ਤੱਕ ਪਹੁੰਚਾ ਦਿੱਤਾ, ਜਿਸ ਨਾਲ ਮਾਹੋਲ ਕੁਝ ਭਾਵੁਕ ਹੋ ਗਿਆ। ਅਖੀਰ ਵਿੱਚ
”ਭਾਵੇਂ ਕਿ ਮੁੜ ਕੇ ਮਿਲਣ ਲਈ,
ਵਿਛੜਨਾਂ ਬਹੁਤ ਜ਼ਰੂਰੀ ਹੈ,
ਸਾਡਾ ਤਾਂ ਰਿਸ਼ਤਾ ਰੂਹਾਂ ਦਾ,
ਕਿੰਗਰੇ ਸਿਰ ਕਾਹਦੀ ਦੂਰੀ ਹੈ”
ਸੁਣਾ ਕੇ, ਸਭ ਨੂੰ ਜੱਫੀਆਂ ਪਾਉਣ ਲਈ ਉਤਸ਼ਹਿਤ ਕਰ ਦਿੱਤਾ ।
ਸਾਰੇ ਮਹਿਮਾਨ ਇੱਕ ਦੂਜੇ ਨੂੰ ਫ਼ਤਿਹ ਬੁਲਾ ਕੇ ਆਪੋ ਆਪਣੇ ਘਰਾਂ ਨੂੰ ਚਲੇ ਗਏ।
ਹਰਚਰਨ ਸਿੰਘ ਸੰਧੂ ਦੀ ਬੇਟੀ ਡਾਕਟਰ ਇੰਦਰਪ੍ਰੀਤ ਅਤੇ ਦਾਮਾਦ ਮਨਦੀਪ ਸਿੰਘ ਸਿੱਧੂ ਨੇ ਆਏ ਮਹਿਮਾਨਾਂ ਦੇ ਸੁਆਗਤ ਵਿੱਚ ਕੋਈ ਕਸਰ ਬਾਕੀ ਨਾਂ ਛੱਡੀ ਅਤੇ ਬਹੁਤ ਵਧੀਆ ਖਾਣ ਪੀਣ ਦਾ ਇੰਤਜ਼ਾਮ ਕਰਕੇ ਮਿੱਤਰ-ਮੰਡਲੀ ਦੇ ਸਤਿਕਾਰ ਅਤੇ ਸਹਿਯੋਗ ਦਾ ਸਬੂਤ ਦਿੱਤਾ।
ਅਗਲੇ ਦਿਨ ਸਭ ਨੇ ਮੇਜ਼ਬਾਨ ਮਿੱਤਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਵੀਰ ਜੀ ਕੱਲ੍ਹ ਸ਼ਾਮ ਨੂੰ ਬਹੁਤ ਮਜ਼ਾ ਆਇਆ। ਹਰ ਕੋਈ ਇਹ ਕਹਿ ਰਿਹਾ ਸੀ ਕਿ ਮੈਂ ਪੂਰੇ ਸਾਲ ਵਿੱਚ ਇਤਨਾ ਨਹੀ ਹੱਸਿਆ ਜਿੰਨਾ ਕੱਲ ਮਹਿਫ਼ਲ ਦੀਆਂ ਗੱਲਾਂ ਅਤੇ ਚੁਟਕਲਿਆਂઠਨੇઠਹਸਾਇਆ।