ਸ਼ਰਮ ਹਯਾ ਦੀ ਲੋਈ ਅੰਦਰ,
ਕੁੱਝ ਚਾਅ ਲਕੋਈ ਬੈਠੀ ਆਂ!
ਆਪ ਪੁਰਖਾਂ ਦੀਆਂ ਪੱਗਾਂ ਦਾ,
ਇੱਕ ਕਰਜ ਲਕੋਈ ਬੈਠੀ ਆਂ!
ਤੇਰਾ ਆਂਗਨ ਬਾਬਲਾ ਚਿੱਟਾ ਕੋਰਾ,
ਤਾਇਓ , ਪਤ ਸਮੋਈ ਬੈਠੀ ਆਂ!
ਅਕਾਰਨ ਰਾਤਾਂ ਵੈਣ ਮੈਂ ਪਾਵਾਂ,
ਇੱਕ ਦਰਦ ਲਕੋਈ ਬੈਠੀ ਆਂ!
ਵਿੱਚ ਜਵਾਨੀ, ਕਦਮ ਨਾ ਥਿਰਕਣ ,
ਇੱਕ ਅਣਖ ਬੁਣਾਈ ਬੈਠੀ ਆਂ!
ਇੱਜਤ ਦੇਵੇ; ਮਾਣ ਕਰੇ ਜੋ,
ਇੱਕ ਰਾਹ ਸੁਲਝਾਈ ਬੈਠੀ ਆਂ!
ਰੰਗ ਜੋਤ ਦੇ ਰੰਗ ‘ਚ ਸੱਚੀ;
ਦੁਨੀਆਂ ਰੰਗਦੀ ਦੇਖ ਲਵਾਂ,
ਵੇ ਮਾਹੀ, ਤੇਰੇ ਨਾਮ ‘ਚ ਝੱਲੀ ,
ਇੱਕ ਹਠ ਬਣਾਈ ਬੈਠੀ ਆਂ!
ਖ਼ਵਾਬਾਂ ਅੰਦਰ ਜਾਨ ਕਦ ਪਾਵਾਂ,
ਇੱਕ ਤਾਂਘ ਲਗਾਈ ਬੈਠੀ ਆਂ!
ਰੋਡੇ ਬਾਬੇ ਦੀ ਪੀੜ੍ਹੀ ਦਾ,
ਇੱਕ ਮੂਲ ਮੈਂ ਕੱਜੀ ਬੈਠੀ ਆਂ!
ਭੋਲੀ ਬੀਬੀ ਦੀ ਕਹਾਣੀ ਦਾ,
ਸ਼ੁਕਰ ਕਰਾਂ ਉਸ ਮਹਾਂਰਾਣੀ ਦਾ,
ਇੱਕ ਲਿਖਤ ਲਿਖਾਈ ਬੈਠੀ ਆਂ!
ਇੱਕ ਲਿਖਤ ਲਿਖਾਈ ਬੈਠੀ ਆਂ!!
ਲਿਖਤ : ਮਨਜੋਤ ਕੌਰ ਸਹੋਤਾ