Thursday, January 23, 2025
2 C
Vancouver

ਟਰੰਪ 2.0

ਵਲੋਂ : ਸੰਜੇ ਬਾਰੂ
ਦੁਨੀਆ ਵਿੱਚ ਕਿਸੇ ਵੀ ਜਨਤਕ ਅਹੁਦੇ ਲਈ ਕਿਸੇ ਚੋਣ ਨੇ ਇੰਨਾ ਆਲਮੀ ਧਿਆਨ ਨਹੀਂ ਖਿੱਚਿਆ ਜਿੰਨਾ ਅਮਰੀਕਾ ਵਿੱਚ ਰਾਸ਼ਟਰਪਤੀ ਦੇ ਅਹੁਦੇ ਲਈ ਇਸ ਚੋਣ ਨੇ ਖਿੱਚਿਆ ਹੈ। ਅਮਰੀਕਾ ਅਜੇ ਵੀ ਦੁਨੀਆ ਦਾ ਸਭ ਤੋਂ ਵੱਧ ਪ੍ਰਭਾਵੀ ਦੇਸ਼ ਹੈ। ਉੱਥੋਂ ਦਾ ਰਾਸ਼ਟਰਪਤੀ ਦੁਨੀਆ ਦਾ ਸਭ ਤੋਂ ਵੱਧ ਸ਼ਕਤੀਸ਼ਾਲੀ ਸ਼ਖ਼ਸ ਹੁੰਦਾ ਹੈ ਜੋ ਸਭ ਤੋਂ ਵੱਡੇ ਅਰਥਚਾਰੇ, ਸਭ ਤੋਂ ਵੱਡੇ ਤਕਨੀਕੀ ਅਤੇ ਵਿਗਿਆਨਕ ਚੌਖਟੇ ਅਤੇ ਸਭ ਤੋਂ ਵੱਡੇ ਹਥਿਆਰਬੰਦ ਦਸਤਿਆਂ ਦੀ ਅਗਵਾਈ ਕਰਦਾ ਹੈ। ਬਹਰਹਾਲ, ਅਜੇ ਇਹ ਮੁਲਕ ਕਿਸੇ ਔਰਤ ਨੂੰ ਆਪਣੀ ਰਾਸ਼ਟਰਪਤੀ ਚੁਣਨ ਲਈ ਤਿਆਰ ਨਹੀਂ। ਜ਼ਾਤੀ ਤੌਰ ‘ਤੇ ਔਰਤਾਂ ਪ੍ਰਤੀ ਨਿੱਘਰੇ ਹੋਏ ਵਿਚਾਰਾਂ ਦਾ ਧਾਰਨੀ ਹੋਣ ਦੇ ਬਾਵਜੂਦ ਡੋਨਲਡ ਟਰੰਪ ਨੇ ਪਹਿਲਾਂ ਹਿਲੇਰੀ ਕਲਿੰਟਨ ਅਤੇ ਹੁਣ ਕਮਲਾ ਹੈਰਿਸ ਨੂੰ ਚੋਣ ਵਿੱਚ ਹਰਾਇਆ। ਨਸਲ ਅਤੇ ਜਮਾਤ ਦੇ ਰੰਗ ਵਿੱਚ ਰੰਗੀ ਰਾਜਨੀਤੀ ਵਿੱਚ ਲਿੰਗਕ ਮਸਲਿਆਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ। ਚੋਣ ਸਰਵੇਖਣ ਇੱਕ ਵਾਰ ਫਿਰ ਨਿਸ਼ਾਨੇ ਤੋਂ ਖੁੰਝ ਗਏ ਹਨ।
ਬਰਲਿਨ ਤੋਂ ਲੈ ਕੇ ਟੋਕੀਓ, ਮਾਸਕੋ ਤੋਂ ਪੇਈਚਿੰਗ, ਤਲ ਅਵੀਵ ਤੋਂ ਤਹਿਰਾਨ ਅਤੇ ਬਿਨਾਂ ਸ਼ੱਕ ਨਵੀਂ ਦਿੱਲੀ, ਹਰੇਕ ਸਰਕਾਰ ਨੇੜਿਓਂ ਦੇਖਣ ਦੀ ਕੋਸ਼ਿਸ਼ ਕਰੇਗੀ ਕਿ ਟਰੰਪ ਆਪਣੀ ਟੀਮ ਕਿਹੋ ਜਿਹੀ ਚੁਣਦੇ ਹਨ। ਇਸ ਦਾ ਕਾਰਨ ਇਹ ਹੈ ਕਿ ਭਾਵੇਂ ਇਹ ਉਨ੍ਹਾਂ ਦੀ ਦੂਜੀ ਪਾਰੀ ਹੋਵੇਗੀ ਪਰ ਉਨ੍ਹਾਂ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਕੂੜੇਦਾਨ ਵਿਚ ਸੁੱਟ ਦਿੱਤਾ ਸੀ ਅਤੇ ਕਈ ਹੋਰ ਉਨ੍ਹਾਂ ਤੋਂ ਵੱਖ ਹੋ ਗਏ ਸਨ। ਦੁਨੀਆ ਟਰੰਪ ਨੂੰ ਨਵੇਂ ਰੰਗ ਢੰਗ ਵਿੱਚ ਦੇਖੇਗੀ ਕਿਉਂਕਿ ਇੱਕ ਤਾਂ ਰਾਸ਼ਟਰਪਤੀ ਦੇ ਆਸ-ਪਾਸ ਨਵੇਂ ਚਿਹਰੇ ਨਜ਼ਰ ਆਉਣਗੇ; ਦੂਜਾ, ਵ੍ਹਾਈਟ ਹਾਊਸ ਵਿੱਚ ਉਨ੍ਹਾਂ ਦੇ ਪਹਿਲੇ ਕਾਰਜਕਾਲ ਤੋਂ ਬਾਅਦ ਦੁਨੀਆ ਬਦਲ ਗਈ ਹੈ।
ਅੰਦਰੂਨੀ ਤੌਰ ‘ਤੇ ਟਰੰਪ ਦਾ ਪਹਿਲਾ ਕਾਰਜ ਇਹ ਰਹੇਗਾ ਕਿ ਸਥਿਰਤਾ ਯਕੀਨੀ ਬਣਾਈ ਜਾਵੇ ਅਤੇ ਆਪਣੇ ਘੱਟ ਵਿਸ਼ੇਸ਼ਾਧਿਕਾਰ ਯਾਫ਼ਤਾ ਹਮਾਇਤੀਆਂ ਖ਼ਾਸਕਰ ਕੰਮਕਾਜੀ ਲੋਕਾਂ ਨੂੰ ਆਸ ਦਿੱਤੀ ਜਾਵੇ। ਅਮਰੀਕੀ ਅਰਥਚਾਰੇ ਦੀ ਰਫ਼ਤਾਰ ਠੀਕ ਠਾਕ ਚੱਲ ਰਹੀ ਹੈ ਤੇ ਇਸ ਦੀ ਵਿਕਾਸ ਦਰ 2 ਫ਼ੀਸਦੀ ਤੋਂ ਉੱਪਰ ਹੈ; ਉਂਝ, ਉਸ ਦੇ ਮੂਲ ਹਲਕਿਆਂ ਲਈ ਬੇਰੁਜ਼ਗਾਰੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਕਰੋੜਪਤੀਆਂ ਅਤੇ ਅਰਬਪਤੀਆਂ ਦੀ ਆਪਣੀ ਜਮਾਤ ਦੇ ਲਾਲਚ ਅਤੇ ਘੱਟ ਆਮਦਨ ਤੇ ਸਮਾਜਿਕ ਤੇ ਆਰਥਿਕ ਤੌਰ ‘ਤੇ ਪਛੜੇ ਹੋਏ ਆਪਣੇ ਹਮਾਇਤੀਆਂ ਵਿਚਕਾਰ ਉਹ ਸੰਤੁਲਨ ਕਿਵੇਂ ਬਿਠਾਉਂਦੇ ਹਨ, ਇਸ ਦਾ ਪਤਾ ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ।
ਬਾਹਰੀ ਤੌਰ ‘ਤੇ ਟਰੰਪ ਲਈ ਬਹੁਤ ਜ਼ਿਆਦਾ ਰੁਝੇਵੇਂ ਰਹਿਣਗੇ ਤੇ ਉਨ੍ਹਾਂ ਨੂੰ ਯੂਰੋਪ ਅਤੇ ਪੱਛਮੀ ਏਸ਼ੀਆ ਵਿੱਚ ਉਬਾਲੇ ਖਾ ਰਹੇ ਟਕਰਾਅ ਸੁਲਝਾਉਣੇ ਪੈਣਗੇ। ਉਨ੍ਹਾਂ ਆਰਥਿਕ ਅਤੇ ਵਿਦੇਸ਼ ਨੀਤੀ ਬਾਰੇ ‘ਵਾਸ਼ਿੰਗਟਨ ਕਨਸੈਂਸਸ/ਸਹਿਮਤੀ’ ਤੋੜਨ ਦਾ ਵਾਅਦਾ ਕੀਤਾ ਹੈ। ਆਸ ਕੀਤੀ ਜਾਂਦੀ ਹੈ ਕਿ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਕੋਲ ਪਹੁੰਚ ਕਰਨਗੇ। ਉਹ ਉੱਚੀਆਂ ਮਹਿਸੂਲ ਦਰਾਂ ਲਾਗੂ ਕਰ ਕੇ ਚੀਨ ਪ੍ਰਤੀ ਸਖ਼ਤ ਨੀਤੀ ਦੇ ਰਾਹ ‘ਤੇ ਟਿਕੇ ਰਹਿ ਸਕਦੇ ਹਨ ਪਰ ਉਹ ਸੁਲ੍ਹਾ ਦਾ ਰਾਹ ਅਖ਼ਤਿਆਰ ਕਰ ਕੇ ਵੀ ਦੇਖਣਾ ਚਾਹੁਣਗੇ। ਪੱਛਮੀ ਏਸ਼ੀਆ ਵਿੱਚ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਇਰਾਨ ਨੂੰ ਨਿਸ਼ਾਨਾ ਬਣਾਉਣ ਤੇ ਸ਼ਾਇਦ ਸੱਤਾ ਬਦਲੀ ਲਈ ਵੀ ਜ਼ੋਰ ਅਜ਼ਮਾਈ ਕਰਨ ਪਰ ਇਸ ਦੇ ਨਾਲ ਹੀ ਉਹ ਇਜ਼ਰਾਈਲ ਦੇ ਬੈਂਜਾਮਿਨ ਨੇਤਨਯਾਹੂ ਨੂੰ ਵੀ ਬਹੁਤਾ ਲੰਮਾ ਰੱਸਾ ਦੇ ਕੇ ਨਹੀਂ ਚੱਲਣਗੇ।
ਇਨ੍ਹਾਂ ‘ਚੋਂ ਹਰੇਕ ਕਿਆਸੀ ਕਾਰਵਾਈ ਦਾ ਅਮਰੀਕਾ ਅਤੇ ਦੁਨੀਆ ਉੱਪਰ ਦੀਰਘਕਾਲੀ ਅਸਰ ਪਵੇਗਾ ਜਿਸ ਦੇ ਪੇਸ਼ੇਨਜ਼ਰ ਟਰੰਪ ਨੇ ਅਗਲੇ ਚਾਰ ਸਾਲਾਂ ਦੇ ਅੰਦਰ-ਅੰਦਰ ਅਮਰੀਕਾ ਨੂੰ ਦੁਬਾਰਾ ਮਹਾਨ ਬਣਾਉਣ ਦਾ ਵਾਅਦਾ ਕੀਤਾ ਹੈ। ਖਰਬ ਡਾਲਰ ਦਾ ਸਵਾਲ ਇਹ ਹੋਵੇਗਾ ਕਿ ਟਰੰਪ ਤੀਜੀ ਵਾਰ ਰਾਸ਼ਟਰਪਤੀ ਦੇ ਅਹੁਦੇ ‘ਤੇ ਬੈਠਣ ਲਈ ਸੰਵਿਧਾਨ ‘ਚ ਤਰਮੀਮ ਕਰਨਾ ਚਾਹੁਣਗੇ। ਕੁਝ ਵੀ ਹੋਵੇ, ਆਸ ਕੀਤੀ ਜਾਂਦੀ ਹੈ ਕਿ ਟਰੰਪ 2.0 ਪਹਿਲੇ ਕਾਰਜਕਾਲ ਨਾਲੋਂ ਵੱਖਰੇ ਹੋਣਗੇ ਕਿਉਂਕਿ ਉਮਰ ਤੇ ਸਮਾਂ ਉਨ੍ਹਾਂ ਦੇ ਪੱਖ ਵਿੱਚ ਨਹੀਂ ਹੈ।
ਅਮਰੀਕੀ ਸ਼ਾਸਨ ਪ੍ਰਣਾਲੀ ਨੂੰ ਟਰੰਪ ਭਾਵੇਂ ਕਾਫ਼ੀ ਹੱਦ ਤੱਕ ਪ੍ਰਭਾਵਿਤ ਕਰ ਸਕਦਾ ਹੈ, ਫਿਰ ਵੀ ਸੰਸਾਰ ਨੂੰ ਆਪਣੇ ਨਜ਼ਰੀਏ ਤੇ ਤਰਜੀਹਾਂ ਮੁਤਾਬਿਕ ਢਾਲਣ ਦੀ ਅਮਰੀਕਾ ਦੀ ਸਮਰੱਥਾ ਦਿਨੋ-ਦਿਨ ਸੀਮਤ ਹੋ ਰਹੀ ਹੈ। ਅਮਰੀਕਾ ਨੂੰ ਆਪਣੇ ਸਹਿਯੋਗੀਆਂ ਤੇ ਦੋਸਤਾਂ ਨਾਲ ਮਿਲ ਕੇ ਕੰਮ ਕਰਨਾ ਪਏਗਾ। ਯੂਰੋਪ ਤੇ ਜਪਾਨ ਟਰੰਪ ਦੇ ਰਾਸ਼ਟਰਪਤੀ ਬਣਨ ਨੂੰ ਲੈ ਕੇ ਬੇਚੈਨ ਹਨ। ਪਿਛਲੀ ਵਾਰ ਯੂਰੋਪ ਕੋਲ ਏਂਜਲਾ ਮਾਰਕਲ ਸੀ ਤੇ ਜਪਾਨ ਕੋਲ ਸ਼ਿੰਜ਼ੋ ਆਬੇ ਸੀ। ਇਸ ਵੇਲੇ ਕੋਈ ਵੀ ਯੂਰੋਪੀਅਨ ਜਾਂ ਪੂਰਬੀ ਏਸ਼ਿਆਈ ਆਗੂ ਐਨਾ ਸਮਰੱਥਾਵਾਨ ਨਹੀਂ ਕਿ ਉਹ ਟਰੰਪ ਅੱਗੇ ਖੜ੍ਹ ਸਕੇ ਜਾਂ ਉਸ ਨੂੰ ਰੋਕ ਸਕੇ। ਸ਼ਾਇਦ ਉਹ ਕਤਾਰ ‘ਚ ਲੱਗ ਜਾਣਗੇ।
ਪੂਤਿਨ ਨੂੰ ਰਾਹਤ ਦਾ ਸਾਹ ਆਉਂਦਾ ਹੈ ਜਾਂ ਨਹੀਂ, ਤੇ ਕੀ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੂੰ ਚੁੱਪ ਰਹਿਣ ਲਈ ਕਿਹਾ ਜਾਂਦਾ ਹੈ, ਇਹ ਇਸ ਚੀਜ਼ ‘ਤੇ ਨਿਰਭਰ ਕਰੇਗਾ ਕਿ ਟਰੰਪ ਅਤੇ ਉਸ ਦੇ ਸਲਾਹਕਾਰ ਅਮਰੀਕਾ ਦੀ ‘ਡੀਪ ਸਟੇਟ’ ਤੇ ‘ਫ਼ੌਜੀ ਸਨਅਤੀ’ ਗੱਠਜੋੜ ‘ਤੇ ਕਿੰਨਾ ਕੁ ਕਾਬਜ਼ ਹੁੰਦੇ ਹਨ ਅਤੇ ਰੂਸ ਪ੍ਰਤੀ ਜੋਅ ਬਾਇਡਨ ਦੀ ਪਹੁੰਚ ‘ਚ ਆਪਣੇ ਰਸੂਖ਼ ਨਾਲ ਉਹ ਕਿਸ ਤਰ੍ਹਾਂ ਦੀ ਤਬਦੀਲੀ ਲਿਆਉਂਦੇ ਹਨ। ਆਸ ਕਰਨੀ ਚਾਹੀਦੀ ਹੈ ਕਿ ਪੂਤਿਨ ਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਘੱਟੋ-ਘੱਟ ਸ਼ੁਰੂ ‘ਚ ਤਾਂ ਟਰੰਪ ਪ੍ਰਸ਼ਾਸਨ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕਰਨਗੇ। ਵਿਅੰਗ ਰੂਪ ‘ਚ ਅਤੇ ਵਿਹਾਰਕ ਸਮਝ ਤੋਂ ਉਲਟ, ਵ੍ਹਾਈਟ ਹਾਊਸ ‘ਚ ਟਰੰਪ ਦਾ ਪਹਿਲਾ ਸਾਲ ਸ਼ਾਇਦ ਕੌਮਾਂਤਰੀ ਪੱਧਰ ‘ਤੇ ਬਾਇਡਨ ਦੇ ਆਖ਼ਰੀ ਸਾਲ ਨਾਲੋਂ ਸ਼ਾਂਤ ਹੋਵੇਗਾ।
ਖੁਸ਼ਨਸੀਬੀ ਨਾਲ ਭਾਰਤ ਦੀ ਰਾਸ਼ਟਰਪਤੀ ਟਰੰਪ ਨਾਲ ਚੰਗੀ ਬਣਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਟਰੰਪ ਦੇ ਕਰੀਬੀਆਂ ਨਾਲ ਸੰਪਰਕ ਬਣਾ ਕੇ ਰੱਖਿਆ ਹੈ। ਹਾਲਾਂਕਿ, ਭਾਰਤੀ ਲੀਡਰਸ਼ਿਪ ਨੂੰ ਇਹ ਧਾਰ ਕੇ ਅੱਗੇ ਵਧਣਾ ਚਾਹੀਦਾ ਹੈ ਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਟਰੰਪ ਦਾ ਦੂਜਾ ਕਾਰਜਕਾਲ ਉਨ੍ਹਾਂ ਦੇ ਪਹਿਲੇ ਕਾਰਜਕਾਲ ਵਰਗਾ ਨਹੀਂ ਹੋਵੇਗਾ। ਟਰੰਪ ਦੀ ਵਿਦੇਸ਼ ਨੀਤੀ ਅਤੇ ‘ਅਮਰੀਕਾ ਨੂੰ ਪਹਿਲ ਦੇਣ’ ਦੀ ਪਹੁੰਚ ਜਿਹੜੇ ਖੇਤਰਾਂ ‘ਚ ਭਾਰਤੀ ਪੱਖੀ ਨੀਤੀਆਂ ਦੇ ਰਾਹ ਦਾ ਰੋੜਾ ਬਣ ਸਕਦੀ ਹੈ, ਉਹ ਖੇਤਰ ਵਪਾਰ, ਆਵਾਸ ਤੇ ਜਲਵਾਯੂ ਤਬਦੀਲੀ ਹਨ। ਮੈਂ ਅਮਰੀਕਾ ਦੀ ਉਦਾਰ ਵੀਜ਼ਾ ਨੀਤੀ ਦਾ ਵੱਡਾ ਹਾਮੀ ਨਹੀਂ ਹਾਂ ਕਿਉਂਕਿ ਇਸ ਨੇ ਭਾਰਤ ‘ਚੋਂ ਪ੍ਰਤਿਭਾ ਨੂੰ ਖਿੱਚਿਆ ਹੈ ਪਰ ਵਪਾਰਕ ਲੈਣ-ਦੇਣ ਸਮੱਸਿਆ ਬਣ ਸਕਦਾ ਹੈ ਜੇ ਟਰੰਪ ਦੇ ਕੁਝ ਪੁਰਾਣੇ ਸਲਾਹਕਾਰ, ਖ਼ਾਸ ਤੌਰ ‘ਤੇ ਸਾਬਕਾ ਅਮਰੀਕੀ ਵਪਾਰ ਪ੍ਰਤੀਨਿਧ ਰੌਬਰਟ ਲਾਈਟਹਾਈਜ਼ਰ ਅਹੁਦੇ ‘ਤੇ ਪਰਤਦੇ ਹਨ।
ਭਾਰਤ ਰੱਖਿਆ ਸਾਜ਼ੋ-ਸਮਾਨ ਖ਼ਰੀਦ ਕੇ ਅਤੇ ਸਪਲਾਈ ਲੜੀਆਂ ‘ਚ ਹਿੱਸਾ ਪਾ ਕੇ ਅਮਰੀਕਾ ਨਾਲ ਮੇਲ-ਜੋਲ ਬਣਾਈ ਰੱਖੇਗਾ। ਮੋਦੀ ਸਰਕਾਰ ਨੂੰ ਚੰਗੀ ਸਲਾਹ ਇਹੀ ਹੋਵੇਗੀ ਕਿ ਇਹ ਧਿਆਨ ਨਾਲ ਕਦਮ ਪੁੱਟੇ ਅਤੇ ਅਮਰੀਕੀ ਰਾਜਨੀਤੀ ‘ਚ ਧਿਆਨ ਦਾ ਕੇਂਦਰ ਬਣਨ ਤੋਂ ਬਚੇ ਜੋ ਇਹ ਪਿਛਲੇ ਚਾਰ ਸਾਲਾਂ ਵਿੱਚ ਬਣਦਾ ਰਿਹਾ ਹੈ। ਸ਼ਾਇਦ ਗੁਰਪਤਵੰਤ ਸਿੰਘ ਪੰਨੂੰ ਕੇਸ ਕਿਤੇ ਨਹੀਂ ਜਾਏਗਾ ਕਿਉਂਕਿ ਇਹ ਪਹਿਲਾਂ ਹੀ ਅਦਾਲਤਾਂ ਵਿੱਚ ਦਾਇਰ ਹੋ ਚੁੱਕਾ ਹੈ। ਇਸ ਕੇਸ ਦੀਆਂ ਉੱਠਦੀਆਂ ਛੱਲਾਂ ਭਾਰਤੀ ਤੱਟਾਂ ਨੂੰ ਛੂੰਹਦੀਆਂ ਰਹਿਣਗੀਆਂ।
ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਸਭ ਤੋਂ ਪਹਿਲਾਂ ਸ਼ਿੰਜ਼ੋ ਆਬੇ ਨੇ ਜਾ ਕੇ ਵ੍ਹਾਈਟ ਹਾਊਸ ਦਾ ਦਰ ਖੜਕਾਇਆ ਸੀ, ਦੋਸਤੀ ਦਾ ਹੱਥ ਅੱਗੇ ਵਧਾਉਂਦਿਆਂ, ਇੱਕ ਘਮੰਡੀ ਨੂੰ ਖ਼ੁਸ਼ ਕੀਤਾ ਅਤੇ ‘ਕੁਆਡ’ ਵਰਗਾ ਵਿਚਾਰ ਅਮਰੀਕਾ ਨੂੰ ਵੇਚਿਆ ਜਿਸ ਦਾ ਭਾਰਤ ਨੂੰ ਵੀ ਫ਼ਾਇਦਾ ਹੋਇਆ। ਆਬੇ ਘਾਗ ਸਿਆਸਤਦਾਨ ਸਨ ਤੇ ਭਾਰਤ ਦੇ ਮਿੱਤਰ ਸਨ; ਉਨ੍ਹਾਂ ਦੇ ਜਾਨਸ਼ੀਨ ਮਹਿਜ਼ ਨੇਤਾ ਹਨ, ਉਹ ਵੀ ਸੰਕਟ ‘ਚ ਘਿਰੇ ਹੋਏ ਤੇ ਭਾਰਤ ਪ੍ਰਤੀ ਜ਼ਿਆਦਾ ਸਨੇਹ ਨਾ ਰੱਖਣ ਵਾਲੇ। ਟਰੰਪ ਸ਼ਾਇਦ ਭਾਰਤ ਪ੍ਰਤੀ ਦੋਸਤਾਨਾ ਤਾਂ ਹੋ ਸਕਦਾ ਹੈ ਪਰ ਸਾਡੇ ਮੁਲਕ ਦੇ ਉਸ ਦੀਆਂ ਫੌਰੀ ਤਰਜੀਹਾਂ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਮੱਧਮ ਹੈ। ਬਿਹਤਰ ਹੋਵੇਗਾ ਕਿ ਮੋਦੀ ਵਰਗੇ ਮਿੱਤਰ ਕੁਝ ਸਮੇਂ ਲਈ ਘਰ ਬੈਠਣ ਤੇ ਅਮਰੀਕਾ ਦੇ ਸਾਥੀਆਂ, ਖ਼ਾਸ ਤੌਰ ‘ਤੇ ਯੂਰੋਪੀਅਨ ਨੇਤਾਵਾਂ ਨੂੰ ਵ੍ਹਾਈਟ ਹਾਊਸ ‘ਚ ਆਪਣੀਆਂ ਬੇਚੈਨ ਕਾਲਾਂ ਮੁਕਾਉਣ ਦੇਣ। ਟਰੰਪ ਨੇ ਐਲਾਨ ਕੀਤਾ ਕਿ ਉਹ ਵ੍ਹਾਈਟ ਹਾਊਸ ਪਰਤ ਰਿਹਾ ਹੈ ਕਿਉਂਕਿ ਰੱਬ ਨੇ ਉਸ ਨੂੰ ਬਚਾਇਆ ਹੈ। ਸਿਆਸੀ ਨੇਤਾ ਜੋ ਖ਼ੁਦ ਨੂੰ ‘ਰੱਬ ਤੇ ਮੁਕੱਦਰ ਦੀ ਚੋਣ’ ਮੰਨਦੇ ਹਨ, ਅਕਸਰ ਚੰਗਿਆਈ ਨਾਲੋਂ ਜ਼ਿਆਦਾ ਨੁਕਸਾਨ ਕਰਦੇ ਹਨ। ਬਿਹਤਰ ਹੋਵੇਗਾ ਕਿ ਆਪਣੀ ਦੋਸਤੀ ਜ਼ਾਹਿਰ ਕਰਨ ਦੀ ਕਾਹਲੀ ਕਰਨ ਨਾਲੋਂ ਉਨ੍ਹਾਂ ਨੂੰ ਪਹਿਲਾਂ ਰੁੱਝ ਕੇ ਸ਼ਾਂਤ ਹੋਣ ਦਿੱਤਾ ਜਾਵੇ।