ਲਿਖਤ : ਡਾ. ਗੁਰਤੇਜ ਸਿੰਘ
ਸੰਪਰਕ: 95173-96001
ਕੋਲਕਾਤਾ ਦੇ ਸਰਕਾਰੀ ਮੈਡੀਕਲ ਕਾਲਜ ਆਰ.ਜੀ. ਕਰ ਵਿੱਚ ਪੋਸਟ ਗ੍ਰੈਜੂਏਸ਼ਨ ਕਰ ਰਹੀ ਮਹਿਲਾ ਡਾਕਟਰ ਨਾਲ ਹੋਈ ਦਰਿੰਦਗੀ ਦੀ ਮੰਦਭਾਗੀ ਘਟਨਾ ਨੇ ਮੈਡੀਕਲ ਖੇਤਰ ਦੇ ਨਾਲ ਨਾਲ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਔਰਤਾਂ ਦੀ ਸੁਰੱਖਿਆ ਦੇ ਪ੍ਰਬੰਧ ਹਾਸ਼ੀਏ ‘ਤੇ ਪਹੁੰਚੇ ਹੋਣ ਦੀ ਗਵਾਹੀ ਭਰੀ ਹੈ। ਇਹ ਰੈਜ਼ੀਡੈਂਟ ਡਾਕਟਰ ਲਗਾਤਾਰ ਡਿਊਟੀਆਂ ਕਰਦੇ ਰਹਿਣ ਕਾਰਨ ਮਾਨਸਿਕ ਸੰਤਾਪ ਭੋਗਦੇ ਹਨ ਤੇ ਅਕਸਰ ਅਜਿਹੀਆਂ ਦਿਲ ਕੰਬਾਊ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਪੀੜਤਾ ਵੀ 36 ਘੰਟਿਆਂ ਤੋਂ ਵੀ ਵੱਧ ਸਮੇਂ ਤੋਂ ਡਿਊਟੀ ‘ਤੇ ਤਾਇਨਾਤ ਸੀ। ਆਪਣੇ ਮਰੀਜ਼ਾਂ ਤੋਂ ਵਿਹਲੀ ਹੋ ਕੇ ਉਹ ਕੁਝ ਸਮਾਂ ਸੈਮੀਨਾਰ ਹਾਲ ਵਿੱਚ ਆਰਾਮ ਕਰਨ ਗਈ ਸੀ ਜਿੱਥੇ ਉਸ ਨਾਲ ਦਰਿੰਦਗੀ ਹੋਈ। ਇਸ ਦੇ ਵਿਰੋਧ ਵਿੱਚ ਦੇਸ਼ ਦੇ ਸਾਰੇ ਡਾਕਟਰ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਐਮਰਜੈਂਸੀ ਤੋਂ ਬਿਨਾਂ ਬਾਕੀ ਸੇਵਾਵਾਂ ਠੱਪ ਹੋ ਗਈਆਂ ਹਨ। ਹੁਣ ਇਹ ਵੱਡਾ ਸਵਾਲ ਹੈ ਕਿ ਲੋਕਾਂ ਦੀ ਜਾਨ ਬਚਾਉਣ ਵਾਲੇ ਇਨ੍ਹਾਂ ਡਾਕਟਰਾਂ ਦੇ ਜਾਨ ਮਾਲ ਦੀ ਰਾਖੀ ਲਈ ਕੌਣ ਜ਼ਿੰਮੇਵਾਰ ਹੈ।
ਰੈਜ਼ੀਡੈਂਟ ਡਾਕਟਰ ਹਸਪਤਾਲਾਂ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਨ੍ਹਾਂ ਤੋਂ ਬਗੈਰ ਮਰੀਜ਼ਾਂ ਦੀ ਸੁਚੱਜੀ ਦੇਖਭਾਲ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਸੀਨੀਅਰ ਡਾਕਟਰ ਓਪੀਡੀ ਸੇਵਾਵਾਂ ਦੇਣ ਨਾਲ ਪ੍ਰਬੰਧਕੀ ਕੰਮ ਦੇਖਦੇ ਹਨ ਜਿਸ ਕਾਰਨ ਉਹ ਹਰ ਵੇਲੇ ਹਾਜ਼ਰ ਨਹੀਂ ਹੋ ਸਕਦੇ ਜਿਸ ਕਰਕੇ ਰੈਜ਼ੀਡੈਂਟ ਹਰ ਸਮੇਂ ਆਪਣੀ ਡਿਊਟੀ ‘ਤੇ ਤਾਇਨਾਤ ਮਿਲਦੇ ਹਨ। ਮਰੀਜ਼ਾਂ ਦੇ ਰਿਸ਼ਤੇਦਾਰ ਅਕਸਰ ਇਨ੍ਹਾਂ ਨਾਲ ਖਹਿਬੜਦੇ ਹਨ। ਮਰੀਜ਼ ਦੀ ਜਾਨ ਨਾ ਬਚਾਅ ਸਕਣ ਕਰਕੇ ਆਮ ਤੌਰ ‘ਤੇ ਲੋਕ ਇਨ੍ਹਾਂ ਨਾਲ ਦੁਰਵਿਹਾਰ ਤੇ ਮਾਰ-ਕੁਟਾਈ ਤੱਕ ਕਰਦੇ ਹਨ। ਮਈ 2023 ਵਿੱਚ ਕੇਰਲ ਦੇ ਇੱਕ ਹਸਪਤਾਲ ਵਿੱਚ ਇਲਾਜ ਲਈ ਲਿਆਂਦੇ ਮਰੀਜ਼ ਨੇ ਉੱਥੇ ਤਾਇਨਾਤ ਮਹਿਲਾ ਡਾਕਟਰ ਵੰਦਨਾ ਦਾਸ ‘ਤੇ ਨਸ਼ੇ ਦੀ ਹਾਲਤ ਵਿੱਚ ਜਾਨਲੇਵਾ ਹਮਲਾ ਕੀਤਾ ਸੀ। ਸਾਰੇ ਉਸ ਡਾਕਟਰ ਨੂੰ ਇਕੱਲੀ ਛੱਡ ਕੇ ਦੌੜ ਗਏ ਸਨ ਜਿਸ ਕਾਰਨ ਡਾਕਟਰ ਗ਼ੰਭੀਰ ਜ਼ਖਮੀ ਹੋ ਗਈ ਸੀ ਤੇ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ ਸੀ। ਸਾਲ 2019 ਵਿੱਚ ਕੋਲਕਾਤਾ (ਕਲਕੱਤਾ) ਦੇ ਇੱਕ ਹਸਪਤਾਲ ਵਿੱਚ ਇੱਕ ਬਜ਼ੁਰਗ ਦੀ ਮੌਤ ਤੋਂ ਭੜਕੇ ਲੋਕਾਂ ਨੇ ਉੱਥੇ ਤਾਇਨਾਤ ਸਿਹਤ ਕਰਮਚਾਰੀਆਂ ਨਾਲ ਕੁੱਟਮਾਰ ਕੀਤੀ ਸੀ ਜਿਸ ਕਾਰਨ ਇੱਕ ਡਾਕਟਰ ਦੀ ਸਿਰ ‘ਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ ਸੀ ਤੇ ਦੂਜੇ ਗੰਭੀਰ ਜ਼ਖ਼ਮੀ ਹੋਏ ਸਨ। ਉਸ ਵਕਤ ਇਸ ਹੌਲਨਾਕ ਘਟਨਾ ਵਿਰੁੱਧ ਸਮੂਹ ਡਾਕਟਰ ਭਾਈਚਾਰੇ ਨੇ ਦੇਸ਼ ਵਿਆਪੀ ਹੜਤਾਲ ਕਰਕੇ ਰੋਸ ਪ੍ਰਗਟਾਇਆ ਸੀ।
ਮੈਡੀਕਲ ਵਿਦਿਆਰਥੀਆਂ ਖ਼ਾਸਕਰ ਰੈਜ਼ੀਡੈਂਟ ਡਾਕਟਰਾਂ ਨਾਲ ਹੁੰਦੀਆਂ ਵਧੀਕੀਆਂ ਬਾਰੇ ਸਮਾਜ ਅਨਜਾਣ ਹੈ। ਇਨ੍ਹਾਂ ਦੁਆਰਾ ਭੋਗੇ ਜਾ ਰਹੇ ਮਾਨਸਿਕ ਸੰਤਾਪ ਨੂੰ ਕੋਈ ਸਮਝਣ ਲਈ ਤਿਆਰ ਨਹੀਂ ਹੈ। ਇਨ੍ਹਾਂ ਦੇ ਸੀਨੀਅਰ ਡਾਕਟਰ ਤੇ ਵਿਭਾਗ ਮੁਖੀ ਇਨ੍ਹਾਂ ਤੋਂ ਨਿਰੰਤਰ ਕੰਮ ਲੈਂਦੇ ਹਨ। ਵਿਭਾਗ ਮੁਖੀ ਜਾਂ ਕਾਲਜ ਪ੍ਰਬੰਧਕ ਵਿਦਿਆਰਥਣਾਂ ਦਾ ਜਿਨਸੀ ਸ਼ੋਸ਼ਣ ਤੱਕ ਵੀ ਕਰਦੇ ਹਨ। ਮੈਡੀਕਲ ਖੇਤਰ ਵਿੱਚ ਇਹ ਮੰਦਭਾਗਾ ਰੁਝਾਨ ਲੰਮੇ ਸਮੇਂ ਤੋਂ ਚੱਲ ਰਿਹਾ ਹੈ ਕਿ ਸੀਨੀਅਰ ਡਾਕਟਰਾਂ ਦੁਆਰਾ ਆਪਣੇ ਜੂਨੀਅਰ (ਰੈਜ਼ੀਡੈਂਟ) ਡਾਕਟਰਾਂ ਨੂੰ ਮਰੀਜ਼ਾਂ ਸਾਹਮਣੇ ਹੀ ਜ਼ਲੀਲ ਕੀਤਾ ਜਾਂਦਾ ਹੈ। ਇਸ ਕਾਰਨ ਕਈ ਵਾਰ ਆਪਣੀ ਜੀਵਨ ਲੀਲ੍ਹਾ ਸਮਾਪਤ ਤੱਕ ਕਰ ਲੈਂਦੇ ਹਨ। ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵਿੱਚ ਇਨ੍ਹਾਂ ਦੁਆਰਾ 36-48 ਘੰਟੇ ਦੀ ਲਗਾਤਾਰ ਡਿਊਟੀ ਕਰਨ ਦੇ ਬਾਵਜੂਦ ਕੁਝ ਸਮੇਂ ਲਈ ਆਰਾਮ ਕਰਨ ਜਾਂ ਬੈਠਣ ਲਈ ਕਮਰੇ ਤੱਕ ਦਾ ਪ੍ਰਬੰਧ ਨਾ ਹੋਣ ਦੇ ਨਾਲ ਨਾਲ ਗਰਮੀਆਂ ਵਿੱਚ ਏਸੀ ਤਾਂ ਦੂਰ ਦੀ ਗੱਲ ਪੱਖੇ ਵੀ ਤਸੱਲੀਬਖਸ਼ ਹਾਲਤ ਵਿੱਚ ਨਹੀਂ ਹੁੰਦੇ। ਖਾਣ ਦਾ ਕੋਈ ਸਮਾਂ ਨਹੀਂ ਹੁੰਦਾ। ਕਈ ਵਾਰ ਤਾਂ ਕੰਮ ਦੀ ਬਹੁਤਾਤ ਕਰਕੇ ਇਹ ਵੀ ਨਸੀਬ ਨਹੀਂ ਹੁੰਦਾ। ਇੱਥੇ ਇਹ ਵੱਡਾ ਸਵਾਲ ਹੈ ਕਿ ਲੱਖਾਂ ਰੁਪਏ ਖਰਚ ਕੇ, ਦਿਨ ਰਾਤ ਪੜ੍ਹ ਕੇ, ਫਿਰ ਵੀ ਅਜਿਹੇ ਹਾਲਾਤ ਵਿੱਚ ਡਾਕਟਰ ਬਣਨ ਵਾਲੇ ਬੱਚੇ ਕਿਵੇਂ ਇੱਥੇ ਟਿਕਣਗੇ, ਉਹ ਵਿਦੇਸ਼ਾਂ ਵੱਲ ਉਡਾਰੀ ਕਿਉਂ ਨਹੀਂ ਮਾਰਨਗੇ?
ਇੱਕ ਰਿਪੋਰਟ ਅਨੁਸਾਰ ਪਿਛਲੇ ਦਿਨੀਂ ਨੈਸ਼ਨਲ ਮੈਡੀਕਲ ਕਮਿਸ਼ਨ ਦੁਆਰਾ ਬਣਾਈ 15 ਮੈਂਬਰੀ ਟਾਸਕ ਫੋਰਸ ਨੇ ਦੇਸ਼ ਦੇ 38 ਹਜ਼ਾਰ ਮੈਡੀਕਲ ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਆਨਲਾਈਨ ਸਰਵੇਖਣ ਤਹਿਤ ਜਾਣਕਾਰੀ ਇਕੱਠੀ ਕੀਤੀ ਅਤੇ 150 ਸਫ਼ਿਆਂ ਦੀ ਵਿਸਤ੍ਰਿਤ ਰਿਪੋਰਟ ਸੌਂਪੀ ਹੈ। ਇਸ ਤਰ੍ਹਾਂ ਇਸ ਸਮੱਸਿਆ ਦੀ ਜੜ੍ਹ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਗਈ ਅਤੇ ਪੰਦਰਾਂ ਸੁਝਾਅ ਵੀ ਦਿੱਤੇ ਹਨ। ਰਿਪੋਰਟ ਵਿੱਚ ਸਾਡੇ ਦੇਸ਼ ਦੇ ਮੈਡੀਕਲ ਵਿਦਿਆਰਥੀਆਂ ਦਾ ਤਣਾਅ, ਡਿਪਰੈਸ਼ਨ, ਕੰਮ ਦਾ ਬੋਝ, ਸਮਾਜਿਕ ਜੀਵਨ ਦਾ ਪ੍ਰਭਾਵਿਤ ਹੋਣਾ ਅਤੇ ਆਤਮਹੱਤਿਆ ਕਰਨ ਬਾਰੇ ਸੋਚਣ ਜਾਂ ਕਰਨ ਬਾਰੇ ਦੱਸਿਆ ਗਿਆ ਹੈ। ਸਮੱਸਿਆ ਇੰਨੀ ਗੰਭੀਰ ਹੈ ਕਿ ਵਿਦਿਆਰਥੀ ਆਤਮਹੱਤਿਆ ਕਰਨ ਦੀ ਹੱਦ ਤੱਕ ਪਹੁੰਚ ਰਹੇ ਹਨ। ਟਾਸਕ ਫੋਰਸ ਦੇ ਕਮੇਟੀ ਮੈਂਬਰ ਡਾ. ਯੋਗੇਂਦਰ ਮਲਿਕ ਦਾ ਮੰਨਣਾ ਹੈ, ”ਆਮ ਦੇਖਣ ਨੂੰ ਮਿਲ ਰਿਹਾ ਹੈ ਕਿ ਦੇਸ਼ ਦੇ ਮੈਡੀਕਲ ਵਿਦਿਆਰਥੀਆਂ ‘ਤੇ ਤਣਾਅ, ਡਿਪਰੈਸ਼ਨ ਅਤੇ ਬੇਚੈਨੀ ਭਾਰੀ ਪੈ ਰਹੇ ਹਨ। ਇਸ ਅਧਿਐਨ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਸਾਡੇ ਦੇਸ਼ ਦੇ ਪੰਜਾਹ ਫ਼ੀਸਦੀ ਤੋਂ ਜ਼ਿਆਦਾ ਮੈਡੀਕਲ ਵਿਦਿਆਰਥੀ ਤਣਾਅ ਵਿੱਚ ਹਨ। ਦੱਖਣੀ ਭਾਰਤ ਵਿੱਚ ਕੀਤੇ ਅਧਿਐਨ ਅਨੁਸਾਰ 37 ਫ਼ੀਸਦੀ ਮੈਡੀਕਲ ਵਿਦਿਆਰਥੀ ਡਿਪਰੈਸ਼ਨ ਤੇ 51 ਫ਼ੀਸਦੀ ਤਣਾਅ ਆਦਿ ਨਾਲ ਜੂਝ ਰਹੇ ਹਨ। ਉੱਤਰੀ ਭਾਰਤ ਵਿੱਚ 3882 ਮੈਡੀਕਲ ਵਿਦਿਆਰਥੀਆਂ ‘ਤੇ ਹੋਏ ਅਧਿਐਨ ਅਨੁਸਾਰ 39 ਫ਼ੀਸਦੀ ਮਾਨਸਿਕ ਸਮੱਸਿਆਵਾਂ ਤੋਂ ਪੀੜਤ ਹਨ, 21.5 ਫ਼ੀਸਦੀ ਡਿਪਰੈਸ਼ਨ ਅਤੇ 7.6 ਫ਼ੀਸਦੀ ਵੱਡੇ ਮਾਨਸਿਕ ਰੋਗਾਂ ਤੋਂ ਪੀੜਿਤ ਹਨ। ਨੈਸ਼ਨਲ ਕਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਅਨੁਸਾਰ ਪਿਛਲੇ ਪੰਜ ਸਾਲਾਂ ਦੌਰਾਨ ਦੇਸ਼ ਦੇ 122 ਮੈਡੀਕਲ ਵਿਦਿਆਰਥੀਆਂ ਨੇ ਖ਼ੁਦਕੁਸ਼ੀ ਕੀਤੀ ਹੈ। ਇਨ੍ਹਾਂ ‘ਚੋਂ 64 ਵਿਦਿਆਰਥੀ ਅੰਡਰ ਗ੍ਰੈਜੂਏਟ ਅਤੇ 58 ਪੋਸਟ ਗ੍ਰੈਜੂਏਟ ਸਨ। ਇੱਕ ਅੰਦਾਜ਼ੇ ਮੁਤਾਬਿਕ ਹਰ ਸਾਲ ਦੇਸ਼ ਅੰਦਰ 25-26 ਮੈਡੀਕਲ ਵਿਦਿਆਰਥੀ/ ਰੈਜ਼ੀਡੈਂਟ ਡਾਕਟਰ ਆਤਮਹੱਤਿਆ ਕਰਦੇ ਹਨ।
ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਨੈਸ਼ਨਲ ਮੈਡੀਕਲ ਕਮਿਸ਼ਨ ਟਾਸਕ ਫੋਰਸ ਨੇ ਕੁਝ ਸੁਝਾਅ ਦਿੱਤੇ ਹਨ ਜੋ ਦੇਸ਼ ਦੇ ਸਾਰੇ ਮੈਡੀਕਲ ਕਾਲਜਾਂ/ ਹਸਪਤਾਲਾਂ ਨੂੰ ਮੰਨਣੇ ਪੈਣਗੇ ਤਾਂ ਜੋ ਮੈਡੀਕਲ ਵਿਦਿਆਰਥੀਆਂ ਅਤੇ ਰੈਜ਼ੀਡੈਂਟ ਡਾਕਟਰਾਂ ਦੇ ਮਾਨਸਿਕ ਸੰਤਾਪ ਨੂੰ ਘਟਾਇਆ ਜਾ ਸਕੇ। ਸਭ ਤੋਂ ਪਹਿਲਾਂ ਰੈਜ਼ੀਡੈਂਟ ਡਾਕਟਰਾਂ ਦੀ ਡਿਊਟੀ ਹਫ਼ਤੇ ਵਿੱਚ 74 ਘੰਟੇ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਅਤੇ ਹਫ਼ਤਾਵਾਰੀ ਛੁੱਟੀ ਲਾਜ਼ਮੀ ਹੋਵੇ। ਸਾਲ ਵਿੱਚ ਇੱਕ ਵਾਰ ਦਸ ਦਿਨਾਂ ਦੀ ਇਕੱਠੀ ਛੁੱਟੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਸਕਣ। ਈ-ਸ਼ਿਕਾਇਤ ਪੋਰਟਲ, ਪ੍ਰੀਖਿਆ ਦਾ ਨਤੀਜਾ ਰੋਲ ਨੰਬਰ ਅਨੁਸਾਰ ਹੋਵੇ ਨਾ ਕਿ ਪੂਰੀ ਜਮਾਤ ਦਾ ਇਕੱਠਾ ਨਤੀਜਾ ਨੋਟਿਸ ਬੋਰਡ ‘ਤੇ ਲਗਾਇਆ ਜਾਵੇ, ਸਪਲੀਮੈਂਟਰੀ ਇਮਤਿਹਾਨ ਦੀ ਸ਼ੁਰੂਆਤ ਹੋਵੇ, ਜਾਣ-ਬੁੱਝ ਕੇ ਫੇਲ੍ਹ ਕਰਕੇ ਪੈਸੇ ਕਮਾਉਣ ਵਾਲੇ ਕਾਲਜਾਂ ਨੂੰ ਮੋਟਾ ਜੁਰਮਾਨਾ ਲਗਾਇਆ ਜਾਵੇ ਆਦਿ।
ਇਨ੍ਹਾਂ ਸੁਝਾਵਾਂ ਤੋਂ ਬਿਨਾਂ ਕਾਲਜ ਪ੍ਰਬੰਧਕ, ਸੀਨੀਅਰ ਡਾਕਟਰ ਅਤੇ ਵਿਭਾਗ ਮੁਖੀ ਅਨੁਸ਼ਾ;ਨ ਦੇ ਨਾਮ ‘ਤੇ ਜੂਨੀਅਰ ਡਾਕਟਰਾਂ ਦਾ ਮਾਨਸਿਕ ਜਾਂ ਸਰੀਰਕ ਸ਼ੋਸ਼ਣ ਨਾ ਕਰਨ। ਇਨ੍ਹਾਂ ਨੂੰ ਆਪਣੇ ਬੱਚਿਆਂ ਵਾਂਗ ਸਮਝਣ ਤੇ ਵਿਹਾਰ ਕਰਨ ਸਗੋਂ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਆਪ ਅੱਗੇ ਆ ਕੇ ਹੱਲ ਕਰਨ ਨੂੰ ਤਰਜੀਹ ਦੇਣ। ਰੳਲਤੀ ਹੋਣ ‘ਤੇ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਾਹਮਣੇ ਜ਼ਲੀਲ ਨਾ ਕੀਤਾ ਜਾਵੇ। ਇਸ ਦਾ ਮਾੜਾ ਨਤੀਜਾ ਨਿਕਲਦਾ ਹੈ। ਜੇ ਮੌਤ ਦੀ ਕਗਾਰ ‘ਤੇ ਪਹੁੰਚੇ ਕਿਸੇ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਲੋਕ ਸਮਝਦੇ ਹਨ ਕਿ ਇਸ ਡਾਕਟਰ ਦੀ ਅਣਗਹਿਲੀ ਕਾਰਨ ਸਾਡੇ ਮਰੀਜ਼ ਦੀ ਮੌਤ ਹੋਈ ਹੈ। ਸਭ ਤੋਂ ਵੱਡੀ ਗੱਲ ਸਾਰੇ ਰੈਜ਼ੀਡੈਂਟ ਡਾਕਟਰ ਆਪਣੀ ਏਕਤਾ ਕਾਇਮ ਕਰਨ, ਹੁਣ ਵੀ ਤਾਂ ਸਾਰੇ ਇਕੱਠੇ ਹੋਏ ਹੀ ਹਨ। ਜੇਕਰ ਕਿਸੇ ਇੱਕ ਨਾਲ ਵੀ ਬੇਇਨਸਾਫ਼ੀ ਹੁੰਦੀ ਹੈ ਤਾਂ ਸਾਰੇ ਉਸ ਦਾ ਡਟ ਕੇ ਸਾਥ ਦੇਣ। ਫਿਰ ਹੀ ਇਹ ਵਧੀਕੀਆਂ ਖ਼ਤਮ ਹੋ ਸਕਦੀਆਂ ਹਨ। ਨਹੀਂ ਤਾਂ ਕਿਸੇ ਦੀ ਆਬਰੂ, ਮਾਣ ਸਨਮਾਨ ਇਸੇ ਤਰ੍ਹਾਂ ਰੁਲਦਾ ਰਹੇਗਾ। ਹੋਰਨਾਂ ਵਿਭਾਗਾਂ ਦੇ ਮੁਕਾਬਲੇ ਮੈਡੀਕਲ ਖੇਤਰ ਵਿੱਚ ਲੋਕ ਆਪਣੇ ਲੋਕਾਂ ਦੀ ਹਰ ਸੰਭਵ ਮਦਦ ਕਰਨ ਤੋਂ ਕਤਰਾਉਂਦੇ ਹਨ ਜੋ ਮੰਦਭਾਗਾ ਹੈ। ਜੇ ਇਹ ਰੈਜ਼ੀਡੈਂਟ ਡਾਕਟਰ ਆਪ ਹੀ ਮਾਨਸਿਕ ਰੂਪ ਵਿੱਚ ਤੰਦਰੁਸਤ ਨਹੀਂ ਹੋਣਗੇ ਤਾਂ ਮਰੀਜ਼ਾਂ ਨੂੰ ਤੰਦਰੁਸਤੀ ਦਾ ਵਰਦਾਨ ਕਿਸ ਤਰ੍ਹਾਂ ਦੇਣਗੇ?