Friday, January 24, 2025
2.8 C
Vancouver

ਗ਼ਜ਼ਲ

 

ਸੀਸ ਤਲੀ ਦੇ ਉਪਰ ਧਰੀਏ ਫੇਰ ਆਜ਼ਾਦੀ ਮਿਲਦੀ ਹੈ।
ਰਲ ਮਿਲ ਸਾਰੇ ਏਕਾ ਕਰੀਏ ਫੇਰ ਆਜ਼ਾਦੀ ਮਿਲਦੀ ਹੈ।
ਪ੍ਰਤਿਭਾ ਤੇ ਪ੍ਰਤਿਸ਼ਾਠਾ ਵਾਲੇ ਸੂਰਜ ਪੈਦਾ ਕਰੀਏ,
ਨੇਰ੍ਹੇ ਦੇ ਵਿਚ ਲੋਅ ਨੂੰ ਭਰੀਏ ਫੇਰ ਆਜ਼ਾਦੀ ਮਿਲਦੀ ਹੈ।
ਅੰਤਿਮ ਖੇਡ ‘ਚ ਆਪਣੇ ਬਲ ਦਾ ਸਦਉਪਯੋਗ ਜ਼ਰੂਰੀ,
ਹਰਦੇ-ਹਰਦੇ ਫਿਰ ਨਾ ਹਰੀਏ ਫੇਰ ਆਜ਼ਾਦੀ ਮਿਲਦੀ ਹੈ।
ਮਨ ਦੇ ਵਿਚ ਸੰਕਲਪ ਇਰਾਦੇ ਸੱਚੇ ਦਿਲ ‘ਤੇ ਰੱਖ ਕੇ,
ਰੱਬ ਦੀ ਸ਼ਕਤੀ ਕੋਲੋਂ ਡਰੀਏ ਫੇਰ ਆਜ਼ਾਦੀ ਮਿਲਦੀ ਹੈ।
ਘੋਰ ਘਟਾਵਾਂ ਕੱਠੀਆਂ ਕਰਕੇ ਜਦ ਬੱਦਲ ਬਣ ਜਾਈਏ,
ਔੜਾਂ ‘ਤੇ ਫਿਰ ਛਮ-ਛਮ ਵਰ੍ਹੀਏ ਫੇਰ ਆਜ਼ਾਦੀ ਮਿਲਦੀ ਹੈ।
ਤੱਤੀਆਂ ਤਵੀਆਂ, ਤਿੱਖੇ ਨੇਜੇ, ਰਿੱਝਦੀਆਂ ਦੇਗਾਂ ਦੀ ਪਰਵਾਹ ਨਾ,
ਚਰਖੜੀਆਂ ਦੇ ਦੰਦੇ ਜ਼ਰੀਏ ਫੇਰ ਆਜ਼ਾਦੀ ਮਿਲਦੀ ਹੈ।
ਉਚੇ ਪਰਬਤ ਦੀ ਹਰਿਆਲੀ ਜੇਕਰ ਬਣਨਾ ਚਾਹੁੰਦੇ ਹੋ,
ਪਹਿਲਾਂ ਬਰਫ਼ਾਂ ਦੇ ਨਾਲ ਠਰੀਏ ਫੇਰ ਆਜ਼ਾਦੀ ਮਿਲਦੀ ਹੈ।
ਏਨਾ ਸੌਖਾ ਨਈਂ ਏ ਹੁੰਦਾ ਸਾਹਿਲ ਨੂੰ ਚੁੰਮ ਜਾਣਾ,
‘ਬਾਲਮ’ ਡੂੰਘੇ ਪਾਣੀ ਤਰੀਏ ਫੇਰ ਆਜ਼ਾਦੀ ਮਿਲਦੀ ਹੈ।
ਲਿਖਤ : ਬਲਵਿੰਦਰ ਬਾਲਮ ਗੁਰਦਾਸਪੁਰ
ਸੰਪਰਕ : 98156-25409