Monday, January 27, 2025
1.4 C
Vancouver

ਕਿੱਥੋਂ ਆ ਰਹੇ ਗੈਂਗਸਟਰਾਂ ਕੋਲ ਹਥਿਆਰ?

 

ਲਿਖਤ : ਬਲਰਾਜ ਸਿੰਘ ਸਿੱਧੂ
ਮੋਬਾਈਲ : 95011-00062
ਪੰਜਾਬ ਵਿਚ ਰੋਜ਼ਾਨਾ ਕਿਸੇ ਨਾ ਕਿਸੇ ਜ਼ਿਲ੍ਹੇ ਦੀ ਪੁਲਿਸ ਵੱਲੋਂ ਦਰਜਨਾਂ ਦੇ ਹਿਸਾਬ ਨਾਲ ਹਥਿਆਰ, ਖ਼ਾਸ ਤੌਰ ‘ਤੇ ਰਿਵਾਲਵਰ ਅਤੇ ਪਿਸਟਲ ਪਕੜੇ ਜਾ ਰਹੇ ਹਨ। ਅੱਜ ਤੋਂ 35-40 ਸਾਲ ਪਹਿਲਾਂ ਬਦਮਾਸ਼ਾਂ ਕੋਲ ਬਿਹਾਰ ਜਾਂ ਕਿਸੇ ਲੋਕਲ ਮਿਸਤਰੀ ਦੇ ਬਣੇ ਘਟੀਆ ਜਿਹੇ ਇਕ ਗੋਲ਼ੀ ਚਲਾਉਣ ਵਾਲੇ ਪਿਸਤੌਲ (ਕੱਟਾ) ਹੁੰਦੇ ਸਨ ਪਰ ਅੱਜ-ਕੱਲ੍ਹ ਛੋਟਾ-ਮੋਟਾ ਗੈਂਗਸਟਰ ਵੀ ਅਤਿ-ਆਧੁਨਿਕ ਜ਼ਿਗਾਨਾ ਅਤੇ ਗਲੌਕ ਵਰਗੇ ਪਿਸਤੌਲ ਲਈ ਫਿਰਦਾ ਹੈ।
ਉੱਤਰ ਪ੍ਰਦੇਸ਼ ਦੇ ਬਾਹੂਬਲੀ ਅਤੀਕ ਅਹਿਮਦ, ਉਸ ਦੇ ਭਰਾ ਅਸ਼ਰਫ ਤੇ ਬਾਬਾ ਸਿੱਦੀਕੀ ਦੀ ਹੱਤਿਆ ਵਾਸਤੇ ਤੁਰਕੀ ਦੀ ਬਣੀ ਜ਼ਿਗਾਨਾ ਪਿਸਤੌਲ ਵਰਤੀ ਗਈ ਸੀ। ਕੁਝ ਮਾਤਰਾ ਵਿਚ ਪਿਸਤੌਲ ਪਾਕਿਸਤਾਨ ਤੋਂ ਹੈਰੋਇਨ ਦੇ ਨਾਲ ਹੀ ਸਮੱਗਲ ਕੀਤੇ ਜਾ ਰਹੇ ਹਨ ਪਰ ਬਾਰਡਰ ‘ਤੇ ਸਖ਼ਤੀ ਹੋਣ ਕਾਰਨ ਹਥਿਆਰ ਸਮੱਗਲ ਕਰਨਾ ਬੇਹੱਦ ਔਖਾ ਹੋ ਗਿਆ ਹੈ। ਇਸ ਕਾਰਨ ਪਹਿਲਾਂ ਪਿਸਤੌਲ ਬਿਹਾਰ ਦੇ ਮੁੰਗੇਰ ਜ਼ਿਲ੍ਹੇ ਤੋਂ ਮੰਗਵਾਏ ਜਾਂਦੇ ਸਨ ਪਰ ਪਿਛਲੇ 6-7 ਸਾਲਾਂ ਤੋਂ ਮੱਧ ਪ੍ਰਦੇਸ਼ ਨਾਜਾਇਜ਼ ਅਸਲੇ ਦੇ ਗੜ੍ਹ ਵਜੋਂ ਉੱਭਰਿਆ ਹੈ।
ਉੱਥੋਂ ਦੇ ਬਣੇ ਵਧੀਆ ਕਿਸਮ ਦੇ ਰਿਵਾਲਵਰ ਅਤੇ ਪਿਸਟਲ ਚਾਲੀ-ਪੰਜਾਹ ਹਜ਼ਾਰ ਤੱਕ ਆਸਾਨੀ ਨਾਲ ਮਿਲ ਜਾਂਦੇ ਹਨ ਅਤੇ ਕਾਰਕਰਦਗੀ, ਪਾਲਿਸ਼ ਅਤੇ ਫਿਨਿਸ਼ਿੰਗ ਵਿਚ ਜ਼ਿਗਾਨਾ ਅਤੇ ਗਲੌਕ ਨੂੰ ਵੀ ਮਾਤ ਪਾਉਂਦੇ ਹਨ। ਸ਼ੁਰੂਆਤ ਵਿਚ ਸਿਰਫ਼ ਸਥਾਨਕ ਕਿਸਾਨਾਂ ਵੱਲੋਂ ਕੱਟੇ ਖ਼ਰੀਦੇ ਜਾਂਦੇ ਸਨ ਤਾਂ ਜੋ ਰਾਤ ਵੇਲੇ ਖੇਤਾਂ ਦੀ ਰਾਖੀ ਕਰਨ ਸਮੇਂ ਲੁਟੇਰਿਆਂ ਤੋਂ ਸੁਰੱਖਿਅਤ ਰਹਿਣ। ਪਰ ਹੁਣ ਪੰਜਾਬ, ਮਹਾਰਾਸ਼ਟਰ, ਰਾਜਸਥਾਨ, ਉੱਤਰ ਪ੍ਰਦੇਸ਼, ਦਿੱਲੀ ਅਤੇ ਹਰਿਆਣਾ ਆਦਿ ਵਿਚ ਵੀ ਮੱਧ ਪ੍ਰਦੇਸ਼ ਦੇ ਅਸਲੇ ਦੀ ਭਾਰੀ ਮੰਗ ਹੈ।
ਪੰਜਾਬ ਵਿਚ ਸਿਰਫ਼ ਅਕਤੂਬਰ ਮਹੀਨੇ ਵਿਚ ਹੀ ਮੱਧ ਪ੍ਰਦੇਸ਼ ਦੇ ਬਣੇ 54 ਪਿਸਤੌਲ ਬਰਾਮਦ ਹੋ ਚੁੱਕੇ ਹਨ। ਮੱਧ ਪ੍ਰਦੇਸ਼ ਦੇ ਬਰਵਾਨੀ, ਧਾਰ, ਬੁਰਹਾਨਪੁਰ ਅਤੇ ਖਰਗੌਨ ਆਦਿ ਵਿਚ ਸੈਂਕੜੇ ਕਾਰੀਗਰ ਨਾਜਾਇਜ਼ ਹਥਿਆਰ ਬਣਾ ਰਹੇ ਹਨ ਤੇ ਇਸ ਕਾਰੋਬਾਰ ‘ਤੇ ਉਥੋਂ ਦੇ ਵਸਨੀਕ ਸਿਕਲੀਗਰ ਸਿੱਖਾਂ ਦਾ ਏਕਾਧਿਕਾਰ ਹੈ। ਪੁਰਾਣੇ ਸਮੇਂ ਵਿਚ ਉਹ ਰਾਜਿਆਂ-ਮਹਾਰਾਜਿਆਂ ਦੀਆਂ ਫ਼ੌਜਾਂ ਵਾਸਤੇ ਤਲਵਾਰਾਂ, ਬਰਸ਼ੇ ਅਤੇ ਤੀਰ ਕਮਾਨ ਆਦਿ ਬਣਾਇਆ ਕਰਦੇ ਸਨ ਪਰ ਸਮੇਂ ਦੇ ਬਦਲਣ ਨਾਲ ਉਹ ਵੀ ਆਧੁਨਿਕ ਹੋ ਗਏ ਹਨ।
ਉਨ੍ਹਾਂ ਨੂੰ 32 ਬੋਰ, 9 ਮਿ.ਮੀ. ਅਤੇ 30 ਬੋਰ ਦੇ ਪਿਸਤੌਲ ਬਣਾਉਣ ਵਿਚ ਵਿਸ਼ੇਸ਼ ਮੁਹਾਰਤ ਹਾਸਲ ਹੈ। ਬੱਤੀ ਬੋਰ ਦੀ ਜ਼ਿਆਦਾ ਮੰਗ ਹੈ ਕਿਉਂਕਿ ਇਸ ਦੀਆਂ ਗੋਲ਼ੀਆਂ ਆਸਾਨੀ ਨਾਲ ਕਿਸੇ ਵੀ ਲਾਇਸੈਂਸਧਾਰੀ ਜਾਂ ਅਸਲੇ ਦੀ ਦੁਕਾਨ ਤੋਂ ਦੋ ਨੰਬਰ ਵਿਚ ਮਿਲ ਸਕਦੀਆਂ ਹਨ। ਇੱਥੇ ਜੰਗਲਾਂ ਵਿਚ ਦੇਸੀ ਕਿਸਮ ਦੀਆਂ ਸ਼ੂਟਿੰਗ ਰੇਂਜਾਂ ਵੀ ਬਣੀਆਂ ਹੋਈਆਂ ਹਨ ਜਿੱਥੇ ਗਾਹਕ ਖ਼ਰੀਦਣ ਤੋਂ ਪਹਿਲਾਂ ਅਸਲਾ ਚੈੱਕ ਕਰ ਸਕਦੇ ਹਨ।
ਬਿਹਾਰ ਤੇ ਯੂਪੀ ਦੇ ਬਣੇ ਪਿਸਤੌਲਾਂ ਵਿਚ ਗਰਮ ਹੋਣਾ, ਗੋਲ਼ੀ ਫਸਣਾ, ਮਿਸ ਫਾਇਰ ਅਤੇ ਨਾਲੀ ਫਟਣਾ ਆਮ ਜਿਹੀ ਗੱਲ ਸੀ। ਪਰ ਮੱਧ ਪ੍ਰਦੇਸ਼ ਦੇ ਪਿਸਤੌਲਾਂ ਵਿਚ ਅਜਿਹੀ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ। ਉਹ ਚੱਲਣ ਵਿਚ ਆਸਾਨ ਹਨ ਅਤੇ ਵਧੀਆ ਕਿਸਮ ਦੀ ਸਮੱਗਰੀ ਨਾਲ ਤਿਆਰ ਕੀਤੇ ਜਾਂਦੇ ਹਨ ਜੋ ਆਸਾਨੀ ਨਾਲ ਕਬਾੜੀਆਂ ਅਤੇ ਸਪੇਅਰ ਪਾਰਟਸ ਦੀਆਂ ਦੁਕਾਨਾਂ ‘ਤੇ ਮੁਹੱਈਆ ਹੈ।
ਰੇਲਵੇ ਦੀ ਕੰਡਮ ਪਟੜੀ, ਬੱਸਾਂ-ਟਰੱਕਾਂ ਦੇ ਇੰਜਣਾਂ ਦੀ ਕਰੈਂਕ ਸ਼ਾਫਟ ਅਤੇ ਕਮਾਨੀਆਂ ਵਰਗੇ ਮਜ਼ਬੂਤ ਅਤੇ ਲਚਕਦਾਰ ਇਸਪਾਤ ਤੋਂ ਤਿਆਰ ਕੀਤੇ ਗਏ ਇਹ ਪਿਸਤੌਲ ਬਹੁਤ ਹੀ ਕਾਰਗਰ ਹਨ। ਕਾਰੀਗਰਾਂ ਤੋਂ ਹਥਿਆਰ ਖ਼ਰੀਦਣ ਤੋਂ ਬਾਅਦ ਗਾਹਕ ਲੱਭਣ ਦੀ ਜ਼ਿੰਮੇਵਾਰੀ ਦਲਾਲਾਂ ਦੀ ਹੈ ਕਿਉਂਕਿ ਉਨ੍ਹਾਂ ਦੇ ਸੰਗਠਿਤ ਅਪਰਾਧੀਆਂ ਨਾਲ ਨਜ਼ਦੀਕੀ ਸਬੰਧ ਹੁੰਦੇ ਹਨ। ਦਲਾਲ ਗਾਹਕ ਨੂੰ ਸਿੱਧਾ ਜਾਂ ਪਾਂਡੀ ਰਾਹੀਂ ਹਥਿਆਰ ਪਹੁੰਚਾਉਂਦੇ ਹਨ। ਹਥਿਆਰ ਇੱਧਰੋਂ-ਉੱਧਰ ਲੈ ਕੇ ਜਾਣ ਲਈ ਪਹਿਲਾਂ ਬੰਦਿਆਂ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਹਥਿਆਰ ਔਰਤਾਂ (ਪਾਂਡੀ) ਰਾਹੀਂ ਭੇਜੇ ਜਾਂਦੇ ਹਨ ਕਿਉਂਕਿ ਪੁਲਿਸ ਔਰਤਾਂ ‘ਤੇ ਜ਼ਿਆਦਾ ਸ਼ੱਕ ਨਹੀਂ ਕਰਦੀ।
ਗਾਹਕ ਤੋਂ ਪੈਸੇ ਐਡਵਾਂਸ ਵਿਚ ਹੀ ਖਾਤਿਆਂ ਵਿਚ ਪਵਾ ਲਏ ਜਾਂਦੇ ਹਨ। ਇਸ ਕੰਮ ਵਿਚ ਬਹੁਤ ਮੁਨਾਫ਼ਾ ਹੈ। ਕਾਰੀਗਰ ਨੂੰ ਵਧੀਆ ਕਿਸਮ ਦੇ ਪਿਸਤੌਲ ਦੇ ਪੰਦਰਾਂ-ਵੀਹ ਹਜ਼ਾਰ, ਪਾਂਡੀ ਨੂੰ ਇਕ ਗੇੜੇ ਦੇ ਪੰਜ ਤੋਂ ਦਸ ਹਜ਼ਾਰ ਤੇ ਦਲਾਲ ਨੂੰ ਵੀਹ-ਪੱਚੀ ਹਜ਼ਾਰ ਤੱਕ ਬਣ ਜਾਂਦੇ ਹਨ ਕਿਉਂਕਿ ਇਕ ਪਿਸਤੌਲ ਚਾਲੀ ਤੋਂ ਪੰਜਾਹ ਹਜ਼ਾਰ ਤੱਕ ਆਰਾਮ ਨਾਲ ਵਿਕ ਜਾਂਦਾ ਹੈ। ਦੇਸੀ ਕੱਟੇ ਦੀ ਕੀਮਤ 1000-1200 ਰੁਪਏ ਹੈ। ਮਹਾਰਾਸ਼ਟਰ ਦੀ ਹੱਦ ‘ਤੇ ਵਸੇ ਹੋਏ ਸਿਕਲੀਗਰਾਂ ਦੇ ਇਲਾਕੇ ਬੇਹੱਦ ਪੱਛੜੇ ਤੇ ਜੰਗਲਾਂ-ਪਹਾੜਾਂ ਨਾਲ ਘਿਰੇ ਹੋਏ ਹਨ ਜਿਸ ਕਾਰਨ ਪੁਲਿਸ ਦਾ ਉੱਥੇ ਪਹੁੰਚਣਾ ਬਹੁਤ ਮੁਸ਼ਕਲ ਹੈ। ਚੰਗਾ ਕਾਰੀਗਰ ਸਿਰਫ਼ ਹਥੌੜੇ-ਛੈਣੀ ਦੀ ਮਦਦ ਨਾਲ ਇਕ ਕੱਟਾ ਦੋ-ਤਿੰਨ ਦਿਨਾਂ ਵਿਚ ਤਿਆਰ ਕਰ ਲੈਂਦਾ ਹੈ। ਪਰ ਵਧੀਆ ਕਿਸਮ ਦੇ ਹਥਿਆਰ ਤਿਆਰ ਕਰਨ ਲਈ ਖਰਾਦ ਦੀ ਜ਼ਰੂਰਤ ਪੈਂਦੀ ਹੈ।
ਅਜਿਹੀਆਂ ਵਰਕਸ਼ਾਪਾਂ ਦੂਰ-ਦੁਰੇਡੇ ਜੰਗਲਾਂ ਵਿਚ ਸਥਾਪਤ ਕੀਤੀਆਂ ਗਈਆਂ ਹਨ ਤੇ ਖਰਾਦ ਨੂੰ ਚਲਾਉਣ ਲਈ ਤਿੰਨ-ਚਾਰ ਵਰਕਸ਼ਾਪਾਂ ਵਾਲੇ ਮਿਲ ਕੇ ਸਾਈਲੈਂਟ ਜਨਰੇਟਰ ਖ਼ਰੀਦ ਲੈਂਦੇ ਹਨ ਤਾਂ ਜੋ ਪੁਲਿਸ ਉਨ੍ਹਾਂ ਦੀ ਆਵਾਜ਼ ਨਾ ਸੁਣ ਸਕੇ। ਇਸ ਵਕਤ ਪੱਚੀ-ਤੀਹ ਹਜ਼ਾਰ ਸਿਕਲੀਗਰ ਕਾਰੀਗਰ ਇਸ ਕੰਮ ਵਿਚ ਲੱਗੇ ਹੋਏ ਹਨ ਤੇ ਇਹ ਇਕ ਕਿਸਮ ਦਾ ਘਰੇਲੂ ਉਦਯੋਗ ਬਣ ਗਿਆ ਹੈ।
ਬਹੁਤਿਆਂ ਉੱਪਰ ਆਰਮਜ਼ ਐਕਟ ਦੇ ਅਨੇਕ ਪਰਚੇ ਦਰਜ ਹਨ ਤੇ ਉਹ ਕਈ ਪੀੜ੍ਹੀਆਂ ਤੋਂ ਇਹ ਕੰਮ ਕਰ ਰਹੇ ਹਨ। ਇਸ ਇਲਾਕੇ ਵਿਚ ਕੋਈ ਵੱਡਾ ਉਦਯੋਗ ਨਹੀਂ ਹੈ ਤੇ ਜ਼ਮੀਨ ਪਥਰੀਲੀ ਅਤੇ ਬੰਜਰ ਕਿਸਮ ਦੀ ਹੈ ਜਿਸ ਕਾਰਨ ਸਿਕਲੀਗਰ ਇਹ ਕੰਮ ਕਰਨ ਲਈ ਮਜਬੂਰ ਹਨ। ਇੱਥੇ ਇਹ ਵੀ ਵਰਣਨਯੋਗ ਹੈ ਕਿ ਜਦੋਂ ਕਿਸੇ ਵਿਗੜੇ ਬਦਮਾਸ਼ ਨੂੰ ਪੁਲਿਸ ਨੇ ਕਿਸੇ ਮੁਕੱਦਮੇ ਵਿਚ ਫਸਾਉਣਾ ਹੋਵੇ ਤਾਂ ਉਸ ‘ਤੇ ਫਿੱਟ ਕਰਨ ਵਾਲਾ ਹਥਿਆਰ ਵੀ ਸਿਕਲੀਗਰਾਂ ਤੋਂ ਹੀ ਲੈਂਦੀ ਹੈ।
ਪੁਲਿਸ ਵੱਲੋਂ ਇਸ ਇਲਾਕੇ ਵਿਚ ਲਗਾਤਾਰ ਰੇਡ ਕੀਤੇ ਜਾਂਦੇ ਹਨ। ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿਚ ਹਥਿਆਰ ਬਰਾਮਦ ਹੋਏ ਹਨ ਤੇ ਸੈਂਕੜੇ ਗ੍ਰਿਫ਼ਤਾਰੀਆਂ ਹੋ ਚੁੱਕੀਆਂ ਹਨ ਪਰ ਧੰਦਾ ਲਗਾਤਾਰ ਜਾਰੀ ਹੈ। ਜੇ ਪਿਤਾ ਪਕੜਿਆ ਜਾਂਦਾ ਹੈ ਤਾਂ ਪੁੱਤਰ ਹਥਿਆਰ ਬਣਾਉਣੇ ਸ਼ੁਰੂ ਕਰ ਦਿੰਦਾ ਹੈ।
ਸੰਨ 2023 ਵਿਚ ਮੱਧ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (ਐੱਸਟੀਐੱਫ) ਨੇ ਇਕ ਡੋਜ਼ੀਅਰ ਤਿਆਰ ਕੀਤਾ ਸੀ ਜਿਸ ਮੁਤਾਬਕ ਸਿਕਲੀਗਰਾਂ ਦੇ ਹਥਿਆਰ ਮਾਓਵਾਦੀਆਂ ਸਮੇਤ ਭਾਰਤ ਦੇ 19 ਸੂਬਿਆਂ ਵਿਚ ਸਪਲਾਈ ਹੋ ਰਹੇ ਹਨ। ਇਸ ਡੋਜ਼ੀਅਰ ਵਿਚ ਹੀਰਾ ਸਿੰਘ, ਰਮੇਸ਼ ਸਿੰਘ ਅਤੇ ਕਿਸ਼ਨ ਸਿੰਘ ਵਰਗੇ ਉਸਤਾਦ ਕਾਰੀਗਰਾਂ ਸਮੇਤ ਅਜਿਹੇ 250 ਚੋਟੀ ਦੇ ਸਿਕਲੀਗਰਾਂ ਦੇ ਨਾਮ ਹਨ ਜਿਨ੍ਹਾਂ ਦੁਆਰਾ ਬਣਾਏ ਗਏ ਸ਼ਾਨਦਾਰ ਰਿਵਾਲਵਰ, ਸੈਮੀ ਆਟੋਮੈਟਿਕ ਪਿਸਟਲ ਤੇ ਕਾਰਬਾਈਨਾਂ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਦਿੱਲੀ, ਬਿਹਾਰ, ਮਹਾਰਾਸ਼ਟਰ ਅਤੇ ਪੰਜਾਬ ਦੇ ਗੈਂਗਸਟਰ ਕਿਸੇ ਵੀ ਕੀਮਤ ‘ਤੇ ਲੈ ਲੈਂਦੇ ਹਨ। ਖ਼ਰੀਦਦਾਰ ਦੀ ਮੰਗ ‘ਤੇ ਹਥਿਆਰ ‘ਤੇ ਮੇਡ ਇਨ ਇੰਗਲੈਂਡ ਅਤੇ ਮੇਡ ਇਨ ਚਾਈਨਾ ਦੇ ਠੱਪੇ ਵੀ ਲਗਾ ਦਿੱਤੇ ਜਾਂਦੇ ਹਨ। ਪਿਛਲੇ ਸਮੇਂ ਵਿਚ ਸਿਕਲੀਗਰਾਂ ਦੁਆਰਾ ਤਿਆਰ ਕੀਤੇ ਗਏ ਹਥਿਆਰ ਕਈ ਸਨਸਨੀਖੇਜ਼ ਵਾਰਦਾਤਾਂ ਵਿਚ ਵਰਤੇ ਜਾ ਚੁੱਕੇ ਹਨ। ਸੰਨ 2009 ਵਿਚ ਯੂਪੀ ਦੀ ਐੱਸਟੀਐੱਫ ਨੇ ਦਾਊਦ ਇਬਰਾਹੀਮ ਦਾ ਇਕ ਸ਼ੂਟਰ ਆਲਮਜ਼ੇਬ ਗ੍ਰਿਫ਼ਤਾਰ ਕੀਤਾ ਸੀ ਜਿਸ ਨੂੰ ਉਸ ਸਮੇਂ ਦੇ ਭਾਜਪਾ ਐੱਮਪੀ ਵਰੁਣ ਗਾਂਧੀ ਦੀ ਹੱਤਿਆ ਦੀ ਸੁਪਾਰੀ ਦਿੱਤੀ ਗਈ ਸੀ।
ਤਫ਼ਤੀਸ਼ ਸਮੇਂ ਉਸ ਨੇ ਦੱਸਿਆ ਸੀ ਕਿ ਵਾਰਦਾਤ ਲਈ ਪਿਸਤੌਲ ਉਸ ਨੇ ਮਥੁਰਾ ਦੇ ਇਕ ਦਲਾਲ ਰਾਹੀਂ ਮੱਧ ਪ੍ਰਦੇਸ਼ ਦੇ ਬਰਵਾਨੀ ਜ਼ਿਲ੍ਹੇ ਦੇ ਇਕ ਸਿਕਲੀਗਰ ਤੋਂ ਖ਼ਰੀਦਿਆ ਸੀ। ਉਸੇ ਸਾਲ ਪਾਬੰਦੀਸ਼ੁਦਾ ਸਟੂਡੈਂਟਸ ਇਸਲਾਮਿਕ ਮੂਵਮੈਂਟ ਆਫ ਇੰਡੀਆ (ਸਿਮੀ) ਦੇ ਮੈਂਬਰ ਇਸ਼ਤਿਆਕ ਅਹਿਮਦ ਨੇ ਮੱਧ ਪ੍ਰਦੇਸ਼ ਐਂਟੀ ਟੈਰੇਰਿਸਟ ਸਕੁਐਡ (ਏਟੀਐੱਸ) ਦੇ ਕਾਂਸਟੇਬਲ ਸੀਤਾ ਰਾਮ ਯਾਦਵ ਦੀ ਹੱਤਿਆ ਲਈ ਵਰਤਿਆ ਪਿਸਤੌਲ ਬੁਰਹਾਨਪੁਰ ਦੇ ਕਿਸੇ ਸਿਕਲੀਗਰ ਤੋਂ ਖ਼ਰੀਦਿਆ ਸੀ।
ਸੰਨ 2008 ਦੇ ਅਹਿਮਦਾਬਾਦ ਸੀਰੀਅਲ ਬੰਬ ਧਮਾਕਿਆਂ ਦੇ ਮੁਲਜ਼ਮਾਂ ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਦੋਸ਼ੀ ਗੈਂਗਸਟਰ ਸੰਤੋਸ਼ ਯਾਦਵ ਨੇ ਵੀ ਹਥਿਆਰ ਬਰਵਾਨੀ ਜ਼ਿਲ੍ਹੇ ਦੇ ਸਿਕਲੀਗਰਾਂ ਤੋਂ ਹੀ ਖ਼ਰੀਦੇ ਸਨ। ਇਸ ਸਾਲ ਜਨਵਰੀ ਮਹੀਨੇ ਵਿਚ ਕੁਝ ਖੋਜੀ ਪੱਤਰਕਾਰਾਂ ਨੇ ਇਸ ਇਲਾਕੇ ਦਾ ਦੌਰਾ ਕੀਤਾ ਤਾਂ ਪਤਾ ਚੱਲਿਆ ਕਿ ਇੰਦੌਰ ਤੋਂ ਲਗਪਗ 150 ਕਿੱਲੋਮੀਟਰ ਦੂਰ ਵਸਿਆ ਉਮੈਰਤੀ ਪਿੰਡ ਨਾਜਾਇਜ਼ ਅਸਲਾ ਬਣਾਉਣ ਅਤੇ ਵੇਚਣ ਲਈ ਸਭ ਤੋਂ ਵੱਡੀ ਮੰਡੀ ਵਜੋਂ ਉੱਭਰਿਆ ਹੈ। ਇਸ ਦਾ ਕਾਰਨ ਇਹ ਹੈ ਕਿ ਇਹ ਪਿੰਡ ਅਨੀਆਰ ਨਦੀ ਦੇ ਕਿਨਾਰੇ ਮਹਾਰਾਸ਼ਟਰ ਦੀ ਹੱਦ ‘ਤੇ ਵਸਿਆ ਹੋਇਆ ਹੈ। ਜਦੋਂ ਪੁਲਿਸ ਦੀ ਰੇਡ ਹੁੰਦੀ ਹੈ ਤਾਂ ਅਸਲੇ ਦੇ ਕਾਰੋਬਾਰੀ ਆਰਾਮ ਨਾਲ ਦਰਿਆ ਪਾਰ ਕਰ ਕੇ ਮਹਾਰਾਸ਼ਟਰ ਪਹੁੰਚ ਜਾਂਦੇ ਹਨ।
ਕਈ ਵਾਰ ਪੁਲਿਸ ਨੂੰ ਸਖ਼ਤ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੋ-ਤਿੰਨ ਵਾਰ ਉਨ੍ਹਾਂ ਦੀ ਮਾਰਕੁੱਟ ਵੀ ਹੋ ਚੁੱਕੀ ਹੈ। ਕਈ ਵਾਰ ਤਾਂ ਸਕਿਉਰਿਟੀ ਜਮ੍ਹਾ ਕਰਵਾ ਕੇ ਹਥਿਆਰ ਕਿਰਾਏ ‘ਤੇ ਵੀ ਦੇ ਦਿੱਤੇ ਜਾਂਦੇ ਹਨ। ਇੱਥੋਂ ਦੇ ਕਾਰੀਗਰ ਹਥਿਆਰ ਮਹਾਰਾਸ਼ਟਰ ਦੇ ਧੂਲੇ ਸ਼ਹਿਰ ਦੇ ਦਲਾਲਾਂ ਕੋਲ ਪਹੁੰਚਾ ਦਿੰਦੇ ਹਨ ਜਿੱਥੋਂ ਅੱਗੇ ਭਾਰਤ ਦੇ ਵੱਖ-ਵੱਖ ਕੋਨਿਆਂ ਵਿਚ ਸਪਲਾਈ ਕਰ ਦਿੱਤੀ ਜਾਂਦੀ ਹੈ। ਮੱਧ ਪ੍ਰਦੇਸ਼ ਦੀ ਪੁਲਿਸ ਇਨ੍ਹਾਂ ‘ਤੇ ਛਾਪੇ ਮਾਰ ਕੇ ਹਥਿਆਰ ਬਰਾਮਦ ਕਰਦੀ ਰਹਿੰਦੀ ਹੈ ਜੋ ਕੁੱਲ ਉਤਪਾਦ ਦਾ 2% ਤੋਂ ਵੱਧ ਨਹੀਂ ਹੈ।
ਪੱਤਰਕਾਰਾਂ ਨੇ ਸਿਕਲੀਗਰ ਸਮਾਜ ਦੇ ਨੈਸ਼ਨਲ ਪ੍ਰਧਾਨ ਮਗਨ ਸਿੰਘ ਭਾਟੀਆ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਸਿਰਫ਼ 10-12% ਲੋਕਾਂ ਕਾਰਨ ਹੀ ਸਾਰੇ ਸਮਾਜ ਦੀ ਬਦਨਾਮੀ ਹੋ ਰਹੀ ਹੈ। ਉਸ ਨੇ ਦੱਸਿਆ ਕਿ ਜੇ ਸਰਕਾਰ ਇਸ ਇਲਾਕੇ ਵਿਚ ਸੜਕਾਂ, ਬਿਜਲੀ ਅਤੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰ ਦੇਵੇ ਤੇ ਉਦਯੋਗੀਕਰਨ ਕਰ ਕੇ ਨੌਕਰੀਆਂ ਦਾ ਪ੍ਰਬੰਧ ਕਰੇ ਤਾਂ ਇਹ ਲੋਕ ਵੀ ਮੁੱਖਧਾਰਾ ਵਿਚ ਸ਼ਾਮਲ ਹੋ ਸਕਦੇ ਹਨ। ਉਸ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਜੇ ਇਸ ਇਲਾਕੇ ਵਿਚ ਸਰਕਾਰੀ ਅਸਲਾ ਫੈਕਟਰੀਆਂ ਸਥਾਪਤ ਕੀਤੀਆਂ ਜਾਣ ਤਾਂ ਨਾਜਾਇਜ਼ ਧੰਦਿਆਂ ਵਿਚ ਲਿਪਤ ਵਿਅਕਤੀਆਂ ਦੀ ਕੁਸ਼ਲਤਾ ਦਾ ਲਾਭ ਉਠਾਇਆ ਜਾ ਸਕਦਾ ਹੈ।