Friday, January 24, 2025
-0.3 C
Vancouver

ਅੱਜ ਕੱਲ੍ਹ

 

ਧਰਮਾਂ ਦੇ ਨਾਂ ‘ਤੇ ਨਿੱਤ ਝਗੜੇ ਕਰਾਵੇ
ਕੀ ਚਾਹੁੰਦੀ ਹੈ ਪਤਾ ਨਹੀਂ ਸਰਕਾਰ ਅੱਜ ਕੱਲ੍ਹ
ਮੇਰੇ ਦੇਸ਼ ਨੂੰ ਨਜ਼ਰਾਂ ਲੱਗ ਗਈਆਂ ਨੇ
ਨਿੱਤ ਸੁਣਦੇ ਆਂ ਬੁਰੇ ਸਮਾਚਾਰ ਅੱਜ ਕੱਲ੍ਹ

ਮੁੰਡਿਆਂ ਛਡਤੇ ਪਜਾਮੇ ਚਾਦਰੇ ਨੇ
ਸਿਰ ‘ਤੇ ਲੈਂਦੀ ਨਾ ਚੁੰਨੀ ਮੁਟਿਆਰ ਅੱਜ ਕੱਲ੍ਹ
ਵਲੈਤੀ ਬਾਣਿਆਂ ਨੂੰ ਭੱਜੇ ਦੱਸ ਕਿਓਂ ਫਿਰਦੇ
ਕੇਹੇ ਅਪਣਾ ਲਏ ਪੰਜਾਬੀਆਂ ਵਿਚਾਰ ਅੱਜ ਕੱਲ੍ਹ

ਮੁੰਡੇ ਚਾਚੇ ਦੇ ਨਾਲ ਧੀ ਤੋਰੀ ਤਾਏ ਦੀ
ਕੰਟਰੈਕਟ ਮੈਰਜਾਂ ਕਰਾ ਕੇ ਚਲੇ ਬਾਹਰ ਅੱਜ ਕੱਲ੍ਹ
ਪੰਜਾਬ ਛੱਡ ਕੇ ਜਾਣ ਲਈ ਕੀ ਕੀ ਕਰਦੇ
ਹੋਗੇ ਰਿਸ਼ਤਿਆਂ ਦੇ ਵੀ ਨੇ ਵਪਾਰ ਅੱਜ ਕੱਲ੍ਹ

ਰੋਕਾ ਟੋਕੀ ਨਾ ਕਰੋ ਸਾਨੂੰ ਕਿਸੇ ਗੱਲ ਦੀ
ਖੋਹ ਲਏ ਮਾਪਿਆਂ ਤੋਂ ਬੱਚਿਆਂ ਅਧਿਕਾਰ ਅੱਜ ਕੱਲ੍ਹ
ਦੇਓ ਚਾਬੀ ਬੁਲ੍ਹਟ ਦੀ, ਮੈਂ ਕੁਝ ਖਾ ਮਰ ਜਾਊਂ
ਬੱਚੇ ਹੋ ਗਏ ਨੇ ਖ਼ੁਦਮੁਖਤਿਆਰ ਅੱਜ ਕਲ੍ਹ

ਬਾਪੂ ਦਾ ਇੱਕ ਕੁੜਤਾ ਓਹ ਵੀ ਟਾਕੀਆਂ ਦਾ
ਪੁੱਤ ਬਰੈਂਡਡ ਸ਼ਰਟਾਂ ਲਈਆਂ ਚਾਰ ਚਾਰ ਅੱਜ ਕੱਲ੍ਹ
ਸ਼ਰਮ ਆਵੇ ਪਾਟੇ ਕੱਪੜੇ ਇਹ ਚੇਂਜ ਕਰ ਲਓ
ਪੰਜਾਬੀ ਬੋਲਦੇ ਮਾਪਿਆਂ ਨੂੰ ਦੱਸਦੇ ਗਵਾਰ ਅੱਜ ਕੱਲ੍ਹ

ਇਹ ਕੈਸਾ ਮਾਤਮ ਛਾਇਆ ਮੇਰੇ ਡਾਢਿਆ
ਹਰ ਕੋਨੇ ‘ਚ ਹੈ ਮਚੀ ਹਾਹਾਕਾਰ ਅੱਜ ਕੱਲ੍ਹ
ਭਾਈ ਭਾਈ ਦਾ ਬਣਿਆ, ਪੁੱਤ ਪਿਓ ਵੈਰੀ
ਦਿਲੀਂ ਨਫ਼ਰਤ ਵਧਦੀ ਜਾਏ ਲਗਾਤਾਰ ਅੱਜ ਕੱਲ੍ਹ
ਲਿਖਤ : ਹਰਪ੍ਰੀਤ ਕੌਰ ਭਾਨਰਾ
ਸੰਪਰਕ: 98763-76232

Previous article
Next article