ਲਿਖਤ : ਜਗਦੀਸ਼ ਕੌਰ ਮਾਨ
ਅੱਜ ਸਵੇਰ ਤੋਂ ਹੀ ਮਨ ਅਤੀਤ ਦੀਆਂ ਯਾਦਾਂ ਵਿੱਚ ਉਲਝਿਆ ਹੋਇਆ ਹੈ। ਜ਼ਿੰਦਗੀ ਵਿੱਚ ਬੀਤੀਆਂ ਕਈ ਚੰਗੀਆਂ ਮੰਦੀਆਂ ਘਟਨਾਵਾਂ ਯਾਦ ਆ ਰਹੀਆਂ ਹਨ। ਰਾਤ ਨੂੰ ਟਿਮਟਿਮਾਉਂਦੇ ਜੁਗਨੂੰਆਂ ਵਾਂਗ ਕਿੰਨੀਆਂ ਹੀ ਜਗਦੀਆਂ ਬੁਝਦੀਆਂ ਅਤੀਤ ਦੀਆਂ ਝਾਕੀਆਂ ਮਨ ਦੀ ਸਕਰੀਨ ‘ਤੇ ਘੁੰਮਦੀਆਂ ਫਿਰ ਰਹੀਆਂ ਹਨ। ਸੋਚ ਰਹੀ ਹਾਂ, ‘ਕੁਦਰਤ ਕਿੰਨੀ ਕਰਾਮਾਤੀ ਹੈ! ਕਿੰਨੀ ਵਿਉਂਤਕਾਰੀ ਹੈ! ਇਸ ਦਾ ਭੇਤ ਅੱਜ ਤੱਕ ਕੋਈ ਨਹੀਂ ਪਾ ਸਕਿਆ। ਮਾਂ ਬਾਪ ਵਾਸਤੇ ਭਾਵੇਂ ਧੀਆਂ ਦੇ ਇਹੋ ਜਿਹੇ ਦੁੱਖ ਬਰਦਾਸ਼ਤ ਕਰਨੇ ਬੜੇ ਕਠਿਨ ਹੁੰਦੇ ਹਨ, ਪਰ ਇਹੋ ਜਿਹੇ ਸੰਕਟ ਵੇਲੇ ਮੇਰੇ ਵਰਗੀਆਂ ਅਭਾਗੀਆਂ ਧੀਆਂ ਵਾਸਤੇ ਮਾਪਿਆਂ ਦਾ ਆਸਰਾ ਕਿਸੇ ਸੰਘਣੇ ਬੋਹੜ ਦੀ ਛਾਂ ਵਰਗਾ ਹੁੰਦਾ ਹੈ।’
ਮੇਰੀ ਮਾਂ ਤਾਂ ਕਦੋਂ ਦੀ ਇਸ ਦੁਨੀਆ ਤੋਂ ਰੁਖ਼ਸਤ ਹੋ ਚੁੱਕੀ ਸੀ। ਫਿਰ ਇੱਕ ਦਿਨ ਮੇਰੇ ਪਤੀ ਚਲਾਣਾ ਕਰ ਗਏ। ਪਿਤਾ ਜੀ ਨੇ ਉਨ੍ਹਾਂ ਦੁਖਦਾਈ ਘੜੀਆਂ ਵਿੱਚ ਪਰਛਾਵੇਂ ਵਾਂਗ ਮੇਰਾ ਸਾਥ ਦਿੱਤਾ। ਭੋਗ ਪੈਣ ਤੋਂ ਬਾਅਦ ਵੀ ਉਹ ਹਰ ਰੋਜ਼ ਬਿਨਾਂ ਨਾਗਾ ਮੇਰੇ ਕੋਲ ਆਉਂਦੇ ਜਾਂਦੇ ਰਹੇ। ਮੈਨੂੰ ਦਲੇਰੀ ਤੇ ਦ੍ਰਿੜ੍ਹਤਾ ਨਾਲ ਇਸ ਦੁੱਖ ਵਿੱਚੋਂ ਬਾਹਰ ਨਿਕਲਣ ਵਾਸਤੇ ਦਿਲਬਰੀਆਂ ਦਿੰਦੇ ਰਹਿੰਦੇ। ਮਹਾਤਮਾ ਬੁੱਧ ਵਾਂਗ ਹੋਰ ਅਨੇਕਾਂ ਦੁਖਿਆਰੇ ਲੋਕਾਂ ਦੀਆਂ ਉਦਾਹਰਣਾਂ ਦੇ ਕੇ ਮੇਰਾ ਢਾਰਸ ਬੰਨ੍ਹਾਉਂਦੇ ਰਹਿੰਦੇ। ਇੱਕ ਦਿਨ ਮੈਨੂੰ ਕਹਿਣ ਲੱਗੇ, ”ਦਰਸ਼ੀ! ਉਰ੍ਹੇ ਆ ਪੁੱਤ! ਮੇਰੇ ਕੋਲ ਆ ਕੇ ਬੈਠ, ਤੈਨੂੰ ਕੁਝ ਜ਼ਰੂਰੀ ਗੱਲਾਂ ਸਮਝਾਉਣੀਆਂ ਹਨ, ਦੇਖ ਧੀਏ! ਹੁਣ ਇਸ ਘਰ ਵਿੱਚ ਤੇਰੇ ਰਾਜ ਭਾਗ ਦੇ ਉਹ ਦਿਨ ਨਹੀਂ ਰਹੇ ਜਿਹੜੇ ਕੁਲਦੀਪ ਸਿਹੁੰ ਦੇ ਜਿਉਂਦੇ ਤੋਂ ਹੁੰਦੇ ਸੀ। ਹੁਣ ਤਾਂ ਪੁੱਤ! ਨਿਮਕੀ ਨਾਲ ਈ ਦਿਨ ਕਟੀ ਕਰਨੀ ਪੈਣੀ ਏ। ਇਹੋ ਜਿਹੇ ਹਾਲਾਤ ਵਿੱਚ ਨਾਜ਼ੁਕ ਸਮੇਂ ਨਾਲ ਟੱਕਰ ਲੈਣ ਲਈ ਨਿਮਰਤਾ, ਚੁੱਪ ਤੇ ਸਬਰ ਮਾਨਸਿਕ ਟਿਕਾਅ ਵਾਸਤੇ ਅਨਮੋਲ ਦਾਤਾਂ ਹੁੰਦੀਆਂ ਹਨ। ਮੇਰੇ ਵੱਲੀਂ ਹੀ ਦੇਖ ਲੈ, ਜਦੋਂ ਦੀ ਤੇਰੀ ਬੇਬੇ ਮਰੀ ਏ, ਮੈਂ ਤਾਂ ਉਦੋਂ ਦਾ ਮੂੰਹ ਨੂੰ ਜਿੰਦਾ ਲਾਇਆ ਹੋਇਐ, ਮੁੰਡੇ ਬਹੂਆਂ ਪੰਜ ਕਰਨ, ਪੰਜਾਹ ਕਰਨ, ਕੁਝ ਡੋਲ੍ਹਣ, ਕੁਝ ਵਿਗਾੜਨ, ਮੈਂ ਕਦੇ ਵੀ ਉਨ੍ਹਾਂ ਦੇ ਕੰਮਾਂ ਵਿੱਚ ਦਖਲਅੰਦਾਜ਼ੀ ਨਹੀਂ ਕੀਤੀ। ਮੇਰੀ ਇਹ ਗੱਲ ਹਮੇਸ਼ਾਂ ਵਾਸਤੇ ਪੱਲੇ ਬੰਨ੍ਹ ਕੇ ਰੱਖੀਂ, ਬੱਚੀਏ! ਮਨੁੱਖ ਕੋਲ ਸਭ ਤੋਂ ਕੀਮਤੀ ਚੀਜ਼ਾਂ ਦੋ ਹੀ ਹੁੰਦੀਆਂ ਹਨ, ਇੱਕ ਜਾਨ ਤੇ ਦੂਜਾ ਸਵੈਮਾਣ। ਜਦੋਂ ਬੰਦੇ ਦਾ ਸਵੈਮਾਣ ਗੁਆਚ ਜਾਂਦਾ ਏ ਨਾ, ਉਦੋਂ ਉਸ ਦਾ ਜਿਉਣਾ ਵੀ ਵਿਅਰਥ ਹੋ ਜਾਂਦਾ ਹੈ। ਸਵੈਮਾਣ ਸਾਂਭ ਕੇ ਰੱਖਣਾ ਬੰਦੇ ਦੇ ਆਪਣੇ ਹੱਥ ਵੱਸ ਹੁੰਦਾ ਹੈ। ਇਸ ਨੂੰ ਬਚਾਈ ਰੱਖਣ ਲਈ ਮੈਂ, ਮੇਰੀ ਦਾ ਤਿਆਗ ਕਰਨਾ ਪੈਂਦਾ ਹੈ ਧੀਏ! ਹੁਣ ਮੈਂ ਬਹੁਤੀਆਂ ਗੱਲਾਂ ਕੀ ਕਰਾਂ! ਅੱਗੇ ਬੱਚੀਏ! ਤੂੰ ਖ਼ੁਦ ਹੀ ਸਮਝਦਾਰ ਏਂ।” ਮੈਨੂੰ ਇਹ ਗੱਲਾਂ ਸਮਝਾ ਕੇ ਪਿਤਾ ਜੀ ਨੇ ਆਪਣੀ ਗੱਲ ਮੁੱਕਦੀ ਕਰ ਦਿੱਤੀ ਸੀ। ਮੇਰੇ ਸਾਹਮਣੇ ਮਨ ਬੀਤੇ ਸਮੇਂ ਦੇ ਨੜੇ ਤੇਜ਼ੀ ਨਾਲ ਉਧੇੜੀ ਜਾ ਰਿਹਾ ਸੀ। ਉਹ ਮਨਹੂਸ ਘੜੀ ਝੱਟ ਅੱਖਾਂ ਅੱਗੇ ਆ ਕੇ ਸਾਕਾਰ ਹੋ ਗਈ ਜਿਸ ਦਿਨ ਰੱਬ ਡਾਢਾ ਮੇਰਾ ਸੁਹਾਗ ਖੋਹ ਕੇ ਲੈ ਗਿਆ ਸੀ। ਜਿਹੜਾ ਵੀ ਸੁਣਦਾ, ਸਾਡੇ ਘਰ ਨੂੰ ਭੱਜਿਆ ਆਉਂਦਾ। ਲੋਕਾਂ ਨੂੰ ਸੱਚ ਹੀ ਨਹੀਂ ਆ ਰਿਹਾ ਸੀ ਕਿ ਕੱਲ੍ਹ ਸ਼ਾਮ ਤੱਕ ਚੰਗਾ ਭਲਾ ਤੁਰਿਆ ਫਿਰਦਾ ਬੰਦਾ ਅੱਧੀ ਰਾਤ ਹੋਣ ਤੋਂ ਪਹਿਲਾਂ ਹੀ ਸਾਹਾਂ ਦੀ ਡੋਰੀ ਟੁੱਟ ਜਾਣ ਕਾਰਨ ਇਉਂ ਸਿੱਧਾ ਸਲੋਟ ਮੰਜੇ ‘ਤੇ ਵੀ ਪੈ ਸਕਦਾ ਹੈ। ਇਕੱਠੇ ਹੋਏ ਲੋਕਾਂ ਵਿੱਚੋਂ ਕੋਈ ਕਹਿ ਰਿਹਾ ਸੀ, ”ਮੈਂ ਤਾਂ ਅਜੇ ਕੱਲ੍ਹ ਤਿਰਕਾਲਾਂ ਵੇਲੇ ਫਲਾਣੀ ਗਲੀ ਦੇ ਮੋੜ ‘ਤੇ ਇਨ੍ਹਾਂ ਨੂੰ ਰੇੜ੍ਹੀ ਤੋਂ ਸਬਜ਼ੀ ਖਰੀਦਦੇ ਵੇਖਿਆ ਸੀ, ਇਹ ਤਾਂ ਕੱਲ੍ਹ ਦੁਪਹਿਰੇ ਐਕਟਿਵਾ ‘ਤੇ ਤਹਿਸੀਲ ਰੋਡ ‘ਤੇ ਘਰ ਨੂੰ ਮੁੜੇ ਆਉਂਦੇ ਮੈਂ ਵੇਖੇ ਸਨ, ਹੱਥ ਵਿੱਚ ਦਵਾਈਆਂ ਵਾਲਾ ਲਿਫ਼ਾਫ਼ਾ ਫੜਿਆ ਹੋਇਆ ਸੀ।”
ਇੱਕ ਹੋਰ ਗਵਾਂਢੀ ਇਕੱਠੇ ਹੋਏ ਲੋਕਾਂ ਨੂੰ ਦੱਸ ਰਿਹਾ ਸੀ, ”ਮੈਨੂੰ ਤਾਂ ਖ਼ੁਦ ਸੱਚ ਨਹੀਂ ਸੀ ਆ ਰਿਹਾ ਬਈ ਇਹ ਕੀ ਭਾਣਾ ਵਰਤ ਗਿਆ?” ਰਾਤ ਦਾ ਖਾਣਾ ਖਾ ਕੇ ਉਹ ਚੰਗੇ ਭਲੇ ਸੁੱਤੇ ਸਨ। ਅੱਧੀ ਕੁ ਰਾਤ ਨੂੰ ਉੱਠ ਕੇ ਬਾਥਰੂਮ ਗਏ। ਮੁੜਦਿਆਂ ਦਾ ਸਾਹ ਧੌਂਕਣੀ ਵਾਂਗ ਚੱਲ ਰਿਹਾ ਸੀ। ਵੇਂਹਦਿਆਂ ਵੇਂਹਦਿਆਂ ਸਾਰਾ ਸਰੀਰ ਬਰਫ਼ ਵਾਂਗ ਠੰਢਾ ਹੋ ਗਿਆ।
ਸਿਆਲ ਦੀ ਰੁੱਤ ਵਿੱਚ ਵੀ ਉਨ੍ਹਾਂ ਨੂੰ ਤਰੇਲੀਆਂ ਆ ਰਹੀਆਂ ਸਨ ਤੇ ਮੱਥਾ ਲਗਾਤਾਰ ਪਸੀਨੇ ਦੀਆਂ ਬੂੰਦਾਂ ਨਾਲ ਭਰਦਾ ਜਾ ਰਿਹਾ ਸੀ ਜਿਨ੍ਹਾਂ ਨੂੰ ਮੈਂ ਨਾਲ ਦੀ ਨਾਲ ਤੌਲੀਏ ਨਾਲ ਸਾਫ਼ ਕਰੀ ਜਾ ਰਹੀ ਸਾਂ, ਪਰ ਉਸ ਤੋਂ ਦੁੱਗਣੀਆਂ ਪਸੀਨੇ ਦੀਆਂ ਬੂੰਦਾਂ ਪਲਾਂ ਵਿੱਚ ਹੀ ਹੋਰ ਇਕੱਠੀਆਂ ਹੋ ਜਾਂਦੀਆਂ। ਉਨ੍ਹਾਂ ਨੂੰ ਮੈਂ ਇਕੱਲੀ ਹੀ ਸੰਭਾਲ ਰਹੀ ਸਾਂ। ਬੱਚੇ ਉਪਰਲੀ ਮੰਜ਼ਿਲ ‘ਤੇ ਸੁੱਤੇ ਪਏ ਸਨ। ਇਸ ਤੋਂ ਪਹਿਲਾਂ ਮੈਂ ਕਦੇ ਵੀ ਦਿਲ ਦੇ ਦੌਰੇ ਦਾ ਮਰੀਜ਼ ਨਹੀਂ ਸੀ ਦੇਖਿਆ। ਮੁੱਢਲੇ ਪੜਾਅ ‘ਤੇ ਇਸ ਬਿਮਾਰੀ ਦੇ ਮਰੀਜ਼ ਦੀ ਦੇਖਭਾਲ ਕਿਵੇਂ ਕਰਨੀ ਹੈ? ਮੈਨੂੰ ਉੱਕਾ ਹੀ ਨਹੀਂ ਸੀ ਪਤਾ। ਘਬਰਾਈ ਹੋਈ ਨੇ ਫੋਨ ਰਾਹੀਂ ਮੁੰਡੇ ਬਹੂ ਨੂੰ ਜਗਾ ਕੇ ਬਿਨਾਂ ਇੱਕ ਮਿੰਟ ਦੀ ਦੇਰੀ ਕੀਤਿਆਂ ਅਸੀਂ ਇਨ੍ਹਾਂ ਨੂੰ ਸਭ ਤੋਂ ਨੇੜੇ ਪੈਂਦੇ ਹਸਪਤਾਲ ਪਹੁੰਚਦੇ ਕਰ ਦਿੱਤਾ। ਪੰਦਰਾਂ ਮਿੰਟਾਂ ਦੇ ਵਿੱਚ ਵਿੱਚ ਦਿਲ ਦੇ ਤਿੰਨ ਜਾਨਲੇਵਾ ਦੌਰੇ ਲਗਾਤਾਰ ਪੈ ਗਏ ਤੇ ਮਿੰਟਾਂ ਸਕਿੰਟਾਂ ਵਿੱਚ ਉਹ ਭਾਣਾ ਵਰਤ ਗਿਆ ਜਿਸ ਦਾ ਕੁਝ ਘੰਟੇ ਪਹਿਲਾਂ ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ।
ਮ੍ਰਿਤਕ ਦੇਹ ਦੇ ਘਰ ਵਿੱਚ ਪਹੁੰਚਦਿਆਂ ਹੀ ਨਿਆਣਿਆਂ ਸਿਆਣਿਆਂ ਨੇ ਘਰ ਵਿੱਚ ਚੀਕ ਚਿਹਾੜਾ ਮਚਾ ਦਿੱਤਾ। ਆਂਢੀਆਂ- ਗੁਆਂਢੀਆਂ ਨਾਲ ਘਰ ਦਾ ਵਿਹੜਾ ਭਰ ਗਿਆ ਸੀ। ਹਰ ਕੋਈ ਹੈਰਾਨ ਸੀ ਕਿ ਮੌਤ ਬੰਦੇ ਨੂੰ ਇਉਂ ਵੀ ਆ ਜਾਂਦੀ ਹੈ।
ਮੈਂ ਵਿਛੜ ਚੁੱਕੇ ਸਾਥੀ ਦੇ ਮੰਜੇ ਕੋਲ ਭੁੰਜੇ ਬੈਠੀ ਉਨ੍ਹਾਂ ਨਾਲ ਬਿਤਾਏ ਛੱਤੀ ਵਰ੍ਹਿਆਂ ਦੇ ਹਿਸਾਬ ਕਿਤਾਬ ਵਿੱਚ ਉਲਝੀ ਹੋਈ ਸਾਂ। ਅਚਨਚੇਤ ਹੋਈ ਮੌਤ ਸਿਰ ਵਿੱਚ ਬੰਬ ਵਾਂਗ ਵੱਜੀ ਸੀ। ਇੰਨੇ ਕੁ ਸਮੇਂ ਦੇ ਵਿਆਹੁਤਾ ਜੀਵਨ ਵਿੱਚ ਅਸੀਂ ਜ਼ਿੰਦਗੀ ਦੇ ਬਥੇਰੇ ਉਤਰਾਅ ਚੜ੍ਹਾਅ ਦੇਖੇ ਸਨ।
ਸਿਆਣਿਆਂ ਦੇ ਕਹਿਣ ਵਾਂਗੂੰ ਜਿੱਥੇ ਚਾਰ ਭਾਂਡੇ ਹੋਣਗੇ ਉੱਥੇ ਉਨ੍ਹਾਂ ਦੇ ਖੜਕਣ ਦੀ ਆਵਾਜ਼ ਵੀ ਜ਼ਰੂਰ ਹੀ ਆਵੇਗੀ।