12 ਦਸੰਬਰ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼
ਵਲੋਂ : ਡਾ. ਅਮਰੀਕ ਸਿੰਘ ਸ਼ੇਰ ਖਾਂ,
ਮੋਬਾ:98157-58466
ਯੋਧਿਆਂ ਦੀ ਦੋਸਤੀ ਹਮੇਸ਼ਾ ਯੋਧਿਆਂ ਨਾਲ ਹੁੰਦੀ ਹੈ ਤੇ ਇੱਕ ਮਹਾਨ ਯੋਧਾ ਹੀ ਦੂਜੇ ਮਹਾਨ ਯੋਧੇ ਦੀ ਅਸਲੀ ਪਰਖ ਕਰ ਸਕਦਾ ਹੈ।ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰਾਂ ਕੁ ਸਾਲ ਦੀ ਬਾਲ ਉਮਰੇ ਆਪਣੇ ਬਾਪ ਮਹਾਂ ਸਿੰਘ ਦੀ ਮੌਤ ਤੋਂ ਬਾਦ ਸ਼ੁਕਰਚੱਕੀਆ ਮਿਸਲ ਦਾ ਵਾਰਸ ਬਣ ਗਿਆ ਤੇ 17 ਸਾਲ ਦੀ ਉਮਰ ਵਿਚ ਹੀ ਉਸਨੇ ਆਪਣੀ ਮਾਂ ਰਾਜ ਕੌਰ ਤੇ ਸੱਸ ਸਦਾ ਕੌਰ ਦਾ ਪੱਲਾ ਛੱਡ ਕੇ ਆਪਣੇ ਆਜ਼ਾਦ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ।
ਮਹਾਰਾਜਾ ਰਣਜੀਤ ਸਿੰਘ ਨੇ 1799 ਈ. ਵਿਚ ਲਾਹੌਰ ਫਤਹਿ ਕਰਨ ਤੋਂ ਬਾਅਦ ਅਗਲੇ 40 ਸਾਲਾਂ ਦੇ ਵਿਚ-ਵਿਚ (1839 ਤੱਕ) ਜਮੁਨਾ ਤੋਂ ਲੈ ਕੇ ਅਟਕ ਤੱਕ ਖਾਲਸਾਈ ਝੰਡਾ ਲਹਿਰਾ ਦਿੱਤਾ।ਜੇ ਸੌਖੇ ਸ਼ਬਦਾਂ ਵਿੱਚ ਪੂਰਬ ਤੋਂ ਪੱਛਮ ਵੱਲ ਨੂੰ ‘ਸਰਕਾਰ-ਏ-ਖਾਲਸਾ’ ਦੀ ਲੰਬਾਈ ਮਾਪੀਏ ਤਾਂ ਦਿੱਲੀ ਤੋਂ ਲੈ ਕੇ ਅਫਗਾਨਿਸਤਾਨ ਦੇ ਕਾਬਲ-ਕੰਧਾਰ ਤੱਕ, ਯੋਧੇ ਮਹਾਰਾਜਾ ਰਣਜੀਤ ਸਿੰਘ ਦਾ ਸਿੱਕਾ ਚੱਲਦਾ ਸੀ।ਉੱਤਰ ਵੱਲ ਨੂੰ ਇਹ ਲੰਬਾਈ ਜੰਮੂ-ਕਸ਼ਮੀਰ ਦੀਆਂ ਹੱਦਾਂ-ਸਰਹੱਦਾਂ ਤੋਂ ਪਾਰ ਲੱਦਾਖ, ਬਲਾਤਿਸਤਾਨ ਤੇ ਤਿੱਬਤ ਤੱਕ ਫੈਲ ਚੁੱਕੀ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਹਰ ਔਖੀ ਘਾਟੀ ਤੇ ਖਾਲਸਾਈ ਨਿਸ਼ਾਨ ਝੁਲਾਉਣ ਲਈ ਹਰ ਕਾਬਲ ਯੋਧੇ ਦੀ ਸਦੀਵ ਹਿਮਾਇਤ ਕੀਤੀ। ਬੇਸ਼ੱਕ ਸਮੇਂ-ਸਮੇਂ ਤੇ ਉਸ ਦੇ ਕੰਨ ਵੀ ਇਹਨਾਂ ਸਿਰਲੱਥ ਯੋਧਿਆਂ ਦੇ ਖਿਲਾਫ ਭਰੇ ਜਾਂਦੇ ਰਹੇ ਪਰ ਉਹ ਹਿੰਮਤੀ ਤੇ ‘ਅਗਾਂਹ ਕੂ ਤ੍ਰਾਘਿ’ ਦੀ ਭਾਵਨਾ ਰੱਖਣ ਵਾਲੇ ਹਰ ਯੋਧੇ ਦੀ ਪਿੱਠ ਤੇ ਹਮੇਸ਼ਾ ਆਪਣਾ ਮਿਹਰ ਭਰਿਆ ਹੱਥ ਰੱਖੀ ਰੱਖਦਾ। ਇਸ ਮਰਜੀਵੜੇ ਤੇ ਹਿੰਮਤੀ ਬਾਦਸ਼ਾਹ ਦੇ ਕਿਰਦਾਰ ਉੱਪਰ ਤੁਹਮਤਾਂ ਲਾਉਣ ਵਾਲਿਆਂ ਨੂੰ ਆਪਣੇ ਘਰ ਤੋਂ ਬਾਹਰ ਦਾ ‘ਸੁਆਨ’ ਤੱਕ ਨਹੀਂ ਪਹਿਚਾਣਦਾ ਪਰ ਐਸੇ ਲੋਕ ਮਹਾਰਾਜਾ ਰਣਜੀਤ ਸਿੰਘ ‘ਤੇ ਕਟਾਖਸ਼ ਕਰਨ ਦੀ ਹਿਮਾਕਤ ਕਰਦੇ ਰਹਿੰਦੇ ਹਨ।
ਖੈਰ, ਏਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਸਮਿਆਂ ਦੇ ਕਮਾਲ ਦੇ ਯੋਧੇ ਜਰਨੈਲ ਜ਼ੋਰਾਵਰ ਸਿੰਘ ਦੀ ਗੱਲ ਕਰਾਂਗੇ।ਜੇਕਰ ਪੱਛਮ ਵੱਲ ਨੂੰ ‘ਸਰਕਾਰ-ਏ-ਖਾਲਸਾ’ ਦੀ ਧਾਂਕ ਜਮਾਉਣ ਲਈ ਸਰਦਾਰ ਹਰੀ ਸਿੰਘ ਨਲੂਏ ਨੂੰ ਅੱਵਲ ਦਰਜ਼ਾ ਪ੍ਰਾਪਤ ਹੈ ਤਾਂ ਉੱਤਰੀ ਭਾਵ ਹਿਮਾਲੀਅਨ ਔਖੀਆਂ ਘਾਟੀਆਂ ਤੱਕ ਦਰਬਾਰ-ਏ-ਖਾਲਸਾ ਦੀ ਧਾਂਕ ਜਮਾਉਣ ਲਈ ਜਰਨੈਲ ਜ਼ੋਰਾਵਰ ਸਿੰਘ ਦਾ ਯੋਗਦਾਨ ਵੀ ਚੇਤੇ ਰੱਖਣਯੋਗ ਹੈ।ਪਰ ਅਫਸੋਸ ਇਸ ਯੋਧੇ ਦੀ ਬਾਬਤ ਬਹੁਤ ਘੱਟ ਲੋਕਾਂ ਨੂੰ ਗਿਆਨ ਹੈ। ਬੇਸ਼ੱਕ ਇਸ ਯੋਧੇ ਨੇ ਸ. ਗੁਲਾਬ ਸਿੰਘ ਡੋਗਰੇ ਦੀ ਕਮਾਂਡ ਹੇਠ ਰਿਆਸੀ (ਜੰਮੂ) ਤੋਂ ਆਪਣਾ ਫੌਜੀ ਸਫਰ ਤੈਅ ਸ਼ੁਰੂ ਕੀਤਾ ਪਰ ਦਰਬਾਰ-ਏ-ਖਾਲਸਾ ਦੀ ਚੜ੍ਹਤ ਲਈ ਐਸਾ ਸਾਹਸ ਦਿਖਾਇਆ ਕਿ ਇਹ ਯੋਧਾ ਰਿਆਸੀ ਦੇ ਭੀਮਗੜ੍ਹ ਕਿਲੇ ਤੋਂ ਆਪਣਾ ਜੇਤੂ ਸਫਰ ਤਹਿ ਕਰਦਾ ਹੋਇਆ ਅੱਗੇ ਲੱਦਾਖ, ਬਲਾਤਿਸਤਾਨ ਤੇ ਤਿੱਬਤ ਤੱਕ ਖਾਲਸਾ-ਰਾਜ ਦੀਆਂ ਪੈੜਾਂ ਪਹੁੰਚਾ ਕੇ ਤਿੱਬਤ ਦੀ ਧਰਤੀ ਦੇ ਇਲਾਕੇ ਤਕਲਾਕੋਟ ਦੀਆਂ ਵਾਦੀਆਂ ਵਿੱਚ ਸ਼ਹਾਦਤ ਦਾ ਜਾਮ ਪੀ ਗਿਆ।
ਬੜੀ ਹੈਰਾਨੀ ਦੀ ਗੱਲ ਹੈ ਕਿ ਸਧਾਰਨ ਪਰਿਵਾਰ ਵਿਚ ਕਹਿਲੂਰ ਦੇ ਇਲਾਕੇ ‘ਚ ਜਨਮੇ ਇਸ ਯੋਧੇ ਨੂੰ ਖਾਲਸਾ ਰਾਜ ਦੇ ਸਹਾਇਕ ਗੁਲਾਬ ਸਿੰਘ ਨੇ ਜਦ ਕਿਸ਼ਤਵਾੜ ਦਾ ਗਵਰਨਰ ਥਾਪਿਆ ਸੀ ਤਾਂ ਇਸ ਕੋਲ ਸਿਰਫ ਪੰਜ ਕੁ ਹਜ਼ਾਰ ਦੇ ਕਰੀਬ ਸੈਨਿਕਾਂ ਦੀ ਨਫਰੀ ਸੀ ਪਰ ਇਸ ਸਾਹਸੀ ਯੋਧੇ ਨੇ ਲੱਦਾਖ ਵਾਲੇ ਪਾਸਿਓਂ ਕਸ਼ਮੀਰ ਨੂੰ ਸਦਾ ਵਾਸਤੇ ਆਜ਼ਾਦ ਕਰ ਦੇਣ ਦੀ ਭਾਵਨਾ ਨਾਲ ਲੱਦਾਖ ਦੇ ਰਾਜਾ ਗਿਆਲਪੋ ਉੱਪਰ ਚੜ੍ਹਾਈ ਕਰ ਦਿੱਤੀ।ਬੇਸ਼ਕ ਰਸਤੇ ਚ ਅਨੇਕਾਂ ਕਠਿਨਾਈਆਂ ਸਨ ਪਰ ਉਹ ਸਰੂ ਦਰਿਆ ਨੂੰ ਪਾਰ ਕਰਕੇ ਬੋਤੀ ਕਬੀਲੇ ਦੇ ਲੜਾਕੂਆਂ ਨੂੰ ਵੀ ਹਰਾਉਣ ਵਿਚ ਸਫਲ ਰਿਹਾ।ਇਸ ਤੋਂ ਅੱਗੇ ਉਹਨੇ ਕਾਰਗਿਲ ਇਲਾਕੇ ਤੇ ਖਾਲਸਾਈ ਨਿਸ਼ਾਨ ਲਹਿਰਾਉਂਦਿਆਂ ਲੱਦਾਖੀ ਬਾਦਸ਼ਾਹ ਗਿਆਲਪੋ ਦੇ ਭੇਜੇ ਸੈਨਾਪਤੀ ਬਾਂਕੋ ਕਾਹਲੋਂ ਨੂੰ ਵੀ ਚਿੱਤ ਕਰ ਦਿੱਤਾ ਤੇ ਸੰਨ 1835 ਦੀ ਬਹਾਰ ਰੁੱਤੇ ਉਹ ਇੱਕ ਅਜਿੱਤ ਯੋਧੇ ਦੇ ਰੂਪ ਵਿੱਚ ਲੱਦਾਖ ਦੇ ਬਜ਼ਾਰਾਂ ਵਿੱਚ ਜਾ ਵੜਿਆ।
ਲੱਦਾਖੀ ਰਾਜੇ ਗਿਆਲਪੋ ਨੇ ਉਸਦੀ ਈਨ ਮੰਨ ਲਈ ਤੇ ਖਾਲਸਾ ਰਾਜ ਦੇ ਅੰਗ ਕਸ਼ਮੀਰ ਰਿਆਸਤ ਨੂੰ ਮੌਕੇ ਤੇ 50 ਹਜ਼ਾਰ ਰੁਪਏ ਯੁੱਧ ਖਰਚੇ ਵਜੋਂ ਤੇ 20 ਹਜ਼ਾਰ ਰੁਪਏ ਸਾਲਾਨਾ ਦੇਣੇ ਮੰਨ ਲਏ।ਬੇਸ਼ੱਕ ਬਾਦ ਵਿੱਚ ਕਸ਼ਮੀਰ ਦੇ ਗਵਰਨਰ ਮੀਂਹਾਂ ਸਿੰਘ ਦੀ ਚੱਕ ਵਿਚ ਆ ਕੇ ਗਿਆਲਪੋ ਆਪਣੇ ਵਾਅਦੇ ਤੋਂ ਮੁੱਕਰ ਗਿਆ ਪਰ ਜਰਨੈਲ ਜ਼ੋਰਾਵਰ ਸਿੰਘ ਦਸ ਦਿਨਾਂ ਦੇ ਵਿਚ-ਵਿਚ ਦੁਬਾਰਾ ਫਿਰ ਲੱਦਾਖ ਵਿਚ ਜਾ ਧਮਕਿਆ ਜਿਸਨੂੰ ਵੇਖ ਕੇ ਰਾਜੇ ਗਿਆਲਪੋ ਦੇ ਪਸੀਨੇ ਛੁੱਟ ਗਏ।ਉਸਨੇ ਜਰਨੈਲ ਦੇ ਪੈਰਾਂ ਤੇ ਢਹਿ ਕੇ ਵਾਅਦਾ-ਖਿਲ਼ਾਫੀ ਲਈ ਮੁਆਫੀ ਮੰਗੀ ਤੇ ਸਦਾ ਵਾਸਤੇ ਦਰਬਾਰ-ਏ-ਖਾਲਸਾ ਦਾ ਤਾਬਿਆਦਾਰ ਬਣੇ ਰਹਿਣ ਦਾ ਪ੍ਰਣ ਕੀਤਾ।ਖੈਰ, ਇਸ ਤੋਂ ਬਾਦ ਉਸਨੇ ਇਹ ਪ੍ਰਣ ਸੱਚੇ ਦਿਲੋਂ ਨਿਭਾਇਆ ਵੀ।
ਇੱਥੇ ਇਹ ਵੀ ਵਰਨਣਣੋਗ ਹੈ ਕਿ ਇੱਕ ਵਾਰ ਕਸ਼ਮੀਰ ਦੇ ਗਵਰਨਰ ਮੀਂਹਾਂ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਪਾਸ ਸ਼ਿਕਾਇਤ ਵੀ ਕੀਤੀ ਸੀ ਕਿ ਜਨਰਲ ਜ਼ੋਰਾਵਰ ਸਿੰਘ ਐਵੈਂ ਖਾਹ-ਮਖਾਹ ਲੱਦਾਖ ਤੇ ਹੋਰ ਉਚੇਰੇ ਇਲਾਕਿਆ ਵੱਲ ਵਧਿਆ ਜਾ ਰਿਹਾ ਹੈ ਜਿਸਦਾ ‘ਸਰਕਾਰ-ਏ-ਖਾਲਸਾ’ ਨੂੰ ਕੋਈ ਫਾਇਦਾ ਨਹੀਂ ਹੋਵੇਗਾ।ਕਹਿੰਦੇ ਹਨ ਕਿ ਦੂਰਦਰਸ਼ੀ ਮਹਾਰਾਜਾ ਰਣਜੀਤ ਸਿੰਘ ਨੇ ਮੀਂਹਾਂ ਸਿੰਘ ਦੀ ਇਸ ਸ਼ਿਕਾਇਤ ਵੱਲ ਕੋਈ ਬਹੁਤਾ ਕੰਨ ਨਹੀਂ ਧਰਿਆ ਕਿਉਂ ਕਿ ਉਹ ਤਾਂ ਹਮੇਸ਼ਾ ਹੀ ਖਾਲਸਾਈ ਪਰਚਮ ਹੱਦਾਂ-ਸਰਹੱਦਾਂ ਤੋਂ ਪਾਰ ਦੂਰ-ਦਰਾਜ਼ ਤੱਕ ਝੁਲਾਉਣ ਵਾਲਿਆਂ ਦੇ ਦਿਲੋਂ ਕਦਰਦਾਨ ਸਨ।ਮਾਨਸਰੋਵਰ ਤੇ ਸੁਮੇਰ ਪਰਬਤ ਤੱਕ ਦੇ ਇਲਾਕਿਆਂ ਨੂੰ ਤਾਂ ਗੁਰੂ ਬਾਬਾ ਨਾਨਕ ਨੇ ਆਪਣੇ ਮੁਬਾਰਕ ਕਦਮਾਂ ਨਾਲ ਗਾਹਿਆ ਹੋਇਐ।ਇਸ ਲਈ ਮਹਾਰਾਜਾ ਇਸ ਇਲਾਕੇ ਨੂੰ ਕਿੱਦਾਂ ਬੇਗਾਨਾ ਤਸਲੀਮ ਕਰ ਸਕਦੇ ਸਨ?
ਇਸ ਇਲਾਕੇ ਤੇ ਸਦਾ ਵਾਸਤੇ ਨਜ਼ਰ ਰੱਖਣ ਲਈ ਜ਼ੋਰਾਵਰ ਸਿੰਘ ਨੇ ਲੇਹ ਦੇ ਬਾਹਰਵਾਰ ਸਿੰਧ ਦੇ ਕਿਨਾਰੇ ਇੱਕ ਕਿਲੇ ਦਾ ਨਿਰਮਾਣ ਵੀ ਕੀਤਾ ਜਿਸ ਦਾ ਕਿਲ੍ਹੇਦਾਰ ਦਲੇਲ ਸਿੰਘ ਨੂੰ ਥਾਪਿਆ ਗਿਆ ਤੇ ਉਸਦੀ ਕਮਾਂਡ ਹੇਠ 300 ਦੀ ਨਫਰੀ ਤਾਇਨਾਤ ਕਰ ਦਿੱਤੀ ਗਈ।ਰਾਜੇ ਗਿਆਲਪੋ ਦੀ ਮਦਦ ਨਾਲ 1839-40 ਦੇ ਦਰਮਿਆਨ ਬਲਾਤਿਸਤਾਨ ਦੇ ਸ਼ਹਿਰ ਸਕਾਰਦੂ ਉੱਪਰ ਵੀ ਸਫਲ ਜਿੱਤ ਪ੍ਰਾਪਤ ਹੋਈ।ਬੇਸ਼ੱਕ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਚੁੱਕੇ ਸਨ ਪਰ ਇਹ ਮਰਦ-ਦਲੇਰ ਪਹਿਲਾਂ ਵਾਂਗ ਹੀ ਆਪਣੀ ਧੁਨ ਵਿਚ ਸਵਾਰ ਅੱਗੇ ਦੀ ਅੱਗੇ ਵਧਦਾ ਜਾ ਰਿਹਾ ਸੀ।
ਲੱਦਾਖ ਤੇ ਸਕਾਰਦੂ (ਬਲਾਤਿਸਤਾਨ) ਤੋਂ ਬਾਅਦ ਉਸਨੇ ਆਪਣੀ ਸਾਰੀ ਸ਼ਕਤੀ ਪੂਰਬੀ ਖਿੱਤੇ ਤਿੱਬਤ ਵੱਲ ਕੇਂਦਰਿਤ ਕਰ ਲਈ।ਮਈ 1841 ਨੂੰ ਉਹ ਆਪਣੀ ਛੇ ਕੁ ਹਜ਼ਾਰ ਦੀ ਸੈਨਾ ਨਾਲ ਲੱਦਾਖ ਦੇ ਬਜ਼ਾਰਾਂ ਵਿਚੋਂ ਮਾਰਚ ਕੱਢਦਾ ਹੋਇਆ ਤਿੱਬਤ ਵੱਲ ਵਧਣ ਲੱਗਾ।ਹੁਣ ਉਸ ਨਾਲ ਲੱਦਾਖੀ ਰਾਜੇ ਗਿਆਲਪੋ ਦੀ ਸੈਨਾ ਵੀ ਭਰਵਾਂ ਸਾਥ ਦੇ ਰਹੀ ਸੀ।ਉਸਨੇ ਆਪਣੀ ਸੈਨਾ ਨੂੰ ਤਿੰਨ ਟੁਕੜੀਆਂ ਵਿੱਚ ਵੰਡ ਲਿਆ।ਤਿੰਨ ਕੁ ਹਜ਼ਾਰ ਦੀ ਨਫਰੀ ਨਾਲ ਜਰਨੈਲ ਖੁਦ ਪੌਂਗਕੌਂਗ ਝੀਲ ਨੂੰ ਪਾਰ ਕਰਕੇ ਮਾਨਸਰੋਵਰ ਝੀਲ ਅਤੇ ਪ੍ਰਸਿੱਧ ਧਾਰਮਿਕ ਸਥਾਨ ਸੁਮੇਰ ਪਰਬਤ ਤੱਕ ਪਹੁੰਚ ਗਿਆ।ਥਾਂ-ਪੁਰ-ਥਾਂ ਚੌਂਕੀਆਂ ਤੇ ਰਸਦ-ਪਾਣੀ ਦੀ ਸਹਾਇਤਾ ਲਈ ਕੁਝ ਸੈਨਿਕ ਵੀ ਤਾਇਨਾਤ ਕਰਦਾ ਗਿਆ ।
ਟਕਲਾਕੋਟ ਦੇ ਨੇੜੇ ‘ਚੀ-ਤਿਆਂਗ’ ਸਥਾਨ ਤੇ ਮਹਿਤਾ ਬਸਤੀ ਰਾਮ ਦੀ ਅਗਵਾਈ ਹੇਠ ਇਕ ਕਿਲਾ ਸਥਾਪਤ ਕੀਤਾ ਗਿਆ ਜਿੱਥੇ ਅੱਠ-ਨੌਂ ਤੋਪਾਂ ਵੀ ਟਿਕਾਅ ਦਿੱਤੀਆਂ ਗਈਆਂ ਤਾਂ ਜੋ ਲੋੜ ਪੈਣ ਤੇ ਇਹਨਾਂ ਤੋਪਾਂ ਦੀ ਸਹਾਇਤਾ ਲਈ ਜਾ ਸਕੇ।ਉਧਰ ਜਰਨੈਲ ਆਪਣੇ ਸਾਥੀਆਂ ਸਮੇਤ ਟਕਲਾਕੋਟ ਦੇ ਸਥਾਨ ਤੇ ਜਦ ਪਹੁੰਚਿਆ ਤਾਂ ਨੇਪਾਲੀ ਬਾਦਸ਼ਾਹ ਨੇ ਵੀ ਤਿੱਬਤੀਆਂ ਦੀ ਸਹਾਇਤਾ ਦਾ ਵਚਨ ਦੇ ਦਿੱਤਾ ਕਿਉਂ ਕਿ ਨੇਪਾਲ ਦੀ ਸਰਹੱਦ ਵੀ ਇੱਥੋਂ ਮਹਿਜ਼ 15 ਕੁ ਮੀਲ ਦੀ ਦੂਰੀ ਤੇ ਸੀ।
ਬੇਸ਼ੱਕ ਪਹਿਲੇ ਪਹਿਲ ਤਿੱਬਤੀ ਸੈਨਾਵਾਂ ਅਚਾਨਕ ਆ ਧਮਕੇ ਜਰਨੈਲ ਦੀ ਤਿਆਰੀ ਵੇਖ ਕੇ ਬੁਰੀ ਤਰ੍ਹਾਂ ਭੈ-ਭੀਤ ਹੋ ਗਈਆਂ ਤੇ ਉਹਨਾਂ ਦੇ ਦੂਤ ਜਰਨੈਲ ਦੀ ਤਾਬਿਆਦਰੀ ਕਰਨ ਲਈ ਰਾਜ਼ੀ ਹੋ ਗਏ ਪਰ ਇਹਨੀਂ ਦਿਨੀਂ ਬਰਫੀਲੇ ਤੂਫਾਨਾਂ ਨੇ ਜਰਨੈਲ ਜ਼ੋਰਾਵਰ ਸਿੰਘ ਦੀਆਂ ਸਾਰੀਆਂ ਸਕੀਮਾਂ ਤੇ ਪਾਣੀ ਫੇਰਨਾ ਸ਼ੁਰੂ ਕਰ ਦਿੱਤਾ।ਜ਼ਬਰਦਸਤ ਬਰਫਬਾਰੀ ਕਾਰਨ ‘ਚੀ-ਤਿਆਂਗ’ ਕਿਲ਼ਾ ਤੇ ਉੱਥੇ ਰੱਖੀਆਂ ਤੋਪਾਂ ਬਰਫ ਹੇਠਾਂ ਦੱਬੀਆਂ ਰਹਿ ਗਈਆਂ।ਇਹਨਾਂ ਹਾਲਾਤਾਂ ਨੇ ਸਥਾਨਕ ਤਿੱਬਤੀਆਂ ਨੂੰ ਵੱਡਾ ਹੁਲਾਰਾ ਦਿੱਤਾ।
12 ਦਸੰਬਰ 1841 ਨੂੰ ਤਿੱਬਤੀ ਤੇ ਚੀਨੀ ਸੈਨਿਕ ਰਲ ਕੇ ‘ਟੋ-ਯੋ’ ਸਥਾਨ ‘ਤੇ ਬਹਾਦਰ ਜਰਨੈਲ ਨਾਲ ਦੋ-ਹੱਥ ਕਰਨ ਲਈ ਮੈਦਾਨ ਵਿੱਚ ਆਣ ਉੱਤਰੇ।ਦੋਨੋਂ ਪਾਸਿਓਂ ਭਾਰੀ ਗੋਲੀ-ਸਿੱਕਾ ਚੱਲਿਆ।ਬਹਾਦਰ ਜਰਨੈਲ ਦੀ ਸੈਨਾ ਕਈ ਮਹੀਨਿਆਂ ਤੋਂ ਥੱਕ-ਟੁੱਟ ਕੇ ਚੂਰ ਹੋਈ ਪਈ ਸੀ।ਬਰਫ ਨਾਲ ਉਹਨਾਂ ਦੇ ਹੱਥ ਤੇ ਪੈਰ ਵੀ ਗਲ਼ੇ ਪਏ ਸਨ ਪਰ ਫਿਰ ਵੀ ਸਾਹਸੀ ਜਰਨੈਲ ਜ਼ੋਰਾਵਰ ਸਿੰਘ ਆਪਣੀ ਸੈਨਾ ਨੂੰ ਖੁਦ ਅੱਗੇ ਲੱਗ ਕੇ ਹੱਲਾਸ਼ੇਰੀ ਦੇ ਰਿਹਾ ਸੀ।ਆਖਰਕਾਰ ਇੱਕ ਗੋਲੀ ਜਰਨੈਲ ਦੇ ਸੱਜੇ ਮੋਢੇ ਉੱਪਰ ਆਣ ਵੱਜੀ।ਜਰਨੈਲ ਨੇ ਆਪਣੇ ਆਪ ਨੂੰ ਸੰਭਾਲਿਆ ਤੇ ਖੱਬੇ ਹੱਥ ਵਿਚ ਤਲਵਾਰ ਲੈ ਕੇ ਠਿਗਣੇ ਤੱਬਤੀਆਂ ਉੱਪਰ ਕਾਲ ਬਣ ਕੇ ਝਪਟਣ ਲੱਗਾ।ਆਖਰ ਦੂਰ ਤੋਂ ਇੱਕ ਘੋੜਸਵਾਰ ਨੇ ਆਪਣਾ ‘ਭਾਲਾ’ ਜਰਨੈਲ ਦੀ ਛਾਤੀ ਦਾ ਨਿਸ਼ਾਨਾ ਬੰਨ੍ਹ ਕੇ ਐਸਾ ਵਗਾਇਆ ਕਿ ਇਹ ਹਥਿਆਰ ਯੋਧੇ ਜ਼ੋਰਾਵਰ ਸਿੰਘ ਦੀ ਛਾਤੀ ਦੇ ਆਰ-ਪਾਰ ਹੋ ਗਿਆ।ਕਿਹਾ ਜਾਂਦਾ ਹੈ ਕਿ ਤਿੱਬਤੀ ਕਬੀਲਆਂ ਦੇ ਬਹੁਤੇ ਸੈਨਿਕਾਂ ਨੇ ਇਸ ਦਲੇਰ ਮਰਦ ਦੀ ਲਾਸ਼ ਦਫਨਾਉਣ ਦੀ ਬਿਜਾਇ ਉਸਦਾ ਮਾਸ ਆਪੋ ਵਿਚ ਵੰਡ ਲਿਆ ਤਾਂ ਜੋ ਉਹਨਾਂ ਦੀਆਂ ਅਗਲੀਆਂ ਪੀੜ੍ਹੀਆਂ ਵਿਚ ਵੀ ਐਸੀ ਬੀਰਤਾ ਆ ਸਕੇ।
ਟਕਲਾਕੋਟ ਵਿੱਚ ਇਸ ਯੋਧੇ ਦੇ ਨਾਂ ਤੇ ਸਥਾਪਤ ਕਿਲ੍ਹਾ ਟਕਲਾਕੋਟ (ਠੳਕਲੳਕੋਟ ਢੋਰਟ) ਅੱਜ ਵੀ ਇਸ ਯੋਧੇ ਨੂੰ ਸਿਰ ਝੁਕਾਉਂਦਾ ਪ੍ਰਤੀਤ ਹੁੰਦਾ ਹੈ।ਬ੍ਰਿੁਟਿਸ਼ ਕਾਲ ਵੇਲੇ ਮਾਨਸਰੋਵਰ ਝੀਲ ਤੇ ਕੁਝ ਹੋਰ ਜਿੱਤੇ ਹੋਏ ਇਲਾਕੇ ਦੁਬਾਰਾ ਤਿੱਬਤ ਨੂੰ ਦੇ ਦਿੱਤੇ ਗਏ।ਸਕਾਰਦੂ ਇਲਾਕਾ ਵੀ ਅੱਜ ਕੱਲ੍ਹ ਪਾਕਿਸਤਾਨ ਦੇ ਪਹਾੜੀ ਖੇਤਰ ਦਾ ਹਿੱਸਾ ਹੈ।
ਇਸ ਪ੍ਰਕਾਰ ‘ਦਰਬਾਰ-ਏ-ਖਾਲਸਾ’ ਦੀਆਂ ਪੈੜਾਂ ਧੁਰ ਤਿੱਬਤ ਤੱਕ ਛੱਡਦਾ ਹੋਇਆ ਇਹ ਮਹਾਨ ਯੋਧਾ ਆਪਣੀ ਜਾਨ ਤਾਂ ਕੁਰਬਾਨ ਕਰ ਗਿਆ ਪਰ ਅੱਜ ਵੀ ਜਦ ਕਦੇ ਹਿੰਦ-ਚੀਨੀ ਫੌਜਾਂ ਆਹਮੋ-ਸਾਹਮਣੇ ਹੁੰਦੀਆਂ ਹਨ ਤਾਂ ਚੀਨੀ ਸੈਨਾ ਨੂੰ ਲਲਕਾਰਦੇ ਸਿੱਖ ਸੈਨਿਕ ਜੁਝਾਰੂ ਜ਼ੋਰਾਵਰ ਸਿੰਘ ਦਾ ਦੂਜਾ ਰੂਪ ਹੀ ਦਿਖਾਈ ਦਿੰਦੇ ਹਨ।ਸਿੱਖ ਕੌਮ ਨੂੰ ਸਰਕਾਰ-ਏ-ਖਾਲਸਾ ਦਾ ਝੰਡਾ ਬੁਲੰਦੀਆਂ ਤੇ ਗੱਡਣ ਵਾਲੀਆਂ ਐਸੀਆਂ ਸੁੱਚੀਆਂ ਤੇ ਬਹਾਦਰ ਰੂਹਾਂ ਨੂੰ ਸਦੀਵ ਚੇਤਿਆਂ ਦਾ ਅੰਗ ਬਣਾਈ ਰੱਖਣਾ ਚਾਹੀਦਾ ਹੈ।