ਲੇਖਕ : ਡਾ. ਪੂਰਨ ਸਿੰਘ
ਇਹ ਬੋਲ ਭਾਈ ਗੁਰਦਾਸ ਜੀ ਦੇ ਹਨ ਅਤੇ ਗਰਜ ਨਾਲ ਆਖ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਜੀ ਸੰਸਾਰ ਅੰਦਰ ਲੋਕਾਈ ਦਾ ਉਧਾਰ ਕਰਨ ਲਈ ਆਏ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਸੰਸਾਰ ਵਿੱਚ ਸਾਰੇ ਬਰਾਬਰ ਵਿਅਕਤੀ ਬਰਾਬਰ ਹਨ ਕੋਈ ਉੱਚਾ ਜਾਂ ਨੀਵਾਂ ਨਹੀਂ, ਕੋਈ ਜਾਤ ਪਾਤ ਨਹੀਂ। ਹਰ ਕੋਈ ਆਪਣੇ ਗਲਤ ਕੰਮਾਂ ਕਰਕੇ ਹੀ ਉੱਚਾ ਜਾਂ ਨੀਵਾਂ ਹੁੰਦਾ ਹੈ। ਜਿਸ ਵੇਲੇ ਔਰਤ ਨੂੰ ਸਮਾਜ ਵਿੱਚ ਨੀਚ ਸਮਝਿਆ ਜਾਂਦਾ ਸੀ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ ਔਰਤ ਨੂੰ ਸਭ ਤੋਂ ਉੱਤਮ ਦਰਜਾ ਦਿੱਤਾ।
ਇਹ ਉਹ ਸਮਾਂ ਸੀ ਜਦੋਂ ਭਾਰਤ ਅੰਦਰ ਜਨਤਾ ਕੁਰਲਾ ਰਹੀ ਸੀ ਅਤੇ ਧਰਮ ਸ਼ਰਮ ਅਲੋਪ ਹੋ ਚੁੱਕੀ ਸੀ। ਸਾਰੇ ਪਾਸੇ ਕੂੜ ਦਾ ਹੀ ਪਸਾਰਾ ਸੀ। ਰਾਜਨੀਤਕ, ਸਮਾਜਕ ਅਤੇ ਧਾਰਮਿਕ ਨੇਤਾਵਾਂ ਨੇ ਆਪਣੇ ਫਰਜ਼ਾਂ ਤੋਂ ਮੂੰਹ ਮੋੜ ਲਿਆ। ਇਸ ਦੀ ਗਵਾਹੀ ਗੁਰੂ ਨਾਨਕ ਸਾਹਿਬ ਦੀ ਰਚਨਾ ਅੰਦਰ ਮਿਲਦੀ ਹੈ।
ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣ ਨਾਵੈ ਜੀਆ ਘਾਇ॥
ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਉਜਾੜੇ ਕਾ ਬੰਧੁ (ਪੰਨਾ 662)
ਮੁਗਲ ਹਕੂਮਤ ਦੀ ਸਥਾਪਨਾ ਤੋਂ ਪਹਿਲਾਂ ਬ੍ਰਾਹਮਣ ਤੇ ਜੋਗੀ ਲੋਕਾਂ ਨੂੰ ਧਾਰਮਿਕ ਨੇਤਾ ਸਮਝਿਆ ਜਾਂਦਾ ਤੇ ਇਹ ਲੋਕ ਵਿਹਲੜ ਸਨ ਅਤੇ ਲੋਕਾਂ ਦੀ ਕਿਰਤ ਕਮਾਈ ਦੇ ਆਸਰੇ ਮੌਜਾਂ ਲੁਟਦੇ ਸਨ। ਮੁਗਲ ਰਾਜ ਅੰਦਰ ਕਾਜ਼ੀ, ਧਾਰਮਿਕ ਨੇਤਾ ਅਤੇ ਨਿਆਕਾਰ ਦੇ ਪਦ ਦਾ ਅਧਿਕਾਰੀ ਸੀ ਅਤੇ ਉਹ ਵੀ ਲੋਕਾਂ ਦੀ ਲੁੱਟ-ਖਸੁੱਟ ਕਰਨ ਲਈ ਜ਼ਿੰਮੇਵਾਰ ਸੀ। ਤਾਹੀਓਂ ਗੁਰੂ ਨਾਨਕ ਸਾਹਿਬ ਨੇ ਇਨ੍ਹਾਂ, ਤਿੰਨ ਤਰ੍ਹਾਂ ਦੇ ਨੇਤਾਵਾਂ ਨੂੰ ਭਾਰਤੀ ਸਮਾਜ ਦੀ ਲੁੱਟ-ਖਸੁੱਟ ਜਾਂ ਉਜਾੜਾ ਕਰਨ ਵਾਲੇ ਆਖਿਆ। ਇਸ ਤੋਂ ਇਕ ਗੱਲ ਸਪੱਸ਼ਟ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਸੱਚੇ ਰੂਪ ਵਿਚ ਧਰਮੀ ਅਤੇ ਲੋਕਾਈ ਦੇ ਦਰਦੀ ਸਨ, ਜਿਨਾਂ ਨੇ ਮੁਗਲ ਰਾਜਿਆਂ ਤੋਂ ਕੋਈ ਭੈ ਨਹੀਂ ਖਾਧਾ।
ੳਹ ਨਿਰਭੈ ਅਤੇ ਨਿਰਵੈਰ ਸਨ। ਅੱਜ ਵੀ ਇਹੀ ਕਸਵਟੀ ਅਪਨਾਈ ਜਾ ਸਕਦੀ ਹੈ ਕਿ ਜੋ ਧਾਰਮਿਕ ਨੇਤਾ ਜਾਂ ਵਿਅਕਤੀ ਹੋਣ ਦਾ ਢੌਂਗ ਕਰਦਾ ਹੋਵੇ, ਦੂਜੇ ਪਾਸੇ ਜ਼ੁਲਮ ਅਤੇ ਜਾਲਮ ਨੂੰ ਦੇਖਕੇ ਕਬੂਤਰ ਵਾਂਗੂੰ ਅੱਖਾਂ ਮੀਟ ਲਵੇ ਜਾਂ ਆਖ ਕਿ ਸੰਤ ਤੇ ਸਾਧ ਲੋਕਾਂ ਦਾ ਕੰਮ ਨਾਮ ਜਪਾਉਣਾ ਹੈ, ਤਾਂ ਸਾਨੂੰ ਅਜੇਹੇ ਲੋਕਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ। ਅਸਲ ਵਿਚ ਧਰਮੀ ਪੁਰਸ਼ ਜਿਥੇ ਨਿਰਵੈਰ ਹੈ, ਉਸ ਦੇ ਨਾਲ ਉਹ ਕਿਸੇ ਪ੍ਰਕਾਰ ਦੇ ਜ਼ੁਲਮ ਤੋਂ ਭੈ ਨਹੀਂ ਖਾਦਾ, ਸਗੋਂ ਜ਼ੁਲਮ ਕਰਨ ਵਾਲੇ ਜ਼ਾਲਮ ਦੇ ਵਿਰੁੱਧ ਡੱਟ ਜਾਂਦਾ ਹੈ।
ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਇਕ ਨਿਰੰਕਾਰ ਤੇ ਰੱਬੀ ਏਕਤਾ ਦੀ ਗੱਲ ਕੀਤੀ। ਉਹ ਦੁਨੀਆ ਦੇ ਪਹਿਲੇ ਪੈਗੰਬਰ ਹੋਏ ਹਨ, ਜਿਨ੍ਹਾਂ ਨੇ ਪੈਗਾਮ ਦਿੱਤਾ ‘ਨਾ ਕੋ ਹਿੰਦੂ ਨਾ ਮੁਸਲਮਾਨ’ ਭਾਵ ਮਾਨਵਤਾ ਅੰਦਰ ਵੰਡੀਆਂ ਨਾ ਪਾਓ ਕਿਉਂਕਿ ਜੇ ਰੰਬ ਇਕ ਹੈ ਤਾਂ ਸਮੁੱਚੀ ਮਾਨਵਤਾ ਵੀ ਇਕ ਹੈ। ਉਨ੍ਹਾਂ ਨੇ ਰੱਬ ਦੀ ਬਹੁਤ ਸੁੰਦਰ ਵਿਆਖਿਆ ਕੀਤੀ। ਰੱਬ ਨਿਰੰਕਾਰ ਹੈ ਭਾਵ ਉਸ ਦਾ ਕੋਈ ਅਕਾਰ ਨਹੀਂ ਤੇ ਉਸ ਨੂੰ ਘੜਿਆ ਜਾ ਸਕਦਾ ਹੈ। ਉਹ ਕਦੀ ਵੀ ਇਨਸਾਨੀ ਰੂਪ ਵਿਚ ਜਨਮ ਨਹੀਂ ਲੈਂਦਾ।
ਸਾਧੂ ਟੀ ਐਲ ਵਾਸਵਾਨੀ ਲਿਖਦੇ ਹਨ ਕਿ ਜਦੋਂ ਗੁਰੂ ਨਾਨਕ ਸਾਹਿਬ ਸੰਸਾਰ ਵਿਚ ਆਏ, ਉਸ ਵਕਤ ਭਾਰਤੀ ਮਾਜ ਅੰਦਰ ਹਨੇਰਗਰਦੀ ਸੀ। ਇਕ ਹੋਰ ਵਿਦਵਾਨ ਡਾਕਟਰ ਗੋਕਲ ਚੰਦ ਨਾਰੰਗ ਆਖ ਰਹੇ ਹਨ ਕਿ ਪੰਜਾਬ ਵਿਚ ਹਿੰਦੂਆਂ ਦੀ ਸਥਿਤੀ ਤਰਸਯੋ ਸੀ। ਅਸਲ ਵਿਚ ਲੋਕ ਕੁਝ ਕਰਮ ਕਾਂਡਾਂ ਨੂੰ ਹੀ ਧਰਮ ਸਮਝਦੇ ਸਨ, ਜਿਵੇਂ ਖਾਣ ਪੀਣ ਸਬੰਧੀ ਭਰਮ, ਜਾਂ ਤੀਰਥਾਂ ‘ਤੇ ਇਸ਼ਨਾਨ ਕਰਨਾ, ਮੱਥੇ ‘ਤੇ ਤਿਲਕ ਲਗਾ ਲੈਣਾ, ਬੁੱਤਾਂ ਦੀ ਪੂਜੀ ਕਰਨੀ। ਕੁਝ ਅਸਥਾਨਾਂ ਨੂੰ ਪਵਿੱਤਰ ਮੰਨਕੇ ਤੀਰਥ ਯਾਤਰਾ ਕਰਨੀ, ਮਰਨ, ਜਨਮ ਤੇ ਵਿਆਹ ਸਬੰਧੀ ਰਮਸਾਂ ਕਰਨੀਆਂ ਅਤੇ ਬ੍ਰਾਹਮਣ ਦੀ ਸਰਦਾਰੀ ਕਬੂਲਕੇ ਉਸ ਨੂੰ ਦਾਨ ਦੇਣਾ ਵੀ ਪਵਿੱਤਰ ਕਰਮ ਸਮਝਿਆ ਜਾਂਦਾ ਸੀ। ਦੂਜੇ ਪਾਸੇ ਵਿਦੇਸ਼ੀ ਹਮਲਾਵਰਾਂ ਨੇ ਲੋਕਾਂ ਦਾ ਜੀਵਨ ਨਰਕ ਬਣਾ ਦਿੰਤਾ ਸੀ ਤੇ ਲੋਕ ਮਾਨਸਿਕ ਤੌਰ ‘ਤੇ ਗੁਲਾਮ ਸਨ।
ਗੁਰੂ ਨਾਨਕ ਸਾਹਿਬ ਨੇ ਸਭ ਤੋਂ ਪਹਿਲਾਂ ਜਾਤ-ਪਾਤ ਤੇ ਵਰਣ ਵੰਡ ਨੂੰ ਭੰਡਿਆ। ਊਚ ਨੀਚ ਦੇ ਸੰਕਲਪ ਨੂੰ ਅਪ੍ਰਵਾਣ ਕੀਤਾ।
ਸਭੁ ਕੋ ਊਚਾ ਆਖੀਐ ਨੀਚੁ ਨਾ ਦੀਸੈ ਕੋਇ॥
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ॥
(ਪੰਨਾ 62)
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹ ਬਤਾਇ॥
ਸਾ ਜਾਤਿ ਸਾਪਤਿ ਹੈ ਜੇਹੇ ਕਰਮ ਕਮਾਇ॥
(ਪੰਨਾ 1330)
ਜਿਥੇ ਸਮਾਜ ਅੰਦਰ ਵਰਦ ਵੰਡ ਨਾਲ ਏਕਤਾ ਦੀ ਥਾਂ ਅਨੇਕਤਾ ਸੀ। ਉਥੇ ਲਿੰਗ ਵਿਤਕਰਾ ਵੀ ਪੂਰਾ ਸੀ। ਇਸਤਰੀ ਜਾਤੀ ਦੀ ਦੁਰਦਸ਼ਾ ਸੀ, ਉਸ ਨੂੰ ਸਮਾਜ ਵਿਚ ਨੀਵਾਂ ਦਰਜਾ ਦਿੱਤਾ ਗਿਆ ਸੀ ਅਤੇ ਅਨੇਕਾਂ ਅਧਿਕਾਰਾਂ ਤੋਂ ਵਾਂਝਾ ਕੀਤਾ ਗਿਆ ਸੀ। ਗੁਰੂ ਸਾਹਿਬ ਨੇ ਇਸਤਰੀ ਵਰਗ ਲਈ ਨਾਅਰਾ ਲਾਇਆ ”ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ। (ਪੰਨਾ 473)
ਜਿਵੇਂ ਪਹਿਲਾਂ ਉਲੇਖ ਕੀਤਾ ਗਿਆ ਹੈ ਕਿ ਲੋਕਾਈ ਅੰਦਰ ਧਰਮ ਪ੍ਰਤੀ ਕੋਈ ਸਪੱਸ਼ਟਤਾ ਨਹੀਂ ਸੀ ਅਤੇ ਪੁਜਾਰੀ ਸ਼੍ਰੇਣੀ ਵੱਲੋਂ ਕਰਮ ਕਾਡਾਂ ਦਾ ਅਜਿਹਾ ਜਾਲ ਵਿਛਾਇਆ ਹੋਇਾ ਸੀ, ਜਿਸ ਵਿਚੋਂ ਨਿਕਲਣਾ ਅਸੰਭਵ ਸੀ। ਗੁਰੂ ਸਾਹਿਬ ਨੇ ਦੱਸਿਆ ਕਿ ਸਾਰੇ ਧਾਰਮਿਕ ਸੰਸਕਾਰ ਪਰਮਾਤਮਾ ਦੇ ਲਈ ਹਨ ਪਰ ਪਰਮਾਤਮਾ ਨੂੰ ਯਾਦ ਕਰਨਾ ਹੀ ਸਭ ਤੋਂ ਉਤਮ ਕਰਮ ਹੈ।
ਕਰਮ ਧਰਮ ਪ੍ਰਭਿ ਮੇਰੈ ਕੀਏ॥
ਨਾਮ ਵਡਾਈ ਸਿਰਿ ਕਰਮਾ ਕੀਏ॥
(ਪੰਨਾ 1345)
ਜੋ ਲੋਕ ਧਰਮ ਦੇ ਭੇਖ ਬਣਾ ਕੇ ਸਮਾਜ ਵਿਚ ਵਿਚਰਦੇ ਸਨ, ਉਹ ਅਸਲ ਵਿਚ ਸੱਚੇ ਧਰਮੀ ਨਹੀਂ। ਵਿਰਲੇ ਹੀ ਲੋਕ ਹਨ ਜੋ ਰੱਬੀ ਯਾਦ ਵਿਚ ਜੁੜਦੇ ਹਨ। ਜਿਹੜੇ ਧਰਮ ਦੇ ਭੇਖ ਅੰਦਰ ਹੰਕਾਰੀ ਹਨ, ਉਹ ਸੱਚ ਦੇ ਨੇੜੇ ਹੀਂ ਢੁੱਕ ਸਕਦੇ, ਪਰ ਜੇਕਰ ਹੰਕਾਰ ਦੂਰ ਹੋ ਜਾਵੇ ਤਾਂ ਸੱਚ ਦੀ ਪ੍ਰਾਪਤੀ ਹੋ ਸਦੀ ਹੈ।
ਹਉਮੈ ਕਰਤ ਭੇਖੀ ਨਹੀਂ ਜਾਨਿਆ॥
ਗੁਰਮੁਤਿ ਭਗਤਿ ਵਿਰਲੇ ਮਨੁ ਮਾਨਿਆ॥
ਹਉ ਹਉ ਕਰਤ ਨਹੀ ਸਚ ਪਾਇਐ।
ਹਉਮੇ ਜਾਇ ਪਰਮ ਪਦੁ ਪਾਇਐ।
(ਪੰਨਾ 226)
ਗੁਰੂ ਸਾਹਿਬ ਵਾਰ ਆਸਾ ਅੰਦਰ ਸਚੇ ਜੀਵਨ ਜਾਂ ਸਚੇ ਮਾਰਗ ਲਈ ਹੋਰ ਸਪਸ਼ਟ ਕਰਦੇ ਹਨ।
”ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿਆ ਕਢੀਐ।
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ॥
ਜਾ ਰਹਣਾ ਨਾਹੀ ਐਤੁ ਜਗਿ ਤਾ ਕਾਇਤ ਗਾਰਬਿ ਹੰਢੀਐ॥
ਮੰਦਾ ਕਿਸੇ ਨ ਆਖੀਐ ਪੜਿ ਅਖਰੁ ਏਹੋ ਬੁਝੀਐ॥
ਮੁਰਖੈ ਨਾਲਿ ਨ ਲੁਝੀਐ॥” (ਪੰਨਾ 473)
ਗੁਰੂ ਸਾਹਿਬ ੇ ਲਕੋਈ ਨੂੰ ਪੁਜਾਰੀਆਂ ਦੇ ਕਰਮ ਕਾਂਡਾਂ ਤੋਂ ਮੁਕਤ ਕਰਾਉਣ ਲਈ ਸੱਚੇ ਧਰਮ ਦੀ ਅਿਵਾਖਿਆ ਦ੍ਰਿੜ ਕਰਾਈ। ਹਰ ਇਕ ਨੂੰ ਸ਼ੁਭ ਕਰਮ ਕਰਨ ਲਈ ਪ੍ਰੇਰਿਆ ਅਤੇ ਜੇਕਰ ਮਨੁੱਖ ਦਾ ਹਿਰਦਾ ਸ਼ੁੱਧ ਹੋ ਕੇ ਸ਼ੁਭ ਕਰਮ ਕਰੇ, ਉਹੀ ਸੱਚਾ ਧਰਮ ਹੈ ਬਾਕੀ ਕਰਮ ਕਾਂਡ ਸਭ ਪਾਖੰਡ ਹਨ ਅਤੇ ਅਜੇਹੇ ਕਰਮ ਕਰਨ ਦਾ ਕੋਈ ਲਾਹਾ ਨਹੀਂ।
ਹਿਰਦੈ ਸਚੁ ਏਹ ਕਰਣੀ ਸਾਰੁ॥
ਹੋਰੁ ਸਭੁ ਪਾਖੰਡੁ ਪੂਜ ਖੁਆਰੁ॥ (ਪੰਨਾ 1343)
ਗੁਰੂ ਨਾਨਕ ਸਾਹਿਬ ਨੇ ਧਾਰਮਕ ਨੇਤਾਵਾਂ ਨਾਲ ਗੋਸ਼ਟੀ ਕਰਕੇ ਉਨ੍ਹਾਂ ਨੂੰ ਵੀ ਸੱਚੇ ਮਾਰਗ ਦੀ ਸੋਝੀ ਕਰਾਈ। ਜੋਗੀਆਂ ਨੂੰ ਜੋਗ ਬਾਰੇ ਵਿਚਾਰ ਚਰਚਾ ਕਰਕੇ ਸੱਚੇ ਜੋਗ ਦਾ ਮਾਰਗ ਦੱਸਿਆ। ਕਾਜੀ, ਬ੍ਰਾਹਮਣ ਤੇ ਮੁਸਲਮਾਨ ਨੂੰ ਘਰਮ ਦੇ ਮਾਰਗ ਦੀ ਸਪੱਸ਼ਟਤਾ ਦੱਸੀ।
ਸੋ ਜੋਗੀ ਜੋ ਜੁਗਤਿ ਪਛਾਣੈ॥ ਗੁਰ ਪਰਸਾਦੀ ਏਕੋ ਜਾਣੈ॥
ਕਾਜੀ ਸੋ ਜੋ ਉਲਟੀ ਕਰੈ॥ ਗੁਰ ਪਰਸਾਦੀ ਜੀਵਤ ਮਰੈ॥
ਸੋ ਬ੍ਰਾਹਮਣ ਜੋ ਬ੍ਰਾਹਮ ਬੀਚਾਰੈ॥ ਆਪ ਤਰੈ ਸਗਲੇ ਕੁਲ ਤਾਰੈ॥
ਦਾਨਬਸੰਦੁ ਸੋਈ ਦਿਲਿ ਧੋਵੈ॥ ਮੁਸਲਮਾਨ ਸੋਈ ਮਲ ਖੋਵੈ॥
ਪੜਿਆ ਬੂਝੇ ਸੋ ਪਰਵਾਣ॥ ਜਿਸੁ ਸਿਰਿ ਦਰਗਹ ਕਾ ਨੀਸਾਣੁ॥
(ਪੰਨਾ 662)
ਅੱਜ ਸਾਨੂੰ ਲੋੜ ਹੈ, ਗੁਰਮਤਿ ਦੇ ਸਹੀ ਮਾਰਗ ਨੂੰ ਸਮਝਕੇ ਆਪਣੇ ਜੀਵਨ ਤੇ ਘਟਾਈਐ। ਕਦੇ ਇਹ ਨਾ ਸਮਝ ਲਈਏ ਕਿ ਗੁਰੂ ਨਾਨਕ ਸਾਹਿਬ ਜੋਗੀਆਂ, ਕਾਜੀਆਂ, ਬਿਪਰ ਪੁਜਾਰੀਆਂ ਜਾਂ ਮੁਸਲਮਾਨਾਂ ਨੂੰ ਹੀ ਸੰਦੇਸ਼ ਦੇ ਰਹੇ ਹਨ, ਉਨ੍ਹਾਂ ਦਾ ਸੰਦਸ਼ ਸਰਬ ਲੋਕਾਈ ਲਈ ਹੈ। ਜਿਥੇ ਉਨ੍ਹਾਂ ਨੇ ਰੱਬੀ ਏਕਤਾ ਤੇ ਏਕਤ ਮਾਨਵਤਾ ਦੀ ਗੱਲ ਕੀਤੀ, ਉਥੇ ਧਰਮ ਦੀ ਕਿਰਤ ਕਰਨੀ ਅਤੇ ਵੰਡ ਛਕਣ ਦੇ ਉਚ ਸਿਧਾਂਤਾਂ ਨੂੰ ਪੁਚਾਰਿਆ। ਮਨੁੱਖਤਾ ਦੀ ਸੇਵਾ ਨੂੰ ਮਹਾਨ ਦੱਸਿਆ।
”ਵਿਚ ਦੁਨੀਆ ਸੇਵ ਕਮਾਈਐ”
ਤਾਂ ਦਰਗਹ ਬੈਸਣੁ ਪਾਈਐ॥
(ਪੰਨਾ 26)
ਇਸ ਦੇ ਨਾਲ ਹੀ ਆਖਦੇ ਹਨ ਕਿ
ਬਿਨ ਸੇਵ ਫਲੁ ਕਬਹੁ ਨ ਪਾਵਸਿ,
ਸੇਵਾ ਕਰਨੀ ਸਾਰੀ॥ (ਪੰਨਾ 992)
ਇਹ ਸ਼ੁਭ ਕਰਮ ਤਦ ਹੀ ਸੰਭਵ ਹਨ, ਜੇਕਰ ਅਸੀਂ ਉਸ ਰੱਬੀ ਜੋਤਿ ਨੂੰ ਘਟਿ ਘਟਿ ਵਿਚ ਦੇਖਾਂਗੇ ਅਤੇ ਆਪਣੇ ਅੰਦਰ ਹਊਮੈ ਨਾ ਹੋਵੇ ਅਤੇ ਮਿਠਾਸ ਤੇ ਨਿਮਰਤਾ ਦੇ ਗੁੱਣ ਭਰਪੂਰ ਹੋਵਣ। ਰੱਬੀ ਹੁਕਮ ਨੂੰ ਮੰਨ ਕੇ ਉਸ ਦੀ ਰਜ਼ਾ ਵਿਚ ਵਿਗਸੀਏ। ਸਮੂਹ ਸੰਸਾਰ ਅੰਦਰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨੂੰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ, ਪਰ ਜਿਥੋਂ ਤੱਕ ਉਨ੍ਹਾਂ ਦੇ ਸੰਦੇਸ਼ ਹਨ, ਉਨ੍ਹਾਂ ਨੂੰ ਬਹੁਤ ਘੱਟ ਦ੍ਰਿੜ ਕੀਤਾ ਜਾਂਦਾ ਹੈ। ਆਓ, ਗੁਰੂ ਸਾਹਿਬ ਦੇ ਮਹਾਨ ਫਲਸਫ਼ੇ ਨੂੰ ਖ਼ੁਦ ਅਪਨਾਈਏ ਤੇ ਸਮੂਹ ਲੋਕਾਈ ਨੂੰ ਉਨ੍ਹਾਂ ਦੇ ਮਹਾਨ ਉਪਦੇਸ਼ਾਂ ਤੋਂ ਜਾਣੂੰ ਕਰਾਈਏ।