Thursday, November 21, 2024
6.6 C
Vancouver

ਵਧ ਰਿਹਾ ਪ੍ਰਦੂਸ਼ਣ ਮਨੁੱਖੀ ਸਿਹਤ ਲਈ ਖ਼ਤਰਾ

 

ਲਿਖਤ : ਪ੍ਰਸ਼ੋਤਮ ਬੈਂਸ, 98885 – 09053
ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਹਵਾ ਵਿੱਚ ਪ੍ਰਦੂਸ਼ਣ ਦੀ ਮਾਤਰਾ ਵਧਣੀ ਸ਼ੁਰੂ ਹੋ ਜਾਂਦੀ ਹੈ। ਹਵਾ ਵਿੱਚ ਪ੍ਰਦੂਸ਼ਣ ਦਾ ਪੱਧਰ ਵਧਣ ਦਾ ਕਾਰਨ ਅਕਸਰ ਅਕਤੂਬਰ-ਨਵੰਬਰ ਮਹੀਨਿਆਂ ਦੌਰਾਨ ਕਿਸਾਨਾਂ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਉਸ ਦੀ ਰਹਿੰਦ ਖੂੰਹਦ (ਪਰਾਲੀ) ਨੂੰ ਅੱਗ ਲਗਾ ਕੇ ਸਾੜਨ ਨੂੰ ਹੀ ਮੰਨਿਆ ਜਾਂਦਾ ਹੈ ਪਰ ਇਸਦੇ ਨਾਲ ਹੀ ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਦਿਨਾਂ ਵਿੱਚ ਹਵਾ ਦੀ ਗਤੀ ਘਟ ਜਾਂਦੀ ਹੈ ਅਤੇ ਠੰਢ, ਧੁੰਦ ਅਤੇ ਤਰੇਲ ਕਾਰਨ ਧੂੰਆਂ ਧਰਤੀ ਦੇ ਤਲ ਤੋਂ ਜ਼ਿਆਦਾ ਉੱਪਰ ਨਹੀਂ ਉੱਠਦਾ ਅਤੇ ਹੇਠਲੇ ਤਲ ‘ਤੇ ਹੀ ਜਮ੍ਹਾਂ ਹੁੰਦਾ ਰਹਿੰਦਾ ਹੈ। ਕਾਰਨ ਕੋਈ ਵੀ ਹੋਣ ਅਤੇ ਮੌਸਮ ਕੋਈ ਵੀ ਹੋਵੇ, ਪ੍ਰਦੂਸ਼ਣ ਭਾਵੇਂ ਹਵਾ ਪ੍ਰਦੂਸ਼ਣ ਹੋਵੇ, ਸ਼ੋਰ ਪ੍ਰਦੂਸ਼ਣ ਹੋਵੇ ਜਾਂ ਜਲ ਪ੍ਰਦੂਸ਼ਣ ਹੋਵੇ, ਮਨੁੱਖੀ ਸਿਹਤ ਲਈ ਹਮੇਸ਼ਾ ਖਤਰਨਾਕ ਸਾਬਤ ਹੋਇਆ ਹੈ। ਭਾਵੇਂ ਇਸਦਾ ਬੁਰਾ ਪ੍ਰਭਾਵ ਹਰ ਉਮਰ ਦੇ ਮਨੁੱਖਾਂ, ਜੀਵ ਜੰਤੂਆਂ, ਪਸ਼ੂ-ਪੰਛੀਆਂ ਅਤੇ ਬਨਸਪਤੀ ‘ਤੇ ਵੀ ਪੈਂਦਾ ਹੈ ਪਰ ਜ਼ਿਆਦਾਤਰ ਬਜ਼ੁਰਗ ਅਤੇ ਬੱਚੇ ਇਸਦੀ ਲਪੇਟ ਵਿੱਚ ਜਲਦੀ ਆ ਜਾਂਦੇ ਹਨ।
ਹਵਾ ਪ੍ਰਦੂਸ਼ਣ ਨਾਲ ਉਨ੍ਹਾਂ ਵਿੱਚ ਸਾਹ ਦੀਆਂ ਬਿਮਾਰੀਆਂ ਅਤੇ ਚਮੜੀ ਦੇ ਰੋਗ ਆਦਿ ਪੈਦਾ ਹੋ ਜਾਂਦੇ ਹਨ। ਜਲ ਪ੍ਰਦੂਸ਼ਣ ਪੇਟ ਦੀਆਂ ਜਾਨਲੇਵਾ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ। ਸ਼ੋਰ ਪ੍ਰਦੂਸ਼ਣ ਨਾਲ ਮਨੁੱਖ ਦੀ ਸੁਣਨ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਭਾਵੇਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਅਦਾਲਤਾਂ ਵੱਲੋਂ ਕੀਤੇ ਗਏ ਫੈਸਲਿਆਂ ਦਾ ਹਵਾਲਾ ਦੇ ਕੇ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਦੇਸ਼ ਵਿੱਚ ਪ੍ਰਦੂਸ਼ਣ ਦੀ ਰੋਕਥਾਮ ਲਈ ਮਨਾਹੀ ਦੇ ਹੁਕਮ ਜਾਰੀ ਕਰਦੀਆਂ ਹਨ ਪਰ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਵਾਲੇ ਸੰਬੰਧਿਤ ਵਿਭਾਗਾਂ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਜਨਤਾ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰ ਕੇ ਆਪਣੇ ਪੈਰ ਆਪ ਕੁਹਾੜੀ ਮਾਰਨ ਦਾ ਕੰਮ ਕਰਦੀ ਹੈ ਅਤੇ ਪ੍ਰਦੂਸ਼ਿਤ ਹਵਾ ਵਿੱਚ ਸਾਹ ਲੈ ਕੇ ਆਪਣੇ ਆਪ ਲਈ ਜਾਨਲੇਵਾ ਬਿਮਾਰੀਆਂ ਸਹੇੜਦੀ ਹੈ ਜਦੋਂਕਿ ਇਹ ਹੁਕਮ ਲੋਕਾਂ ਦੀ ਭਲਾਈ ਲਈ ਹੀ ਜਾਰੀ ਕੀਤੇ ਜਾਂਦੇ ਹਨ। ਮਨਾਹੀ ਦੇ ਬਾਵਜੂਦ ਕਿਸਾਨਾਂ ਵੱਲੋਂ ਖੇਤਾਂ ਵਿੱਚ ਫਸਲਾਂ ਦੀ ਰਹਿੰਦ ਖੂੰਹਦ ਨੂੰ ਸਾੜਿਆ ਜਾਂਦਾ ਹੈ। ਦੀਵਾਲੀ ਅਤੇ ਹੋਰ ਖੁਸ਼ੀ ਦੇ ਮੌਕਿਆਂ ‘ਤੇ ਧੜੱਲੇ ਨਾਲ ਪਟਾਕੇ ਚਲਾਏ ਜਾਂਦੇ ਹਨ। ਫੈਕਟਰੀਆਂ ਅਤੇ ਹੋਰ ਉਦਯੋਗਿਕ ਇਕਾਈਆਂ ਦਾ ਦੂਸ਼ਿਤ ਪਾਣੀ ਕੁਦਰਤ ਦੇ ਸਵੱਛ ਜਲ ਸਰੋਤਾਂ ਵਿੱਚ ਸ਼ਰੇਆਮ ਪਾਇਆ ਜਾ ਰਿਹਾ ਹੈ ਅਤੇ ਮਨਾਹੀ ਦੇ ਬਾਵਜੂਦ ਲੋਕ ਟਰੈਕਟਰਾਂ ‘ਤੇ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਸੜਕਾਂ ਅਤੇ ਗਲੀਆਂ ਵਿੱਚ ਚੱਲਦੇ ਹਨ, ਗੱਡੀਆਂ ਦੇ ਹਾਰਨ ਵਜਾਉਂਦੇ ਹਨ, ਮੰਦਰਾਂ, ਗੁਰਦਵਾਰਿਆਂ, ਸੰਸਕ੍ਰਿਤਕ, ਸੱਭਿਆਚਾਰਕ ਅਤੇ ਹੋਰ ਧਾਰਮਿਕ ਸਮਾਗਮਾਂ ਵਿੱਚ ਉੱਚੀ ਆਵਾਜ਼ ਵਿੱਚ ਲਾਊਡ ਸਪੀਕਰ ਬਜਾਏ ਜਾਂਦੇ ਹਨ।
ਸਰਕਾਰਾਂ ਵੱਲੋਂ ਜਾਰੀ ਕੀਤੇ ਜਾਂਦੇ ਹੁਕਮਾਂ ਨੂੰ ਜ਼ਮੀਨੀ ਪੱਧਰ ‘ਤੇ ਲਾਗੂ ਕਰਨ ਲਈ ਜਿੱਥੇ ਸੰਬੰਧਿਤ ਵਿਭਾਗਾਂ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਉੱਥੇ ਲੋਕਾਂ ਨੂੰ ਵੀ ਸਭ ਦੀ ਭਲਾਈ ਲਈ ਸਰਕਾਰਾਂ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਹਵਾ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਸਾੜਨਾ ਬੰਦ ਕੀਤਾ ਜਾਵੇ ਅਤੇ ਧਰਤੀ ਨੂੰ ਹਰਿਆ ਭਰਿਆ ਬਣਾਉਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਦੀਵਾਲੀ ਅਤੇ ਹੋਰ ਖੁਸ਼ੀ ਦੇ ਮੌਕਿਆਂ ‘ਤੇ ਪਟਾਕੇ ਨਾ ਵਜਾ ਕੇ ਜਿੱਥੇ ਅਸੀਂ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾ ਸਕਦੇ ਹਾਂ, ਉੱਥੇ ਹੀ ਸ਼ੋਰ ਸ਼ਰਾਬੇ ਤੋਂ ਵੀ ਬਚਿਆ ਜਾ ਸਕਦਾ ਹੈ। ਇਸਦੇ ਨਾਲ ਹੀ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਫੈਕਟਰੀਆਂ ਅਤੇ ਹੋਰ ਉਦਯੋਗਿਕ ਇਕਾਈਆਂ ਦਾ ਦੂਸ਼ਿਤ ਪਾਣੀ ਕੁਦਰਤੀ ਸਵੱਛ ਜਲ ਸਰੋਤਾਂ ਵਿੱਚ ਨਾ ਪਾਇਆ ਜਾਵੇ। ਅਜਿਹਾ ਕਰ ਕੇ ਅਸੀਂ ਸ਼ੁੱਧ ਵਾਤਾਵਰਣ ਦੀ ਸਿਰਜਣਾ ਕਰ ਕੇ ਆਪਣੇ ਆਪ ਨੂੰ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਭਿਆਨਕ ਜਾਨਲੇਵਾ ਬਿਮਾਰੀਆਂ ਤੋਂ ਬਚਾ ਸਕਦੇ ਹਾਂ।