ਸਰੀ, (ਹਰਦਮ ਮਾਨ): ਬੀਸੀ ਕੰਸਰਵੇਟਿਵ ਪਾਰਟੀ ਦੇ ਆਗੂ ਜੋਹਨ ਰਸਟਿਡ, ਐਮਐਲਏ ਮਨਦੀਪ ਧਾਲੀਵਾਲ (ਸਰੀ ਨੌਰਥ) ਅਤੇ ਐਮਐਲਏ ਬਰਾਇਨ ਟੈਪਰ (ਸਰੀ ਪੈਨੋਰਮਾ) ਨੇ ਦਿਵਾਲੀ ਦੇ ਮੌਕੇ ਤੇ ਸਰੀ ਦੇ ਵੱਖ ਵੱਖ ਗੁਰਦੁਆਰਿਆਂ ਵਿੱਚ ਨਤਮਸਤਕ ਹੋ ਕੇ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਬਾਦ ਦਿੱਤੀ।
ਜੋਹਨ ਰਸਟਿਡ ਦੀ ਅਗਵਾਈ ਵਿੱਚ ਇਹ ਆਗੂ ਸਭ ਤੋਂ ਪਹਿਲਾਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉੱਥੋਂ ਦੀ ਸੰਗਤ ਨਾਲ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਬਰੁੱਕਸਾਈਡ, ਸ੍ਰੀ ਲਕਸ਼ਮੀ ਨਰਾਇਣ ਮੰਦਰ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਵਿਖੇ ਇਹਨਾਂ ਆਗੂਆਂ ਨੇ ਮੱਥਾ ਟੇਕਿਆ, ਦੀਪਮਾਲਾ ਕੀਤੀ ਅਤੇ ਸੰਗਤ ਨੂੰ ਮਿਲ ਕੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ।
ਆਪਣੇ ਵਧਾਈ ਸੰਦੇਸ਼ ਵਿਚ ਜੋਹਨ ਰਸਟਿਡ ਨੇ ਕਿਹਾ ਕਿ ਦੀਵਾਲੀ ਇਕ ਪਵਿੱਤਰ ਤਿਉਹਾਰ ਹੈ। ਇਸ ਦੀ ਧਾਰਮਿਕ ਮਹੱਤਤਾ ਦੇ ਨਾਲ਼ ਨਾਲ਼ ਸਮਾਜਿਕ ਪੱਖ ਤੋਂ ਬੜੀ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਦੀਵਾਲੀ ਵਾਲੇ ਦਿਨ ਹੀ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਗੋਬਿੰਦ ਸਾਹਿਬ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ ‘ਚੋਂ 52 ਰਾਜਿਆਂ ਨਾਲ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ। ਉਨਾਂ ਦੇ ਘਰ ਆਉਣ ਦੀ ਖੁਸ਼ੀ ਵਿਚ ਹਰ ਪਾਸੇ ਦੀਵੇ ਬਾਲ਼ ਕੇ ਰੌਸ਼ਨੀ ਕੀਤੀ ਗਈ ਸੀ ਅਤੇ ਨਿਆਂ ਦੀ ਜਿੱਤ ਦਾ ਜਸ਼ਨ ਮਨਾਏ ਗਏ ਸਨ। ਮਨਦੀਪ ਧਾਲੀਵਾਲ ਅਤੇ ਬਰਾਇਨ ਟੈਪਰ ਨੇ ਸਮੂਹ ਪੰਜਾਬੀ ਭਾਈਚਾਰੇ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਅਸੈਂਬਲੀ ਚੋਣਾਂ ਵਿਚ ਸਹਿਯੋਗ ਦੇਣ ਲਈ ਸਭਨਾਂ ਦਾ ਧੰਨਵਾਦ ਕੀਤਾ।