Tuesday, December 3, 2024
1.5 C
Vancouver

ਬਦਲਦੇ ਮੌਸਮ

 

ਲੇਖਕ : ਅਮਨਦੀਪ ਸਿੰਘ
ਸੰਪਰਕ: +1-508-243-8846
”ਸਾਡੇ ਲਈ ਧਰਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਅਸੀਂ ਨਵੀਂ ਧਰਤੀ ਨਹੀਂ ਖ਼ਰੀਦ ਸਕਦੇ!” ૶ ਪੀ.ਜੇ. ਹੋਮਜ਼, ਇੱਕ 8 ਸਾਲ ਦਾ ਬੱਚਾ ਇਹ ਕਹਿ ਰਿਹਾ ਹੈ। ਫਿਰ ਗੱਲ ਪਿੱਛੋਂ ਤੁਰਦੀ ਹੈ।
ਮਨੁੱਖਾਂ ਦੀ ਅਣਗਹਿਲੀ ਤੇ ਦੁਰਵਰਤੋਂ ਨਾਲ ਧਰਤੀ ਦਾ ਜਲਵਾਯੂ ਬਦਲ ਰਿਹਾ ਹੈ ਤੇ ਧਰਤੀ ਦਾ ਤਾਪਮਾਨ ਨਿਰੰਤਰ ਵਧ ਰਿਹਾ ਹੈ ਜਿਸ ਨਾਲ ਧਰਤੀ ਦਿਨੋਂ-ਦਿਨ ਹੋਰ ਗਰਮ ਹੋ ਰਹੀ ਹੈ। ਇਸ ਦਾ ਨਤੀਜਾ ਇਹ ਹੈ ਕਿ ਧਰਤੀ ‘ਤੇ ਹੁਣ ਨਿਰੰਤਰ ਭਿਆਨਕ ਤੂਫ਼ਾਨ, ਵਾਵਰੋਲੇ, ਟਾਈਫੂਨ ਤੇ ਹੜ੍ਹ ਆ ਰਹੇ ਹਨ ਤੇ ਹਰ ਜਗ੍ਹਾ ਖ਼ਤਰਨਾਕ ਗਰਮੀ ਪੈ ਰਹੀ ਹੈ। ਇਹ ਕਹਾਣੀ ਭਵਿੱਖ ਵਿੱਚ ਇੱਕ ਅਜਿਹੇ ਸਮੇਂ ਦੀ ਹੈ ਜਦੋਂ ਮਨੁੱਖ ਤੇ ਧਰਤੀ ਦੇ ਹੋਰ ਜੀਵ ਇਸ ਮਾਰੂ ਵਰਤਾਰੇ ਦਾ ਸ਼ਿਕਾਰ ਹੋ ਕੇ ਲੋਪ ਹੋ ਚੁੱਕੇ ਹਨ। ਕੋਈ ਵੀ ਜੀਵ-ਜੰਤੂ ਨਹੀਂ ਬਚਿਆ। ਸਿਰਫ਼ ਸਮੁੰਦਰ ਵਿਚਲੇ ਕੁਝ ਕੁ ਜੀਵ ਹੀ ਬਚੇ ਹਨ। ਉਨ੍ਹਾਂ ਵਿੱਚੋਂ ਕੁਝ ਵਿਸ਼ਾਲ ਕੇਕੜੇ ਵਰਗੇ ਜੀਵ ਵਿਕਸਤ ਹੋ ਗਏ ਹਨ ਜੋ ਜਲ ਅਤੇ ਥਲ ਦੋਵਾਂ ਵਿੱਚ ਰਹਿ ਸਕਦੇ ਹਨ। ਹੁਣ ਉਨ੍ਹਾਂ ਦਾ ਹੀ ਧਰਤੀ ‘ਤੇ ਰਾਜ ਹੈ। ਉਹ ਸਮੁੰਦਰ ਤੱਟਾਂ ‘ਤੇ ਵਿਸ਼ਾਲ ਤਿਤਲੀਆਂ ਦੇ ਮਗਰ ਤੁਰਦੇ ਹਨ ਤੇ ਉਨ੍ਹਾਂ ਦਾ ਸ਼ਿਕਾਰ ਕਰਕੇ ਆਪਣਾ ਪੇਟ ਭਰਦੇ ਹਨ। ਬਹੁਤ ਸਾਰੀ ਧਰਤੀ ਸਿਰਫ਼ ਆਮ ਜਿਹੀ ਕਾਈ ਨਾਲ ਢਕੀ ਹੋਈ ਹੈ। ਧਰਤੀ ਦੀ ਦਸ਼ਾ ਬਹੁਤ ਖ਼ਰਾਬ ਹਾਲਤ ਵਿੱਚ ਹੈ। ਅਜੇ ਵੀ ਨਿਰੰਤਰ ਮੌਸਮ ਬਦਲਦੇ ਹਨ ૶ ਕਦੇ ਮੀਂਹ-ਝੱਖੜ ਤੇ ਕਦੇ ਅੱਤ ਦੀ ਗਰਮੀ!
ਰਾਤ ਦਾ ਸਮਾਂ ਹੈ। ਚਾਰੇ ਪਾਸੇ ਸੁੰਨਮਸਾਨ ਪਸਰੀ ਹੋਈ ਹੈ। ਸਮੁੰਦਰ ਤੱਟ ‘ਤੇ ਲਹਿਰਾਂ ਦਾ ਸ਼ੋਰ ਵੀ ਮੱਠਾ ਪੈ ਗਿਆ ਹੈ। ਪੰਛੀਆਂ ਦੀਆ ਆਵਾਜ਼ਾਂ ਵੀ ਨਹੀਂ ਆ ਰਹੀਆਂ, ਇਸ ਕਰਕੇ ਨਹੀਂ ਕਿ ਉਹ ਆਪਣੇ ਆਲ੍ਹਣਿਆਂ ਨੂੰ ਵਾਪਸ ਮੁੜ ਗਏ ਹਨ, ਸਗੋਂ ਇਸ ਕਰਕੇ ਕਿ ਕੋਈ ਪੰਛੀ ਬਚਿਆ ਹੀ ਨਹੀਂ। ਇੱਕ ਪਾਸੇ ਤੱਟ ‘ਤੇ ਥੋੜ੍ਹੀ ਹਲਚਲ ਹੋ ਰਹੀ ਹੈ। ਛੋਟੇ-ਛੋਟੇ ਕੇਕੜੇ ਇੱਕ ਵਿਸ਼ਾਲ ਕੇਕੜੇ ਦੇ ਦੁਆਲੇ ਇਕੱਠੇ ਹੋ ਰਹੇ ਹਨ।
”ਦਾਦੀ ਮਾਂ, ਸਾਨੂੰ ਨੀਂਦ ਨਹੀਂ ਆ ਰਹੀ। ਕੋਈ ਬਾਤ ਤਾਂ ਪਾਵੋ।” ਉਨ੍ਹਾਂ ਵਿੱਚੋਂ ਇੱਕ ਕੇਕੜਾ ਬੋਲਦਾ ਹੈ।
ਵਿਸ਼ਾਲ ਕੇਕੜਾ ਕਹਿੰਦਾ ਹੈ, ”ਠੀਕ ਹੈ ਬੱਚਿਓ, ਅੱਜ ਮੈਂ ਤੁਹਾਨੂੰ ਮਨੁੱਖਾਂ ਦੀ ਕਹਾਣੀ ਸੁਣਾਉਂਦੀ ਹਾਂ।”
”ਇਹ ਮਨੁੱਖ ਕੌਣ ਹੁੰਦੇ ਹਨ?”
”ਬਹੁਤ ਸਦੀਆਂ ਪਹਿਲਾਂ ਸਾਡੀ ਧਰਤੀ ‘ਤੇ ਮਨੁੱਖਾਂ ਦਾ ਰਾਜ ਸੀ। ਉਨ੍ਹਾਂ ਨੇ ਬਹੁਤ ਤਰੱਕੀ ਕੀਤੀ। ਪੱਥਰ ਯੁੱਗ ਤੋਂ ਲੈ ਕੇ ਆਧੁਨਿਕ ਯੁੱਗ ਤੱਕ ਤਰ੍ਹਾਂ-ਤਰ੍ਹਾਂ ਦੇ ਸਾਜ਼ੋ-ਸਾਮਾਨ ਬਣਾਏ। ਪਹਿਲਾਂ-ਪਹਿਲ ਉਨ੍ਹਾਂ ਦਾ ਜੀਵਨ ਸਾਦਾ ਸੀ, ਪਰ ਯੁੱਗਾਂ ਦੇ ਬਦਲਣ ਨਾਲ ਉਨ੍ਹਾਂ ਦਾ ਜੀਵਨ ਗੁੰਝਲਦਾਰ ਬਣਦਾ ਗਿਆ। ਉਨ੍ਹਾਂ ਦੀ ਆਬਾਦੀ ਵੀ ਵਧਦੀ ਗਈ ਤੇ ਉਨ੍ਹਾਂ ਦੀ ਭੁੱਖ ਵੀ। ਉਹ ਇੱਕ ਦੂਜੇ ਤੋਂ ਖੋਹ ਕੇ ਖਾਣ ਲੱਗੇ। ਲੜਾਈਆਂ-ਮਾਰਕੁਟਾਈਆਂ ਕਰ ਕੇ ਇੱਕ ਦੂਜੇ ਨੂੰ ਮਾਰਨ ਲੱਗੇ। ਉਹ ਜੀਵਨ ਦੀ ਕਦਰ ਭੁੱਲ ਗਏ। ਉਹ ਜੰਗਲ ਵੱਢਣ ਲੱਗੇ ਤੇ ਜੰਗਲ ਖ਼ਤਮ ਹੋਣੇ ਸ਼ੁਰੂ ਹੋ ਗਏ। ਉਨ੍ਹਾਂ ਕਰਕੇ ਬਹੁਤ ਸਾਰੇ ਜੀਵ-ਜੰਤੂ ਲੋਪ ਹੋ ਗਏ। ਅਜਿਹਾ ਵਰਤਾਰਾ ਕਈ ਯੁੱਗਾਂ ਤੱਕ ਚੱਲਦਾ ਰਿਹਾ, ਪਰ ਫਿਰ ਇਕਦਮ ਬਹੁਤ ਜਲਦੀ ਤਬਦੀਲੀ ਆਉਣੀ ਸ਼ੁਰੂ ਹੋ ਗਈ ਜਦੋਂ ਮਨੁੱਖਾਂ ਨੇ ਕਾਰਖਾਨੇ ਲਗਾਉਣੇ ਸ਼ੁਰੂ ਕੀਤੇ। ਜੈਵਿਕ ਬਾਲਣ ૶ ਕੋਲਾ, ਪੈਟਰੋਲ ਤੇ ਗੈਸ ਆਦਿ ਵਰਤਣ ਨਾਲ ਇੱਕ ਸਦੀ ਦੇ ਅੰਦਰ-ਅੰਦਰ ਹੀ ਧਰਤੀ ਦਾ ਤਾਪਮਾਨ ਇੱਕ ਡਿਗਰੀ ਤੋਂ ਵੀ ਵਧ ਗਿਆ।”
”ਕੀ ਇੱਕ ਡਿਗਰੀ ਤਾਪਮਾਨ ਦਾ ਵਧਣਾ ਨੁਕਸਾਨਦੇਹ ਹੈ?” ਇੱਕ ਹੁਸ਼ਿਆਰ ਕੇਕੜਾ ਬੋਲਿਆ।
”ਤੁਹਾਨੂੰ ਲੱਗੇਗਾ ਕਿ ਧਰਤੀ ਦੇ ਤਾਪਮਾਨ ਦਾ ਇੱਕ ਡਿਗਰੀ ਵਧਣਾ ਤਾਂ ਕੁਝ ਵੀ ਨਹੀਂ, ਪਰ ਪੂਰੀ ਧਰਤੀ ਦਾ ਤਾਪਮਾਨ ਕਿਸੇ ਖੇਤਰ ਦੇ ਆਮ ਤਾਪਮਾਨ ਤੋਂ ਬਹੁਤ ਅਲੱਗ ਹੁੰਦਾ ਹੈ। ਉਹ ਇਸ ਗੱਲ ਉਤੇ ਬਹੁਤ ਨਿਰਭਰ ਕਰਦਾ ਹੈ ਕਿ ਧਰਤੀ ਨੇ ਸੂਰਜ ਤੋਂ ਕਿੰਨੀ ਤਪਿਸ਼ ਲਈ ਹੈ ਤੇ ਕਿੰਨੀ ਵਾਪਸ ਪੁਲਾੜ ਵਿੱਚ ਛੱਡੀ ਹੈ। ਧਰਤੀ ਦਾ ਤਾਪਮਾਨ ਤਕਰੀਬਨ ਸਥਿਰ ਰਹਿੰਦਾ ਹੈ। ਜੇ ਧਰਤੀ ਵਾਯੂਮੰਡਲ ਵਿੱਚ ਜ਼ਿਆਦਾ ਕਾਰਬਨ ਡਾਇਆਕਸਾਈਡ ਗੈਸ ਹੋਣ ਕਰਕੇ ਘੱਟ ਤਪਿਸ਼ ਵਾਪਸ ਪੁਲਾੜ ਵਿੱਚ ਛੱਡਦੀ ਹੈ ਤਾਂ ਉਸ ਦਾ ਤਾਪਮਾਨ ਇੱਕ-ਇੱਕ ਡਿਗਰੀ ਵਧਦਾ ਜਾਵੇਗਾ। ”ਇੱਕ ਡਿਗਰੀ ਵਾਧਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਧਰਤੀ ਦੇ ਸਾਰੇ ਸਮੁੰਦਰਾਂ ਤੇ ਜ਼ਮੀਨ ਨੂੰ ਇੱਕ ਡਿਗਰੀ ਗਰਮ ਕਰਨ ਲਈ ਬਹੁਤ ਜ਼ਿਆਦਾ ਤਾਪਮਾਨ ਚਾਹੀਦਾ ਹੈ। ਇਤਿਹਾਸ ਗਵਾਹ ਹੈ ਕਿ ਆਲਮੀ ਤਾਪਮਾਨ ਵਿੱਚ ਇੱਕ ਡਿਗਰੀ ਦੇ ਘਾਟੇ ਨੇ ਧਰਤੀ ਨੂੰ ਛੋਟੇ ਬਰਫ਼ ਯੁੱਗ ਵਿੱਚ ਧੱਕ ਦਿੱਤਾ ਸੀ, ਪਰ ਉਸ ਥੋੜ੍ਹੇ ਜਿਹੇ ਵਾਧੇ ਨਾਲ ਇੰਨੀ ਗਰਮੀ ਹੋ ਗਈ ਜੋ ਕਿ ਜੀਵਾਂ ਤੇ ਬਨਸਪਤੀ ਦੀ ਸਿਹਤ ਲਈ ਬਹੁਤ ਘਾਤਕ ਸਾਬਤ ਹੋਈ ਜੋ ਕਿ ਅਸੀਂ ਸਭ ਹੁਣ ਵੀ ਦੇਖ ਹੀ ਰਹੇ ਹਾਂ। ਉਸ ਨਾਲ ਪੂਰੀ ਧਰਤੀ ਦੇ ਸਮੁੰਦਰ ਵਿੱਚ ਕੋਰਲ ਰੀਫ਼ ਖਤਮ ਹੋ ਗਈਆਂ। ਧਰਤੀ ਦੇ ਧਰੁਵਾਂ ‘ਤੇ ਬਰਫ਼ ਦੇ ਗਲੇਸ਼ੀਅਰ ਪਿਘਲ ਗਏ। ਗਰਮੀ ਨੇ ਸਭ ਰਿਕਾਰਡ ਤੋੜ ਦਿੱਤੇ। ਅੰਤਾਂ ਦੀ ਗਰਮੀ ਨਾਲ ਜੀਵ-ਜੰਤੂ ਤਾਂ ਕੀ ਮਨੁੱਖ ਵੀ ਮਰਨ ਲੱਗੇ।” ਕਹਾਣੀ ਸੁਣਦੇ ਹੋਏ ਸਾਰੇ ਕੇਕੜੇ ਬੱਚੇ ਹੈਰਾਨ ਹੋ ਰਹੇ ਹਨ!
”ਮਨੁੱਖਾਂ ਨੇ ਧਰਤੀ, ਹਵਾ, ਪਾਣੀ, ਵਿਚਾਰੇ ਜੀਵ-ਜੰਤੂਆਂ ਤੇ ਰਹਿਮਦਿਲ ਲੋਕਾਂ ਦੀ ਫਰਿਆਦ ਨਾ ਸੁਣੀ! ਉਹ ਜੈਵਿਕ ਬਾਲਣ ਬਾਲਦੇ ਗਏ ਤੇ ਹਵਾ ਵਿੱਚ ਕਾਰਬਨ ਡਾਇਆਕਸਾਈਡ ਤੇ ਹੋਰ ਗੈਸਾਂ ਦਾ ਜ਼ਹਿਰ ਭਰਦੇ ਗਏ। ਅਸਮਾਨ, ਧਰਤੀ ਤੇ ਜੰਗਲ ਅੱਗ ਨਾਲ ਸੜਨ ਲੱਗੇ।”
ਕਹਾਣੀ ਸੁਣਦੇ ਹੋਏ ਬੱਚੇ ਜਲਦੇ ਸੰਸਾਰ ਬਾਰੇ ਸੋਚ ਕੇ ਡੂੰਘੇ ਸਾਹ ਲੈ ਰਹੇ ਹਨ। ਉਨ੍ਹਾਂ ਲਈ ਇਹ ਕੋਈ ਨਵੀਂ ਗੱਲ ਨਹੀਂ ਹੈ, ਉਹ ਸਭ ਰੋਜ਼ ਇਹ ਵਰਤਾਰਾ ਦੇਖਦੇ ਹਨ। ”ਫਿਰ ਕੀ ਹੋਇਆ?” ਵਿਸ਼ਾਲ ਕੇਕੜਾ ਗੰਭੀਰਤਾ ਨਾਲ ਕਹਿ ਰਿਹਾ ਹੈ, ”ਉਸ ਤੋਂ ਬਾਅਦ ਬਰਫ਼ ਪਿਘਲ ਗਈ, ਸਮੁੰਦਰ ਚੜ੍ਹ ਗਏ। ਕੁਦਰਤ ਦਾ ਸੰਤੁਲਨ ਵਿਗੜ ਗਿਆ। ਤੂਫਾਨ ਪ੍ਰਚੰਡ ਹੋ ਗਏ, ਜ਼ਰਖੇਜ਼ ਜ਼ਮੀਨਾਂ ਰੇਗਿਸਤਾਨ ਵਿੱਚ ਬਦਲ ਗਈਆਂ ਅਤੇ ਸਮੁੰਦਰ ਦੇ ਜੀਵ ਜਾਂ ਤਾਂ ਲੋਪ ਹੋ ਗਏ ਜਾਂ ਸਮੁੰਦਰ ਵਿੱਚ ਡੂੰਘਾ ਉਤਰ ਗਏ।”
”ਫਿਰ ਕੀ ਹੋਇਆ?” ਕੇਕੜੇ ਬੱਚੇ ਚੀਕ ਕੇ ਪੁੱਛਦੇ ਹਨ। ਵਿਸ਼ਾਲ ਕੇਕੜੇ ਨੇ ਸਾਹ ਭਰਿਆ, ”ਅੰਤ ਵਿੱਚ, ਮਨੁੱਖ ਅਤੇ ਬਹੁਤ ਸਾਰੇ ਜਾਨਵਰ ਵਾਤਾਵਰਨ ਤਬਦੀਲੀਆਂ ਤੋਂ ਬਚ ਨਹੀਂ ਸਕੇ ਜੋ ਉਨ੍ਹਾਂ ਨੇ ਆਪ ਹੀ ਕੀਤੀਆਂ ਸਨ। ਸਭ ਖ਼ੂਬਸੂਰਤ ਜੀਵਾਂ ਦੀਆਂ ਆਵਾਜ਼ਾਂ ਇੱਕ-ਇੱਕ ਕਰਕੇ ਹਮੇਸ਼ਾ ਲਈ ਚੁੱਪ ਹੋ ਗਈਆਂ।”
ਬੱਚੇ ਵਿਸ਼ਾਲ ਕੇਕੜੇ ਦੇ ਨੇੜੇ ਹੋ ਰਹੇ ਹਨ, ਉਨ੍ਹਾਂ ‘ਤੇ ਉਦਾਸੀ ਦੀ ਲਹਿਰ ਪਸਰ ਰਹੀ ਹੈ। ਕਈਆਂ ਨੂੰ ਨੀਂਦ ਆ ਰਹੀ ਹੈ ਤੇ ਕਈ ਡਰਦੇ ਹੋਏ ਸੌਂ ਰਹੇ ਹਨ ਜਾਂ ਕੰਬ ਰਹੇ ਹਨ। ਪਰ ਵਿਸ਼ਾਲ ਕੇਕੜਾ ਕਹਿ ਰਿਹਾ ਹੈ, ”ਕਹਾਣੀ ਇੱਥੇ ਹੀ ਖ਼ਤਮ ਨਹੀਂ ਹੁੰਦੀ। ਮਨੁੱਖਾਂ ਦੇ ਲੋਪ ਹੋਣ ਤੋਂ ਬਾਅਦ ਭਿਆਨਕ ਵਾਤਾਵਰਨ ਵਿੱਚ ਵੀ ਹੋਰ ਨਵੀਂ ਜ਼ਿੰਦਗੀ ਪਨਪਣ ਲੱਗੀ। ਸਮੁੰਦਰ ਇੱਕ ਸ਼ਰਣਗਾਹ ਬਣ ਗਿਆ- ਹਰ ਪ੍ਰਕਾਰ ਦੇ ਜੀਵ-ਜੰਤੂਆਂ ਨਾਲ ਭਰਿਆ ਹੋਇਆ। ਸਾਡੇ ਵਰਗੇ ਜੀਵ ਵੀ ਜੀਵੰਤ ਰੰਗਾਂ ਨਾਲ ਖਿੜ ਗਏ।”
ਕੇਕੜੇ ਬੱਚਿਆਂ ਨੇ ਸੁੱਖ ਦਾ ਸਾਹ ਲਿਆ ਤੇ ਆਪਣੇ ਖੁਸ਼ਹਾਲ ਘਰ ਧਰਤੀ ਤੇ ਸਮੁੰਦਰ ਵੱਲ ਦੇਖਿਆ।
”ਮੇਰੇ ਬੱਚਿਓ, ਸਾਨੂੰ ਅਤੀਤ ਤੋਂ ਸਿੱਖਣਾ ਚਾਹੀਦਾ ਹੈ।” ਵਿਸ਼ਾਲ ਕੇਕੜੇ ਨੇ ਸਬਕ ਸੁਣਾਇਆ, ”ਸਾਨੂੰ ਆਪਣੇ ਸੰਸਾਰ ਦੀ ਕਦਰ ਕਰਨੀ ਚਾਹੀਦੀ ਹੈ ਅਤੇ ਇਸ ਦੀ ਰੱਖਿਆ ਕਰਨੀ ਚਾਹੀਦੀ ਹੈ। ਇਹ ਯਕੀਨੀ ਬਣਾਉਣ ਲਈ ਕਿ ਸਾਡੇ ਤੋਂ ਪਹਿਲਾਂ ਆਏ ਜੀਵਾਂ ਦੀਆਂ ਗ਼ਲਤੀਆਂ ਦੁਹਰਾਈਆਂ ਨਾ ਜਾਣ ਕਿਉਂਕਿ ਸਾਡੇ ਵਿੱਚ ਭਵਿੱਖ ਨੂੰ ਬਦਲਣ ਦੀ ਸ਼ਕਤੀ ਹੈ।”
”ਬਿਲਕੁਲ, ਅਸੀਂ ਧਰਤੀ ਨੂੰ ਬਚਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ।” ਜਾਗਦੇ ਤੇ ਉਤਸੁਕ ਕੇਕੜੇ ਬੱਚੇ ਕਹਿੰਦੇ ਹਨ। ਅਚਾਨਕ ਇਕਦਮ ਅਕਾਸ਼ ਕਾਲਾ ਪੈ ਗਿਆ ਤੇ ਮੋਹਲੇਧਾਰ ਮੀਂਹ ਪੈਣਾ ਸ਼ੁਰੂ ਹੋ ਗਿਆ।
”ਚਲੋ ਜਲਦੀ ਨਾਲ ਸਭ ਆਪਣੀ ਗੁਫ਼ਾ ਵੱਲ ਨੱਠੋ।” ਇੰਨਾ ਸੁਣਦਿਆਂ ਸਭ ਕੇਕੜੇ ਮੀਂਹ ਤੋਂ ਬਚਣ ਲਈ ਆਪਣੀ ਗੁਫ਼ਾ ਵੱਲ ਨੂੰ ਚੱਲ ਪੈਂਦੇ ਹਨ। ਉਹ ਸਭ ਸੋਚਦੇ ਹਨ, ”ਅਜੇ ਵੀ ਉਮੀਦ ਤੇ ਜ਼ਿੰਦਗੀ ਜਿੰਦਾ ਹੈ ૶ ਜੋ ਬਦਲਦੇ ਮੌਸਮਾਂ ਵਿੱਚ ਵੀ ਕਿਸੇ ਨਾ ਕਿਸੇ ਰੂਪ ਵਿੱਚ ਪ੍ਰਫੁੱਲਿਤ ਹੋ ਰਹੀ ਹੈ!”