ਰੁੱਤ ਵਿਯੋਗਣ ਪੌਣ ਉਦਾਸੀ,
ਗਾਉਂਣ ਨਾ ਪੰਛੀ ਰਾਗ ਪਿਆਰੇ।
ਹਿੰਮਤ ਕਰਕੇ ਦੇਖ ਸਵੇਰਾ,
ਆਲਸ ਵਿੱਚੋਂ ਜਾਗ ਪਿਆਰੇ।
ਲੁੱਟ ਕੇ ਲ਼ੈ ਗਈ ਖੁਸਬੂ ਫੁੱਲਾਂ ਦੀ,
ਲੂ ਨਸ਼ਿਆਂ ਦੀ ਵਗਦੀ ਜੋ,
ਪਤਝੜ ਬਣ ਕੇ ਸਹਿਕ ਰਹੇ ਨੇ,
ਉੱਜੜ ਗਏ ਜੋ ਬਾਗ਼ ਪਿਆਰੇ।
ਕੁਰੁੱਤੀਆਂ ਰੁੱਤਾਂ ਨੇਰੀਆਂ ਰਾਤਾਂ,
ਖੰਡਰ ਬਣ ਗਏ ਸੱਥਾਂ ਦੇ,
ਨਫਸੀ ਟੋਲਿਆਂ ਡੰਗ ਨੇ ਮਾਰੇ,
ਬਣ ਕੇ ਜ਼ਹਿਰੀ ਨਾਗ ਪਿਆਰੇ।
ਧੀਆਂ ਭੈਣਾਂ ਦੇ ਰਿਸਤਿਆਂ ਨੂੰ,
ਦਾਗ਼ ਕੋਈ ਕਿਉਂ ਕਾਲਾ ਲੱਗੇ,
ਅਣਖਾਂ ਵਾਲੇ ਰਹਿਣਗੇ ਜਿਉਂਦੇ,
ਸਦੀਆਂ ਤੱਕ ਸੁਹਾਗ ਪਿਆਰੇ।
ਨ੍ਹੇਰ ਗ਼ਮਾਂ ਦਾ ਚਿਹਰਿਆਂ ਉੱਤੇ,
ਜਦ ਕਦ ਵੀ ਛਾ ਜਾਂਦਾ ਹੈ,
ਵਣਜਣ ਹਰਫ ਹਕੀਕੀ ਸਾਇਰ,
ਜਗਦੇ ਰਹਿਣ ਚਿਰਾਗ ਪਿਆਰੇ।
ਜਿੰਦਗੀ ਚ’ ਲਿਖੇ ਇਹ ਸ਼ਬਦਾਂ ਨੂੰ,
ਸਫਲ ਤਾਂ ਹੀਂ ਮੰਨੀਏ ਯਾਰੋ,
ਪਾ-ਗਲ਼ਵੱਕੜੀ ਮਿਲੀਏ ਕਿਰਤੀ,
ਦਿਲ ਚੋਂ ਉੱਠਣ ਵਿਰਾਗ ਪਿਆਰੇ।
ਲਿਖਤ : ਮੇਜਰ ਸਿੰਘ ਰਾਜਗੜ੍ਹ