ਲਿਖਤ : ਅੰਮ੍ਰਿਤਬੀਰ ਸਿੰਘ
-ਮੋਬਾਈਲ : 98770-94504
ਵਾਹਨਾਂ ਅਤੇ ਕਾਰਖਾਨਿਆਂ ਦੀ ਬਹੁਤਾਤ ਕਾਰਨ ਹਵਾ ਪਲੀਤ ਹੁੰਦੀ ਜਾ ਰਹੀ ਹੈ। ਇਸ ਕਾਰਨ ਸਾਹ ਦੀਆਂ ਬਿਮਾਰੀਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਛੇਤੀ ਕਦਮ ਨਾ ਚੁੱਕੇ ਗਏ ਤਾਂ ਹਵਾ ‘ਚ ਪ੍ਰਦੂਸ਼ਣ ਹੋਰ ਵਧੇਗਾ ਜੋ ਸਭਨਾਂ ਲਈ ਵੱਡਾ ਖ਼ਤਰਾ ਹੈ। ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਲਈ ਕੁਝ ਸੁਝਾਅ ਹੇਠ ਲਿਖੇ ਹਨ ਜਿਵੇਂ ਕਿ ਸਾਨੂੰ ਨਿੱਜੀ ਵਾਹਨਾਂ ਦੀ ਘੱਟ ਤੋਂ ਘੱਟ ਵਰਤੋਂ ਕਰਨੀ ਚਾਹੀਦੀ ਹੈ।
ਉਨ੍ਹਾਂ ਦੀ ਥਾਂ ਸਾਨੂੰ ਜਨਤਕ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਘੱਟ ਦੂਰੀ ‘ਤੇ ਜਾਣ ਲਈ ਸਾਈਕਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹਵਾ ਪ੍ਰਦੂਸ਼ਣ ਤਾਂ ਘਟੇਗਾ ਹੀ, ਨਾਲ ਹੀ ਸਾਡੀ ਸਿਹਤ ਵੀ ਠੀਕ ਰਹੇਗੀ। ਸਾਨੂੰ ਆਪਣੇ ਵਾਹਨਾਂ ‘ਚ ਕੈਟਾਲੀਟਿਕ ਕਨਵਰਟਰ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਹਾਨੀਕਾਰਕ ਗੈਸਾਂ ਦਾ ਹਵਾ ‘ਚ ਘੱਟ ਤੋਂ ਘੱਟ ਉਤਸਰਜਨ ਹੋ ਸਕੇ।
ਸਿਗਰਟ ਅਤੇ ਹੁੱਕਾ ਆਦਿ ਨਹੀਂ ਪੀਣਾ ਚਾਹੀਦਾ। ਕਾਰਖਾਨਿਆਂ ਦੀਆਂ ਚਿਮਨੀਆਂ ‘ਤੇ ਫਿਲਟਰ ਲਗਾਉਣੇ ਚਾਹੀਦੇ ਹਨ ਤਾਂ ਕਿ ਹਵਾ ‘ਚ ਹਾਨੀਕਾਰਕ ਗੈਸਾਂ ਦੀ ਘੱਟ ਤੋਂ ਘੱਟ ਨਿਕਾਸੀ ਹੋ ਸਕੇ। ਸਾਨੂੰ ਕੂੜੇ-ਕਰਕਟ, ਪਰਾਲੀ ਅਤੇ ਰੁੱਖਾਂ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ। ਇਸ ਨਾਲ ਵੀ ਹਵਾ ਪ੍ਰਦੂਸ਼ਣ ‘ਚ ਵਾਧਾ ਹੁੰਦਾ ਹੈ। ਲੋੜ ਨਾ ਹੋਣ ‘ਤੇ ਬੱਲਬ ਅਤੇ ਹੋਰ ਉਪਕਰਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ ਜਿਸ ਦੇ ਨਾਲ ਬਿਜਲੀ ਦੀ ਬੱਚਤ ਹੋਵੇਗੀ ਅਤੇ ਬਿਜਲੀ ਪੈਦਾ ਕਰਨ ਲਈ ਜਲਾਏ ਜਾਂਦੇ ਕੋਲੇ ਕਾਰਨ ਨਿਕਲਣ ਵਾਲੀ ਹਾਨੀਕਾਰਕ ਗੈਸਾਂ ਦੇ ਹਵਾ ਨੂੰ ਪ੍ਰਦੂਸ਼ਿਤ ਕਰਨ ‘ਚ ਵੀ ਕਮੀ ਆਵੇਗੀ।
ਸਾਨੂੰ ਬਿਜਲੀ ਪੈਦਾ ਕਰਨ ਲਈ ਕੋਲੇ ਦੀ ਥਾਂ ਬਦਲਵੇਂ ਊਰਜਾ ਸਾਧਨ ਜਿਵੇਂ ਹਵਾ-ਪਾਣੀ ਤੇ ਸੂਰਜ ਦੀ ਰੋਸ਼ਨੀ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦੇ ਨਾਲ ਸਾਡੀ ਕੋਲੇ ‘ਤੇ ਨਿਰਭਰਤਾ ਘਟੇਗੀ ਅਤੇ ਹਵਾ ਵੀ ਪ੍ਰਦੂਸ਼ਿਤ ਨਹੀਂ ਹੋਵੇਗੀ। ਸਾਨੂੰ ਪੈਟਰੋਲ ਅਤੇ ਡੀਜ਼ਲ ਦੇ ਨਾਲ ਚੱਲਣ ਵਾਲੇ ਵਾਹਨਾਂ ਦੀ ਜਗ੍ਹਾ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।
ਸਰਕਾਰ ਨੂੰ ਲੋਕਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਦੀ ਵਰਤੋਂ ਕਰਨ ਲਈ ਉਤਸ਼ਾਹਤ ਕਰਨ ਲਈ ਉਨ੍ਹਾਂ ਨੂੰ ਬਿਜਲੀ ਦੇ ਵਾਹਨਾਂ ਦੀ ਖ਼ਰੀਦ ‘ਤੇ ਵਿਸ਼ੇਸ਼ ਰਿਆਇਤਾਂ ਦੇਣੀਆਂ ਚਾਹੀਦੀਆਂ ਹਨ ਅਤੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਚਾਰਜ ਕਰਨ ਲਈ ਚਾਰਜਿੰਗ ਸਟੇਸ਼ਨ ਉਪਲਬਧ ਕਰਵਾਉਣੇ ਚਾਹੀਦੇ ਹਨ। ਸਾਨੂੰ ਏਸੀ ਦੀ ਥਾਂ ਪੱਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਏਸੀ ਵਾਤਾਵਰਨ ਲਈ ਹਾਨੀਕਾਰਕ ਹਨ।
ਪਟਾਕਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਵੀ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਹਨ। ਪਲਾਸਟਿਕ ਦੇ ਬਣੇ ਥੈਲਿਆਂ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਛੇਤੀ ਗਲਦੇ ਨਹੀਂ ਹਨ ਅਤੇ ਵਾਤਾਵਰਨ ਲਈ ਹਾਨੀਕਾਰਕ ਹਨ। ਇਨ੍ਹਾਂ ਦੀ ਥਾਂ ਸਾਨੂੰ ਜੂਟ, ਕੱਪੜੇ ਜਾਂ ਕਾਗਜ਼ ਦੇ ਬਣੇ ਥੈਲਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਨੂੰ ਉਤਪਾਦਾਂ ਨੂੰ ਰੀਸਾਈਕਲਿੰਗ ਕਰਕੇ ਬਣੇ ਉਤਪਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਿਸੇ ਥਾਂ ਰੁਕਣ ‘ਤੇ ਆਪਣੇ ਵਾਹਨ ਦਾ ਇੰਜਣ ਬੰਦ ਕਰ ਦੇਣਾ ਚਾਹੀਦਾ ਹੈ। ਇੰਜ ਕਰਨ ਨਾਲ ਤੇਲ ਦੀ ਬੱਚਤ ਹੋਵੇਗੀ ਤੇ ਹਵਾ ਨੂੰ ਵੀ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਜਾ ਸਕਦਾ ਹੈ। ਰੁੱਖਾਂ ਨੂੰ ਕੱਟਣਾ ਨਹੀਂ ਚਾਹੀਦਾ ਤੇ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਕਿਉਂਕਿ ਪੇੜ-ਪੌਦੇ ਹਵਾ ‘ਚ ਫੈਲੀਆਂ ਹਾਨੀਕਾਰਕ ਗੈਸਾਂ ਨੂੰ ਸੋਖ ਕੇ ਹਵਾ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਂਦੇ ਹਨ। ਰਸੋਈ ਤੇ ਬਾਥਰੂਮ ‘ਚ ਹਵਾ ਨਿਕਾਸੀ ਦਾ ਪ੍ਰਬੰਧ ਹੋਣਾ ਚਾਹੀਦਾ ਹੈ।