ਵਲੋਂ : (ਪ੍ਰਿੰ.) ਸੁਰਿੰਦਰ ਪਾਲ ਕੌਰ ਬਰਾੜ
ਫੋਨ: +1-604-780-2610
ਹਰਦਮ ਮਾਨ ਇਕ ਸੰਵੇਦਨਸ਼ੀਲ ਸ਼ਾਇਰ ਹੈ ਬਿਲਕੁਲ ਆਪਣੇ ਸੁਭਾਅ ਵਾਕੁਣ। ਉਸ ਦੀਆਂ ਗ਼ਜ਼ਲਾਂ ਮਨੁੱਖਤਾ ਦੀ ਗੱਲ ਕਰਦੀਆਂ ਹਨ। ਉਹ ਸੋਚਦਾ ਹੈ ਕਿ ਭੌਤਿਕ ਮਾਨਸਿਕਤਾ ਨੇ ਮਨੁੱਖ ਨੂੰ ਗ਼ਰਜ਼ ਦੇ ਰਿਸ਼ਤਿਆਂ ਵਿਚ ਤਬਦੀਲ ਕਰ ਦਿੱਤਾ ਹੈ। ਸ਼ਾਇਰ ਮਨੁੱਖ ਵਿੱਚ ਮਨੁੱਖਤਾ ਦੀ ਚਿਣਗ ਜਗਾਉਣੀ ਚਾਹੁੰਦਾ ਹੈ। ਉਹ ਇਹ ਵੀ ਜਾਣਦਾ ਹੈ ਕਿ ਅੱਜ ਦਾ ਮਨੁੱਖ ਜਾਣਦੇ ਹੋਏ ਵੀ ਜ਼ਿੰਦਗੀ ਦੇ ਗੰਭੀਰ ਮਸਲਿਆਂ ਨੂੰ ਨਜ਼ਰ ਅੰਦਾਜ਼ ਕਿਉਂ ਕਰਦਾ ਹੈ। ਇਸ ਤਰ੍ਹਾਂ ਦੀ ਸ਼ਾਇਰੀ ਬਾਰੇ ਕਈ ਅੰਗਰੇਜ਼ੀ ਦੇ ਲੇਖਕਾਂ ਨੇ ਆਪਣੇ ਵੱਖੋ ਵੱਖਰੇ ਵਿਚਾਰ ਪੇਸ਼ ਕੀਤੇ ਹਨ ਜਿਨ੍ਹਾਂ ਵਿਚ ਹੈਜ਼ਲੇਟ ਦੀ ਪਰਿਭਾਸ਼ਾ ਨੂੰ ਜ਼ਿਆਦਾ ਸੰਪੂਰਨ ਮੰਨਦੀ ਹਾਂ। ਜਦ ਉਹ ਲਿਖਦਾ ਹੈ:-
””ਫੋੲਟਰੇ ਸਿ ਟਹੲ ਲੳਨਗੁੳਗੲ ੋਡ ਟਹੲ ਮਿੳਗਨਿੳਟੋਿਨ ੳਨਦ ਪੳਸਸੋਿਨਸ.”
ਐਮਰਸਨ ਦਾ ਵਿਚਾਰ ਹੈ ਕਿ ਜਦ ਕਵੀ ਗਾਉਂਦਾ ਹੈ ਤਾਂ ਦੁਨੀਆ ਬੜੇ ਗਹੁ ਨਾਲ ਸੁਣਦੀ ਹੈ।
ਮੈਥਿਊ ਆਰਨੋਲਡ ਕਹਿੰਦਾ ਹੈ ਕਿ ਸ਼ੈਕਸਪੀਅਰ, ਮਿਲਟਨ, ਹੋਮਰ, ਡਾਂਟੇ ਦੇ ਮਹਾਨ ਕਾਵਿ ਕਲਾਤਮਕ ਬੁੱਧੀ, ਵਿਚਾਰ ਸ਼ਕਤੀ ਤੇ ਧਾਰਮਿਕ ਭਾਵ ਹਨ, ਇਸੇ ਲਈ ਸ਼ੋ ਾੲਲਲ ਬੳਲੳਨਚੲਦ ਅਰਥਾਤ ਸੰਤੁਲਤ ਹਨ। ਸਾਡੇ ਪੰਜਾਬੀ ਸ਼ਾਇਰ ਜਿਵੇਂ ਕਿ ਬਾਵਾ ਬਲਵੰਤ, ਪ੍ਰੀਤਮ ਸਿੰਘ ਸਫੀਰ, ਡਾ. ਹਰਭਜਨ ਸਿੰਘ, ਭਾਈ ਵੀਰ ਸਿੰਘ ਅਤੇ ਸੁਰਜੀਤ ਪਾਤਰ ਵਿਚ ਵੀ ਸੰਤੁਲਤਾ ਮਿਲਦੀ ਹੈ। ਜਿੱਥੋਂ ਤੱਕ ਹੱਥਲੇ ਕਾਵਿ ਸੰਗ੍ਰਹਿ ਅਰਥਾਤ ਗ਼ਜ਼ਲ ਸੰਗ੍ਰਹਿ ”ਸ਼ੀਸ਼ੇ ਦੇ ਅੱਖਰ” ਦਾ ਸਬੰਧ ਹੈ, ਮੈਂ ਇਸ ਵਿਚ ਵੀ ਕੁਝ ਇਸੇ ਤਰ੍ਹਾਂ ਦੀ ਝਲਕ ਦੇਖੀ ਹੈ। ਕਿਉਂਕਿ ਗ਼ਜ਼ਲ ਸਾਹਿਤ ਇਕ ਬਹੁਤ ਹੀ ਸੂਖ਼ਮ ਅਤੇ ਨਿਵੇਕਲੀ ਵਿਧਾ ਹੈ ਅਤੇ ਹਰਦਮ ਮਾਨ ਨੇ ਆਪਣੀ ਬਹੁਤੀ ਰਚਨਾ ਗ਼ਜ਼ਲ ਸਾਹਿਤ ਦੇ ਹੀ ਲੇਖੇ ਲਾਈ ਹੈ।
ਬਹੁਤ ਸਾਲਾਂ ਤੋਂ ਉਸ ਦਾ ਨਾਂ ਗ਼ਜ਼ਲ ਮੰਚ ਅਤੇ ਆਮ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਣਦਾ ਆ ਰਿਹਾ ਹੈ। ਕੈਨੇਡਾ ਵਿਚ ਰਹਿ ਕੇ ਵੀ ਉਸ ਨੇ ਆਪਣੇ ਇਸ ਸ਼ੌਕ ਨੂੰ ਮਰਨ ਨਹੀਂ ਦਿੱਤਾ। ਆਪਣੀ ਪਹਿਲੀ ਗ਼ਜ਼ਲ ਪੁਸਤਕ ”ਅੰਬਰਾਂ ਦੀ ਭਾਲ ਵਿਚ” ਉਸ ਨੇ ਪੰਜਾਬ ਵਿੱਚ ਰਹਿੰਦਿਆਂ ਲਿਖੀ। ”ਸ਼ੀਸ਼ੇ ਦੇ ਅੱਖਰ” ਵਿਚ ਉਸ ਨੇ ਭੂ-ਹੇਰਵੇ ਤੋਂ ਲੈ ਕੇ ਇੱਥੋਂ ਦੀ ਜ਼ਿੰਦਗੀ ਨੂੰ ਹਰ ਦ੍ਰਿਸ਼ਟੀਕੋਣ ਤੋਂ ਦੇਖਿਆ ਅਤੇ ਉਲੀਕਿਆ ਹੈ। ਜਦੋਂ ਉਹ ਲਿਖਦਾ ਹੈ-
‘ਉੱਡ ਗਏ ਨੇ ਮੋਰ ਮਿੱਟੀ ਦੇ ਕੰਧੋਲੀ ਤੋਂ ਕਦੋਂ ਦੇ
ਅੱਜ ਵੀ ਖ਼ਾਬਾਂ ਵਿਚ ਉਹ ਯਾਦਾਂ ਦੇ ਲਸ਼ਕਰ ਬੋਲਦੇ ਨੇ’
”ਸ਼ੀਸ਼ੇ ਦੇ ਅੱਖਰ” ਪੜ੍ਹਣ ਤੋਂ ਬਾਅਦ ਮੈਂ ਦੇਖਿਆ ਕਵੀ ਵਿਚ ਠਰੰਮਾ ਹੈ, ਸੁਹਜ ਨੂੰ ਪ੍ਰਗਟ ਕਰਦਾ ਉਹ ਸਹਿਜਤਾ ਨਾਲ਼ ਰੱਖਦਾ ਹੈ। ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ ਵਿਚ ਇਕ ਮੁਕੰਮਲ ਕਹਾਣੀ ਹੁੰਦਾ ਹੈ ਅਤੇ ਇਹ ਨਿਵੇਕਲਾਪਨ ਲੇਖਣੀ ਵਿਚ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ। ਹਰਦਮ ਮਾਨ ਨੂੰ ਕੁੱਜੇ ਵਿੱਚ ਸਮੁੰਦਰ ਬੰਦ ਕਰਨਾ ਆਉਂਦਾ ਹੈ। ਕਈ ਵਾਰ ਉਸ ਦੀਆਂ ਦੋ ਲਾਈਨਾਂ ਹੀ ਸਦੀਆਂ ਦੀਆਂ ਪੀੜਾਂ, ਦੁੱਖਾਂ, ਤਕਲੀਫ਼ਾਂ ਬਿਆਨ ਕਰ ਜਾਂਦੀਆਂ ਹਨ-
‘ਦੂਰ ਦੇ ਅੰਬਰ ‘ਚ ਕੂੰਜਾਂ ਵਾਂਗ ਲੁਕ ਲੁਕ ਰੋਂਦੀਆਂ
ਕੌਣ ਧੀਆਂ ਦਾ ਧਰਾਵੇ ਧੀਰ ਬਾਬਲ ਤੋਂ ਬਗ਼ੈਰ’
ਸ਼ਾਇਰੀ ਹਮੇਸ਼ਾ ਸੰਜੀਦਗੀ ਤੋਂ ਚਿੰਤਨ ਵੱਲ ਤੁਰਦੀ ਹੈ। ਇਸ ਖਪਤਵਾਦ ਤੇ ਪਦਾਰਥਵਾਦ ਦੇ ਯੁਗ ਵਿਚ ਜਿੱਥੇ ਮਾਨਵੀ ਰਿਸ਼ਤੇ ਮੰਡੀ ਦੀ ਭੇਟ ਚੜ੍ਹ ਜਾਂਦੇ ਹਨ ਤੇ ਮਨੁੱਖ ਆਪਣੇ ਘਰ ਦੀ ਚਾਰ ਦੀਵਾਰੀ ਵਿਚ ਹੌਲ਼ੀ ਹੌਲ਼ੀ ਜਿਬਾਹ ਹੋਣ ਲੱਗਦਾ ਹੈ ਤਾਂ ਮਾਨ ਲਿਖਦਾ ਹੈ-
‘ਤੂੰ ਬਚ ਕੇ ਰਹੀਂ ਤੇਰੇ ਸਿਰ ‘ਤੇ ਘੁੰਮਦੇ
ਲਹੂ ਨਾਲ ਭਿੱਜੀਆਂ ਘਟਾਵਾਂ ਦੇ ਸਾਏ’
ਅਤੇ
‘ਬਾਹਰ ਸੀ ਜਿਸ ਨੇ ਮੁਹਿੰਮਾਂ ਵੱਡੀਆਂ ਸਰ ਕੀਤੀਆਂ
ਘਰ ਦੀਆਂ ਉਹ ਛੋਟੀਆਂ ਮਜਬੂਰੀਆਂ ‘ਚ ਘਿਰ ਗਿਆ’
ਹਰਦਮ ਮਾਨ ਦੀਆਂ ਗ਼ਜ਼ਲਾਂ ਅਰੂਜ਼ ਦੀਆਂ ਬੰਦਿਸ਼ਾਂ ਨਿਭਾਉਂਦੀਆਂ ਕਈ ਅਣਛੋਹੇ ਵਿਸ਼ਿਆਂ ਨੂੰ ਛੋਹ ਜਾਂਦੀਆਂ ਹਨ। ਉਸ ਦੀਆਂ ਗ਼ਜ਼ਲਾਂ ਨਿਰੀਆਂ ਕਿਸੇ ਮਹਿਬੂਬ ਦੀ ਉਸਤਤੀ ਤੇ ਪਿਆਰ ਨੂੰ ਹੀ ਨਹੀਂ ਵਰਨਣ ਕਰਦੀਆਂ ਸਗੋਂ ਉਹ ਕੁਝ ਕੁ ਗ਼ਜ਼ਲਾਂ ਵਿਚ ਬਹੁਤ ਮਹੱਤਵਪੂਰਨ ਸਵਾਲ ਉਠਾਉਂਦਾ ਹੈ। ਜਿਵੇਂ-
‘ਕਿਨਾਰੇ ਤੋੜ ਕੇ ਗਲੀਆਂ ‘ਚ ਜੇਕਰ ਆ ਗਿਆ ਪਾਣੀ
ਨਦੀ ਦੇ ਵਹਿਣ ਵਿਚ ਖ਼ੁਦ ਨੂੰ ਕਿਵੇਂ ਡੁੱਬਣੋਂ ਬਚਾਓਗੇ’
ਉਸ ਦੀਆਂ ਕੁਝ ਕੁ ਗ਼ਜ਼ਲਾਂ ਸੂਫੀਵਾਦੀ ਰੰਗ ਨੂੰ ਵੀ ਛੋਹਣ ਦੀ ਕੋਸ਼ਿਸ਼ ਕਰਦੀਆਂ ਹਨ। ਉਹ ਆਪਣੀਆਂ ਗ਼ਜ਼ਲਾਂ ਵਿਚ ਆਸਵੰਦ ਲਹਿਜ਼ਾ ਅਪਣਾਉਂਦਾ ਹੈ ਅਤੇ ਆਪਣੀਆਂ ਗ਼ਜ਼ਲਾਂ ਨੂੰ ਪਲਾਇਨਵਾਦੀ ਵਿਚਾਰਾਂ ਤੋਂ ਵੀ ਬਚਾ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਬੜੇ ਸਾਦੇ ਅਤੇ ਸਰਲ ਢੰਗ ਨਾਲ ਉਹ ਆਪਣਾ ਸੁਨੇਹਾ ਵੀ ਦੇ ਜਾਂਦਾ ਹੈ-
‘ਕਹਿਰ ਦਾ ਮੌਸਮ ਬਦਲ ਜਾਏਗਾ ਇਕ ਦਿਨ ਲਾਜ਼ਮੀ
ਚੜ੍ਹਦੇ ਸੂਰਜ ਵੀ ਤਾਂ ਸ਼ਾਮਾਂ ਪੈਣ ‘ਤੇ ਲਹਿੰਦੇ ਸਦਾ’
ਅਤੇ
‘ਇਕ ਨਾ ਇਕ ਦਿਨ ਤੋੜ ਦਿੰਦੇ ਨੇ ਫਸੀਲਾਂ ਉੱਚੀਆਂ
ਲੋਕ ਉੱਠ ਖੜ੍ਹਦੇ ਨੇ ਜ਼ੁਲਮ ਨਾ ਸਹਿੰਦੇ ਸਦਾ’
ਤਗ਼ੱਜ਼ਲ ਦੇ ਰੰਗ ਵਿੱਚ ਸਰਸ਼ਾਰ ਹੋ ਕੇ ਉਸ ਨੇ ਕੁਝ ਵਿਅੰਗਆਤਮਕ ਚੋਟਾਂ ਵੀ ਲਾਈਆਂ ਹਨ ਜੋ ਚੇਤੰਨ ਸਾਹਿਤਕਾਰ ਦਾ ਖਾਸਾ ਹੁੰਦਾ ਹੈ। ਬਹੁਤ ਹੀ ਸੂਖ਼ਮ ਭਾਵੀ ਸ਼ਬਦਾਂ ਵਿਚ ਉਹਨਾਂ ਦੀ ਤਰਜਮਾਨੀ ਵੀ ਕੀਤੀ ਹੈ ਪਰ ਆਪਣੇ ਸਵੈ ਨੂੰ ਕਾਇਮ ਰੱਖਿਆ ਹੈ-
‘ਬੇਸ਼ਕ ਹੁਣ ਤੱਕ ਪੂਰੇ ਚੰਨ ਦੇ ਨਾਲ਼ ਰਿਹਾ ਹਾਂ
ਫਿਰ ਵੀ ਆਪਣਾ ਵੱਖਰਾ ਦੀਵਾ ਬਾਲ਼ ਰਿਹਾ ਹਾਂ’
ਉਸ ਦੀਆਂ ਗ਼ਜ਼ਲਾਂ ਵਿਚ ਵਿਚਾਰਾਂ ਦੀ ਸੂਖ਼ਮਤਾ ਹੈ। ਰਾਜਵੰਤ ਰਾਜ ਦੀਆਂ ਇਹਨਾਂ ਸਤਰਾਂ ਨਾਲ ਮੈਂ ਪੂਰਨ ਤੌਰ ‘ਤੇ ਸਹਿਮਤ ਹਾਂ ਕਿ ਵਿਸ਼ਿਆਂ ਦੀ ਚੋਣ ਦਾ ਮਸਲਾ ਤੁਹਾਡੇ ਤਖ਼ੱਈਅਲ ਦੀ ਉਡਾਣ ਨਾਲ਼ ਜੁੜਿਆ ਹੁੰਦਾ ਹੈ। ਜਿੰਨੇ ਖ਼ਿਆਲ ਉੱਚੇ ਹੋਣਗੇ ਓਨਾ ਹੀ ਨਜ਼ਰੀਆ ਵਿਸ਼ਾਲ ਹੋਵੇਗਾ। ਅੱਜ ਦੀ ਗ਼ਰਜ਼ਮੰਦ ਸੋਚ ਆਪਣਿਆਂ ਦਾ ਮੋਹ ਤਿਆਗ ਕੇ ਅਰਥਹੀਣਤਾ ਵੱਲ ਵਧ ਰਹੀ ਹੈ ਤੇ ਇਕ ਭਟਕਣ ਆਦਮੀ ਦਾ ਸਰਮਾਇਆ ਬਣਦੀ ਜਾ ਰਹੀ ਹੈ। ਜ਼ਿੰਦਗੀ ਦੀਆਂ ਅਜਿਹੀਆਂ ਸੰਗਤੀਆਂ ਵਿਸੰਗਤੀਆਂ ਦਾ ਜੋੜ ਅੱਜ ਦੇ ਹਸਾਸਮੰਦ ਸਾਹਿਤਕਾਰ ਨੂੰ ਹਲੂਣਦਾ ਹੈ। ਇਸੇ ਲਈ ਹਰਦਮ ਮਾਨ ਨੇ ਮਾਨਵੀ ਸੰਵੇਦਨਾ ਨੂੰ ਬੜੀ ਕੁਸ਼ਲਤਾ ਨਾਲ ਪੇਸ਼ ਕੀਤਾ ਹੈ। ਉਸ ਦੀ ਗ਼ਜ਼ਲ ਗੁੰਝਲਦਾਰ ਤੇ ਮਸਨੂਈ ਬਿੰਬਕਾਰੀ ਤੋਂ ਨਿਰਲੇਪ ਹੈ। ਆਪਣੇ ਸਿਰਜਣਾਤਮਿਕ ਪਲਾਂ ਵਿਚ ਉਸ ਨੇ ਆਪਣੇ ਅਨੁਭਵ ਨੂੰ ਸਥਾਨ ਦਿੱਤਾ ਹੈ। ਕਵਿਤਾ ਦਾ ਸਬੰਧ ਸ਼ਾਇਰ ਦੇ ਨਿਜਤਵ ਜਾਂ ਬਾਹਰਮੁਖੀ ਸੰਸਾਰ ਨਾਲ਼ ਹੀ ਨਹੀਂ ਹੁੰਦਾ ਸਗੋਂ ਇਹ ਮਨੁੱਖ ਦੀ ਅਵਚੇਤਨੀ ਸੋਚ ਦੀ ਦਸਤਾਵੇਜ ਵੀ ਹੁੰਦੀ ਹੈ। ਇਸੇ ਲਈ ਸ਼ਾਇਰ ਦੀਆਂ ਗ਼ਜ਼ਲਾਂ ਮਨੁੱਖੀ ਮਨ ਦੀਆਂ ਉਹਨਾਂ ਪ੍ਰਕਿਰਿਆਵਾਂ ਦੀ ਉਪਜ ਹਨ ਜਿਨ੍ਹਾਂ ਦਾ ਸਬੰਧ ਉਸ ਦੀ ਵਿਚਾਰਧਾਰਾ ਨਾਲ ਹੈ। ਜਿਵੇਂ-
‘ਜੋ ਵੀ ਸਾਹ ਲੈਂਦਾ ਹੈ ਉਸ ਨੂੰ ਰਿਜਕ ਮਿਲੇ ਇਸ ਮਿੱਟੀ ‘ਚੋਂ
ਇਹ ਨਾ ਸੋਚੀਂ ਇਸ ਦੁਨੀਆ ‘ਤੇ ਬਸ ਆਦਮ ਦੀ ਜ਼ਾਤ ਰਹੇ’
ਜੀਵਨ ਦੇ ਅਹਿਮ ਮਸਲਿਆਂ ਨੂੰ ਕਾਵਿਕ, ਆਕਰਸ਼ਿਕ, ਰੌਚਕ ਅਤੇ ਦਿਲਚਸਪ ਅੰਦਾਜ਼ ਵਿਚ ਪਾਠਕਾਂ ਸਾਹਮਣੇ ਲਿਆਉਣਾ ਉਸ ਦੀਆਂ ਗ਼ਜ਼ਲਾਂ ਦੀ ਪ੍ਰਾਪਤੀ ਹੈ। ਉਸ ਨੂੰ ਬਦਲ ਰਹੇ ਸਮਿਆਂ ਅਤੇ ਰੁੱਤਾਂ ਦਾ ਬੜੀ ਬਰੀਕੀ ਨਾਲ ਅਹਿਸਾਸ ਹੈ। ਮੈਥਿਊ ਆਰਨਲਡ ਲਿਖਦਾ ਹੈ-
”ਫੋੲਟਰੇ ਸਿ ੳਟ ਬੋਟਟੋਮ ੳ ਚਰਿਟਿਚਿਸਮਿ ੋਡ ਲਿਡੲ”
ਹਰਦਮ ਮਾਨ ਆਪਣੀਆਂ ਗ਼ਜ਼ਲਾਂ ਵਿੱਚ ਕੋਈ ਕਾਲਪਨਿਕ ਦੁਨੀਆ ਨਹੀਂ ਸਿਰਜਦਾ ਸਗੋਂ ਉਸ ਦੀਆਂ ਗ਼ਜ਼ਲਾਂ ਆਲ਼ੇ ਦੁਆਲ਼ੇ ਤੇ ਮਾਨਸਿਕ ਪ੍ਰਸਥਿਤੀਆਂ, ਅੰਦਰੂਨੀ ਵੇਦਨਾ ਅਤੇ ਬੇਚੈਨੀ ਨੂੰ ਆਪਣਾ ਕੇਂਦਰ ਬਿੰਦੂ ਬਣਾਉਂਦੀਆਂ ਹਨ। ਜਿਵੇਂ-
‘ਏਨੀ ਦੁਨੀਆ ਗਾਹ ਕੇ ਵੀ ਸੁਖ ਨਾ ਮਿਲਿਆ
ਕੀ ਕੀ ਨਾਚ ਨਚਾਏ ਢਿੱਡ ਦੀ ਆਂਦਰ ਨੇ’
ਗ਼ਜ਼ਲ ਦਾ ਹਰ ਸ਼ਿਅਰ ਆਪਣੇ ਆਪ ਵਿਚ ਸੁਤੰਤਰ ਤੇ ਸੰਪੂਰਨ ਹੁੰਦਾ ਹੈ। ਗ਼ਜ਼ਲ ਦਾ ਕੋਈ ਸਿਰਲੇਖ ਨਹੀਂ ਹੁੰਦਾ। ਗ਼ਜ਼ਲ ਦੋ ਪ੍ਰਕਾਰ ਦੀ ਹੁੰਦੀ ਹੈ ‘ਵਾਹਿਦ ਇਸ਼ਆਰ’ ਜਿਸ ਵਿਚ ਸ਼ਿਅਰਾਂ ਦੇ ਵਿਸ਼ੇ ਅਤੇ ਅਰਥਾਂ ਦਾ ਕੋਈ ਸਬੰਧ ਨਹੀਂ ਹੁੰਦਾ। ਦੂਸਰੀ ‘ਮੁਸਲਸਲ ਇਸ਼ਆਰ’ ਜਿਸ ਵਿਚ ਗ਼ਜ਼ਲ ਦੇ ਸ਼ਿਅਰ ਇੱਕੋ ਵਿਸ਼ੇ ਦਾ ਭਰਮ ਪਾਉਂਦੇ ਹੋਣ ਜਾਂ ਇਹ ਕਹਿ ਲਵੋ ਕਿ ਜਿਸ ਦੇ ਸ਼ਿਅਰਾਂ ਦੇ ਅਰਥ ਇਕ ਦੂਜੇ ‘ਤੇ ਨਿਰਭਰ ਹੋਣ। ਜਿੱਥੋਂ ਤੱਕ ਹਰਦਮ ਮਾਨ ਦੀਆਂ ਗ਼ਜ਼ਲਾਂ ਦਾ ਸਬੰਧ ਹੈ, ਉਸ ਦੀਆਂ ਬਹੁਤੀਆਂ ਗ਼ਜ਼ਲਾਂ ਕਲਾਸਕੀ ਨਾ ਹੋ ਕੇ ਜਦੀਦ ਗ਼ਜ਼ਲਾਂ ਹਨ ਕਿਉਂਕਿ ਉਹਨਾਂ ਵਿਚ ਮਾਨਵੀ ਭਾਵਨਾਵਾਂ, ਆਮ ਜੀਵਨ ਦੀਆਂ ਕਦਰਾਂ ਕੀਮਤਾਂ, ਨਿੱਜੀ ਕਦਰਾਂ ਕੀਮਤਾਂ, ਰਾਜਸੀ, ਧਾਰਮਿਕ ਅਤੇ ਜੀਵਨ ਦੀਆਂ ਜਟਲਤਾਵਾਂ ਦਾ ਵਰਣਨ ਕੀਤਾ ਗਿਆ ਹੈ, ਜੋ ਉਸ ਦੀਆਂ ਗ਼ਜ਼ਲਾਂ ਵਿੱਚ ਪ੍ਰਤੱਖ ਦੇਖਿਆ ਗਿਆ ਹੈ। ਜਿਵੇਂ-
‘ਪਲਾਂ ਵਿਚ ਕਿਸ ਤਰ੍ਹਾਂ ਪਾ ਲਵੇਂਗਾ ਥਾਹ ਕਿਸੇ ਦਿਲ ਦੀ
ਅਨੇਕਾਂ ਚਲਦੀਆਂ ਲਹਿਰਾਂ ਮਨਾਂ ਦੇ ਪਾਣੀਆਂ ਹੇਠਾਂ’
ਅਤੇ
‘ਕਰਾਂਗੇ ਜ਼ਿਕਰ ਵੀ ਰੁਜ਼ਗਾਰ ਦਾ, ਕੁੱਲੀ ਤੇ ਗੁੱਲੀ ਦਾ
ਆ ਪਹਿਲਾਂ ਕੁਰਸੀਆਂ,
ਵੋਟਾਂ ਅਤੇ ਤਖ਼ਤਾਂ ਦੀ ਗੱਲ ਕਰੀਏ’
ਉਸ ਦੀਆਂ ਬਹੁਤੀਆਂ ਗ਼ਜ਼ਲਾਂ ਵਾਹਿਦ ਇਸ਼ਆਰ ਵਾਲੀਆਂ ਹੀ ਹਨ। ਬਹੁਤ ਹੀ ਸਾਰਥਕ ਅਤੇ ਨਰੋਏ ਵਿਸ਼ਿਆਂ ਨੂੰ ਉਸ ਨੇ ਚੁਣਿਆ ਹੈ। ਜਿਵੇਂ-
‘ਮਜਲਿਸਾਂ ਅੰਦਰ ਜਦੋਂ ਮਸਲੇ ਉਠਾਏ ਜਾਣਗੇ
ਆਪਣੀ ਹਉਮੈ ਦੇ ਫਿਰ ਝੰਡੇ ਝੁਲਾਏ ਜਾਣਗੇ’
ਅਤੇ
‘ਜੋ ਪੌਣ ਵਗ ਰਹੀ ਹੈ, ਰੂਹਾਂ ਨੂੰ ਡਸ ਰਹੀ ਹੈ
ਪੁੱਤਾਂ ਨੇ ਮੁੱਖ ਮੋੜੇ, ਮਾਵਾਂ ਉਦਾਸ ਹੋਈਆਂ’
ਅਤੇ
‘ਗਵਾਚੇ ਗਰਦਿਸ਼ਾਂ ਵਿਚ ਲੋਕ ਅਕਸਰ ਯਾਦ ਆਉਂਦੇ ਨੇ
ਗਰੀਬੀ ਵਿਚ ਅਮੀਰੀ ਦੇ ਉਹ ਮੰਜ਼ਰ ਯਾਦ ਆਉਂਦੇ ਨੇ’
ਅਤੇ
‘ਅਜੇ ਤੱਕ ਵੀ ਨਹੀਂ ਭੁੱਲਦੇ ਪਹਾੜੇ ਜੋ ਪੜ੍ਹੇ ਰਲ ਕੇ
ਅਜੇ ਤੱਕ ਵੀ ਉਹ ਟੀਚਰ ਤੇ ਮਨੀਟਰ ਯਾਦ ਆਉਂਦੇ ਨੇ’
ਅੰਤ ਵਿਚ ਇਹੋ ਕਹਾਂਗੀ ਕਿ ਹਰਦਮ ਮਾਨ ਬਹੁਪੱਖੀ ਸਾਰਥਕ ਵਿਸ਼ਿਆਂ ਨੂੰ ਗ਼ਜ਼ਲ ਵਰਗੀ ਸਿਨਫ਼ ਵਿਚ ਪ੍ਰਗਟਾ ਕੇ ਆਪਣੇ ਵਿਚਾਰਾਂ ਨੂੰ ਹੋਰ ਵੀ ਪ੍ਰਭਾਵਸ਼ਾਲੀ ਬਣਾਉਂਦਾ ਹੈ। ਕਿਉਂਕਿ ਰੌਬਰਟ ਫਰੋਸਟ ਜਿੱਥੇ ਕਹਿੰਦਾ ਹੈ ਕਿ ”ਾਂਰਿਟਿਨਗ ਡਰੲੲ ਵੲਰਸੲਿ ਸ ਲਿਕੲ ੳ ਪਲੳੇਿਨਗ ਟੲਨਨਿਸ ਾਿਟਹ ਟਹੲ ਨੲਟ ਦੋਾਨ” ਉਥੇ ਐਡਗਰ ਐਲਨ ਪੋ ਲਿਖਦਾ ਹੈ ਕਿ ”ਫੋੲਟਰੇ ਸਿ ਟਹੲ ਰਹੇਟਹਮਚਿੳਲ ਚਰੲੳਟੋਿਨ ੋਡ ਬੲਉਟੇ ਨਿ ਾੋਰਦਸ.
ਸੋ ਹਰਦਮ ਮਾਨ ਨੇ ਗ਼ਜ਼ਲ ਦੀ ਸੰਗੀਤ ਆਤਮਿਕਤਾ ਨੂੰ ਵੀ ਕਾਇਮ ਰੱਖਿਆ ਹੈ। ਮੈਂ ਜਿੱਥੇ ਉਸ ਨੂੰ ਉਸ ਦੇ ਗ਼ਜ਼ਲ ਸੰਗ੍ਰਹਿ ”ਸ਼ੀਸ਼ੇ ਦੇ ਅੱਖਰ” ‘ਤੇ ਵਧਾਈ ਦਿੰਦੀ ਹਾਂ ਉੱਥੇ ਨਾਲ਼ ਹੀ ਆਸ ਕਰਦੀ ਹਾਂ ਕਿ ਉਹ ਇਸੇ ਤਰ੍ਹਾਂ ਦੇ ਹੋਰ ਗ਼ਜ਼ਲ ਸੰਗ੍ਰਹਿਆਂ ਨਾਲ਼ ਪੰਜਾਬੀ ਸਾਹਿਤ ਨੂੰ ਹੋਰ ਅਮੀਰੀ ਬਖਸ਼ੇਗਾ।