ਸੰਨ 1984, ਵਿੱਚ ਹਿੰਦੋਸਤਾਨ ਦੀ ਰਾਜਧਾਨੀ ਦਿੱਲੀ ਅਤੇ ਦੇਸ਼ ਵਿਚਲੇ ਹੋਰਨਾਂ ਭਾਗਾਂ ਵਿੱਚ ਵਾਪਰੇ ਤੀਜੇ ਸਿੱਖ ਘਲੂਘਾਰੇ ਦੌਰਾਨ ਅਖੌਤੀ ਲੋਕਤੰਤਰ ਹਿੰਦੋਸਤਾਨ ਦੀਆਂ ਗਲੀਆਂ ਵਿੱਚ ਚਿੱਟੇ ਦਿਨ 30,000 ਤੋਂ ਜ਼ਿਆਦਾ ਸਿੱਖਾਂ ਦਾ ਭਿਆਨਕ ਕਤਲੇਆਮ ਅਤੇ ਉਸ ਪਿੱਛੋਂ ਲਗਾਤਾਰ ਅੱਜ ਤੱਕ ਸਮੁੱਚੀ ਕੌਮ ਦਾ ਘਾਣ ਅਤੇ ਜ਼ਲੀਲ ਕਰਨ ਵਾਲੇ ਚਾਲਬਾਜ਼ ਵਹਿਸ਼ੀ ਚਿਹਰੇ ਨੂੰ ਬੇ-ਨਕਾਬ ਕਰਨ ਲਈ ਦੁਨੀਆਂ ਭਰ ਵਿੱਚ ਉੱਠੀ ਇਨਸਾਫ਼-ਪਸੰਦ ਲੋਕਾਂ ਦੀ ਅਵਾਜ਼ ਗੁਰੂ ਨਾਨਕ ਦੇਵ ਜੀ ਵਲੋਂ ਐਮਨਾਬਾਦ ਦੀ ਧਰਤੀ ਦੇ ਉੱਪਰ ਮਨੁੱਖੀ ਅਧਿਕਾਰਾਂ ਦੇ ਲਈ ਉਠਾਈ ਅਵਾਜ਼ ਸਿੱਖ ਨਸਲਕੁਸ਼ੀ 1984 ਦੀ ਯਾਦ ‘ਚ ਖੂਨਦਾਨ ਮੁਹਿੰਮ ਇਤਿਹਾਸ ਨੂੰ ਦੁਹਰਾ ਰਹੀ ਹੈ। ਬਿਪ੍ਰਵਾਦੀ ਜ਼ਾਬਰ ਸੋਚ ਦੇ ਖੂਨੀਂ ਪੰਜੇ ਚੋਂ ਮਨੁੱਖਤਾ ਨੂੰ ਬਚਾਉਣ ਲਈ ਸ੍ਰੀ ਗੁਰੂ ਨਾਨਕ ਪਾਤਸ਼ਾਹ ਦੀ ਸੋਚ ਦੇ ਵਾਰਿਸ ਆਪਣਾ ਖੂਨ ਦਾਨ ਕਰਕੇ ”ਜੀਉ ਅਤੇ ਜਿਉਣ ਦਿਉ” ਦੇ ਸਿਧਾਂਤ ਤੇ ਪਹਿਰਾ ਦੇ ਰਹੇ ਹਨ। ਨਸਲਕੁਸ਼ੀ ਵਿਰੁੱਧ ਅਰੰਭੀ ਇਸ ਖੂਨਦਾਨ ਮੁਹਿੰਮ ਤਹਿਤ ਸਿੱਖ ਕੌਮ ਹੁਣ ਤੱਕ 170,000 ਤੋਂ ਵੱਧ ਵਿਅਕਤੀਆਂ ਨੂੰ ਨਵੀਂ ਜਿੰਦਗੀ ਦੇ ਚੁੱਕੀ ਹੈ। ਕੈਨੇਡੀਅਨ ਬਲੱਡ ਸਰਵਿਸ (ਫੈਡਰਲ ਅਦਾਰਾ) ਵੱਲੋਂ ਕੈਨੇਡੀਅਨ ਸਿੱਖਾਂ ਨੂੰ ਦੇਸ਼ ਭਰ ਵਿੱਚ ਸਭ ਤੋਂ ਵੱਧ ਖੂਨਦਾਨ ਕਰਕੇ ਕੀਮਤੀ ਜਾਨਾਂ ਬਚਾਉਣ ਲਈ ਕੈਨੇਡਾ ਦੀ ਰਾਜਧਾਨੀ ਔਟਵਾ ਵਿੱਚ ਸਨਮਾਨਿਤ ਕੀਤਾ ਗਿਆ ਹੈ। ਖੂਨਦਾਨ ਮੁਹਿੰਮ ਜਿਸ ਉਤਸ਼ਾਹ ਨਾਲ ‘ਸਿੱਖ ਨਸਲਕੁਸ਼ੀ 1984’ ਨੂੰ ਯਾਦ ਕਰਦੀ ਹੋਈ ਸਿੱਖ ਕੌਮ ਦੁਨੀਆਂ ਭਰ ਵਿੱਚ ਖੂਨਦਾਨ ਕਰ ਰਹੀ ਹੈ, ਜਾਨਾਂ ਬਚਾਉਣ ਦੀ ਇਹ ਗਿਣਤੀ ਜਲਦੀ ਹੀ ਲੱਖਾਂ ਦਾ ਅੰਕੜਾ ਪਾਰ ਕਰ ਗਈ ਹੈ ਜਾਵੇਗੀ ਅਤੇ ਸਿੱਖ ਕੌਮ ਦੁਨੀਆਂ ਭਰ ‘ਚ ਮਨੁੱਖੀ ਹੱਕਾਂ ਦੀ ਅਲੰਬਰਦਾਰ ਵਜੋਂ ਜਾਣੀ ਜਾਵੇਗੀ। ਇਹ ਮੁਹਿੰਮ ਹਮੇਸ਼ਾ ਹੀ ਉਨ੍ਹਾਂ ਵਿਆਕਤੀਆਂ, ਸੰਸਥਾਵਾਂ ਜਾਂ ਸਰਕਾਰਾਂ ਨੂੰ ਪ੍ਰਣਾਮ ਕਰਦੀ ਹੈ ਜੋ ਮਨੁੱਖੀ ਜਾਨਾਂ ਅਤੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਲਈ ਕੰਮ ਕਰਦੇ ਹਨ। ਇਹ ਖੂਨਦਾਨ ਮੁਹਿੰਮ ਹਮੇਸ਼ਾਂ ਸਰਬੱਤ ਦਾ ਭਲਾ ਮੰਗਦੀ ਹੈ। ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਇਸ ਮੁਹਿੰਮ ਤਹਿਤ ਨਵੰਬਰ ਵਿੱਚ ਕੈਨੇਡਾ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਜਿਵੇਂ ਕੇ ਵੈਨਕੂਵਰ, ਟਰਾਂਟੋ, ਕੈਲਗਰੀ, ਐਡਮਿੰਟਨ, ਵਿਨੀਪੈਗ, ਸਿਸਕਾਟੂਨ, ਰਿਜ਼ਾਇਨਾਂ ਅਤੇ ਅਮਰੀਕਾ ਵਿੱਚ ਸਿਆਟਲ ਸ਼ਿਕਾਗੋ, ਵਿਸਕਾਸਨ, ਬੇਕਰਸਫੀਲਡ ਤੋਂ ਇਲਾਵਾ ਅਸਟਰੇਲੀਆ ਅਤੇ ਨਿਉਜ਼ੀਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਖੂਨਦਾਨ ਮੁਹਿੰਮ ਚਲੇਗੀ। ਦੁਨੀਆਂ ਦੇ 122 ਤੋਂ ਵੱਧ ਮੁਲਕਾਂ ਵਿੱਚ ਵੱਸਦੀ ਸਿੱਖ ਕੌਮ ਦਾ ਇਹ ਅਟੱਲ ਵਿਸ਼ਵਾਸ਼ ਅਤੇ ਭਰੋਸਾ ਹੈ ਕਿ ਲੋਕਾਂ ਦੀ ਤਾਕਤ ਤੋਂ ਵੱਡੀ ਕੋਈ ਤਾਕਤ ਨਹੀਂ ਅਤੇ ਜ਼ਾਬਰ ਕਿੰਨਾਂ ਵੀ ਤਾਕਤਵਾਰ ਅਤੇ ਮਕਾਰ ਕਿਉਂ ਨਾ ਹੋਵੇ ਉਹ ਸੱਚ ਨੂੰ ਖਤਮ ਨਹੀਂ ਕਰ ਸਕਦਾ।