ਇਤਿਹਾਸਿਕ ਕਿਤਾਬਾਂ ‘ਗੁਰੂ ਨਾਨਕ ਜਹਾਜ਼’ ਅਤੇ ‘ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹੀਦੀ’ ਸਿੱਖ ਸੰਗਤਾਂ ਵੱਲੋਂ ਰਿਲੀਜ਼
ਸਟਾਕਟਨ, ਕੈਲੀਫੋਰਨੀਆ : ਅਮਰੀਕਾ ਵਿੱਚ ਸਿੱਖਾਂ ਦੀ ਪਹਿਲੀ ਸੰਸਥਾ 1912 ਵਿਚ, ਪੈਸੇਫਿਕ ਕੋਸਟ “ਖ਼ਾਲਸਾ ਦੀਵਾਨ ਸੁਸਾਇਟੀ” ਸਟਾਕਟਨ ਗੁਰਦੁਆਰਾ ਸਾਹਿਬ ਦੀ ਸਥਾਪਨਾ ਕੀਤੀ ਗਈ। ਸਿੱਖੀ ਵਿਰਸੇ, ਗੁਰਬਾਣੀ ਦੀ ਪ੍ਰੇਰਨਾ ਅਤੇ ਜ਼ੁਲਮ ਖ਼ਿਲਾਫ਼ ਲੜਨ ਦੀ ਭਾਵਨਾ ਗਦਰੀ ਬਾਬਿਆਂ ਨੂੰ ਆਰੰਭ ਵਿਚ ਇੱਥੋਂ ਹੀ ਮਿਲੀ, ਜਿਸ ਨੇ ਅੱਗੇ ਜਾ ਕੇ ਗ਼ਦਰ ਲਹਿਰ ਨੂੰ ਜਨਮ ਦਿੱਤਾ। ਇਉਂ ਗ਼ਦਰ ਪਾਰਟੀ, ਗ਼ਦਰ ਲਹਿਰ ਅਤੇ ਗ਼ਦਰ ਅਖ਼ਬਾਰ ਦੀ ਪ੍ਰੇਰਨਾ-ਸਰੋਤ ਖ਼ਾਲਸਾ ਦੀਵਾਨ ਸੁਸਾਇਟੀ ਸਟਾਕਟਨ ਹੋ ਨਿਬੜਦੀ ਹੈ। ਇਸ ਸਬੰਧ ਵਿੱਚ 27 ਅਕਤੂਬਰ ਦਿਨ ਐਤਵਾਰ ਨੂੰ ‘ਗ਼ਦਰੀ ਬਾਬਿਆਂ ਦੀ ਯਾਦ’, ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਅਤੇ ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਦੇ 112ਵੇਂ ਸਥਾਪਨਾ ਦਿਹਾੜੇ ਤੇ ਸਮਾਗਮ ਕਰਵਾਏ ਗਏ ਜਿਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਹਾਜ਼ਰੀ ਲਵਾਈ। ਸਮਾਗਮਾਂ ਦੌਰਾਨ ਕੈਨੇਡਾ ਅਤੇ ਅਮਰੀਕਾ ਦੇ ਸਿੱਖ ਇਤਿਹਾਸ ਅਤੇ ਗਦਰ ਲਹਿਰ ਨੂੰ ਬਿਆਨ ਕਰਦੀਆਂ ਦੋ ਕਿਤਾਬਾਂ ਰਿਲੀਜ਼ ਕੀਤੀਆਂ ਗਈਆਂ, ਜਿਨਾਂ ਵਿੱਚ ਬਾਬਾ ਗੁਰਦਿੱਤ ਸਿੰਘ ਦੀ ਲਿਖਤ ‘ਗੁਰੂ ਨਾਨਕ ਜਹਾਜ਼’ (ਸੰਪਾਦਕ ਡਾ. ਗੁਰਦੇਵ ਸਿੰਘ ਸਿੱਧੂ ਅਤੇ ਡਾ. ਗੁਰਵਿੰਦਰ ਸਿੰਘ) ਤੇ ਦੂਜੀ ਕਿਤਾਬ ‘ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹੀਦੀ ਅਤੇ ਹਾਪਕਿਨਸਨ ਦਾ ਕਤਲ (ਲੇਖਕ ਇਤਿਹਾਸਕਾਰ ਸੋਹਣ ਸਿੰਘ ਪੂੰਨੀ) ਸੰਗਤਾਂ ਵੱਲੋਂ ਭਰਪੂਰ ਉਤਸ਼ਾਹ ਨਾਲ ਰਿਲੀਜ਼ ਕੀਤੀਆਂ ਗਈਆਂ। ਇਸ ਮੌਕੇ ‘ਤੇ ਕਾਮਾਗਾਟਾ ਮਾਰੂ ਨਾਂ ਦੀ ਥਾਂ ਅਸਲ ਨਾਂ ‘ਗੁਰੂ ਨਾਨਕ ਜਹਾਜ਼’ ਦੀ ਬਹਾਲੀ ਲਈ ਮਤੇ ਪੜੇ ਗਏ, ਜਿਨਾਂ ਨੂੰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਪ੍ਰਵਾਨਗੀ ਦਿੱਤੀ।
ਇਸ ਮੌਕੇ ‘ਤੇ ਵਿਸ਼ੇਸ਼ ਬੁਲਾਰਿਆਂ ਵਿੱਚ ਡਾ. ਗੁਰਵਿੰਦਰ ਸਿੰਘ ਵੈਨਕੂਵਰ, ਕੈਨੇਡਾ, ਭਾਈ ਸੁਰਿੰਦਰ ਸਿੰਘ ਸਤਲੁਜ ਟੀਵੀ ਅਤੇ ਡਾ. ਅੰਮ੍ਰਿਤ ਕੌਰ ਅਤੇ ਡਾ. ਤੇਜਪਾਲਸਿੰਘ ਬੈਨੀਵਾਲ ਨੇ ਵਿਚਾਰ ਸਾਂਝੇ ਕੀਤੇ। ਸੰਗਤਾਂ ਵਿੱਚ ਸਿੱਖ ਪੰਥ ਦੇ ਮਹਾਨ ਸ਼ਹੀਦ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਸਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਲਵਾਈ।ਬੁਲਾਰਿਆਂ ਨੇ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮੌਜੂਦਾ ਇੰਡੀਅਨ ਸਟੇਟ ਦੇ ਟਰਾਂਸ ਨੈਸ਼ਨਲ ਤਸ਼ੱਦਦ ਬਿਆਨ ਕਰਦਿਆਂ, ਨਾਲੋ ਨਾਲ ਖਾਲਸਾ ਦੀਵਾਨ ਸੁਸਾਇਟੀ ਦੇ ਇਤਿਹਾਸ ਬਾਰੇ ਦੱਸਿਆ ਕਿ ਖ਼ਾਲਸਾ ਦੀਵਾਨ ਸੁਸਾਇਟੀ ਸਟਾਕਟਨ ਗਦਰ ਪਾਰਟੀ ਦਾ ਬੂਟਾ ਲਾਉਣ ਵਾਲੀ ਅਜਿਹੀ ਸੰਸਥਾ ਹੈ, ਜਿਸ ਦੇ ਮੋਢੀਆਂ ਨੇ ਉੱਤਰੀ ਅਮਰੀਕਾ ਦੀ ਧਰਤੀ ਤੇ ਨਸਲਵਾਦ ਖ਼ਿਲਾਫ਼ ਲੜਾਈ ਲੜੀ ਅਤੇ ਦੇਸ਼ ਵਾਸੀਆਂ ਨੂੰ ਗੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣ ਲਈ ਸੰਘਰਸ਼ ਕੀਤਾ। ਸ਼ਹਿਰ ‘ਚ ਮੇਅਰ ਦੀਆਂ ਚੋਣਾਂ ਲਈ ਉਮੀਦਵਾਰ ਟੌਮ ਪਟੀ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਸ਼ਤਾਬਦੀ ਸਮਾਗਮਾਂ ਵਿੱਚ ਸਿੰਘ ਸਾਹਿਬ ਭਾਈ ਹਰਪਾਲ ਸਿੰਘ, ਸ੍ਰੀ ਫਤਿਹਗੜ੍ਹ ਸਾਹਿਬ, ਭਾਈ ਰਮਨਜੀਤ ਸਿੰਘ ਹਜ਼ੂਰੀ ਰਾਗੀ ਜਥੇ ਤੇ ਭਾਈ ਗੁਰਸੇਵਕ ਸਿੰਘ ਕਥਾ ਵਾਚਕ ਵੱਲੋਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬ ਅਤੇ ਪ੍ਰਬੰਧਕੀ ਕਮੇਟੀ ਵੱਲੋਂ ਆਈਆਂ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਸਟੇਜ ਦੀ ਕਾਰਵਾਈ ਭਾਈ ਕੁਲਜੀਤ ਸਿੰਘ ਨਿੱਝਰ ਨੇ ਬਾਖੂਬੀ ਨਿਭਾਈ। ਖਾਲਸਾ ਦੀਵਾਨ ਸੁਸਾਇਟੀ ਸਟਾਕਟਨ ਕੈਲੀਫੋਰਨੀਆ ਦੇ ਸਥਾਪਨਾ ਦਿਹਾੜੇ ਦੀ ਯਾਦ ਨੂੰ ਸਮਰਪਿਤ ਸਮਾਗਮ ਯਾਦਗਾਰੀ ਹੋ ਨਿਬੜਿਆ।