Saturday, November 23, 2024
9.4 C
Vancouver

ਵਿਰਸਾ ਪੰਜਾਬ ਦਾ

 

 

ਸਾਂਝਾ ਸੀ ਟੱਬਰ , ਕੱਠੇ ਭਾਈ ਭੈਣ ਸੀ।

ਸੁੱਖੀ ਸਾਂਦੀ ਸਾਰਾ , ਵੱਸਦਾ ਮਹੈਂਣ ਸੀ।

ਨਜ਼ਰਾਂ ਨੇ ਖਾਧਾ , ਫੁੱਲ ਹੈ ਗੁਲਾਬ ਦਾ।

ਕਿੱਥੇ ਗੁੰਮ ਗਿਆ ,ਵਿਰਸਾ ਪੰਜਾਬ ਦਾ।

ਦਿਲਾਂ ਵਿੱਚ ਗੂੜ੍ਹਾ , ਹੁੰਦਾ ਸੀ ਪਿਆਰ ਜੀ।

ਵੱਡਿਆਂ ਦਾ ਸਦਾ , ਹੁੰਦਾ  ਸਤਿਕਾਰ  ਜੀ ।

ਦਬਕਾ ਬੜਾ ਸੀ , ਬਾਪੂ ਲਾਟ ਸਾਹਬ ਦਾ।

ਕਿੱਥੇ ਗੁੰਮ ਗਿਆ , ਵਿਰਸਾ  ਪੰਜਾਬ  ਦਾ।

ਬੇਬੇ ਤਾਈ ਚਾਚੀ,ਕੱਠੀਆਂ ਹੀ ਰਹਿਣ ਜੀ।

ਵੱਡੀ ਛੋਟੀ ਤਾਈਂ , ਆਖਦੀਆਂ ਭੈਣ ਜੀ ।

ਕਿਸੇ ਨੂੰ ਪਤਾ ਨਾ , ਹੁੰਦਾ ਸੀ ਜਵਾਬ ਦਾ।

ਕਿੱਥੇ ਗੁੰਮ ਗਿਆ , ਵਿਰਸਾ ਪੰਜਾਬ ਦਾ।

ਚਾਟੀ ਚ ਮਧਾਣੀ , ਸੁਬ੍ਹ ਪਾਉਣ ਉੱਠਕੇ।

ਰਸ ਭਿੰਨੀ ਬਾਣੀ , ਮੁੱਖੋ ਗਾਉਣ ਉੱਠਕੇ।

ਸੁਣੀਦਾ ਸੰਗੀਤ , ਵੱਜਦਾ  ਰਬਾਬ  ਦਾ ।

ਕਿੱਥੇ ਗੁੰਮ ਗਿਆ, ਵਿਰਸਾ ਪੰਜਾਬ ਦਾ।

ਬਲਦਾਂ ਦੇ ਗਲੀਂ  ,  ਘੁੰਗਰੂ  ਛਣਕਦੇ ।

ਹਾਲੀਆਂ ਦੇ ਬੋਲ , ਹਵਾ  ਚ  ਟਣਕਦੇ।

ਉੱਚਾ ਸੁੱਚਾ ਸੁਰ , ਗੂੰਜਦਾ  ਜਨਾਬ ਦਾ।

ਕਿੱਥੇ ਗੁੰਮ ਗਿਆ, ਵਿਰਸਾ ਪੰਜਾਬ ਦਾ।

ਸ਼ਾਦੀ ਵਿੱਚ ਨਾਰਾਂ,ਗਾਉਣ ਗੀਤ ਘੋੜੀਆਂ।

ਵੰਡਣ ਖੁਸ਼ੀ  ਚ , ਵੀਰਾਂ ਦੀਆਂ ਲੋਹੜੀਆਂ।

ਗਿੱਧਾ ਭੰਗੜਾ ਸੀ , ਪੈਂਦਾ  ਬੇਹਿਸਾਬ  ਦਾ ।

ਕਿੱਥੇ ਗੁੰਮ ਗਿਆ , ਵਿਰਸਾ  ਪੰਜਾਬ  ਦਾ ।

ਸ਼ਾਲਾ ਕਿਤੇ ਫਿਰ , ਦਿਨ ਆਉਣ ਮੁੜਕੇ।

ਸਾਰਾ  ਪਰਿਵਾਰ ,  ਫਿਰ  ਬੈਠੇ  ਜੁੜਕੇ ।

“ ਸੁੱਖ “ ਹੋਜ਼ੇ ਮੇਲਾ ,ਰਾਵੀ ਤੇ ਚਨਾਬ ਦਾ।

ਕਿੱਥੇ ਗੁੰਮ ਗਿਆ , ਵਿਰਸਾ ਪੰਜਾਬ ਦਾ ।

ਲ਼ਿਖਤ : ਸੁਖਚੈਨ ਸਿੰਘ ਚੰਦ ਨਵਾਂ

ਸੰਪਰਕ : 9914973876