ਸਰੀ, (ਏਕਜੋਤ ਸਿੰਘ): ਬੀਤੇ ਦਿਨੀਂ ਵਾਈਟ ਰੌਕ ਸਮੇਤ ਬ੍ਰਿਿਟਸ਼ ਕੋਲੰਬੀਆ ਦੀਆਂ ਕਈ ਇਲਾਕਿਆਂ ‘ਚ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਰਿਹਾ। ਕਈ ਥਾਵਾਂ ‘ਤੇ ਵਰਖਾ ਦੀਆਂ ਰਿਕਾਰਡਾਂ ਨੂੰ ਪਾਰ ਕੀਤਾ ਹੈ। ਸ਼ਨੀਵਾਰ 19 ਅਕਤੂਬਰ ਤੋਂ ਲੈ ਕੇ ਅਗਲੇ ਦਿਨ ਤੱਕ ਸੂਬੇ ਵਿੱਚ ਜ਼ਬਰਦਸਤ ਹਵਾਵਾਂ ਅਤੇ ਮੀਂਹ ਦੀ ਭਾਰੀ ਵਰਖਾ ਹੋਈ।
ਮੌਸਮ ਵਿਭਾਗ ‘ਇਨਵਾਇਰਮੈਂਟ ਕੈਨੇਡਾ’ ਦੇ ਅੰਕੜਿਆਂ ਦੇ ਅਨੁਸਾਰ, ਸ਼ਨੀਵਾਰ ਨੂੰ ਸਿਰਫ਼ ਵਾਈਟ ਰਾਕ ਵਿੱਚ 77 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਇਹ ਮੀਂਹ ਦੀ ਮਾਤਰਾ 1956 ਤੋਂ ਕਾਇਮ ਪੁਰਾਣੇ ਰਿਕਾਰਡ 37 ਮਿਲੀਮੀਟਰ ਨੂੰ ਦੋ ਗੁਣੀ ਸੀ।
ਸੰਕਟਮਈ ਹਫ਼ਤੇ ਦੇ ਅੰਤ ਦੌਰਾਨ ਕੁੱਲ 125 ਮਿਲੀਮੀਟਰ ਮੀਂਹ ਵਾਈਟ ਰੌਕ ਵਿੱਚ ਪਿਆ। ਸ਼ਨੀਵਾਰ ਨੂੰ ਵਰਖਾ ਦੀ ਚਿਤਾਵਨੀ ਜਾਰੀ ਕੀਤੀ ਗਈ ਸੀ, ਜੋ ਪੂਰੇ ਹਫ਼ਤੇ ਦੇ ਅਖੀਰ ਤੱਕ ਲਾਗੂ ਰਹੀ, ਹਾਲਾਂਕਿ ਐਤਵਾਰ ਦੇ ਦਿਨ ਮੀਂਹ ਦੀ ਤੀਬਰਤਾ ਘਟ ਗਈ ਸੀ।
ਇਸ ਮੌਸਮੀ ਪ੍ਰਭਾਵ ਕਾਰਨ ਤੇਜ਼ ਹਵਾਵਾਂ ਨਾਲ ਲੋਅਰ ਮੇਨਲੈਂਡ ਅਤੇ ਸਨਸ਼ਾਈਨ ਕੋਸਟ ਦੇ ਲਗਭਗ 2,500 ਘਰਾਂ ਦੀ ਬੀ.ਸੀ. ਹਾਈਡ੍ਰੋ ਵਲੋਂ ਬਿਜਲੀ ਸਪਲਾਈ ਬੰਦ ਰਹੀ।