ਲੇਖਕ : ਡਾ. ਸੁਖਰਾਜ ਸਿੰਘ ਬਾਜਵਾ,
ਸੰਪਰਕ : 78886 – 84597
ਮੈਂ ਨਾਸਤਿਕ ਨਹੀਂ ਪਰ ਮੈਂ ਪਰਮਾਤਮਾ ਜਾਂ ਰੱਬ ਦੀ ਗੱਲ ਨਹੀਂ ਕਰਦਾ। ਜਦੋਂ ਵੀ ਰੱਬ ਦੀ ਗੱਲ ਚੱਲੇਗੀ ਤਾਂ ਉੱਥੇ ਧਰਮਾਂ ਦੀ ਗੱਲ ਚੱਲੇਗੀ, ਧਰਮ ਜੋ ਵੰਡੀਆਂ ਪਾਉਂਦੇ ਹਨ। ਮੇਰਾ ਧਰਮ ਸਿੱਖ ਤੇ ਮੈਂ ਵਾਹਿਗੁਰੂ ਨੂੰ ਮੰਨਦਾ ਹਾਂ, ਮੈਂ ਹਿੰਦੂ, ਰਾਮ ਹੈ ਮੇਰਾ ਭਗਵਾਨ, ਮੈਂ ਮੁਸਲਮਾਨ ਮੇਰਾ ਅੱਲਾਹ ਹੈ ਮਹਾਨ, ਮੈਂ ਇਸਾਈ ਤੇ ਮੇਰੇ ਜੀਸਸ ਤੋਂ ਵੱਡਾ ਕੋਈ ਨਹੀਂ। ਬੱਸ ਫਿਰ ਕੀ, ਮੇਰਾ ਰੱਬ ਤੇਰੇ ਰੱਬ ਤੋਂ ਵੱਡਾ। ਇਸ ਵੱਡਪੁਣੇ ਨੇ ਪੈਦਾ ਕੀਤੀ ਹੈ ਨਫਰਤ। ਨਫਰਤ ਵੀ ਉਸ ਵੇਲੇ, ਜਦੋਂ ਸਭ ਧਾਰਮਿਕ ਹੋਣ ਦਾ ਡੰਕਾ ਪਿਟਦੇ ਹਨ ਤੇ ਧਰਮਾਂ ਦੀਆਂ ਉਹਨਾਂ ਪੁਸਤਕਾਂ, ਜਿਨ੍ਹਾਂ ਨੂੰ ਗ੍ਰੰਥ ਮੰਨਦੇ ਹਨ, ਰੱਬ ਦਾ ਦਰਜਾ ਦਿੰਦੇ ਹਨ, ਜਿਸ ਵਿੱਚ ਲਿਿਖਆ ਹੁੰਦਾ ਹੈ ਕਿ ਪ੍ਰੇਮ ਕਰੋ, ਪ੍ਰੇਮ ਵੰਡੋ। ਨਫਰਤ ਲਈ ਜਿਸ ਵਿੱਚ ਕੋਈ ਥਾਂ ਨਹੀਂ ਤੇ ਉਸ ਗ੍ਰੰਥ ਨੂੰ ਪੜ੍ਹ ਕੇ ਵੰਡਦੇ ਕੀ ਹਾਂ, ਨਫਰਤ। ਹਰ ਸਾਲ ਹਜ਼ਾਰਾਂ ਲੋਕ, ਸਿਰਫ ਮੇਰੇ ਦੇਸ਼ ਵਿੱਚ ਹੀ ਨਹੀਂ, ਪੂਰੀ ਦੁਨੀਆਂ ਵਿੱਚ ਮਾਰੇ ਜਾਂਦੇ ਹਨ, ਸਿਰਫ ਤੇ ਸਿਰਫ ਧਰਮ ਦੇ ਨਾਮ ’ਤੇ। ਇਹ ਲੜਾਈ ਕੋਈ ਭੋਜਨ ਲਈ ਸੰਘਰਸ਼ ਨਹੀਂ, ਜ਼ਮੀਨ ਦੇ ਕਬਜ਼ੇ ਲਈ ਨਹੀਂ, ਇਹ ਲੜਾਈ ਨਾ ਸੱਤਾ ਹਾਸਿਲ ਕਰਨ ਲਈ ਹੈ ਤੇ ਨਾ ਹੀ ਧਨ ਦੌਲਤ ਲੁੱਟਣ ਲਈ, ਇਹ ਲੜਾਈ ਸਿਰਫ ਆਪਣੇ ਧਰਮ ਨੂੰ ਦੂਸਰੇ ਦੇ ਧਰਮ ਤੋਂ ਬਿਹਤਰ ਸਾਬਤ ਕਰਨ ਲਈ, ਦੂਸਰੇ ਨੂੰ ਵੱਧ ਤੋਂ ਵੱਧ ਨਫਰਤ ਦਿਖਾਉਣ ਲਈ ਹੁੰਦੀ ਹੈ।
ਹਾਂ, ਮੈਂ ਨਾਸਤਿਕ ਨਹੀਂ, ਮੈਂ ਗੱਲ ਧਰਮ ਦੀ ਨਹੀਂ, ਮੈਂ ਗੱਲ ਕਰਦਾ ਹਾਂ। ਉਸ ਕੁਦਰਤ ਦੀ, ਜੋ ਸਭ ਤੋਂ ਬਲਵਾਨ ਹੈ, ਜੋ ਕਿਸੇ ਨਾਲ ਭੇਦ ਭਾਵ ਨਹੀਂ ਕਰਦੀ। ਕੁਦਰਤ ਨੇ ਧਰਤੀ ਉੱਪਰ ਜੀਵਨ ਬਖਸ਼ਿਆ। ਧਰਤੀ ਉੱਪਰ ਜੀਵਨ ਲਈ ਸਾਰੇ ਅਨੁਕੂਲ ਹਾਲਾਤ, ਪਾਣੀ, ਹਵਾ, ਸਹੀ ਤਾਪਮਾਨ ਤੇ ਸੂਰਜ ਦੀ ਗਰਮੀ ਤੋਂ ਬਚਣ ਲਈ ਸੁਰੱਖਿਆ ਕਵਚ ਮੌਜੂਦ ਹਨ। ਬੱਸ ਇਹਨਾਂ ਅਨੁਕੂਲ ਹਾਲਾਤ ਕਰਕੇ ਧਰਤੀ ’ਤੇ ਮੌਜੂਦ ਪਾਣੀ ਦੇ ਵਿਸ਼ਾਲ ਭੰਡਾਰ ਵਿੱਚੋਂ ਇੱਕ ਸੈੱਲੀ ਜੀਵ ਤਿਆਰ ਹੁੰਦਾ ਹੈ। ਇਸ ਇੱਕ ਸੈੱਲੀ ਜੀਵ ਵਿੱਚ ਹੌਲੀ ਹੌਲੀ ਵਿਕਾਸ ਹੁੰਦਾ ਹੈ ਤੇ ਇੱਕ ਸੈੱਲੀ ਤੋਂ ਬਹੁਸੈੱਲੀ ਜੀਵਾਂ ਦਾ ਆਗ਼ਾਜ਼ ਹੋਇਆ। ਹੌਲੀ ਹੌਲੀ ਵਿਕਾਸ ਹੁੰਦਾ ਰਿਹਾ ਤੇ ਧਰਤੀ ’ਤੇ ਕਈ ਤਰ੍ਹਾਂ ਦੇ ਜੀਵ ਦਿਖਾਈ ਦੇਣ ਲੱਗੇ। ਪਰ ਕੁਦਰਤ ਨੇ ਮੁੱਖ ਰੂਪ ਵਿੱਚ ਦੋ ਤਰ੍ਹਾਂ ਦੇ ਜੀਵ ਬਣਾਏ, ਜਿਨ੍ਹਾਂ ਵਿੱਚ ਇੱਕ ਪੌਦ ਜੀਵ ਅਤੇ ਦੂਸਰੇ ਜੰਤੂ। ਵਿਕਾਸ ਇੱਥੇ ਹੀ ਖਤਮ ਨਹੀਂ ਹੋਇਆ, ਜੰਤੂਆਂ ਦੇ ਇੱਕ ਸਮੂਹ ਜਿਸ ਨੂੰ ਹੋਮੋਸੇਪਿਅਨਜ਼ ਕਿਹਾ ਜਾਂਦਾ ਹੈ, ਨੇ ਆਪਣੀ ਆਵਾਜ਼ ਨੂੰ ਸ਼ਬਦ ਦਿੱਤੇ ਤੇ ਹੌਲੀ ਹੌਲੀ ਲੇਖਣੀ ਵੀ ਹੋਂਦ ਵਿੱਚ ਆ ਗਈ। ਇੱਥੋਂ ਸ਼ੁਰੂ ਹੋਈਆਂ ਵੰਡੀਆਂ। ਪਹਿਲਾਂ ਤਾਂ ਅਲੱਗ ਅਲੱਗ ਲਿੱਪੀਆਂ ਹੋਂਦ ਵਿੱਚ ਆਈਆਂ ਤੇ ਅਲੱਗ ਅਲੱਗ ਭਾਸ਼ਾਵਾਂ। ਮਨੁੱਖ ਜਾਤੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਬਿਮਾਰੀਆਂ ਵੀ ਹੋਂਦ ਵਿੱਚ ਆਈਆਂ ਅਤੇ ਇਹਨਾਂ ਬਿਮਾਰੀਆਂ ਨੇ ਹੀ ਹੋਂਦ ਵਿੱਚ ਲਿਆਂਦੀਆਂ ਚੁੜੇਲਾਂ ਤੇ ਭੂਤਾਂ ਵਰਗੀਆਂ ਕਹਾਣੀਆਂ ਤੇ ਫਿਰ ਸਿਲਸਿਲਾ ਸ਼ੁਰੂ ਹੋਇਆ ਕਿਸੇ ਗ਼ੈਬੀ ਸ਼ਕਤੀ ਦੀ ਹੋਂਦ ਦਾ, ਜੋ ਇਹਨਾਂ ਭੈੜੀਆਂ ਤਾਕਤਾਂ ਨੂੰ ਖਤਮ ਕਰ ਸਕੇ। ਭਾਸ਼ਾ ਦੀ ਹੋਂਦ ਤੋਂ ਬਾਅਦ ਅਤੇ ਲਿਖਤ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਸ਼ੁਰੂ ਹੋਇਆ ਦੌਰ ਮਨੁੱਖ ਵੱਲੋਂ ਮਨੁੱਖਤਾ ਨੂੰ ਖਤਮ ਕਰਨ ਦਾ ਅਤੇ ਮਨੁੱਖ ਨੂੰ ਵੱਖ ਵੱਖ ਧਰਮਾਂ ਅਤੇ ਜਾਤਾਂ ਵਿੱਚ ਵੰਡਣ ਦਾ। ਬੱਸ ਇੱਥੋਂ ਸ਼ੁਰੂ ਹੋਈ ਨਫਰਤ ਤੇ ਇਨਸਾਨ ਕੁਦਰਤ ਦੀ ਹੋਂਦ ਨੂੰ ਭੁੱਲ ਗਿਆ, ਕੁਦਰਤ ਦੇ ਬਣਾਏ ਰੱਬ ਨੂੰ ਹੀ ਯਾਦ ਕਰਨ ਲੱਗ ਗਿਆ। ਕੁਦਰਤ ਨੇ ਇੱਕ ਸਿਸਟਮ ਬਣਾਇਆ ਸੀ ਜਿਸ ਨੂੰ ਈਕੋਸਿਸਟਮ ਜਾਂ ਪਰਿਸਥਿਤਕ ਤੰਤਰ ਆਖਦੇ ਹਾਂ, ਜਿਸ ਵਿੱਚ ਇੱਕ ਜੀਵ ਦੂਸਰੇ ਜੀਵ ਉੱਪਰ ਨਿਰਭਰ ਹੈ ਅਤੇ ਜਿਸ ਵਿੱਚ ਹਰ ਇੱਕ ਜੀਵ ਦੀ ਹੋਂਦ ਜ਼ਰੂਰੀ ਹੈ। ਹਰ ਇੱਕ ਗ੍ਰੰਥ ਵੀ ਇਸ ਈਕੋਸੀਸਟਮ ਦੀ ਹੋਂਦ ਨੂੰ ਮੰਨਦਾ ਆ ਰਿਹਾ ਹੈ ਪਰ ਅਸੀਂ ਤਾਂ ਧਾਰਮਿਕ ਹਾਂ ਤੇ ਗ੍ਰੰਥਾਂ ਦੀ ਹੋਂਦ ਨੂੰ ਮੰਨਦੇ ਵੀ ਹਾਂ ਪਰ ਉਸ ਤੋਂ ਮੁਨਕਰ ਹੋਣਾ ਸ਼ਾਇਦ ਇਹ ਵੀ ਜ਼ਰੂਰੀ ਹੋ ਗਿਆ ਹੈ। ਅਸੀਂ ਧਾਰਮਿਕ ਹੋ ਕੇ ਵੀ ਗ੍ਰੰਥਾਂ ਵਿੱਚ ਲਿਖੇ ਪਰਿਸਥਿਤਕ ਤੰਤਰ ਦੀ ਮੱਹਤਤਾ ਨੂੰ ਕਦੀ ਸਮਝਿਆ ਹੀ ਨਹੀਂ। ਕੁਦਰਤ ਦੀ ਹੋਂਦ ਨੂੰ ਨਸ਼ਟ ਕਰਨਾ ਹੀ ਸ਼ਾਇਦ ਧਰਮ ਬਣਕੇ ਰਹਿ ਗਿਆ।
ਕੁਦਰਤ ਅੱਜ ਵੀ ਬਲਵਾਨ ਹੈ ਤੇ ਹਮੇਸ਼ਾ ਪਿਆਰ ਦੀ ਭਾਸ਼ਾ ਨੂੰ ਵੜ੍ਹਾਵਾ ਦਿੰਦੀ ਰਹੀ ਹੈ। ਮਨੁੱਖ ਜਦੋਂ ਕਿਸੇ ਗੱਲ ਤੋਂ ਪ੍ਰੇਸ਼ਾਨ ਹੋ ਕੇ ਕੁਦਰਤ ਦੇ ਨੇੜੇ ਹੋਣ ਲਗਦਾ ਹੈ ਤਾਂ ਇਹ ਕੁਦਰਤ ਦੇ ਨਜ਼ਾਰੇ ਹੀ ਹਨ ਜੋ ਕੁਝ ਪਲ ਲਈ ਹੀ ਸਹੀ ਪਰ ਮਨੁੱਖ ਨੂੰ ਪਰੇਸ਼ਾਨੀਆਂ ਭੁਲਾ ਕੇ ਸਕੂਨ ਨਾਲ ਜਿਊਣ ਦੀ ਤਾਕਤ ਦਿੰਦੇ ਹਨ।
ਇਹ ਕੁਦਰਤ ਹੀ ਹੈ ਜਿਸ ਵਿੱਚ ਅਨਮੋਲ ਖ਼ਜ਼ਾਨੇ ਛੁਪੇ ਹੋਏ ਹਨ। ਜੀਵਨ ਲਈ ਜ਼ਰੂਰੀ ਤੱਤ ਭੋਜਨ, ਪਾਣੀ, ਹਵਾ ਸਭ ਕੁਝ ਕੁਦਰਤ ਦੀ ਹੀ ਦੇਣ ਹੈ ਪਰ ਅਸੀਂ ਕੁਦਰਤ ਦਾ ਸ਼ੁਕਰੀਆ ਅਦਾ ਕਰਨ ਦੀ ਜਗ੍ਹਾ ਹਮੇਸ਼ਾ ਇਸ ਨਾਲ ਖਿਲਵਾੜ ਕੀਤੀ ਹੈ, ਕਦੀ ਵਿਿਗਆਨ, ਕਦੀ ਵਿਕਾਸ ਤੇ ਕਦੀ ਧਰਮ ਦੇ ਨਾਮ ਤੇ। ਕੁਦਰਤ, ਜਿਸਨੇ ਕਦੀ ਵੀ ਆਪਣੇ ਜੀਵਾਂ ਵਿੱਚ ਭੇਦ ਭਾਵ ਨਹੀਂ ਕੀਤਾ ਪਰ ਅਸੀਂ ਵੰਡੀਆਂ ਪਾਉਣ ਦੇ ਰਾਹ ’ਤੇ ਤੁਰੇ ਰਹੇ। ਕੁਦਰਤ ਦੀਆਂ ਕਈ ਅਨਮੋਲ ਦਾਤਾਂ ਨੂੰ ਧਰਮ ਦੇ ਨਾਮ ’ਤੇ ਵੰਡ ਦਿੱਤਾ। ਰੁੱਖਾਂ ਵਿੱਚ ਵੀ ਵੰਡੀਆਂ ਤੇ ਜੰਤੂਆਂ ਵਿੱਚ ਵੀ ਧਰਮ ਦੇ ਨਾਮ ’ਤੇ ਵੰਡੀਆਂ। ਪਿਪਲ ਹਿੰਦੂ ਹੋ ਗਿਆ ਤੇ ਖਜੂਰ ਮੁਸਲਮਾਨ, ਕ੍ਰਿਸਮਸ ਟਰੀ ਇਸਾਈ ਹੋ ਗਿਆ, ਗਾਂ ਹਿੰਦੂ ਹੋ ਗਈ ਤੇ ਸੂਰ ਮੁਸਲਿਮ। ਹੋਰ ਤਾਂ ਹੋਰ ਜੰਤੂਆਂ ਨੂੰ ਮਾਰਨ ਦਾ ਤਰੀਕਾ ਵੀ ਧਰਮਾਂ ਨੇ ਵੰਡ ਦਿੱਤਾ। ਜੇਕਰ ਝਟਕੇ ਨਾਲ ਵੱਢਿਆ ਤਾਂ ਹਿੰਦੂ, ਜੇਕਰ ਹੌਲੀ ਹੌਲੀ ਵੱਢਿਆ ਤਾਂ ਮੁਸਲਮਾਨ। ਕੀ ਕੁਦਰਤ ਨੇ ਕਦੀ ਮੌਤ ਨੂੰ ਵੰਡਿਆ ਹੈ? ਕਮਾਲ ਹੀ ਹੋ ਗਿਆ। ਜੇਕਰ ਜਲਾ ਦਿੱਤਾ ਤਾਂ ਹਿੰਦੂ, ਦਬਾ ਦਿੱਤਾ ਤਾਂ ਮੁਸਲਮਾਨ ਜਾਂ ਇਸਾਈ।
ਮੌਤ ਤੋਂ ਬਾਅਦ ਵੀ ਕੁਦਰਤ ਦਾ ਇੱਕ ਆਪਣਾ ਸਿਸਟਮ ਬਣਾਇਆ ਹੋਇਆ ਹੈ, ਚਾਹੇ ਉਹ ਮਨੁੱਖ ਹੈ, ਜਾਂ ਕੋਈ ਹੋਰ ਜੰਤੂ, ਕੋਈ ਵੱਡਾ ਜਾਂ ਛੋਟਾ ਤੇ ਚਾਹੇ ਉਹ ਕੋਈ ਰੁੱਖ ਹੈ, ਮਰਨ ਤੋਂ ਬਾਅਦ ਸਭ ਨੂੰ ਨਸ਼ਟ ਕਰਨ ਲਈ ਕੁਦਰਤ ਨੇ ਸੂਖਮਜੀਵ ਬਣਾਏ ਹਨ, ਜੋ ਇਹਨਾਂ ਨੂੰ ਨਸ਼ਟ ਕਰਦੇ ਹਨ ਤੇ ਸਭ ਇੱਕ ਹੀ ਤਰ੍ਹਾਂ ਨਾਲ ਨਸ਼ਟ ਹੁੰਦੇ ਹਨ। ਕੁਦਰਤ ਦਾ ਕੁਦਰਤ ਨੂੰ ਹੀ ਵਾਪਸ। ਕੁਦਰਤ ਨੇ ਮੌਤ ਤੋਂ ਬਾਅਦ ਕਦੀ ਕਿਸੇ ਜੀਵ ਨੂੰ ਲਾਲਚ ਨਹੀਂ ਦਿੱਤਾ ਪਰ ਧਰਮ ਤਾਂ ਇੱਥੇ ਵੀ ਪਿੱਛੇ ਨਹੀਂ, ਕਿਸੇ ਨੂੰ 72 ਹੁਰਾਂ ਦਾ ਲਾਲਚ ਤੇ ਕਿਸੇ ਨੂੰ ਸਵਰਗ ਵਿੱਚ ਅਪਸਰਾ ਨਾਲ ਮਿਲਾਉਣ ਦਾ ਲਾਲਚ।
ਸਵਰਗ (ਜੰਨਤ) ਹੋਵੇ ਜਾਂ ਨਰਕ, ਸਭ ਇੱਥੇ ਹੀ ਹਨ, ਕੁਦਰਤ ਦੀ ਗੋਦ ਵਿੱਚ ਪਰ ਇਹ ਸਭ ਉਦੋਂ ਹੀ ਹੈ, ਜਦੋਂ ਜੀਵਨ ਚੱਲ ਰਿਹਾ ਹੈ। ਤੇ ਜੇਕਰ ਕੁਦਰਤ ਦੀ ਗੋਦ ਵਿੱਚ ਸਵਰਗ ਦਾ ਅਨੰਦ ਮਾਨਣਾ ਹੈ ਤਾਂ ਫਿਰ ਛੱਡਣੀ ਹੋਵੇਗੀ ਧਰਮਾਂ ਦੀ ਗੱਲ ’ਤੇ ਕਰਨੀ ਹੋਵੇਗੀ ਕੁਦਰਤ ਦੀ ਗੱਲ।