ਲੇਖਕ : ਰਵਿੰਦਰ ਚੋਟ
ਸੰਪਰਕ : 98726-73703
ਇਹ ਆਮ ਦੇਖਿਆ ਗਿਆ ਹੈ ਕਿ ਦੇਸ਼ ਵਿਦੇਸ਼ ਵਿਚ ਔਰਤਾਂ ਮਾਨਸਿਕ ਤੌਰ ‘ਤੇ ਜ਼ਿਆਦਾ ਬੀਮਾਰ ਹੁੰਦੀਆਂ ਹਨ। ਬਹੁਤ ਸਾਰੇ ਸਰਵੇ ਇਸ ਦੇ ਗਵਾਹ ਹਨ ਕਿ ਸਾਡੇ ਦੇਸ਼ ਦੇ ਪਿੰਡਾਂ ਵਿਚ ਔਰਤਾਂ ਨੂੰ ਮਾਨਸਿਕ ਵਿਕਾਰ ਜ਼ਿਆਦਾ ਘੇਰਦੇ ਰਹੇ ਹਨ। ਪੰਜਾਬ ਦੇ ਪਿੰਡਾਂ ਅਤੇ ਪਛੜੇ ਇਲਾਕਿਆਂ ਵਿਚ ਹਰ ਪੰਜਵੀਂ ਔਰਤ (19%) ਕਿਸੇ ਨਾ ਕਿਸੇ ਮਾਨਸਿਕ ਸਮੱਸਿਆ ਨਾਲ ਜੂਝ ਰਹੀ ਹੁੰਦੀ ਹੈ ਭਾਵੇਂ ਇਹ ਰੋਗ ਗੰਭੀਰ ਨਾ ਵੀ ਹੋਵੇ ਪਰ ਦੂਸਰੇ ਪਾਸੇ ਮਰਦਾਂ ਦੀ ਗਿਣਤੀ ਇਨ੍ਹਾਂ ਦੇ ਮੁਕਾਬਲੇ 12 ਫੀਸਦੀ ਹੀ ਵੇਖੀ ਗਈ ਹੈ। ਚਿੰਤਾ ਰੋਗ ਅਤੇ ਡਿਪਰੈਸ਼ਨ ਦੇ ਸਬੰਧ ਵਿਚ ਔਰਤਾਂ ਦੀ ਗਿਣਤੀ ਮਰਦਾਂ ਨਾਲੋਂ ਦੁੱਗਣੀ ਹੈ। ਹਿਸਟੀਰੀਆ ਤੇ ਸ਼ੀਜ਼ੋਫਰੀਨਿਆ ਆਦਿ ਗੰਭੀਰ ਮਾਨਸਿਕ ਵਿਕਾਰਾਂ ਦੀ ਨੀਂਹ ਔਰਤਾਂ ਵਿਚ 20 ਤੋਂ 30 ਸਾਲ ਦੀ ਉਮਰ ਵਿਚ ਰੱਖੀ ਜਾਂਦੀ ਹੈ। ਜਿਨ੍ਹਾਂ ਦੇਸ਼ਾਂ ਨੂੰ ਅਸੀਂ ਬਹੁਤ ਤਰੱਕੀ ਜ਼ਾਫਤਾ ਮੰਨਦੇ ਹਾਂ ਉਨ੍ਹਾਂ ਦੇ ਵਾਸੀ ਵੀ ਮਾਨਸਿਕ ਰੋਗਾਂ ਤੋਂ ਨਹੀਂ ਬਚ ਸਕੇ। ਅਮਰੀਕਾ ਵਿਚ 2021 ਵਿਚ ਕੀਤੇ ਸਰਵੇ ਦੱਸਦੇ ਹਨ ਕਿ ਉੱਥੇ 18 ਸਾਲ ਉਮਰ ਦੇ 57.8 ਮਿਲੀਅਨ ਬਾਲਗਾਂ ਵਿਚੋਂ 22.8% ਕਿਸੇ ਨਾ ਕਿਸੇ ਮਾਨਸਿਕ ਰੋਗ ਤੋਂ ਪੀੜਤ ਸਨ। ਇਨ੍ਹਾਂ ਵਿਚੋਂ 27.2% ਔਰਤਾਂ ਸਨ ਅਤੇ ਮਰਦ 18.1% ਸਨ। ਭਾਵ ਇਥੇ ਵੀ ਔਰਤਾਂ ਦੀ ਗਿਣਤੀ ਜ਼ਿਆਦਾ ਹੈ। ਅਮਰੀਕਾ ਦੀ ਮਾਨਸਿਕ ਸਿਹਤ ਨਾਲ ਸਬੰਧਤ ਕੌਮੀ ਸੰਸਥਾ (ਂੀੰ੍ਹ) ਨੇ ਵੀ ਇਨ੍ਹਾਂ ਅੰਕੜਿਆਂ ‘ਤੇ ਆਪਣੀ ਮੋਹਰ ਲਾਈ ਹੈ। ਕੈਨੇਡਾ ਵਰਗੇ ਦੇਸ਼ ਵਿਚ ਵੀ ਬਹੁਤ ਸਾਰੇ ਮਨੋਵਿਿਗਆਨਕ ਸਰਵੇ ਕੀਤੇ ਗਏ ਜਿਨ੍ਹਾਂ ਦੇ ਨਤੀਜੇ ਵੀ ਇਸੇ ਗੱਲ ਦੀ ਸ਼ਾਹਦੀ ਭਰਦੇ ਹਨ ਕਿ ਔਰਤਾਂ (ਖਾਸ ਕਰਕੇ ਪੰਜਾਬੀ ਔਰਤਾਂ) ਮਰਦਾਂ ਨਾਲੋਂ ਜ਼ਿਆਦਾ ਮਾਨਸਿਕ ਰੋਗਾਂ ਨਾਲ ਗ੍ਰਸਤ ਹਨ। ਇਹ ਵੀ ਦੇਖਿਆ ਗਿਆ ਹੈ ਕਿ ਸਾਡੇ ਦੇਸ਼ ਵਿਚ ਮਾਨਸਿਕ ਰੋਗਾਂ ਦੇ ਸ਼ਿਕਾਰ ਔਰਤਾਂ ਤੇ ਮਰਦਾਂ ਵਿਚੋਂ 80% ਲੋਕ ਕਿਸੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਕੋਲ ਨਹੀਂ ਜਾਂਦੇ। ਪੁਰਾਣੇ ਜ਼ਮਾਨੇ ਵਿਚ ਇਨ੍ਹਾਂ ਦਾ ਇਲਾਜ ਆਮ ਕਰਕੇ ਅਨਪੜ੍ਹ ਸਾਧਾਂ ਸੰਤਾਂ ਜਾਂ ਭੂਤ ਕੱਢਣ ਵਾਲੇ ਚੇਲਿਆਂ ਆਦਿ ਤੋਂ ਧਾਗੇ ਤਵੀਤ ਲੈ ਕੇ ਕੀਤਾ ਜਾਂਦਾ ਰਿਹਾ ਹੈ। ਬਚਪਨ ਵਿਚ ਅਸੀਂ ਪਿੰਡਾਂ ਵਿਚ ਵੇਖਦੇ ਰਹੇ ਹਾਂ ਇਹ ਚੇਲੇ ਕਈ ਵਾਰੀ ਔਰਤਾਂ ‘ਤੇ ਬਹੁਤ ਅਤਿਆਚਾਰ ਕਰਦੇ ਅਤੇ ਉਨ੍ਹਾਂ ਦੇ ਸਰੀਰ ਨਾਲ ਵੀ ਖੇਡਦੇ। ਉਨ੍ਹਾਂ ਨੂੰ ਲਾਲ ਮਿਰਚਾਂ ਦੀਆਂ ਧੂਣੀਆਂ ਦਿਤੀਆਂ ਜਾਂਦੀਆਂ ਸਨ। ਇਹ ਸਾਰੀ ਖੇਡ ਭੂਤ ਜਾਂ ਚੁੜੇਲ ਨੂੰ ਕੱਢਣ ਦੇ ਨਾਂ ‘ਤੇ ਖੇਡੀ ਜਾਂਦੀ ਸੀ। ਬਾਕੀ ਪਰਿਵਾਰਕ ਮੈਂਬਰ ਅਨਪੜ੍ਹ ਹੋਣ ਕਰਕੇ ਸਹਿਮੇ ਹੋਏ, ਬੇਬਸ ਦੇਖਦੇ ਵੀ ਅਤੇ ਜਰਦੇ ਵੀ ਸਨ। ਜੇਕਰ ਉਨ੍ਹਾਂ ਦਾ ਤਸ਼ੱਦਦ ਵੀ ਕੁੱਝ ਨਾ ਸੰਵਾਰ ਸਕਦਾ ਤਾਂ ਉੱਚੇ ਪਹਾੜਾਂ ‘ਤੇ ਬਣੇ ਵੱਡੇ ਡੇਰਿਆਂ ਕੋਲੋਂ ਇਨ੍ਹਾਂ ਦਾ ਇਲਾਜ ਲੱਭਿਆ ਜਾਂਦਾ ਰਿਹਾ ਹੈ। ਪਹਾੜੀ ਝਰਨਿਆਂ ਦੀ ਪਾਣੀ ਦੀ ਭਾਰੀ ਧਾਰ ਹੇਠ ਕਰ ਦਿੱਤਾ ਜਾਂਦਾ ਜਿਸ ਨਾਲ ਮਰੀਜ਼ ਨੂੰ ਕੁੱਝ ਦੇਰ ਅਰਾਮ ਮਿਲਦਾ ਪਰ ਕੁੱਝ ਸਮੇਂ ਪਿੱਛੋਂ ਫਿਰ ਉਹ ਪਹਿਲਾਂ ਵਾਲੀ ਹਾਲਤ ਵਿਚ ਪਹੁੰਚ ਜਾਂਦਾ। ਅਸਲ ਵਿਚ ਨਾ ਤਾਂ ਇਨ੍ਹਾਂ ਰੋਗਾਂ ਨੂੰ ਕੋਈ ਰੋਗ ਸਮਝਦਾ ਸੀ ਸਗੋਂ ਇਨ੍ਹਾਂ ਨੂੰ ਬਾਹਰਲੀਆ ਕਸਰਾਂ ਨਾਲ ਜੋੜ ਕੇ ਵੇਖਿਆ ਜਾਂਦਾ ਸੀ। ਜਿਵੇਂ ਜਿਵੇਂ ਵਿਿਗਆਨ ਤੇ ਮਨੋਵਿਿਗਆਨ ਦਾ ਗਿਆਨ ਵਧਿਆ ਤਾਂ ਹੁਣ ਇਨ੍ਹਾਂ ਰੋਗਾਂ ਨੂੰ ਮਾਨਸਿਕ ਰੋਗ ਸਮਝ ਕੇ ਇਲਾਜ ਕੀਤਾ ਜਾਣ ਲੱਗਾ ਹੈ। ਉਪਰੋਕਤ ਅੰਕੜੇ ਇਹ ਗੱਲ ਸਿੱਧ ਕਰਦੇ ਹਨ ਕਿ ਔਰਤਾਂ ਮਰਦਾਂ ਨਾਲੋਂ ਵੱਧ ਗਿਣਤੀ ਵਿਚ ਮਾਨਸਿਕ ਰੋਗਾਂ ਦੀਆਂ ਸ਼ਿਕਾਰ ਹੁੰਦੀਆਂ ਰਹੀਆਂ ਹਨ। ਇਸ ਦਾ ਕਾਰਨ ਔਰਤਾਂ ਦਾ ਬਚਪਨ ਤੋਂ ਪਾਲਣ-ਪੋਸ਼ਣ ਦਾ ਢੰਗ, ਆਲਾ-ਦੁਆਲਾ, ਮਾਪਿਆਂ ਅਤੇ ਸਹੁਰਿਆਂ ਦਾ ਉਨ੍ਹਾਂ ਪ੍ਰਤੀ ਰਵੱਈਆ, ਸਮਾਜ ਦਾ ਉਨ੍ਹਾਂ ਪ੍ਰਤੀ ਵਿਵਹਾਰ ਜਾਂ ਸਮਾਜਿਕ ਵਿਤਕਰਾ ਅਤੇ ਮਰਦ ਪ੍ਰਧਾਨ ਪਰਿਵਾਰਕ ਸੰਗਠਨ ਆਦਿ ਕਾਰਕ ਇਸ ਦੇ ਜ਼ਿੰਮੇਵਾਰ ਬਣਦੇ ਹਨ। ਸਾਡੇ ਦੇਸ਼ ਵਿਚ ਕੁੱਝ ਪਰਿਵਾਰ ਅਨਪੜ੍ਹਤਾ ਕਾਰਨ ਲੜਕੀ ਨੂੰ ਅਜੇ ਵੀ ਲੜਕੇ ਨਾਲੋਂ ਘਟੀਆ, ਪੱਥਰ, ਬੋਝ, ਪਰਾਈ ਆਦਿ ਸਮਝ ਕੇ ਹੀ ਪਾਲਦੇ ਹਨ। ਉਸਦੇ ਖੰਭ ਬਚਪਨ ਤੋਂ ਹੀ ਕੱਟਣੇ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਉਨ੍ਹਾਂ ਦੇ ਹੁਕਮ ਤੋਂ ਬਿਨਾਂ ਉਹ ਜ਼ਿੰਦਗੀ ਦੀ ਕਿਸੇ ਵੀ ਪਰਵਾਜ਼ ਲਈ ਪਰ ਖੋਲ੍ਹ ਨਾ ਸਕੇ, ਸਗੋਂ ਇਕ ਇਕ ਕਦਮ ਉਨ੍ਹਾਂ ਦੀ ਆਗਿਆ ਤੋਂ ਬਾਅਦ ਹੀ ਚੁੱਕੇ। ਇਸ ਦੇ ਉਲਟ ਲੜਕੇ ਨੂੰ ਉਸ ਦੇ ਮੁਕਾਬਲੇ ਹਰ ਤਰ੍ਹਾਂ ਦੀ ਖੁੱਲ੍ਹ ਦੇ ਛੱਡਦੇ ਹਨ ਜਿਹੜੀ ਕਈ ਵਾਰੀ ਉਨ੍ਹਾਂ ਨੂੰ ਵਿਗਾੜਨ ਵਿਚ ਪੂਰਾ ਰੋਲ ਅਦਾ ਕਰਦੀ ਹੈ। ਘੱਟ ਵਿਕਸਤ ਅਤੇ ਅਨਪੜ੍ਹ ਪਰਿਵਾਰਾਂ ਵਿਚ ਲੜਕੀਆਂ ਨਾਲ ਅਜੇ ਵੀ ਖਾਣੇ ਵਿਚ ਅਤੇ ਹੋਰ ਵਰਤ-ਵਰਤਾਰੇ ਵਿਚ ਫਰਕ ਕੀਤਾ ਜਾਂਦਾ ਹੈ। ਅਜੇ ਵੀ ਇਹੀ ਸੋਚਿਆ ਜਾਂਦਾ ਹੈ ਕਿ ਕੁੜੀਆਂ ਤਾਂ ਬਿਗਾਨਾ ਧਨ ਹੈ-ਘਰ ਲਈ ਕਮਾਈ ਤਾਂ ਲੜਕਿਆਂ ਨੇ ਹੀ ਕਰਨੀ ਹੈ। ਉਹ ਇਸ ਗੱਲ ਤੋਂ ਅਵੇਸਲੇ ਰਹਿੰਦੇ ਹਨ ਕਿ ਲੜਕੀ ਨੇ ਤਾਂ ਪੂਰੇ ਪਰਿਵਾਰ ਦਾ ਭਾਰ ਚੁਕਣਾ ਹੁੰਦਾ ਹੈ। ਉਸ ਨੂੰ ਹੋਰ ਸਹੂਲਤਾਂ ਦੇਣ ਵੇਲੇ ਵੀ ਵੀਹ ਵਾਰੀ ਸੋਚਿਆ ਜਾਂਦਾ ਹੈ। ਹਮੇਸ਼ਾ ਇਹੀ ਸੋਚਿਆ ਜਾਂਦਾ ਹੈ ਕਿ ਜੇ ਲੜਕੀ ਘਰੋਂ ਬਾਹਰ ਗਈ ਤਾਂ ਵਿਗੜ ਜਾਵੇਗੀ ਪਰ ਲੜਕੇ ਬਾਰੇ ਇਸ ਤਰ੍ਹਾਂ ਨਹੀਂ ਸੋਚਿਆ ਜਾਂਦਾ। ਜ਼ਿਹਨੀ ਤੌਰ ‘ਤੇ ਲੜਕੀ ਸਾਰੀ ਜ਼ਿੰਦਗੀ ਪੇਕੇ-ਸਹੁਰੇ ਪਰਾਈ ਰਹਿੰਦੀ ਹੈ। ਜਵਾਨ ਹੋਈ ਲੜਕੀ ਨਾਲ ਬਾਹਰ ਜਾਣ ਵੇਲੇ ਸੱਤ-ਅੱਠ ਸਾਲ ਦੇ ਭਰਾ ਨੂੰ ਉਸ ਦੀ ਰੱਖਿਆ ਲਈ ਭੇਜਿਆ ਜਾਂਦਾ ਹੈ, ਉਸ ਦਾ ਆਤਮ ਵਿਸ਼ਵਾਸ ਤੇ ਸਵੈ-ਮਾਣ ਬਣਨ ਹੀ ਨਹੀਂ ਦਿਤਾ ਜਾਂਦਾ। ਸੋ ਲੜਕੀ ਲਈ ਮਾਨਸਿਕ ਰੋਗਾਂ ਦੀ ਨੀਂਹ ਅਸੀਂ ਬਚਪਨ ਵਿਚ ਹੀ ਉਸਦੇ ਜ਼ਿਹਨ ਵਿਚ ਰੱਖ ਦਿੰਦੇ ਹਾਂ। ਗਰੀਬ ਤੇ ਅਨਪੜ੍ਹ ਪਰਿਵਾਰਾਂ ਵਿਚ ਲੜਕੀਆਂ ਤੇ ਔਰਤਾਂ ਨਾਲ ਮਰਦਾਂ ਵਲੋਂ ਗ਼ਾਲੀ ਗਲੋਚ ਤੇ ਕੁੱਟਮਾਰ ਕਰਨੀ ਆਮ ਵਰਤਾਰਾ ਹੈ। ਮਰਦ ਤਾਂ ਲੜਦੇ ਵਕਤ ਵੀ ਗ਼ਾਲਾਂ ਮਾਂ, ਧੀ, ਭੈਣ ਦੀਆਂ ਹੀ ਕੱਢਦੇ ਹਨ। ਇਹੀ ਗੱਲਾਂ ਔਰਤਾਂ ਵਿਚ ਮਾਨਸਿਕ ਗੁੰਝਲਾਂ ਬਣ ਜਾਂਦੀਆਂ ਹਨ ਜਿਹੜੀਆਂ ਅੱਗੇ ਜਾ ਕੇ ਵੱਡੀਆਂ ਸਮੱਸਿਆਵਾਂ ਵਿਚ ਬਦਲ ਜਾਂਦੀਆਂ ਹਨ। ਸਾਧਾਰਨ ਉਦਾਸੀ ਮਾਨਸਿਕ ਰੋਗ ਨਹੀਂ ਹੁੰਦੀ ਸਗਂੋ ਇਹ ਕੁਝ ਸਮੇਂ ਲਈ ਮਹਿਸੂਸ ਹੋ ਰਹੀ ਇਕ ਭਾਵਨਾ ਹੁੰਦੀ ਹੈ ਜਿਹੜੀ ਸਾਰੇ ਪ੍ਰਾਣੀਆਂ ਨੂੰ ਸਮੇਂ ਸਮੇਂ ਮਹਿਸੂਸ ਹੁੰਦੀ ਹੈ ਪਰ ਇਸ ਨਾਲ ਸਾਡੇ ਰੋਜ਼ਾਨਾ ਕੰਮਕਾਰ ਜਿਵੇਂ ਪੜ੍ਹਾਈ, ਕਾਰੋਬਾਰ ਜਾਂ ਹੋਰ ਜ਼ਿਮੇਵਾਰੀਆਂ ਨਿਭਾਉਣ ਵਿਚ ਕੋਈ ਖਲਲ ਨਹੀ ਪੈਂਦਾ। ਇਹ ਸਾਧਾਰਨ ਗੱਲਬਾਤ ਨਾਲ ਹੀ ਠੀਕ ਹੋ ਸਕਦੀ ਹੈ। ਜਦੋਂ ਇਹ ਮਾਨਸਿਕ ਵਿਕਾਰ ਜਾਂ ਉਦਾਸੀ ਰੋਗ (ਡਿਪਰੈਸ਼ਨ) ਬਣਨਾ ਸ਼ੁਰੂ ਹੋ ਜਾਂਦਾ ਹੈ ਤਾਂ ਔਰਤ/ਮਰਦ ਨੂੰ ਸਹੀ ਤਰ੍ਹਾਂ ਸੋਚਣ, ਪੜ੍ਹਨ-ਲਿਖਣ, ਆਪਣੇ ਜਜ਼ਬਾਤਾਂ ‘ਤੇ ਕੰਟਰੋਲ ਕਰਨ ਵਿਚ, ਦੂਸਰਿਆਂ ਨਾਲ ਸਹੀ ਵਿਵਹਾਰ ਕਰਨ ਵਿਚ, ਸਮਾਜਿਕ ਰਿਸ਼ਤੇ ਨਿਭਾਉਣ ਵਿਚ ਅਤੇ ਦੂਸਰਿਆਂ ਨੂੰ ਤੇ ਆਪਣੇ ਆਪ ਨੂੰ ਸਮਝਣ ਵਿਚ ਔਖ ਮਹਿਸੂਸ ਹੋਣ ਲੱਗਦੀ ਹੈ। ਇਸ ਦੇ ਨਾਲ ਕਈ ਸਰੀਰਕ ਲੱਛਣ ਵੀ ਪ੍ਰਗਟ ਹੋਣ ਲੱਗਦੇ ਹਨ। ਭੁੱਖ ਤੇ ਨੀਂਦਰ ਜਾਂ ਤਾਂ ਘਟ ਜਾਂਦੀ ਹੈ ਜਾਂ ਬਹੁਤ ਵਧ ਜਾਂਦੀ ਹੈ। ਰੋਜ਼ਾਨਾ ਦੇ ਕੰਮਕਾਰ ਵਿਚ ਦਿਲਚਸਪੀ ਘਟ ਜਾਂਦੀ ਹੈ। ਘਰ ਦੇ ਮੈਂਬਰਾਂ ਨਾਲ ਤੇ ਮਿੱਤਰਾਂ ਦੋਸਤਾਂ ਵਿਚ ਵੀ ਲਗਾਅ ਨਹੀਂ ਰਹਿੰਦਾ। ਮਾਨਸਿਕ ਤੇ ਸਰੀਰਕ ਸੰਤੁਲਨ ਵੀ ਵਿਗੜਨ ਲੱਗਦਾ ਹੈ। ਉਸ ਦੇ ਅੰਦਰ ਆਪਣੇ ਆਪ ਲਈ ਅਤੇ ਦੂਸਰਿਆਂ ਲਈ ਖਤਰਨਾਕ ਰੁਝਾਨ ਪੈਦਾ ਹੋਣ ਲਗਦੇ ਹਨ। ਇਹ ਸਭ ਕੁੱਝ ਉਦਾਸੀ ਰੋਗ ਦੀਆਂ ਪਹਿਲੀਆਂ ਸਟੇਜਾਂ ਵਿਚ ਔਰਤਾਂ ਵਿਚ ਜਲਦੀ ਪ੍ਰਗਟ ਹੋਣ ਲੱਗਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਮ ਕਰਕੇ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀਆਂ ਹਨ। ਜੇਕਰ ਇਹ ਵਿਕਾਰ ਦੋ ਜਾਂ ਤਿੰਨ ਹਫਤਿਆਂ ਤੋਂ ਜ਼ਿਆਦਾ ਸਮਾਂ ਚਲੇ ਤਾਂ ਕਿਸੇ ਮਨੋ ਵਿਿਗਆਨੀ ਜਾਂ ਮਨੋ-ਚਕਿਤਸਕ ਦੀ ਲੋੜ ਪੈ ਸਕਦੀ ਹੈ ਕਿਉਂਕਿ ਰੋਗੀ ਅਕੇਵਾਂ, ਥਕੇਵਾਂ, ਨਿਰਾਸ਼ਾ, ਨਮੋਸ਼ੀ, ਨੀਂਦ ਤੇ ਭੁੱਖ ਘਟਣਾ ਜਾਂ ਬਹੁਤ ਵਧ ਜਾਣਾ, ਯਾਦਦਾਸ਼ਤ ਘਟਣਾ, ਛੋਟੇ ਮੋਟੇ ਫੈਸਲੇ ਨਾ ਕਰ ਸਕਣਾ ਆਦਿ ਮਹਿਸੂਸ ਕਰਨ ਲੱਗਦਾ ਹੈ। ਰੋਗੀ ਔਰਤ ਹਮੇਸ਼ਾ ਉਦਾਸੀ ਅਤੇ ਗੰਭੀਰ ਮੂਡ ਵਿਚ ਰਹਿਣ ਲੱਗਦੀ ਹੈ। ਉਸਦੀ ਯਾਦਦਾਸ਼ਤ ਘਟਣ ਲੱਗਦੀ ਹੈ। ਔਰਤ ਜਵਾਨੀ ਵਿਚ ਹੀ ਬੁੱਢਾ ਮਹਿਸੂਸ ਕਰਨ ਲੱਗਦੀ ਹੈ। ਜ਼ਿੰਦਗੀ ਵਿਚ ਉਸਦੀ ਦਿਲਚਸਪੀ ਘਟਣ ਲੱਗਦੀ ਹੈ। ਜੇਕਰ ਇਲਾਜ ਨਾ ਕਰਾਇਆ ਤਾਂ ਇਹ ਰੋਗ ਹੌਲੀ-ਹੌਲੀ ਗੰਭੀਰ ਹੁੰਦਾ ਜਾਂਦਾ ਹੈ। ਇਸ ਦੇ ਕਾਰਨ ਸਰੀਰਕ ਬਿਮਾਰੀਆਂ ਜਿਵੇਂ ਕਿ ਬਲੱਡ ਪ੍ਰੈਸ਼ਰ, ਸ਼ਕਰ ਰੋਗ ਅਤੇ ਪਹਿਲਾਂ ਲੱਗੀਆਂ ਹੋਰ ਬਿਮਾਰੀਆਂ ਵੀ ਗੰਭੀਰ ਹੋਣ ਲੱਗਦੀਆਂ ਹਨ। ਪਰ ਰੋਗੀ ਦਾ ਇਨ੍ਹਾਂ ਵੱਲ ਧਿਆਨ ਹੀ ਨਹੀਂ ਜਾਂਦਾ ਸਗੋਂ ਉਹ ਹਰ ਤਰ੍ਹਾਂ ਅਨਿਯਮਤ ਹੋਣ ਲੱਗਦੀ/ ਲੱਗਦਾ ਹੈ। ਆਤਮ ਵਿਸ਼ਵਾਸ ਬਿਲਕੁਲ ਨਹੀਂ ਰਹਿੰਦਾ, ਹਰ ਗੱਲ ਵਿਚ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਨਾ, ਇਕਾਗਰਤਾ ਘਟਣੀ, ਬੇਬਸੀ ਤੇ ਨਮੋਸ਼ੀ ਦੀ ਭਾਵਨਾ ਪੈਦਾ ਹੋਣਾ ਆਦਿ। ਕਈ ਵਾਰੀ ਔਰਤਾਂ ਨੂੰ ਗੰਭੀਰ ਮਾਨਸਿਕ ਰੋਗ ਕਾਰਨ ਸਰੀਰ ਦੇ ਕਈ ਅੰਗਾਂ ਵਿਚ ਰੁਮਾਂਟਿਕ ਪੀੜਾਂ ਮਹਿਸੂਸ ਹੁੰਦੀਆਂ ਹਨ ਜਿਨ੍ਹਾਂ ਦਾ ਕੋਈ ਕਾਰਨ ਸਰੀਰਕ ਟੈਸਟਾਂ ਵਿਚ ਵੀ ਨਹੀਂ ਲੱਭਦਾ, ਹਮੇਸ਼ਾਂ ਘਬਰਾਹਟ ਮਹਿਸੂਸ ਹੋਣ ਲੱਗਦੀ ਹੈ। ਬਹੁਤੇ ਵਿਕਸਤ ਦੇਸ਼ਾਂ ਵਿਚ ਤਾਂ ਔਰਤਾਂ ਮਰਦਾਂ ਵਾਂਗ ਹੀ ਨਸ਼ਿਆਂ ਵੱਲ ਹੋ ਤੁਰਦੀਆਂ ਹਨ, ਸਾਡੇ ਦੇਸ਼ ਵਿਚ ਇਹ ਘੱਟ ਵਾਪਰਦਾ ਹੈ ਪਰ ਆਪਣੇ ਆਪ ਵਿਚ ਹੀ ਕੁੜਦੀਆਂ ਰਹਿੰਦੀਆਂ ਹਨ। ਰੋਗੀ ਔਰਤ ਆਮ ਲੋਕਾਂ ਵਿਚ ਵਿਚਰਣ ਤੋਂ ਗੁਰੇਜ਼ ਕਰਨ ਲੱਗਦੀ ਹੈ। ਸਮੇਂ -ਸਮੇਂ ਹਿਸਟਿਰੀਆ ਦੇ ਦੌਰੇ ਵੀ ਪੈਣ ਲੱਗਦੇ ਹਨ-ਜਲਦੀ ਭੜਕ ਪੈਣਾ, ਹੱਸਦਿਆਂ ਹੱਸਦਿਆਂ ਅਚਾਨਕ ਉੱਚੀ ਰੋਣ ਲੱਗ ਜਾਣਾ ਜਾਂ ਤਰ੍ਹਾਂ ਤਰ੍ਹਾਂ ਦੀਆਂ ਅਜੀਬ ਅਵਾਜ਼ਾਂ ਸੁਣਾਈ ਦੇਣੀਆਂ ਆਦਿ। ਜ਼ਿੰਦਗੀ ਬੋਝ ਮਹਿਸੂਸ ਹੋਣ ਲੱਗਦੀ ਹੈ ਤੇ ਕਈ ਵਾਰੀ ਖੁਦਕੁਸ਼ੀ ਦੇ ਵਿਚਾਰ ਵੀ ਆਉਣ ਲੱਗਦੇ ਹਨ। ਔਰਤ ਦੀ ਜ਼ਿੰਦਗੀ ਵਿਚ ਮਰਦ ਨਾਲੋਂ ਬਹੁਤ ਵੱਖਰੇ ਪੜਾਅ ਆਉਂਦੇ ਹਨ। ਔਰਤ ਬਚਪਨ ਵਿਚ ਆਪਣੇ ਮਾਪਿਆਂ ਦੇ ਦਬਾਅ ਹੇਠ ਰਹਿੰਦੀ ਹੈ, ਜਵਾਨੀ ਵੇਲੇ ਭਰਾ ਉਸਨੂੰ ਆਪਣੀ ਨਿਗਰਾਨੀ ਵਿਚ ਰੱਖਦੇ ਹਨ, ਵਿਆਹ ਤੋਂ ਬਾਅਦ ਪਤੀ ਪਰਮੇਸ਼ਰ ਬਣਿਆ ਰਹਿੰਦਾ ਹੈ ਅਤੇ ਬੁਢਾਪਾ ਪੁੱਤਰਾਂ ਦੇ ਦਬਾਅ ਹੇਠ ਕੱਟਦੀ ਹੈ। ਹਰ ਸਟੇਜ ‘ਤੇ ਮਰਦ ਦੀ ਪ੍ਰਧਾਨਗੀ ਚਲਦੀ ਹੈ। ਭਾਵੇਂ ਹੁਣ ਇਹ ਵਰਤਾਰਾ ਵਿਿਦਆ ਦੇ ਚਾਨਣ ਨਾਲ ਕੁੱਝ ਸੁਧਰ ਰਿਹਾ ਹੈ ਪਰ ਫਿਰ ਵੀ ਇਸ ਦੇ ਪ੍ਰਭਾਵ ਨੂੰ ਨਕਾਰਿਆ ਨਹੀਂ ਜਾ ਸਕਦਾ। ਨੈਸ਼ਨਲ ਫੈਮਲੀ ਹੈਲਥ ਸਰਵੇ 2019-21 ਮੁਤਾਬਕ ਅਜੇ ਵੀ 30% ਔਰਤਾਂ ਕਦੇ ਨਾ ਕਦੇ ਮਰਦਾਂ ਦੀ ਮਾਰ ਕੁੱਟ ਦਾ ਸ਼ਿਕਾਰ ਹੁੰਦੀਆਂ ਹਨ, ਜਿਸ ਕਾਰਨ ਉਹ ਚਿੰਤਾ-ਰੋਗ ਅਤੇ ਉਦਾਸੀ ਰੋਗ ਦੀਆਂ ਸ਼ਿਕਾਰ ਹੋ ਜਾਂਦੀਆਂ ਹਨ। ਔਰਤ ਗਰਭ ਧਾਰਨ ਕਰਨ ਤੋਂ ਲੈ ਕੇ ਬੱਚੇ ਦੇ ਜਨਮ ਤਕ ਬਹੁਤ ਗੰਭੀਰ ਪੜਾਵਾਂ ਵਿਚੋਂ ਗੁਜ਼ਰਦੀ ਹੈ। ਸਾਡੇ ਸਮਾਜ ਵਿਚ ਉਸਨੂੰ ਲੜਕਾ-ਲੜਕੀ ਦੇ ਵਿਚਾਰ ਹੀ ਘੇਰੀ ਰੱਖਦੇ ਹਨ ਜਦੋਂਕਿ ਉਸਦੇ ਆਲੇ-ਦੁਆਲੇ ਲੜਕੇ ਦੀਆਂ ਅਵਾਜ਼ਾਂ ਗੂੰਜਦੀਆਂ ਰਹਿੰਦੀਆਂ ਹਨ। ਇਹ ਵਰਤਾ ਵੀ ਉਸਨੂੰ ਡਿਪਰੈਸ਼ਨ ਵੱਲ ਲੈ ਕੇ ਜਾਂਦਾ ਹੈ। ਬੱਚਿਆਂ ਦਾ ਪਾਲਣ-ਪੋਸ਼ਣ, ਬਜ਼ੁਰਗਾਂ ਦੀ ਸਾਂਭ ਸੰਭਾਲ, ਘਰ-ਰਸੋਈ ਦੇ ਕੰਮ ਵੀ ਉਸਦੀ ਬਾਹਰਲੀ ਨੌਕਰੀ ਤੋਂ ਇਲਾਵਾ ਉਸਦੀ ਸਿਰਦਰਦੀ ਬਣਿਆ ਰਹਿੰਦਾ ਹੈ। ਸਾਡੇ ਦੇਸ਼ ਵਿਚ ਬਹੁਤੀਆਂ ਔਰਤਾਂ ਨੂੰ ਪੜ੍ਹਾਈ ਅਤੇ ਰੁਜ਼ਗਾਰ ਦੇ ਸੀਮਤ ਮੌਕੇ ਮਿਲਦੇ ਹਨ ਜਿਸ ਕਾਰਨ ਉਸ ਦੇ ਆਤਮ ਵਿਸ਼ਵਾਸ ਤੇ ਹਉਮੈ ਨੂੰ ਸੱਟ ਵੱਜਦੀ ਹੈ। ਜਿਸ ਨਾਲ ਉਸਦੀ ਸੁਰਤ ਢਹਿੰਦੀ ਕਲਾ ਵੱਲ ਜਾਂਦੀ ਹੈ। ਮੀਨੋਪਾਜ਼ ਦਾ ਸਮਾਂ ਔਰਤ ਲਈ ਬਹੁਤ ਹੀ ਸੰਵੇਦਨਸ਼ੀਲ ਪੜਾਅ ਹੁੰਦਾ ਹੈ। ਉਸ ਸਮੇਂ ਵਿਚ ਉਸ ਦੇ ਸਰੀਰਕ ਢਾਂਚੇ ਵਿਚ ਬਦਲਾਅ ਦੇ ਨਾਲ ਨਾਲ ਬਹੁਤ ਸਾਰੇ ਮਾਨਸਿਕ ਵਿਕਾਰ ਵੀ ਸ਼ੁਰੂ ਹੋ ਜਾਂਦੇ ਹਨ। ਹਾਰਮੋਨਜ਼ ਵਿਚ ਅਸੰਤੁਲਨ ਪੈਦਾ ਹੋਣ ਨਾਲ ਕਈ ਵਾਰੀ ਉਸਨੂੰ ਉਦਾਸੀ ਦੇ ਨਾਲ ਹਿਸਟੀਰੀਆ ਦੇ ਦੌਰੇ ਵੀ ਪੈਂਦੇ ਹਨ। ਇਹ ਦੌਰ ਪੰਤਾਲੀ ਸਾਲ ਦੀ ਉਮਰ ਤੋਂ ਪੰਜਾਹ ਸਾਲ ਦੀ ਉਮਰ ਤਕ ਵੀ ਚਲ ਸਕਦਾ ਹੈ। ਤਲਾਕਸ਼ੁਦਾ ਅਤੇ ਵਿਧਵਾ ਔਰਤਾਂ ਸਮਾਜ ਦੇ ਤਾਅਨੇ ਮਿਹਣਿਆਂ ਦਾ ਸ਼ਿਕਾਰ ਹੋਈਆਂ ਰਹਿੰਦੀਆਂ ਹਨ। ਬਹੁਤ ਸਾਰੀਆਂ ਸਮਾਜਿਕ ਰੀਤੀ-ਰਿਵਾਜ਼ਾਂ ਅਤੇ ਰਸਮਾਂ ਵੇਲੇ ਉਨ੍ਹਾਂ ਨੂੰ ਨਹਿਸ਼ ਸਮਝ ਕੇ ਗੁਸਤਾਖ ਨਜ਼ਰਾਂ ਨਾਲ ਵੇਖਿਆ ਜਾਂਦਾ ਹੈ ਜਿਸ ਕਾਰਨ ਉਨ੍ਹਾਂ ਦੇ ਮਾਨਸਿਕ ਢਾਂਚੇ ‘ਤੇ ਬਹੁਤ ਡੂੰਘੀਆਂ ਦੁਖਦਾਈ ਲਕੀਰਾਂ ਖਿਚੀਆਂ ਜਾਂਦੀਆਂ ਹਨ-ਅੰਦਰੋਂ-ਅੰਦਰੀ ਉਨ੍ਹਾਂ ਨੂੰ ਖਾਈ ਜਾਂਦੀਆਂ ਹਨ ਜੋ ਕਿ ਮਾਨਸਿਕ ਸਿਹਤ ਲਈ ਘਾਤਕ ਸਿੱਧ ਹੁੰਦੀਆਂ ਹਨ। ਵੱਖਰੇ ਵੱਖਰੇ ਖੇਤਰਾਂ ਵਿਚ ਵਿਚਰਦੀਆਂ ਔਰਤਾਂ ਸਮਾਜਿਕ, ਆਰਥਕ ਤੇ ਘਰੇਲੂ ਸਮੱਸਿਆਵਾਂ ਨੂੰ ਵੱਖਰੀ ਤਰ੍ਹਾਂ ਮਹਿਸੂਸ ਕਰਦੀਆਂ ਹਨ ਅਤੇ ਵੱਖਰੀ ਤਰ੍ਹਾਂ ਦਾ ਪ੍ਰਭਾਵ ਕਬੂਲਦੀਆਂ ਹਨ। ਮੰਦਬੁੱਧੀ ਤੇ ਘੱਟ ਆਈ-ਕਿਉ ਵਾਲੀਆਂ ਔਰਤਾਂ ਮਾੜੇ-ਚੰਗੇ ਹਾਲਾਤਾਂ ਨੂੰ ਬਹੁਤਾ ਨਹੀਂ ਗੌਲਦੀਆਂ ਗੰਭੀਰ ਮਾਨਸਿਕ ਰੋਗਾਂ ਤੋਂ ਬਚੀਆਂ ਰਹਿੰਦੀਆਂ ਹਨ। ਆਮ ਔਰਤਾਂ ਲਈ ਕਈ ਵਾਰੀ ਧਾਰਮਿਕ ਕੱਟੜਤਾ ਵੀ ਮਾਨਸਿਕ ਰੋਗ ਬਣ ਜਾਂਦੀ ਹੈ। ਰਾਜਨੀਤਕ ਖੇਤਰ ਵਿਚ ਕੰਮ ਕਰਦੀਆਂ ਔਰਤਾਂ ਵਿਚ ਖਾਹਿਸ਼ਾਂ ਉੱਚੀਆਂ ਪਦਵੀਆਂ ਨਾਲ ਬੱਝੀਆਂ ਹੁੰਦੀਆਂ ਹਨ ਤੇ ਵੱਡੇ ਸੁਪਨੇ ਟੁੱਟਦੇ ਹਨ ਤਾਂ ਉਨ੍ਹਾਂ ਨੂੰ ਵੀ ਕਈ ਵਾਰੀ ਮਨੋਵਿਿਗਆਨਕਾਂ ਕੋਲ ਸਲਾਹ ਲੈਣ ਜਾਣਾ ਪੈਂਦਾ ਹੈ। ਔਰਤਾਂ ਤੇ ਮਰਦ ਲੇਖਕ, ਕਵੀ, ਕਲਾਕਾਰ ਆਮ ਲੋਕਾਂ ਨਾਲੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ, ਹਰ ਘਟਨਾ ਦੁਰਘਟਨਾ ਨੂੰ ਆਮ ਲੋਕਾਂ ਨਾਲੋਂ ਜ਼ਿਆਦਾ ਤੀਬਰਤਾ ਨਾਲ ਮਹਿਸੂਸ ਕਰਦੇ ਹਨ ਅਤੇ ਉਸਦਾ ਤੀਖਣ ਪ੍ਰਭਾਵ ਕਬੂਲਦੇ ਹਨ। ਉਹ ਇਨ੍ਹਾਂ ਨੂੰ ਆਪਣੇ ਵਿਚਾਰਾਂ ਵਿਚ ਢਾਲ ਕੇ ਖੂਬਸੂਰਤ ਰਚਨਾਵਾਂ, ਕਲਾਕ੍ਰਿਤੀਆਂ ਪੈਦਾ ਕਰਦੇ ਹਨ ਪਰ ਮਨੋਵਿਿਗਆਨੀਆਂ ਦਾ ਵਿਚਾਰ ਹੈ ਕਿ ਨਵੀਂ ਕਰੀਅਸ਼ਨ ਤੇ ਮਾਨਸਿਕ ਰੋਗਾਂ ਦਾ ਡੂੰਘਾ ਸਬੰਧ ਹੈ। ਆਮ ਆਬਾਦੀ ਵਿਚ ਮਾਨਸਿਕ ਰੋਗੀ ਸਿਰਫ 5% ਹੁੰਦੇ ਹਨ ਪਰ ਲੇਖਕ-ਲੇਖਕਾਵਾਂ, ਕਵੀ ਕਵਿਤਰੀਆਂ, ਸਟੇਜੀ ਜਾਂ ਫਿਲਮੀ ਕਲਾਕਾਰਾਂ ਵਿਚ ਮਾਨਸਿਕ ਬਿਮਾਰਾਂ ਦੀ ਗਿਣਤੀ 30% ਤੋਂ 50% ਤਕ ਵੀ ਦੇਖੀ ਗਈ ਹੈ। ਕੰਮ ਦਾ ਬੋਝ, ਕੰਮ ਮਿਲਣ ਦੀ ਅਸਥਿਰਤਾ, ਭਵਿੱਖ ਦੀ ਅਨਿਸ਼ਚਤਾ, ਸਾਥੀਆਂ ਨਾਲ ਮੁਕਾਬਲੇਬਾਜ਼ੀ ਅਤੇ ਸ਼ੱਕੀ ਸੁਭਾਅ ਇਨ੍ਹਾਂ ਨੂੰ ਮਾਨਸਿਕ ਵਿਕਾਰਾਂ ਵਲ ਲੈ ਜਾਂਦੇ ਹਨ। ਬਹੁਤ ਧਨਵਾਨ ਤੇ ਮਹਾਨ ਔਰਤ ਹਸਤੀਆਂ ਵੀ ਘੋਰ ਡਿਪਰੈਸ਼ਨ ਵਿਚ ਘਿਰੀਆਂ ਵੇਖੀਆਂ ਗਈਆਂ ਹਨ। ਇਹ ਲੋਕ ਆਪਣੇ ਆਪ ਨੂੰ ਠੀਕ ਕਰਨ ਵਿਚ ਵੀ ਆਮ ਲੋਕਾਂ ਨਾਲੋਂ ਹੁਸ਼ਿਆਰ ਹੁੰਦੇ ਹਨ ਤੇ ਜਲਦੀ ਸੰਭਲ ਜਾਂਦੇ ਹਨ ਕਿਉਂਕਿ ਇਨ੍ਹਾਂ ਕੋਲ ਸਾਧਨ ਤੇ ਆਰਥਕ ਸਮਰੱਥਾ ਵੀ ਵੱਧ ਹੁੰਦੀ ਹੈ। ਆਮ ਜਨਤਾ ਲਈ ਇਹ ਵਿਕਾਰ ਵੱਡੀ ਸਮੱਸਿਆ ਬਣ ਜਾਂਦੇ ਹਨ। ਔਰਤਾਂ ਵਿਚ ਬਹੁਤੇ ਮਾਨਸਿਕ ਵਿਕਾਰ ਜਾਂ ਰੋਗ ਚਿੰਤਾ/ਹੋਰ ਉਦਾਸੀ ਤੋਂ ਹੀ ਸ਼ੁਰੂ ਹੁੰਦੇ ਹਨ। ਫਿਰ ਹੌਲੀ-ਹੌਲੀ ਖਾਣ-ਪੀਣ ਨਾਲ ਸਬੰਧਤ ਵਿਕਾਰ, ਸ਼ਖਸੀਅਤ ਸਬੰਧੀ ਵਿਕਾਰ, ਹਿਸਟਰੀਆ, ਬਾਈ-ਪੋਲਰ, ਭਰਮ ਰੋਗ ਅਤੇ ਸ਼ੀਜ਼ੋਫਰੀਨੀਆ ਵਰਗੇ ਮਾਨਸਿਕ ਰੋਗਾਂ ਤਕ ਪਹੁੰਚ ਸਕਦੇ ਹਨ। ਜਿਹੜੇ ਸਧਾਰਨ ਨਿਰੋਟਿਕ ਰੋਗ ਤਾਂ ਮਨੋਵਿਿਗਆਨੀ ਰੋਗੀ ਨਾਲ ਵਾਰਤਾਲਾਪ (ਮਨੋ ਵਿਸ਼ਲੇਸ਼ਣ) ਕਰਕੇ ਹੀ ਉਨ੍ਹਾਂ ਦੇ ਅੰਦਰ ਬਣੀਆਂ ਮਾਨਸਿਕ ਗੁੰਝਲਾਂ ਨੂੰ ਸੁਲਝਾਅ ਕੇ ਠੀਕ ਕਰ ਦਿੰਦੇ ਹਨ। ਘੋਰ ਡਿਪਰੈਸ਼ਨ ਅਤੇ ਵੱਡੀਆਂ ਵੱਡੀਆਂ ਮਾਨਸਿਕ ਬਿਮਾਰੀਆਂ ਦੇ ਇਲਾਜ ਲਈ ਮਨੋ ਚਕਿਤਸਕ ਦਵਾਈਆਂ ਦੀ ਮਦਦ ਲੈਂਦੇ ਹਨ। ਜ਼ਿਆਦਾ ਗੰਭੀਰ ਮਾਨਸਿਕ ਰੋਗਾਂ ਲਈ ਕਈ ਵਾਰੀ ਬਿਜਲੀ ਦੇ ਹਲਕੇ ਝਟਕੇ ਵੀ ਦੇਣੇ ਪੈਂਦੇ ਹਨ। ਜੇਕਰ ਪ੍ਰਾਣੀ ਆਪ ਹੀ ਆਪਣੇ ਆਪ ਨੂੰ ਸਮਝ ਕੇ ਆਪਣੇ ਆਪ ਨੂੰ ਮਾਨਸਿਕ ਰੋਗਾਂ ਤੋਂ ਬਚਾਉਣਾ ਚਾਹੁੰਦਾ ਹੋਵੇ ਤਾਂ ਉਸ ਨੂੰ ਹਰ ਰੋਜ਼ ਬਣਦੀ ਕਸਰਤ ਕਰਨੀ ਜ਼ਰੂਰੀ ਹੈ। ਸਕਾਰਾਤਮਕ ਵਿਚਾਰ, ਸਾਦਾ ਤੇ ਪੌਸ਼ਟਕ ਭੋਜਨ, ਕਾਫੀ ਮਾਤਰਾ ਵਿਚ ਸਾਫ ਪਾਣੀ ਦਾ ਸੇਵਨ ਅਤੇ ਲੋੜੀਂਦੀ ਵਧੀਆ ਨੀਂਦਰ ਆਮ ਮਨੁੱਖ ਨੂੰ ਮਾਨਸਿਕ ਰੋਗਾਂ ਤੋਂ ਬਚਾ ਸਕਦੀ ਹੈ।