Thursday, November 21, 2024
6.5 C
Vancouver

ਵੈਨਕੂਵਰ ਵਿਚਾਰ ਮੰਚ ਵੱਲੋਂ ਰੰਗਮੰਚ ਗੁਰੂ ਡਾ. ਯੋਗੇਸ਼ ਗੰਭੀਰ ਨਾਲ ਵਿਸ਼ੇਸ਼ ਮਿਲਣੀ

ਡਾ. ਯੋਗੇਸ਼ ਨੇ ਰਾਮਾਇਣ ਬਾਰੇ ਬਹੁਤ ਹੀ ਦਿਲਚਸਪ ਜਾਣਕਾਰੀ ਸਾਂਝੀ ਕੀਤੀ

ਸਰੀ, (ਹਰਦਮ ਮਾਨ)- ਹਜ਼ਾਰਾਂ ਵਿਦਿਆਰਥੀਆਂ ਦੇ ਥੀਏਟਰ ਗੁਰੂ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਚ ਰੰਗਮੰਚ ਦੇ ਅਧਿਆਪਕ ਰਹੇ ਡਾ. ਯੋਗੇਸ਼ ਗੰਭੀਰ ਦੀ ਸਰੀ ਆਮਦ ‘ਤੇ ਵੈਨਕੂਵਰ ਵਿਚਾਰ ਮੰਚ ਵੱਲੋਂ ਉਨ੍ਹਾਂ ਨਾਲ ਵਿਸ਼ੇਸ਼ ਮਿਲਣੀ ਕੀਤੀ ਗਈ। ਇਸ ਇਕੱਤਰਤਾ ਵਿੱਚ ਡਾ. ਯੋਗੇਸ਼ ਗੰਭੀਰ ਨੇ ਜਿੱਥੇ ਆਪਣੇ ਜੀਵਨ ਅਤੇ ਰੰਗਮੰਚ ਸਫ਼ਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ, ਉੱਥੇ ਰਾਮਾਇਣ ਬਾਰੇ ਵੀ ਬਹੁਤ ਦਿਲਚਸਪ ਜਾਣਕਾਰੀ ਸਾਂਝੀ ਕੀਤੀ।
ਡਾ. ਯੋਗੇਸ਼ ਗੰਭੀਰ ਨੇ ਦੱਸਿਆ ਕਿ ਉਹਨਾਂ ਨੇ ਰਾਮਾਇਣ ਉੱਪਰ ਖੋਜ ਕਾਰਜ ਕੀਤਾ ਹੈ ਅਤੇ ਡਾਕਟਰੇਟ ਦੀ ਡਿਗਰੀ ਹਾਸਲ ਕੀਤੀ ਹੈ। ਰਾਮਾਇਣ ਬਾਰੇ ਡੂੰਘੀ ਖੋਜ ਕਰਦਿਆਂ ਉਹਨਾਂ ਨੂੰ ਪਤਾ ਲੱਗਿਆ ਕਿ ਰਾਮਾਇਣ ਦੇ ਕੁੱਲ 39 ਸੰਸਕਰਣ ਹਨ ਅਤੇ ਇਹ ਸਾਰੇ ਇੱਕ ਦੂਜੇ ਤੋਂ ਵੱਖਰੇ ਹਨ। ਉਹਨਾਂ ਦੱਸਿਆ ਕਿ ਸਭ ਤੋਂ ਪਹਿਲੀ ਰਾਮਾਇਣ ਲਾਹੌਲ ਸਪਿਤੀ ਦੀ ਹੈ। ਉਨ੍ਹਾਂ ਬਾਲਮੀਕੀ ਵੱਲੋਂ ਰਾਮਾਇਣ ਲਿਖਣ ਦੇ ਪਿਛੋਕੜ ਬਾਰੇ ਦੱਸਿਆ। ਇਸ ਗੱਲਬਾਤ ਦੌਰਾਨ ਮਹਾਂਭਾਰਤ ਬਾਰੇ ਚਰਚਾ ਹੋਈ ਅਤੇ ਪੰਜਾਬੀ ਰੰਗ ਮੰਚ ਦੇ ਮੁੱਢਲੇ ਦੌਰ ਨੂੰ ਯਾਦ ਕੀਤਾ ਗਿਆ। ਡਾ. ਗੰਭੀਰ ਨੇ ਪ੍ਰਿਥਵੀ ਰਾਜ ਕਪੂਰ ਅਤੇ ਗੁਰਸ਼ਰਨ ਭਾ ਜੀ ਤੋਂ ਲੈ ਕੇ ਸੈਮੂਅਲ ਜੋਹਨ ਤੱਕ ਪੰਜਾਬੀ ਲੋਕ ਰੰਗਮੰਚ ਨਾਲ ਜੁੜੀਆਂ ਆਪਣੀਆਂ ਖੂਬਸੂਰਤ ਯਾਦਾਂ ਵੀ ਤਾਜ਼ਾ ਕੀਤੀਆਂ। ਗੁਰਸ਼ਰਨ ਭਾ ਜੀ ਵੱਲੋਂ ਹਰ ਇਕ ਪਿੰਡ ਤੱਕ ਪੰਜਾਬੀ ਨਾਟਕ ਪਹੁੰਚਾਉਣ ਦੇ ਆਪਣੇ ਸਮਰਪਿਤ ਜੀਵਨ ਨੂੰ ਸਿਜਦਾ ਕੀਤਾ ਗਿਆ। ਉਨ੍ਹਾਂ ਹਿਮਾਚਲ ਦੇ ਫੋਕ ਥੀਏਟਰ ਕ੍ਰਿਆਲਚੀ ਬਾਰੇ ਵੀ ਦਿਲਚਸਪ ਜਾਣਕਾਰੀ ਦਿੱਤੀ।
ਇਸ ਇਕੱਤਰਤਾ ਦੇ ਸ਼ੁਰੂ ਵਿੱਚ ਸ਼ਾਇਰ ਮੋਹਨ ਗਿੱਲ ਨੇ ਸਭ ਨੂੰ ਜੀ ਆਇਆਂ ਕਿਹਾ ਅਤੇ ਮੰਚ ਦੇ ਪ੍ਰਧਾਨ ਜਰਨੈਲ ਸਿੰਘ ਆਰਟਿਸਟ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ। ਅੰਤ ਵਿੱਚ ਅੰਗਰੇਜ਼ ਬਰਾੜ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀ ਰੰਗ ਮੰਚ ਬਾਰੇ ਬਹੁਤ ਹੀ ਗੰਭੀਰ ਚਰਚਾ ਤੇ ਵਿਸ਼ੇਸ਼ ਕਰ ਕੇ ਰਾਮਾਇਣ ਬਾਰੇ ਬੜੀ ਰੌਚਕ ਜਾਣਕਾਰੀ ਇਸ ਇਕੱਤਰਤਾ ਦੀ ਵੱਡੀ ਪ੍ਰਾਪਤੀ ਹੋ ਨਿੱਬੜੀ ਹੈ। ਉਨ੍ਹਾਂ ਡਾਕਟਰ ਡਾ. ਯੋਗੇਸ਼ ਗੰਭੀਰ ਦਾ ਵਿਸ਼ੇਸ਼ ਸ਼ੁਕਰਾਨਾ ਕੀਤਾ। ਇਸ ਇਕੱਤਰਤਾ ਵਿੱਚ ਹੋਰਨਾਂ ਤੋਂ ਇਲਾਵਾ ਭੁਪਿੰਦਰ ਮੱਲ੍ਹੀ, ਨਾਮਵਰ ਸ਼ਾਇਰ ਜਸਵਿੰਦਰ, ਨਾਮਵਰ ਨਾਵਲਕਾਰ ਜਰਨੈਲ ਸਿੰਘ ਸੇਖਾ, ਪ੍ਰਸਿੱਧ ਸ਼ਾਇਰ ਅਜਮੇਰ ਰੋਡੇ, ਰਾਜਵੰਤ ਰਾਜ ਅਤੇ ਹਰਦਮ ਮਾਨ ਨੇ ਵੀ ਹਿੱਸਾ ਲਿਆ।