Saturday, November 23, 2024
9.1 C
Vancouver

ਕੈਨੇਡਾ ਵਿੱਚ ਔਰਤਾਂ ਦਾ ਇਤਿਹਾਸਕ ਮਹੀਨਾ ਅਕਤੂਬਰ

 

ਅਕਤੂਬਰ ਕੈਨੇਡਾ ਵਿੱਚ ਔਰਤਾਂ ਦਾ ਇਤਿਹਾਸਕ ਮਹੀਨਾ ਹੈ। 1992 ਵਿੱਚ, ਕੈਨੇਡਾ ਸਰਕਾਰ ਨੇ ਅਕਤੂਬਰ ਨੂੰ ਔਰਤਾਂ ਦੇ ਇਤਿਹਾਸ ਦੇ ਮਹੀਨੇ ਵਜੋਂ ਮਨੋਨੀਤ ਕੀਤਾ, ਇਸ ਮਹੀਨੇ ਦੌਰਾਨ ਕੈਨੇਡਾ ਦੇ ਇਤਿਹਾਸ ਵਿੱਚ ਔਰਤਾਂ ਅਤੇ ਲੜਕੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦੇ ਸਾਲਾਨਾ ਜਸ਼ਨ ਮਨਾਏ ਜਾਂਦੇ ਹਨ। ਹੌਸਲੇ ਦਾ ਸੰਬੰਧ ਹਾਲਾਤਾਂ ਅਤੇ ਪ੍ਰਸਥਿਤੀਆਂ ਨਾਲ ਹੁੰਦਾ ਹੈ ਕਿਸੇ ਜੈਂਡਰ ਨਾਲ ਨਹੀਂ। ਔਰਤ ਆਪਣੀ ਜ਼ਿੰਦਗੀ ਦੌਰਾਨ ਬਹੁਤ ਸਾਰੇ ਚੁਣੌਤੀਆਂ ਦਾ ਸਾਹਮਣਾ ਕਰਦੀ ਹੈ। ਪਰ ਇਸ ਸਭ ਦੇ ਬਾਵਜੂਦ ਔਰਤ ਨਾਲ ਪੱਖਪਾਤੀ ਰਵੱਈਆ ਸਦੀਆਂ ਤੋਂ ਚੱਲ ਰਿਹਾ ਹੈ। ਔਰਤਾਂ ਨੂੰ ਬਰਾਬਰੀ ਦੇ ਹੱਕ ਦਿਵਾਉਣ ਲਈ ਸਮੇਂ ਸਮੇਂ ‘ਤੇ ਸੰਘਰਸ਼ ਹੋਏ। 1975 ਨੂੰ ਸੰਯੁਕਤ ਰਾਸ਼ਟਰ ਨੇ ਸਭ ਤੋਂ ਪਹਿਲਾਂ ਔਰਤ ਦਿਵਸ ਮਨਾਇਆ ਅਤੇ ਇਸ ਤੋਂ ਬਾਅਦ ਕੌਮਾਂਤਰੀ ਪੱਧਰ ‘ਤੇ ਔਰਤਾਂ ਦੀਆਂ ਕਾਨਫਰੰਸਾਂ ਸ਼ੁਰੂ ਹੋ ਗਈਆਂ। 1977 ਵਿਚ ਔਰਤਾਂ ਦੀ ਜਨਰਲ ਅਸੈਂਬਲੀ ਨੇ ਮੈਂਬਰ ਸਟੇਟਾਂ ਦੀਆਂ ਆਪੋ-ਆਪਣੀਆਂ ਰਵਾਇਤਾਂ ਅਨੁਸਾਰ ਔਰਤ ਦਿਵਸ ਮਨਾਉਣ ਦਾ ਫੈਸਲਾ ਕੀਤਾ। ਪਹਿਲੀ ਕੌਮਾਂਤਰੀ ਕਾਨਫਰੰਸ ਔਰਤਾਂ ਦੇ ਮੁੱਢਲੇ ਅਧਿਕਾਰਾਂ ਅਤੇ ਕੌਮਾਂਤਰੀ ਸ਼ਾਂਤੀ ਦੇ ਮੁੱਦੇ ਨੂੰ ਲੈ ਕੇ 1975 ਵਿਚ ਮੈਕਸੀਕੋ ਵਿਚ ਹੋਈ। ਦੂਜੀ ਯੂਐੱਨ ਵਿਮੈੱਨ ਕਾਨਫਰੰਸ 1980 ਵਿਚ ਕੋਪਨਹੇਗਨ ਅਤੇ ਤੀਜੀ 1985 ਵਿਚ ਨੈਰੋਬੀ ਵਿਚ ਹੋਈ । ਇਨ੍ਹਾਂ ਕਾਨਫਰੰਸਾਂ ਵਿਚ ਮੁੱਖ ਮੁੱਦੇ ਬਰਾਬਰ ਕੰਮ ਲਈ ਬਰਾਬਰ ਉਜਰਤ, ਔਰਤਾਂ ਵਿਰੁੱਧ ਹਿੰਸਾ, ਜ਼ਮੀਨ ਦੀ ਮਾਲਕੀ ਅਤੇ ਮੁੱਢਲੇ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਸਨ। 1995 ਵਿਚ ਪੇਈਚਿੰਗ ਵਿਚ ਚੌਥੀ ਕਾਨਫਰੰਸ ਮੀਲ ਪੱਥਰ ਹੋ ਨਿੱਬੜੀ। ਇਸ ਕਾਨਫਰੰਸ ਵਿਚ 12 ਤੋਂ ਵੱਧ ਮੁੱਦਿਆਂ ਦੀ ਨਿਸ਼ਾਨਦੇਹੀ ਕੀਤੀ ਗਈ ਜਿਹੜੇ ਔਰਤ ਦੇ ਸ਼ਕਤੀਕਰਨ ਅਤੇ ਮਰਦ ਔਰਤ ਵਿਚਲੀ ਬਰਾਬਰੀ ਯਕੀਨੀ ਬਣਾਉਣ ਬਾਰੇ ਸਨ। ਇਕ ਕਾਰਵਾਈ ਯੋਜਨਾ (ਐਕਸ਼ਨ ਪਲਾਨ) ਤਹਿਤ ਪ੍ਰਣ ਲਿਆ ਕਿ ਔਰਤ ਨਾਲ ਹੁੰਦੀ ਹਰ ਪ੍ਰਕਾਰ ਦੀ ਹਿੰਸਾ ਅਤੇ ਵਿਤਕਰਾ ਜੜ੍ਹੋਂ ਖ਼ਤਮ ਕਰਨਾ ਹੈ। ਇਸ ਕਾਨਫਰੰਸ ਵਿਚ 17 ਹਜ਼ਾਰ ਤੋਂ ਵਧ ਔਰਤਾਂ ਨੇ ਸ਼ਮੂਲੀਅਤ ਕੀਤੀ ਜਿਸ ਵਿਚ 6 ਹਜ਼ਾਰ ਸਰਕਾਰੀ ਡੈਲੀਗੇਟ ਤੇ 4 ਹਜ਼ਾਰ ਤੋਂ ਵੱਧ ਸਰਕਾਰੀ, ਗੈਰ-ਸਰਕਾਰੀ ਸੰਸਥਾਵਾਂ ਨੇ ਭਾਗ ਲਿਆ। ਪੰਜ ਸਾਲਾਂ ਬਾਅਦ 2000 ਵਿਚ ਯੂਐੱਨ ਦੀ ਜਨਰਲ ਅਸੈਂਬਲੀ ਨੇ ਪਹਿਲਾਂ ਤੋਂ ਬਣੀ ਯੋਜਨਾ ਉੱਪਰ ਵਿਚਾਰ-ਵਟਾਂਦਰਾ ਕਰਦਿਆਂ 21ਵੀਂ ਸਦੀ ਦੀ ਔਰਤ ਲਈ ਬਰਾਬਰੀ, ਵਿਕਾਸ ਅਤੇ ਸ਼ਾਂਤੀ ਦੇ ਵਿਸੇ ਉਪਰ ਵਿਚਾਰ ਕਰਨ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਹਰ ਪੰਜਾਂ ਸਾਲਾਂ ਬਾਅਦ ਸਮਾਜ ਵਿਚ ਔਰਤ ਦੇ ਦਰਜੇ ਵਿਚ ਆ ਰਹੀ ਤਬਦੀਲੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ।