Thursday, November 21, 2024
7.4 C
Vancouver

ਕੀ ਆਪ ਪਾਰਟੀ ਪੰਜਾਬ ਵਿਚ ਆਪਣੀ ਹੋਂਦ ਕਾਇਮ ਰਖ ਸਕੇਗੀ ?

ਵਲੋਂ : ਦਰਬਾਰਾ ਸਿੰਘ ਕਾਹਲੋਂ
16 ਮਾਰਚ, 2022 ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਚੱਲ ਰਹੀ ਹੈ। ਪੰਜਾਬੀਆਂ ਨੂੰ ਚੜ੍ਹਦੇ ਪੰਜਾਬ ਵਿੱਚ ਦੇਸ਼ ਅਜ਼ਾਦੀ ਬਾਅਦ ਜਿਵੇਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਗਠਜੋੜ ਸਰਕਾਰਾਂ ਜਿਵੇਂ ਲੁੱਟਿਆ, ਕੁੱਟਿਆ, ਨੌਜਵਾਨੀ ਦਾ ਜਾਣ ਬੁੱਝ ਕੇ ਖਾਸ ਕਰਕੇ ਸਿੱਖ ਨੌਜਵਾਨੀ ਦਾ ਫੌਜੀ ਕਾਰਵਾਈਆਂ ਅਤੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਘਾਣ ਕੀਤਾ, ਹਿੰਦੂ-ਸਿੱਖ-ਦਲਿਤ ਭਾਈਚਾਰਿਆਂ ਦਰਮਿਆਨ ਅਸਫ਼ਲ ਟਕਰਾਅ, ਭਾਸ਼ਾ, ਸੰਸਕ੍ਰਿਤੀ ਅਤੇ ਭੇਦਭਾਵ ਜ਼ਰੀਏ ਪੈਦਾ ਕਰਨ ਦੇ ਯਤਨ ਕੀਤੇ, ‘ਪੰਜਾਬ ਜਿਊਂਦਾ ਗੁਰਾਂ ਦੇ ਨਾਂਅ ‘ਤੇ’ ਅਤੇ ਸਰਬ ਸਾਂਝੀਵਾਲਤਾ ਉੱਚਤਮ ਪੈਗਾਮਾਂ ਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ, ਉੱਚੀ ਰਾਜਨੀਤਕ ਜਮਾਤ ਨੇ ਨਸ਼ੀਲੇ ਪਦਾਰਥਾਂ, ਗੈਂਗਸਟਰਵਾਦ, ਸਮਾਜਿਕ ਅਤੇ ਧਾਰਮਿਕ ਹਿੰਸਾ, ਬੇਰੋਜ਼ਗਾਰੀ, ਭਿਖਾਰੀ ਉਜਰਤ, ਠੇਕਾ ਮਿਸਟਮ, ਆਊਟਸੋਰਸਿੰਗ, ਗਲੀ-ਗਲੀ, ਮੁਹੱਲੇ-ਮੁਹੱਲੇ ਦੇਹ ਵਪਾਰ ਕੇਂਦਰਾਂ, ਘਟੀਆਂ ਤਕਨੀਕੀ, ਸਾਇੰਸੀ ਇਲੈਕਟ੍ਰਾਨਿਕ ਵਪਾਰਕ ਸਿੱਖਿਆ ਅਦਾਰਿਆਂ, ਮੌਜ ਮਸਤੀ ਵਪਾਰਕ ਯੂਨੀਵਰਸਿਟੀਆਂ, ਖੁੱਲ੍ਹਮ ਖੁੱਲ੍ਹੀ ਨਕਲ, ਅਮਨ ਕਾਨੂੰਨ ਅਤੇ ਇਨਸਾਫ ਦੇ ਦੀਵਾਲੀਏਪਣ ਰਾਹੀਂ ‘ਪੰਜਾਬ ਬਸਤੀਵਾਦੀ ਸਿਸਟਮ’ ਪੈਦਾ ਕੀਤਾ, ਇਸ ਤੋਂ ਬੁਰੀ ਤਰ੍ਹਾਂ ਬੇਜ਼ਾਰ ਹੋ ਚੁੱਕੇ ਸਨ। ਕਦੇ ਨੰਬਰ ਇੱਕ ਭਾਰਤ ਦੇ ਤਾਜ ਦਾ ਇਹ ਮੁਕਟ 17ਵੇਂ ਪ੍ਰਤੀ ਜੀਅ ਆਮਦਨ ਦੇ ਪਾਏਦਾਨ ‘ਤੇ ਗਿਰ ਕੇ ਪੈਰਾਂ ਵਿੱਚ ਰੁਲਣ ਲਈ ਮਜਬੂਰ ਹੋ ਚੁੱਕਾ ਸੀ। ਸਨਅਤ ਪਲਾਇਨ ਕਰ ਗਈ, ਪੈਦਾਵਾਰ ਮੂਧੇ ਮੂੰਹ ਡਿਗ ਪਈ, ਬੇਰੋਜ਼ਗਾਰੀ ਅਤੇ ਗੈਰ ਨਿਪੁੰਨਤਾ ਗਲ-ਗਲ ਚੜ੍ਹ ਗਈ। ਪ੍ਰਸ਼ਾਸਨਿਕ ਗੁਣਵੱਤਾ ਭ੍ਰਿਸ਼ਟਾਚਾਰ, ਦੁਰਾਚਾਰ, ਨਾ ਅਹਿਲੀਅਤ ਦੀ ਭੇਂਟ ਚੜ੍ਹ ਗਈ। ਭ੍ਰਿਸ਼ਟ ਪਰਿਵਾਰਵਾਦੀ, ਸ਼ੈਤਾਨ ਅਤੇ ਸਵਾਰਥੀ ਰਾਜਕੀ ਸੰਸਥਾਵਾਂ ਦਾ ਘਾਣ, ਪੰਜਾਬ ਦੇ ਹੱਕਾਂ ਅਤੇ ਹਿਤਾਂ ਨੂੰ ਬੋਲੀ ‘ਤੇ ਵੇਚਣ ਵਾਲੇ ਰਾਜਨੀਤੀਵਾਨਾਂ ਨੇ ਪ੍ਰਸ਼ਾਸਨਿਕ ਅਫਸਰਸ਼ਾਹੀ ਉੱਤੇ ਕਾਠੀ ਪਾ ਲਈ।
ਆਮ ਆਦਮੀ ਪਾਰਟੀ ਸੁਪਰੀਮੋ ਲਾਲਾ ਅਰਵਿੰਦ ਕੇਜਰੀਵਾਲ ਅਤੇ ਉਸਦੀ ਚੱਕਰਵਿਊ ਮਾਹਿਰ ਟੀਮ ਨੇ ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਨੂੰ ਪੰਜਾਬੀਆਂ ਦੀਆਂ ਇੱਛਾਵਾਂ, ਅਭਿਲਾਸ਼ਾਵਾਂ ਆਧਾਰਿਤ ਵਿਕਾਸਮਈ, ਭ੍ਰਿਸ਼ਟਾਚਾਰ ਰਹਿਤ, ਜਨਤਕ ਸ਼ਮੂਲੀਅਤ ਰਾਹੀਂ ਇੱਕ ਪਲ ਵੀ ਅਜ਼ਾਦਾਨਾ ਅਤੇ ਮੁਨਸਫਾਨਾ ਤੌਰ ‘ਤੇ ਚਲਾਉਣ ਦੀ ਇਜਾਜ਼ਤ ਨਾ ਦਿੱਤੀ।
ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਰਹਿਤ ਸ਼ਾਸਨ ਦੇਣ ਲਈ ਵਿਜੇ ਸਿੰਗਲਾ, ਫੌਜਾ ਸਿੰਘ ਸਰਾਰੀ ਮੰਤਰੀ ਚਲਦੇ ਕੀਤੇ। ਅਮਿਤ ਰਤਨ ਕੋਟਫੱਤਾ ਵਿਧਾਇਕ ਬਠਿੰਡਾ ਦਿਹਾਤੀ ਧਰ ਲਿਆ। ਅੱਜ ਵੀ ਦੋ ਵਿਧਾਇਕ ਭ੍ਰਿਸ਼ਟਾਚਾਰੀ ਦੋਸ਼ਾਂ ਵਿੱਚ ਉਸਦੇ ਨਿਸ਼ਾਨੇ ‘ਤੇ ਹਨ ਲੇਕਿਨ ਲਾਲਾ ਕੇਜਰੀਵਾਲ ਦੇ 177 ਦਿਨ ਤਿਹਾੜ ਜੇਲ੍ਹ ਵਿੱਚ ਐਕਸਾਈਜ਼ ਨੀਤੀ ਭ੍ਰਿਸ਼ਟਾਚਾਰ ਕੇਸ ਵਿੱਚ ਬੰਦ ਰਹਿਣ ਉਪਰੰਤ ਪੰਜਾਬ ਕੈਬਨਿਟ, ਸਰਕਾਰ ਅਤੇ ਪ੍ਰਸ਼ਾਸਨ ‘ਤੇ ਉਨ੍ਹਾਂ ਪਕੜ ਪੀਢੀ ਹੁੰਦੀ ਲੱਗ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਪਦ ਤੋਂ ਅਸਤੀਫਾ ਦੇਣ ਬਾਅਦ ਹੁਣ ਉਹ ਪੰਜਾਬ ਅੰਦਰ ਮੰਨ ਚਾਹੇ ਦਖਲ ਲਈ ਆਜ਼ਾਦ ਹੋ ਚੁੱਕੇ ਹਨ।
ਬਦਲਾਅ:
ਪੰਜਾਬ ਵਿੱਚ ਪਿਛਲੇ ਢਾਈ ਸਾਲਾਂ ਦੇ ਆਮ ਆਦਮੀ ਪਾਰਟੀ ਸ਼ਾਸਨ ਸੰਬੰਧੀ ਰੌਸ਼ਨੀ ਦੀ ਕਿਰਨ ਦੀ ਥਾਂ ਅੰਧੇਰੀ ਗੁਫਾ ਦਾ ਬੇਚੈਨੀ ਭਰਿਆ ਮਾਹੌਲ ਪਸਰਦਾ ਨਜ਼ਰ ਆ ਰਿਹਾ ਹੈ। ਇਸਦਾ ਟੈੱਸਟ ਸੰਨ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਾਹਮਣੇ ਆ ਚੁੱਕਾ ਹੈ। ਭਗਵੰਤ ਮਾਨ ਦੀ ਕਮਾਨ ਬੁਰੀ ਤਰ੍ਹਾਂ ਨਾਕਾਮ ਅਤੇ 32 ਦੰਦਾਂ ਵਿੱਚੋਂ ਨਿਕਲਣ ਵਾਲੇ ਸੱਚ ਦਾ ਦਾਅਵਾ ਝੂਠਾ ਸਾਬਤ ਹੋਇਆ। ਲੋਕ ਸਭਾ ਦੀਆਂ 13 ਸੀਟਾਂ ਵਿੱਚੋਂ ਸ਼ਰਮਨਾਕ 3 ਹਾਸਲ ਹੋਈਆਂ। ਪੰਜਾਬੀਆਂ ਨੇ ਬਦਲਾਅ ਦਾ ਸ਼ੀਸ਼ਾ ਵਿਖਾ ਦਿੱਤਾ।
ਹਕੀਕਤਾਂ:
ਗਵੰਤ ਮਾਨ ਸਰਕਾਰ ਨੇ 300 ਯੂਨਿਟ ਪ੍ਰਤੀ ਮਾਹ ਮੁਫ਼ਤ ਬਿਜਤੀ, ਔਰਤਾਂ ਨੂੰ ਮੁਫ਼ਤ ਬੱਸ ਸੇਵਾ, 45560 ਰੋਜ਼ਗਾਰ ਭ੍ਰਿਸ਼ਟਾਚਾਰ ਮੁਕਤ ਜ਼ਰੂਰ ਦਿੱਤੇ। ਲਮਕ ਰਹੇ 1158 ਕਾਲਜ ਅਸਿਸਟੈਂਟ ਪ੍ਰੋਫੈਸਰਾਂ ਦੇ ਕੇਸ ਦੀ ਜਿੱਤ ਵਿੱਚ ਯੋਗਦਾਨ ਪਾਇਆ। ਪਰ ਨਸ਼ਾ ਤਸਕਰੀ, ਗਲੀ-ਗਲੀ ਨਸ਼ਾ ਵਿਕਰੀ, ਨਜਾਇਜ਼ ਮਾਈਨਿੰਗ, ਪ੍ਰਸ਼ਾਸਨਿਕ ਭ੍ਰਿਸ਼ਟਾਚਾਰ, ਰਾਜਨੀਤੀਵਾਲਾਂ ਵੱਲੋਂ ਕੰਮ ਕਰਾਉਣ ਬਦਲੇ ਭ੍ਰਿਸ਼ਟਾਚਾਰ, ਅਮਨ-ਕਾਨੂੰਨ, ਕਿਸਾਨ ਖੁਦਕੁਸ਼ੀਆਂ, ਬੇਰੋਜ਼ਗਾਰਾਂ ਵੱਲੋਂ ਆਏ ਦਿਨ ਸਰਕਾਰ ਦਾ ਪਿੱਟ-ਸਿਆਪਾ, ਪੁਲਿਸ ਵੱਲੋਂ ਲਗਾਤਾਰ ਕੁਟਾਪਾ, ਸ਼ਰਮਨਾਕ ਵੀ ਆਈ ਪੀ ਸੱਭਿਆਚਾਰ, ਸੁਰੱਖਿਆ ਗਾਰਡਾਂ ਦੀ ਭੀੜ, ਰਾਜ ਵਿੱਚ ਨਿਵੇਸ਼ ਅਤੇ ਨਵੀਂਆਂ ਸਨਅਤਾਂ ਸਥਾਪਿਤ ਕਰਨ, ਪਲਾਇਨ ਕਰਤਾ ਸਨਅਤਾਂ ਰੋਕਣ, ਆਏ ਮਹੀਨੇ ਕਰਜ਼ਾ ਲੈ ਕੇ ਸਰਕਾਰ ਚਲਾਉਣ (ਭਾਵ ਹੁਣ ਤਕ 80000 ਕਰੋੜ) ਇਸਦਾ ਸਲਾਨਾ ਬਿਆਜ 25000 ਕਰੋੜ ਤਕ ਪੁੱਜਣ, ਫਸਲੀ ਵਿਭਿੰਨਤਾ ਵੱਲ ਕਦਮ ਚੁੱਕਣ, ਇਮਤਿਹਾਨਾਂ ਵਿੱਚ ਨਕਲ ਰੋਕਣ, ਵਿੱਦਿਆ ਦਾ ਮਿਆਰ ਉੱਪਰ ਚੁੱਕਣ, ਪਾਣੀਆਂ ਅਤੇ ਰਾਜਧਾਨੀ ਦੇ ਮਸਲੇ ਦਾ ਹੱਲ, ਪਾਣੀ ਦੀ ਧਰਤੀ ਹੇਠ ਸਤਹ ਲਗਾਤਾਰ ਗਿਰਨੋਂ ਰੋਕਣ, ਕੇਂਦਰ ਸਰਕਾਰ ਨਾਲ ਸਾਜ਼ਗਾਰ ਸੰਬੰਧ ਕਾਇਮ ਰੱਖਣ, ਸਿਹਤ ਸਿਸਟਮ ਸੁਧਾਰਨ, ਐਕਸਾਈਜ਼ ਨੀਤੀ ਤੋਂ ਧੰਨ ਕਮਾਉਣ ਦੇ ਦਾਅਵੇ ਪੂਰੇ ਕਰਨ, ਮਰੀ ਮੁਰਗੀ ਅਤੇ ਬੱਕਰੀ ਦੇ ਹੜ੍ਹਾਂ ਨਾਲ ਨੁਕਸਾਨ ਸੰਬੰਧੀ ਮੁਆਵਜ਼ੇ ਦੇਣ, ਅਫਸਰਸ਼ਾਹੀ ਤੇ ਨਕੇਲ ਕੱਸਣ ਆਦਿ ਪੱਖੋਂ ਸਰਕਾਰ ਬੁਰੀ ਤਰ੍ਹਾਂ ਨਾਕਾਮ ਨਜ਼ਰ ਆਈ।
ਪਰ ਮੁਫ਼ਤ ਬਿਜਲੀ ਕਰਕੇ ਸਰਕਾਰ ਸਿਰ ਸਲਾਨਾ 19000 ਕਰੋੜ ਕਰਜ਼, ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਜਨਤਾ ‘ਤੇ 2800 ਕਰੋੜ ਦਾ ਭਾਰ ਲੱਦਣ, ਬੱਸ ਕਰਾਇਆ ਘੱਟੋ-ਘੱਟ 15 ਰੁਪਏ ਭਾਵੇਂ ਕੋਈ ਬੱਸ ਦੀ ਪਿਛਲੀ ਬਾਰੀ ਵਿੱਚੋਂ ਵੜ ਕੇ ਮੂਹਰਲੀ ਵਿੱਚੋਂ ਬਾਹਰ ਨਿਕਲ ਜਾਏ, ਪੱਛਮੀ ਦੇਸ਼ਾਂ ਵਾਂਗ ਅਮੀਰਾਂ ‘ਤੇ ਟੈਕਸ ਲਾਉਣ ਤੋਂ ਨਾਕਾਮ ਰਹਿਣ ਨੇ ਸਰਕਾਰ ਦੀ ਛਵ੍ਹੀ ਨੂੰ ਵਿਗਾੜਿਆ।
ਕੇਜਰੀਵਾਲ ਦੀ ਤਰਜ਼ ‘ਤੇ ਪੰਜਾਬ ਵਿੱਚ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਏਕਾਧਿਕਾਰ ਕਾਇਮ ਕਰਕੇ ਦੂਸਰੇ ਮੰਤਰੀ ਸਿਫ਼ਰ ਕਰ ਛੱਡੇ, ਸੂਬਾ ਪਾਰਟੀ ਕਨਵੀਨਰ ਹੋਣ ਕਰਕੇ ਕਾਰਜਕਾਰੀ ਕਨਵੀਨਰ ਪ੍ਰਿੰਸੀਪਲ ਬੁੱਧ ਰਾਮ, ਹਾਈ ਕਮਾਨ ਸੰਬੰਧਿਤ ਡਾ, ਸੰਦੀਪ ਪਾਠਕ, ਰਾਘਵ ਚੱਢਾ, ਜਰਨੈਲ ਸਿੰਘ ਦੀ ਕਦੇ ਪ੍ਰਵਾਹ ਨਹੀਂ ਕੀਤੀ। ਜਲੰਧਰ ਪੱਛਮੀ ਉਪ ਚੋਣ ਵਿੱਚ ਡਾ. ਪਾਠਕ ਵੱਲੋਂ ਲਗਾਈਆਂ ਡਿਊਟੀਆਂ ਦਰਕਿਨਾਰ ਕਰਕੇ ਧੱਕੇ ਨਾਲ ਆਪ ਕਮਾਨ ਸੰਭਾਲ ਲਈ ਅਤੇ ਜਿੱਤੀ ਵੀ। ਪਰ ਸੱਤਾ ਦੇ ਏਕਾਧਿਕਾਰ ਕਰਕੇ ਪੰਜਾਬ ਪ੍ਰਸ਼ਾਸਨ, ਵਿਕਾਸ, ਅਮਨ ਕਾਨੂੰਨ ਵਿੱਚ ਅਣਕਿਆਸੇ ਵਿਗਾੜ ਪੈਦਾ ਕੀਤੇ। ਦਰਅਸਲ ਵਧੀਆ ਸਰਕਾਰ ਅਤੇ ਵਿਕਾਸ ਦੀ ਚਾਬੀ ਆਪਸੀ ਵਿਸ਼ਵਾਸ ਅਧਾਰਤ ਟੀਮ ਵਰਕ ਹੁੰਦਾ ਹੈ ਜੋ ਪੰਜਾਬ ਵਿੱਚ ਪਿਛਲੇ 30 ਮਹੀਨੇ ਕਿੱਧਰੇ ਨਜ਼ਰ ਨਹੀਂ ਆਇਆ।
ਮੀਡੀਆ ਕੁਪ੍ਰਬੰਧ:
ਮੀਡੀਆ ਆਧੁਨਿਕ ਲੋਕਤੰਤਰ ਦਾ ਚੌਥਾ ਤਾਕਤਵਰ ਥੰਮ੍ਹ ਹੀ ਨਹੀਂ ਸਮੇਂ-ਸਮੇਂ ਸਰਕਾਰਾਂ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਦਾ ਸ਼ੀਸ਼ਾ ਵਿਖਾ ਕੇ ਸੰਭਲਣ ਲਈ ਅਹਿਮ ਰੋਲ ਅਦਾ ਕਰਦਾ ਹੈ। ਇਹ ਸਰਕਾਰਾਂ ਨਾਲੋਂ ਵੀ ਕਿੰਨਾ ਤਾਕਤਵਰ ਹੁੰਦਾ ਹੈ, ਇਸਦੀ ਤਾਜ਼ਾ ਮਿਸਾਲ ਅਮਰੀਕਾ ਅੰਦਰ ਮਿਲਦੀ ਹੈ।
ਡੋਨਾਲਡ ਟਰੰਪ ਅਤੇ ਰਾਸ਼ਟਰਪਤੀ ਜੋਅ ਬਾਈਡਨ ਦਰਮਿਆਨ 27 ਜੂਨ, 2024 ਨੂੰ ਹੋਈ ਰਾਸ਼ਟਰਪਤੀ ਚੋਣਾਂ ਸੰਬੰਧੀ ਬਹਿਸ ਵਿੱਚ ਜਦੋਂ ਵਿਸ਼ਵ ਦੇ ਸਭ ਤੋਂ ਤਾਕਤਵਰ ਅਮਰੀਕੀ ਰਾਸ਼ਟਰਪਤੀ ਬਾਈਡਨ ਦੀ ਕਾਰਗੁਜ਼ਾਰੀ ਨੀਰਸ ਅਤੇ ਨਿਕੰਮੀ ਰਹੀ ਤਾਂ ਸਭ ਤੋਂ ਪਹਿਲਾਂ ਨਿਊਯਾਰਕ ਟਾਈਮਜ਼ ਦੇ ਦੋ ਉੱਘੇ ਕਾਲਮਨਵੀਸਾਂ ਟੌਮ ਫਰਾਈਡਮੈਨ ਅਤੇ ਨਿੱਕ ਸਟੋਫ ਨੇ ਚੋਣ ਵਿੱਚੋਂ ਡੈਮੋਕ੍ਰੈਟਿਕ ਉਮੀਦਵਾਰ ਵਜੋਂ ਬਾਹਰ ਹੋਣ ਲਈ ਬੇਬਾਕੀ ਨਾਲ ਕਿਹਾ। ਸੋ ਉਸ ਨੂੰ ਬਾਹਰ ਹੋਣਾ ਪਿਆ। ਉਸਦੀ ਥਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਪਾਰਟੀ ਨੇ ਚੁਣ ਲਿਆ।
ਭਗਵੰਤ ਸਰਕਾਰ ਨੂੰ ਤੁਰੰਤ ਮੀਡੀਆ ਦੀ ਅਜ਼ਾਦੀ ਬਹਾਲ ਕਰਨੀ ਚਾਹੀਦੀ ਹੈ ਜੋ ਇਸਦੇ ਭਲੇ ਲਈ ਹੋਵੇਗਾ। ਪਰ ਜੇ ਅਜਿਹਾ ਨਹੀਂ ਹੁੰਦਾ ਤਾਂ ਅੰਡਰ-ਕਰੰਟ ਮੀਡੀਆ ਵਿਰੋਧ ਉਸਦੀ ਲੀਡਰਸ਼ਿੱਪ ਅਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ ਬਰਬਾਦ ਕਰ ਸਕਦਾ ਹੈ।
ਵਚਿੱਤਰ ਸਥਿਤੀ:
ਲਾਲਾ ਕੇਜਰੀਵਾਲ ਦੇ ਜੇਲ੍ਹ ਵਿੱਚੋਂ ਬਾਹਰ ਆਉਣ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਵਿੱਚ ਭੂਚਾਲ ਆਇਆ ਪਿਆ ਹੈ। ਉਹ ਭਗਵੰਤ ਮਾਨ ਦੀ ਅਗਵਾਈ ਵਿੱਚ ਲੋਕ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਤੋਂ ਬੁਰੀ ਤਰ੍ਹਾਂ ਆਹਤ ਹਨ। ਉਨ੍ਹਾਂ ਮਾਨ ਦੀ ਅਗਵਾਈ ਤੋਂ ਨਰਾਜ਼ਗੀ ਦੇ ਸਪਸ਼ਟ ਸੰਕੇਤ ਦਿੰਦੇ ਪੰਜਾਬ ਮਾਮਲੇ ਆਪਣੇ ਸਿੱਧੇ ਤੌਰ ‘ਤੇ ਹੱਥਾਂ ਵਿੱਚ ਲੈਣ ਦਾ ਮੁਜ਼ਾਹਿਰਾ ਕੀਤਾ। ਉਨ੍ਹਾਂ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦਾ ਅਹੁਦਾ ਛੱਡਣ ਦੇ ਐਲਾਨ ਵੇਲੇ ਕੋਲ ਬੈਠੇ ਮਾਨ ਨੂੰ ਬੋਲਣ ਦਾ ਸਮਾਂ ਨਾ ਦੇਣਾ, ਹਵਾਈ ਜਹਾਜ਼ ਘਟਨਾ ਤੋਂ ਅੰਦਰ ਖਾਤੇ ਗੁੱਸਾ, ਮਾਨ ਬਗੈਰ ਪੰਜਾਬ ਕੈਬਨਿਟ ਅਤੇ ਲੀਡਰਸ਼ਿੱਪ ਦਿੱਲੀ ਬੁਲਾਉਣਾ, ਚਾਰ ਦਾਗੀ ਅਤੇ ਨਿਕੰਮੇ ਮੰਤਰੀ ਜਿਵੇਂ ਚੇਤੰਨ ਸਿੰਘ ਜੌੜਾ ਮਾਜਰਾ (ਵੀ. ਸੀ. ਨੂੰ ਗੱਦੇ ‘ਤੇ ਲਿਟਾਉਣ ਵਾਲਾ) ਬਲਕਾਰ ਸਿੰਘ, ਬੀਬੀ ਅਨਮੋਲ ਗਗਨ (ਚੁਟਕੀ ਵਿੱਚ ਐੱਮ. ਐੱਸ. ਪੀ. ਦੇਣ ਵਾਲੀ) ਬ੍ਰਹਮ ਸ਼ੰਕਰ ਜਿੰਪਾ ਲਾਂਭੇ ਕਰਕੇ 5 ਨਵਿਆਂ ਦੀ ਚੋਣ ਕਰਨੀ ਜਿਵੇਂ ਤਰੁਣਪ੍ਰੀਤ ਸਿੰਘ, ਬਰਿੰਦਰ ਗੋਇਲ, ਹਰਦੀਪ ਸਿੰਘ ਮੁੰਡੀਆ, ਮਹਿੰਦਰ ਭਗਤ (ਪੁੰਤਰ ਚੂਨੀ ਲਾਲ ਭਗਤ) ਡਾ. ਰਣਜੀਤ ਸਿੰਘ ਭਾਵੇਂ ਇਨ੍ਹਾਂ ਵਿੱਚੋਂ ਕਦੇ ਕੋਈ ਪਿੰਡ ਦਾ ਪੰਚ-ਸਰਪੰਚ ਜਾਂ ਕੌਂਸਲਰ ਬਣਨ ਦਾ ਤਜਰਬਾ ਨਹੀਂ ਰੱਖਦਾ। ਜਿਵੇਂ ਮਹਿਕਮੇ ਭਾਰੇ ਦਿੱਤੇ ਹਨ 30 ਮਹੀਨਿਆਂ ਵਿੱਚ ਸਮਝ ਹੀ ਨਹੀਂ ਪੈਣੀ, ਰਹਿੰਦੀ ਕਸਰ ਅਫਸਰਸ਼ਾਹੀ ਕੱਢ ਦੇਵੇਗੀ।
ਸੱਤਾ ਦੇ ਦੋ ਕੇਂਦਰ :
ਸ਼ੁਰੂ ਤੋਂ ਪੰਜਾਬ ਵਿੱਚ ਸੱਤਾ ਦੇ ਦੋ ਕੇਂਦਰ ਆਮ ਆਦਮੀ ਪਾਰਟੀ ਸਰਕਾਰ ਵਿੱਚ ਚਲਦੇ ਆਏ ਹਨ। ਇੱਕ ਮੁੱਖ ਮੰਤਰੀ ਦੂਜਾ ਸੁਪਰ ਮੁੱਖ ਮੰਤਰੀ ਲਾਲਾ ਕੇਜਰੀਵਾਲ। ਕਰੀਬ 177 ਰੋਜ਼ਾ ਕੇਜਰੀਵਾਲ ਜੇਲ੍ਹ ਸਮੇਂ ਸ਼ਾਇਦ ਮਾਨ ਸਾਹਬ ਨੂੰ ਕੁਝ ਰਾਹਤ ਮਿਲੀ। ਉਨ੍ਹਾਂ ਨਾ ਤਾਂ ਭਰਤ ਵਾਂਗ ਸੱਤਾ ਸਿੰਘਾਸਨ ਤੇ ਸ੍ਰੀ ਰਾਮ ਚੰਦਰ ਦੀਆਂ ਖੜਾਵਾਂ ਵਰਗਾ ਸੁਪਰ ਮੁੱਖ ਮੰਤਰੀ ਦਾ ਚਿੰਨ੍ਹ ਰੱਖਿਆ, ਨਾ ਹੀ ਆਤਿਸ਼ੀ ਮੁੱਖ ਮੰਤਰੀ ਦਿੱਲੀ ਵਾਂਗ ਸੁਪਰ ਸੀ. ਐੱਮ. ਦੀ ਖਾਲੀ ਕੁਰਸੀ। ਸੋ ਨਰਾਜ਼ਗੀ ਜਾਇਜ਼ ਹੈ। ਕੇਜਰੀਵਾਲ ਅਜਿਹਾ ਲੀਡਰ ਹੈ ਜੋ ਆਪਣੇ ਮੁਕਾਬਲੇ ਕਿਸੇ ਨੂੰ ਉੱਠਣ ਨਹੀਂ ਦਿੰਦਾ। ਲੇਕਿਨ ਸੱਤਾ ਦੇ ਦੋ ਕੇਂਦਰ ਕਿਸੇ ਵੀ ਦੇਸ਼ ਜਾਂ ਰਾਜ ਦੇ ਸ਼ਾਸਨ ਅਤੇ ਰਾਜਨੀਤਕ ਪਾਰਟੀ ਦੀ ਬਰਬਾਦੀ ਦਾ ਕਾਰਨ ਬਣਦੇ ਹਨ। ਭਾਰਤ ਵਿੱਚ ਯੂ.ਪੀ.ਏ ਸਰਕਾਰ ਵੇਲੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਸੁਪਰੀਮੋਂ ਬੀਬੀ ਸੋਨੀਆ ਗਾਂਧੀ ਸੱਤਾ ਦੇ ਦੋ ਕੇਂਦਰ ਹੋਣ ਕਰਕੇ ਨਾ ਸਿਰਫ ਸ਼ਾਸਨ ਸ਼ਰਮਨਾਕ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋਇਆ ਬਲਕਿ ਕਾਂਗਰਸ ਬੁਰੀ ਤਰ੍ਹਾਂ ਪਤਨ ਦਾ ਸ਼ਿਕਾਰ ਹੋ ਗਈ। ਦਰਅਸਲ ਕਾਂਗਰਸ ਨੇ ਸ਼੍ਰੀਮਤੀ ਇੰਦਰਾ ਗਾਂਧੀ ਕਾਲ ਵੇਲੇ ਉਨ੍ਹਾਂ ਅਤੇ ਪੁੱਤਰ ਸੰਜੇ ਗਾਂਧੀ ਆਧਾਰਿਤ ਸੱਤਾ ਦੇ ਦੋ ਕੇਂਦਰਾਂ ਕਰਕੇ ਐਮਰਜੈਂਸੀ ਅਤੇ 1977 ਚੋਣਾਂ ਵਿੱਚ ਕਰਾਰੀ ਹਾਰ ਤੋਂ ਸਬਕ ਨਾ ਸਿੱਖਿਆ। ਗੁਆਂਢੀ ਪਾਕਿਸਤਾਨ ਅੰਦਰ ਮਿਲਟਰੀ ਅਤੇ ਰਾਜਨੀਤਕ ਆਗੂਆਂ ਅਧਾਰਤ ਸੱਤਾ ਦੇ ਦੋ ਕੇਂਦਰਾਂ ਨੇ ਉਸ ਦੇਸ਼ ਨੂੰ ਦੋ ਟੋਟਿਆਂ ਬਾਅਦ ਬਰਬਾਦ ਕਰ ਰੱਖਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਵਿੱਚ ਇਸਦੀ ਸੱਤਾ ਦੀ ਬਰਬਾਦੀ ਦਾ ਕਾਰਨ ਵੀ ਸੱਤਾ ਦੇ ਦੋ ਕੇਂਦਰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਬਾਦਲ ਸਾਬਤ ਹੋਏ।
ਪੰਜਾਬੀ ਸੁਭਾਅ:
ਪੰਜਾਬੀ ਆਪਣੇ ਸੁਭਾਅ ਅਤੇ ਸੱਭਿਆਚਾਰ, ਮਾਰਸ਼ਲ ਗੁੜ੍ਹਤੀ ਅਤੇ ਵਿਰਸੇ ਕਰਕੇ ਕਿਸੇ ਬਾਹਰੀ ਆਗੂ ਜਾਂ ਸ਼ਕਤੀ ਦਾ ਦਖਲ ਪਸੰਦ ਨਹੀਂ ਕਰਦੇ। ਜੇਕਰ ਅਗਲੇ 30 ਮਹੀਨੇ ਵਿੱਚ ਆਮ ਆਦਮੀ ਪਾਰਟੀ ਬਦਲਾਅ, ਸਾਦਗੀ (ਵੀ. ਆਈ. ਪੀ ਕਲਚਰ ਅਤੇ ਸੁਰੱਖਿਆ ਗਾਰਡ ਛੱਡ ਕੇ) ਲਗਨ, ਜਵਾਬਦੇਹੀ ਅਤੇ ਪੰਜਾਬੀਆਂ ਦੀ ਸ਼ਮੂਲੀਅਤ ਰਾਹੀਂ, ਅਫਸਰਸ਼ਾਹੀ ‘ਤੇ ਨਕੇਲ ਕੱਸਦੀ, ਨਸ਼ਾ, ਨਜਾਇਜ਼ ਮਾਈਨਿੰਗ ਗੈਂਗਸਟਰਵਾਦ ‘ਤੇ ਕਾਬੂ ਪਾ ਕੇ ਉਨ੍ਹਾਂ ਦੀਆਂ ਆਸਾਂ ਅਤੇ ਉਮੰਗਾਂ ਦੀ ਪੂਰਤੀ ਕਰਦੀ ਹੈ ਤਾਂ ਰਾਜਨੀਤਕ ਹੋਂਦ ਕਾਇਮ ਰੱਖ ਸਕੇਗੀ, ਨਹੀਂ ਤਾਂ ਮੁੜ ਪੰਜਾਬ ਵਿੱਚ ਪੈਰ ਲਗਣੇ ਸੰਭਵ ਨਹੀਂ।