ਲਿਖਤ : ਹਰਕੀਰਤ ਕੌਰ
ਸੰਪਰਕ : 9779118066
ਅਸੀਂ ਜਿਸ ਸਮੇਂ ਦੇ ਪ੍ਰਵਾਹ ਵਿਚੋਂ ਗੁਜ਼ਰ ਰਹੇ ਹਾਂ ਇਹ ਉਹ ਸਮਾਂ ਹੈ ਜਿੱਥੇ ਜਿਆਦਾਤਰ ਲੋਕਾਂ ਦੇ ਦਿਨ ਦੀ ਸ਼ੁਰੂਆਤ ਅਤੇ ਸਮਾਪਤੀ ਮੋਬਾਇਲ ਫੋਨ ਤੋਂ ਹੀ ਹੁੰਦੀ ਹੈ। ਦੇਰ ਰਾਤ ਤੱਕ ਫੋਨ ਦੇਖਦੇ ਬੰਦੇ ਨੂੰ ਸਵੇਰੇ ਉੱਠਦੇ ਸਾਰ ਇਹ ਵੇਖਣ ਦੀ ਕਾਹਲ ਹੁੰਦੀ ਹੈ ਕਿ ਨੀਂਦ ਵਿੱਚ ਬਿਤਾਏ ਛੇ ਸੱਤ ਘੰਟਿਆਂ ਵਿੱਚ ਕਿਹੜੇ ਨਵੇਂ ਸੁਨੇਹੇ ਆਏ , ਕਿਹੜੀਆਂ ਕਿਹੜੀਆਂ ਐਪਸ ਤੋਂ ਨੋਟੀਫਿਕੇਸ਼ਨਾਂ ਆਈਆਂ, ਉਸ ਦੁਆਰਾ ਪੋਸਟ ਕੀਤੀ ਵੀਡੀਓ, ਫੋਟੋ ਉੱਪਰ ਕਿੰਨੇ ਲਾਈਕ ਤੇ ਕੁਮੈਂਟ ਆਏ। ਸੋਸ਼ਲ ਮੀਡੀਆ ਦੀ ਵਰਤੋਂ ਹਰ ਰੋਜ਼ ਵਧ ਰਹੀ ਹੈ ਅਤੇ ਇਸ ਦੇ ਨਾਲ ਹੀ ਵੱਧ ਰਹੀਆਂ ਹਨ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ! ਇਹ ਇੱਕ ਚਿੰਤਾਜਨਕ ਸਥਿਤੀ ਹੈ ਜਿਸ ਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ।
ਅੱਜ ਸ਼ੋਸ਼ਲ ਮੀਡੀਆ ਇੱਕ ਦਲਦਲ ਬਣ ਚੁੱਕਾ ਹੈ, ਜਿਸ ਵਿੱਚ ਉਮਰ ਦੇ ਹਰ ਵਰਗ ਦੇ ਲੋਕ ਸ਼ਾਮਿਲ ਹਨ, ਕੀ ਬਜ਼ੁਰਗ, ਕੀ ਬੱਚੇ , ਕੀ ਜਵਾਨ ਹਰ ਕੋਈ ਸ਼ੋਸ਼ਲ ਮੀਡੀਆ ਦੀਆਂ ਜ਼ੰਜ਼ੀਰਾਂ ਵਿੱਚ ਜਕੜਿਆ ਹੋਇਆ ਹੈ, ਏਦਾਂ ਲੱਗਦਾ ਹੈ ਮਨੁੱਖ ਮੋਬਾਇਲ ਫੋਨ ਨੂੰ ਨਹੀਂ ਚਲਾ ਰਿਹਾ ਬਲਕਿ ਮੋਬਾਇਲ ਫੋਨ ਮਨੁੱਖ ਨੂੰ ਚਲਾ ਰਿਹਾ ਹੈ । ਦੁਨੀਆਂ ਵਿੱਚ ਜਿਹੜੀ ਵੀ ਕਾਢ ਕੱਢੀ ਜਾਂਦੀ ਹੈ ਉਸਦਾ ਮਕਸਦ ਮਨੁੱਖ ਨੂੰ ਸਹੂਲਤਾਂ ਪ੍ਰਦਾਨ ਕਰਨਾ ਹੁੰਦਾ ਹੈ, ਪਰੰਤੂ ਇਹ ਸਹੂਲਤਾਂ ਅੱਜ ਮਨੁੱਖ ਲਈ ਮੁਸੀਬਤਾਂ ਸਾਬਿਤ ਹੋ ਰਹੀਆਂ ਹਨ। ਇੰਟਰਨੈੱਟ, ਸ਼ੋਸ਼ਲ ਮੀਡੀਆ ਐਪਸ ਵੀ ਮਨੁੱਖੀ ਸੰਚਾਰ ਨੂੰ ਹੋਰ ਬਿਹਤਰ ਅਤੇ ਆਸਾਨ ਬਣਾਉਣ ਲਈ ਤਿਆਰ ਕੀਤੀਆਂ ਗਈਆਂ ਸਨ , ਤਾਂ ਜੋ ਮਨੁੱਖ ਆਪਣੇ ਨਜ਼ਦੀਕੀਆਂ ਨਾਲ ਬਿਹਤਰ ਰਾਬਤਾ ਬਣਾ ਸਕੇ, ਪਰ ਜੋ ਸਿੱਟੇ ਨਿਕਲ ਕੇ ਸਾਹਮਣੇ ਆਏ ਉਹ ਭਿਆਨਕ ਹਨ, ਪਰਿਵਾਰ ਦੇ ਮੈਂਬਰ ਇੱਕ ਦੂਸਰੇ ਕੋਲੋਂ ਦੂਰ ਹੋ ਰਹੇ ਹਨ ਅਤੇ ਅਣਜਾਣ ਲੋਕਾਂ ਦੇ ਨਜ਼ਦੀਕ ਆ ਰਹੇ ਹਨ । ਪਰਿਵਾਰ ਦਾ ਹਰ ਮੈਂਬਰ ਆਪਣੇ ਆਪਣੇ ਕਮਰਿਆਂ ਵਿੱਚ ਆਪਣੇ ਆਪਣੇ ਫੋਨਾਂ ਨਾਲ ਵਿਆਸਥ ਰਹਿੰਦੇ ਹਨ, ਕਿਸੇ ਕੋਲ ਆਪਣਿਆਂ ਨਾਲ ਬੈਠਣ ਦਾ ਸਮਾਂ ਨਹੀਂ ਹੈ, ਮਾਪੇ ਇਕੱਲਤਾ ਦਾ ਸ਼ਿਕਾਰ ਹੋ ਰਹੇ ਹਨ , ਛੋਟੇ ਬੱਚੇ ਮਾਪਿਆਂ ਦੇ ਸਾਥ ਤੋਂ ਵਾਂਝੇ ਰਹਿ ਰਹੇ ਹਨ। ਜਿਸ ਕਾਰਣ ਹਰ ਇੱਕ ਦੀ ਮਾਨਸਿਕ ਸਿਹਤ ਉੱਪਰ ਬੁਰਾ ਪਝਭਾਵ ਪੈ ਰਿਹਾ ਹੈ।
ਸ਼ੋਸ਼ਲ ਮੀਡੀਆ ਦਾ ਦੂਸਰਾ ਘਾਤਕ ਰੂਪ ਇਹ ਹੈ ਕਿ ਇਹ ਮਨੁੱਖ ਵਿੱਚ ਪਰਾਈ ਤਾਤ ਅਤੇ ਅਸੰਤੁਸ਼ਟੀ ਪੈਦਾ ਕਰ ਰਿਹਾ ਹੈ, ਸੋਸ਼ਲ ਮੀਡੀਆ ਦੀ ਵਰਤੋਂ ਨਾਲ ਲੋਕਾਂ ਵਿੱਚ ਤੁਲਨਾ ਦੀ ਭਾਵਨਾ ਪੈਦਾ ਹੁੰਦੀ ਹੈ, ਜੋ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ। ਇਸ ਤੋਂ ਇਲਾਵਾ, ਸੋਸ਼ਲ ਮੀਡੀਆ ਦੀ ਵਰਤੋਂ ਨਾਲ ਲੋਕ ਆਪਣੇ ਜੀਵਨ ਨੂੰ ਝੂਠੇ ਰੰਗਾਂ ਵਿੱਚ ਪੇਸ਼ ਕਰਦੇ ਹਨ, ਜੋ ਹੋਰਨਾਂ ਨੂੰ ਨਿਰਾਸ਼ ਕਰਦਾ ਹੈ । ਪਰ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਸ਼ੋਸ਼ਲ ਮੀਡੀਆ ਉੱਪਰ ਸਿਰਫ਼ ਓਹੀ ਦਿਖਾਇਆ ਜਾ ਰਿਹਾ ਹੈ, ਜੋ ਉਹ ਦਿਖਾਉਣਾ ਚਾਹੁੰਦੇ ਹਨ ਅਤੇ ਜਿਸ ਨਾਲ ਵੱਧ ਵਿਊਜ, ਲਾਈਕ ਤੇ ਕੁਮੈਂਟ ਆਉਂਦੇ ਹਨ। ਇਹਨਾਂ ਵੀਡੀਓਜ਼ ਪਿਛਲੀ ਹਕੀਕਤ, ਸੱਚਾਈ ਸਾਡੇ ਤੋਂ ਕੋਹਾਂ ਦੂਰ ਹੁੰਦੀ ਹੈ ।
ਏਨਾਂ ਹੀ ਨਹੀਂ ਜਦੋਂ ਤੋਂ ਸੋਸ਼ਲ ਮੀਡੀਆ ਦੀ ਵਰਤੋਂ ਵਧੀ ਹੈ, ਉਦੋਂ ਤੋਂ ਮਨੁੱਖ ਸੰਜੀਦਾ ਜਾਣਕਾਰੀ ਦੇ ਸਰੋਤ ਅਖਬਾਰਾਂ, ਕਿਤਾਬਾਂ, ਰਸਾਲਿਆਂ ਨਾਲੋਂ ਟੁੱਟ ਗਿਆ ਹੈ। ਹੱਦ ਤੋਂ ਵੱਧ ਅਤੇ ਬੇਲੋੜੀ ਜਾਣਕਾਰੀ ਮਨੁੱਖ ਦੇ ਦਿਮਾਗ ਉੱਪਰ ਬੋਝ ਬਣ ਰਹੀ ਹੈ। ਜਿਸ ਕਾਰਣ ਸਾਰਾ ਦਿਨ ਤਣਾਅ ਵਿੱਚ ਰਹਿਣਾ, ਨੀਂਦ ਨਾ ਆਉਣਾ, ਯਾਦਦਾਸ਼ਤ ਦਾ ਕਮਜ਼ੋਰ ਹੋਣਾ, ਅੱਖਾਂ ਦੀ ਰੋਸ਼ਨੀ ਘੱਟਣਾ ਆਦਿ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਹੁਤ ਸਾਰੇ ਵਿਕਸਿਤ ਦੇਸ਼ਾਂ ਵਿੱਚ ਜਾਗਰੂਕ ਅਤੇ ਬਹੁਤ ਪੜ੍ਹੇ ਲਿਖੇ ਵਿਅਕਤੀ ਦੱਸਦੇ ਹਨ ਕਿ ਉਹ ਸ਼ੋਸ਼ਲ ਮੀਡੀਆ ਦੀ ਦੁਨੀਆਂ ਤੋਂ ਬਿਲਕੁਲ ਦੂਰ ਹਨ, ਉਹਨਾਂ ਦਾ ਕਹਿਣਾ ਹੈ ਕਿ ਸ਼ੋਸ਼ਲ ਮੀਡੀਆ ਕੇਵਲ ਸਮੇਂ ਦੀ ਬਰਬਾਦੀ ਹੀ ਨਹੀਂ ਕਰਦਾ ਬਲਕਿ ਇਸ ਦੀ ਲੰਬੀ ਵਰਤੋਂ ਤੋਂ ਬਾਅਦ ਕਿਸੇ ਵੀ ਚੰਗੇ ਕੰਮ ਜਿਵੇਂ ਕਿ ਪੜ੍ਹਾਈ, ਦਫ਼ਤਰ ਦੇ ਕੰਮ ਵਿੱਚ ਧਿਆਨ ਲਗਾਉਣਾ ਮੁਸ਼ਕਿਲ ਹੋ ਜਾਂਦਾ ਹੈ । ਇਸ ਦੀ ਵਧੇਰੇ ਵਰਤੋਂ ਦਿਮਾਗ ਨੂੰ ਥਕਾ ਦਿੰਦੀ ਹੈ ਜਿਸ ਨਾਲ ਮਨੁੱਖ ਦੀ ਸੋਚਣ ਸ਼ਕਤੀ ਅਤੇ ਚੇਤਨਤਾ ਭੰਗ ਹੁੰਦੀ ਹੈ।
”ਸੋਸ਼ਲ ਮੀਡੀਆ ਅਤੇ ਮਾਨਸਿਕ ਸਿਹਤ ਦੇ ਵਿਚਕਾਰ ਇਕ ਸੰਤੁਲਨ ਬਣਾਉਣਾ ਬਹੁਤ ਜ਼ਰੂਰੀ ਹੈ। ਸੋਸ਼ਲ ਮੀਡੀਆ ਦੀ ਵਰਤੋਂ ਨੂੰ ਸੀਮਿਤ ਰੱਖਣਾ ਅਤੇ ਇਸ ਦੇ ਪ੍ਰਭਾਵਾਂ ਨੂੰ ਸਮਝਣਾ ਅੱਜ ਸਮੇਂ ਦੀ ਪਹਿਲੀ ਮੰਗ ਹੈ। ਆਪਣੀ ਮਾਨਸਿਕ ਸਿਹਤ ਨੂੰ ਬਚਾਉਣ ਲਈ ਸਾਨੂੰ ਇਹ ਸਮਝਣਾ ਹੋਵੇਗਾ ਕਿ ਸ਼ੋਸ਼ਲ ਮੀਡੀਆ ਐਪਸ ਦੀ ਵਰਤੋਂ ਸਾਨੂੰ ਸੰਜਮ ਨਾਲ ਕਰਨੀ ਚਾਹੀਦੀ ਹੈ। ਹਰ ਚੀਜ਼ ਦੀ ਵਰਤੋਂ ਇੱਕ ਹੱਦ ਵਿੱਚ ਹੀ ਸਹੀ ਹੈ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਿਸ ਦਿਨ ਇਹ ਯੰਤਰ ਮਨੁੱਖਾਂ ਨੂੰ ਪੂਰੀ ਤਰ੍ਹਾਂ ਆਪਣੇ ਨਿਯੰਤਰਣ ਵਿੱਚ ਲੈ ਲੈਣਗੇ ਅਤੇ ਮਨੁੱਖ ਕੋਲ ਬਚੇਗੀ ਕੇਵਲ ਸਰੀਰਕ ਅਤੇ ਮਾਨਸਿਕ ਗੁਲਾਮੀ। ਜੇਕਰ ਅਸੀਂ ਅੱਜ ਸ਼ੋਸ਼ਲ ਮੀਡੀਆ ਦੀ ਵਰਤੋਂ ਸਾਰਥਕ ਦਿਸ਼ਾ ਵਿੱਚ ਨਹੀਂ ਕਰਦੇ ਤਾਂ ਵਿਗਿਆਨ ਅਤੇ ਅਧੁਨਿਕਤਾ ਦੀ ਇਸ ਜੰਗ ਵਿੱਚ ਮਨੁੱਖ ਆਪਣੀ ਮਾਨਸਿਕ ਅਤੇ ਸਰੀਰਕ ਸਿਹਤ ਹਾਰ ਜਾਵੇਗਾ, ਮਨੁੱਖ ਪੱਲੇ ਬਚੇਗੀ ਤਾਂ ਸਿਰਫ਼ ਨਾਮੋਸ਼ੀ।