ਲਿਖਤ : ਅਮਰਜੀਤ ਸਿੰਘ ਫ਼ੌਜੀ, ਸੰਪਰਕ: 94174-04804
ਮਾਰਚ ਦੇ ਮਹੀਨੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪਹਿਲੀ ਜਮਾਤ ਦੇ ਬੱਚਿਆਂ ਦੇ ਦਾਖਲੇ ਹੋ ਗਏ ਸਨ ਅਤੇ ਬੱਚਿਆਂ ਦੀ ਗਿਣਤੀ ਕਾਫ਼ੀ ਹੋ ਚੁੱਕੀ ਸੀ। ਮੁੱਖ ਅਧਿਆਪਕ ਵੱਲੋਂ ਸਾਰੇ ਦੂਜੇ ਅਧਿਆਪਕਾਂ ਨੂੰ ਦਫਤਰ ਵਿੱਚ ਬੁਲਾ ਕੇ ਜਮਾਤਾਂ ਦੀ ਵੰਡ ਕਰਦੇ ਹੋਏ ਦੱਸਿਆ ਗਿਆ ਕਿ ਪਹਿਲੀ ਜਮਾਤ ਨੂੰ ਹਰਦੀਪ ਸਿੰਘ ਪੜ੍ਹਾਏਗਾ, ਦੂਜੀ ਨੂੰ ਸਰਵਣ ਸਿੰਘ, ਤੀਜੀ ਨੂੰ ਗੁਰਦੇਵ ਸਿੰਘ, ਚੌਥੀ ਨੂੰ ਹਰਜੀਤ ਕੌਰ ਅਤੇ ਪੰਜਵੀਂ ਜਮਾਤ ਨੂੰ ਮੈਂ ਖ਼ੁਦ ਪੜ੍ਹਾਵਾਂਗਾ। ਅੱਜ ਤੁਸੀਂ ਆਪਣੀ ਆਪਣੀ ਜਮਾਤ ਦੇ ਬੱਚਿਆਂ ਨਾਲ ਜਾਣ ਪਛਾਣ ਕਰ ਕੇ ਕਿਤਾਬਾਂ ਦੀ ਵੰਡ ਕਰ ਦਿਓ ਅਤੇ ਨਵੇਂ ਦਾਖਲ ਹੋਏ ਪਹਿਲੀ ਜਮਾਤ ਦੇ ਬੱਚਿਆਂ ਨੂੰ ਵੀ ਨਵੇਂ ਕਾਇਦੇ ਵੰਡ ਦਿਓ ਅਤੇ ਕੱਲ੍ਹ ਤੋਂ ਪੱਕੇ ਰਜਿਸਟਰ ‘ਤੇ ਹਾਜ਼ਰੀ ਲਗਾ ਕੇ ਪੜ੍ਹਾਈ ਸ਼ੁਰੂ ਕਰ ਦਿੱਤੀ ਜਾਵੇ। ਸਾਰੇ ਅਧਿਆਪਕਾਂ ਨੇ ਆਪਣੀ ਆਪਣੀ ਜਮਾਤ ਵਿੱਚ ਜਾ ਕੇ ਬੱਚਿਆਂ ਦੇ ਨਾਮ ਰਜਿਸਟਰ ‘ਤੇ ਲਿਖੇ ਅਤੇ ਕਿਤਾਬਾਂ ਵੰਡ ਦਿੱਤੀਆਂ। ਹਰਦੀਪ ਮਾਸਟਰ ਨੇ ਵੀ ਪਹਿਲੀ ਜਮਾਤ ਨੂੰ ਕਾਇਦੇ ਵੰਡ ਦਿੱਤੇ ਅਤੇ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਕਰਦੇ ਸਾਰੀ ਛੁੱਟੀ ਦਾ ਸਮਾਂ ਹੋਣ ‘ਤੇ ਉਸ ਨੇ ਬੱਚਿਆਂ ਨੂੰ ਕਿਹਾ, ”ਬੱਚਿਉ, ਹੁਣ ਛੁੱਟੀ ਦਾ ਸਮਾਂ ਹੋ ਗਿਆ ਹੈ ਤੁਸੀਂ ਹੌਲੀ ਹੌਲੀ ਆਰਾਮ ਨਾਲ ਘਰ ਨੂੰ ਜਾਓ ਅਤੇ ਕੱਲ੍ਹ ਨੂੰ ਸਮੇਂ ਸਿਰ ਸਕੂਲ ਆਉਣਾ ਹੈ। ਕਾਇਦੇ ਵੀ ਨਾਲ ਲੈ ਕੇ ਆਉਣੇ ਹਨ। ਆਪਾਂ ਕੱਲ੍ਹ ਤੋਂ ਪੜ੍ਹਾਈ ਸ਼ੁਰੂ ਕਰਾਂਗੇ।” ਇਸ ਦੇ ਨਾਲ ਹੀ ਛੁੱਟੀ ਦੀ ਘੰਟੀ ਵੱਜ ਗਈ।
ਅਗਲੇ ਦਿਨ ਸਾਰੇ ਬੱਚੇ ਪ੍ਰਾਰਥਨਾ ਕਰਨ ਤੋਂ ਬਾਅਦ ਆਪਣੀ ਆਪਣੀ ਜਮਾਤ ਵਿੱਚ ਪਹੁੰਚ ਗਏ ਅਤੇ ਅਧਿਆਪਕ ਵੀ ਜਮਾਤਾਂ ਵਿੱਚ ਪਹੁੰਚ ਗਏ। ਮਾਸਟਰ ਹਰਦੀਪ ਸਿੰਘ ਨੇ ਪਹਿਲੀ ਜਮਾਤ ਨੂੰ ਪਹਿਲੇ ਇੱਕ ਹਫ਼ਤੇ ਵਿੱਚ ਹੀ ਗੁਰਮੁਖੀ ਪੈਂਤੀ ਦੀ ਵਰਨਮਾਲਾ ਯਾਦ ਕਰਵਾ ਦਿੱਤੀ ਅਤੇ ਅਗਲੇ ਹਫ਼ਤੇ ਕਾਇਦੇ ਤੋਂ ਅੱਖਰਬੋਧ ਪੜ੍ਹਾਉਣ ਲੱਗਾ। ਬੋਲੋ ਬੱਚਿਓ ਊੜਾ ਊਠ, ਐੜਾ ਅੰਬ, ਈੜੀ ਇੱਟ, ਇਸ ਤਰ੍ਹਾਂ ਸਾਰੀ ਪੈਂਤੀ ਪੜ੍ਹਾ ਦਿੱਤੀ। ਅਗਲੇ ਦਿਨ ਬੱਚਿਆਂ ਕੋਲੋਂ ਸੁਣਨ ਲੱਗਾ। ਇੰਨੇ ਨੂੰ ਜਮਾਤ ਵਿੱਚੋਂ ਇੱਕ ਬੱਚਾ ਸੁਖਮਨ ਉੱਠਿਆ ਅਤੇ ਤੋਤਲੀ ਜਿਹੀ ਭਾਸ਼ਾ ਵਿੱਚ ਕਹਿਣ ਲੱਗਾ, ”ਮਾਸਟਰ ਜੀ, ਇਹ ਊੜਾ ਊਠ ਕੀ ਹੁੰਦਾ ਹੈ ਜੀ?” ਮਾਸਟਰ ਕਹਿੰਦਾ, ”ਇਹ ਊਠ ਇੱਕ ਬਹੁਤ ਵੱਡਾ ਤਾਕਤਵਰ ਪਸ਼ੂ ਹੁੰਦਾ ਹੈ ਜੋ ਭਾਰ ਢੋਣ ਅਤੇ ਖੇਤੀ ਕਰਨ ਦੇ ਕੰਮ ਆਉਂਦਾ ਹੈ।” ਬੱਚਾ ਕਹਿੰਦਾ, ”ਮਾਸਟਰ ਜੀ, ਅਸੀਂ ਤਾਂ ਕਦੇ ਦੇਖਿਆ ਹੀ ਨਹੀਂ?” ਮਾਸਟਰ ਹਰਦੀਪ ਨੇ ਊਠ ਦੀ ਫੋਟੋ ਦਿਖਾ ਕੇ ਕਿਹਾ, ”ਦੇਖਿਓ ਬੱਚਿਓ ਇਹ ਹੁੰਦਾ ਹੈ ਊਠ।” ਤਾਂ ਹਰਪ੍ਰੀਤ ਬੋਲ ਪਿਆ, ”ਜੀ ਮੇਰਾ ਦਾਦਾ ਤਾਂ ਕਹਿੰਦਾ ਸੀ ਇਹ ਬੋਤਾ ਹੁੰਦਾ ਹੈ ਜੀ।” ਅਧਿਆਪਕ ਬੋਲਿਆ, ”ਹਾਂ ਹਾਂ ਪੰਜਾਬ ਵਿੱਚ ਇਸ ਨੂੰ ਬੋਤਾ ਵੀ ਕਹਿੰਦੇ ਹਨ ਤੇ ਦੂਜੇ ਸੂਬਿਆਂ ਵਿੱਚ ਇਸ ਨੂੰ ਊਠ ਕਹਿੰਦੇ ਹਨ। ਅੱਜਕੱਲ੍ਹ ਇਹ ਰਾਜਸਥਾਨ ਵਿੱਚ ਜਅਿਾਦਾ ਪਾਇਆ ਜਾਂਦਾ ਹੈ ਕਿਉਂਕਿ ਉੱਥੇ ਟਿੱਬੇ ਬਹੁਤ ਹਨ ਅਤੇ ਇਹ ਟਿੱਬਿਆਂ ਵਿੱਚ ਭਾਰ ਚੁੱਕ ਕੇ ਵੀ ਤੁਰ ਸਕਦਾ ਹੈ। ਇਸ ਲਈ ਇਸ ਨੂੰ ਮਾਰੂਥਲ ਦਾ ਜਹਾਜ਼ ਵੀ ਕਹਿੰਦੇ ਹਨ।” ਇੰਨੀ ਗੱਲ ਸੁਣ ਕੇ ਇੱਕ ਹੋਰ ਬੱਚਾ ਬੋਲਿਆ, ”ਮਾਸਟਰ ਜੀ, ਇਹ ਟਿੱਬੇ ਕੀ ਹੁੰਦੇ ਹਨ?”
ਅਧਿਆਪਕ ਨੇ ਕਿਹਾ, ”ਬੇਟਾ, ਇਹ ਰੇਤੇ ਦੇ ਬਹੁਤ ਵੱਡੇ ਵੱਡੇ ਢੇਰ ਹੁੰਦੇ ਹਨ ਪਹਾੜਾਂ ਵਰਗੇ।” ਬੱਚਾ ਬੋਲਿਆ, ”ਮਾਸਟਰ ਜੀ ਅਸੀਂ ਤਾਂ ਟਿੱਬੇ ਵੀ ਨਹੀਂ ਦੇਖੇ।” ਬੱਚੇ ਦੀ ਗੱਲ ਸੁਣ ਕੇ ਮਾਸਟਰ ਹਰਦੀਪ ਸਿੰਘ ਸੋਚੀਂ ਪੈ ਗਿਆ ਕਿ ਪੰਜਾਬ ਵਿੱਚ ਵਿਕਾਸ ਦੇ ਨਾਂ ‘ਤੇ ਕੁਦਰਤੀ ਸਰੋਤਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਹੁਣ ਨਾ ਹੀ ਊਠ ਰਹੇ ਹਨ ਤੇ ਨਾ ਹੀ ਟਿੱਬੇ ਬਚੇ ਹਨ। ਇਸ ਲਈ ਬੱਚਿਆਂ ਨੂੰ ਕਿਵੇਂ ਸਮਝਾਈਏ ਤੇ ਕੀ ਦਿਖਾਈਏ।