ਬ੍ਰਿਟੇਨ ਵਿੱਚ ਸਿੱਖਾਂ ਵੱਲੋਂ ਚਲਾਈ ਜਾ ਰਹੀ ਇੱਕ ਚੈਰਿਟੀ ਸੰਸਥਾ ਭੁੱਖੇ ਲੋਕਾਂ ਦਾ ਢਿੱਡ ਭਰ ਰਹੀ ਹੈ। ਸੋਲ ਏਡ ਨਾਮ ਦੀ ਇਸ ਸੰਸਥਾ ਦੀ ਸਥਾਪਨਾ ਦੀਪਕ ਸਿੰਘ ਨੇ ਸਾਲ 2017 ਵਿੱਚ ਕੀਤੀ ਸੀ ਅਤੇ ਇਸ ਸੰਸਥਾ ਦਾ ਮੁੱਖ ਮਕਸਦ ਭੁੱਖੇ ਲੋਕਾਂ ਜਾਂ ਖਾਣੇ ਦੀ ਕਮੀ ਨਾਲ ਜੂਝ ਰਹੇ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਉਣਾ ਹੈ।
ਸੰਸਥਾ ਇਲਫੋਰਡ ਵਿੱਚ ਕੁਲਚਾ ਐਕਸਪ੍ਰੈਸ ਰੈਸਟੋਰੈਂਟ ਦੇ ਮਾਲਕ ਅਤੇ ਸ਼ੈੱਫ ਰਾਮਜਿੰਦਰ ਮਾਨ ਪਲਵਿੰਦਰ ਸਿੰਘ ਨਾਲ ਮਿਲ ਕੇ ਕੰਮ ਕਰਦੀ ਹੈ ਅਤੇ ਉਹ ਮਿਲ ਕੇ ਪੂਰੇ ਏਸਕਸ ਵਿੱਚ ਸੈਂਕੜੇ ਮੁਫ਼ਤ ਭੋਜਨ ਦੇ ਡੱਬੇ ਲੋੜਵੰਦਾਂ ਨੂੰ ਵੰਡਦੇ ਹਨ।
ਉਹ ਹਰੇਕ ਸ਼ੁੱਕਰਵਾਰ ਨੂੰ ਇਲਫੋਰਡ ਦੇ ਕਨਾਟ ਰੋਡ, ਵਿੱਚ ਫੂਡ ਕਲੈਕਸ਼ਨ ਪੁਆਇੰਟ ‘ਤੇ ਭੋਜਨ ਵੰਡਦੇ ਹਨ। ਦੀਪਕ ਸਿੰਘ ਨਾਲ 100 ਤੋਂ ਵੱਧ ਵਲੰਟੀਅਰ ਜੁੜੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਹਫ਼ਤਾਵਾਰੀ ਵੰਡਿਆ ਜਾਣ ਵਾਲਾ ਖਾਣਾ, “ਸਾਰਿਆਂ ਲਈ ਹੈ ਅਤੇ ਜਿੰਨੀ ਮਰਜ਼ੀ ਗਿਣਤੀ ਵਿੱਚ ਲੋਕ ਆ ਕੇ ਖਾਣਾ ਲੈ ਸਕਦੇ ਹਨ।” ਦੀਪਕ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਹ ਸੇਵਾ ਗਰੀਬ ਲੋਕਾਂ ਲਈ ਖਾਣੇ ਦੀ ਕਮੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਸ਼ੁਰੂ ਕੀਤੀ ਸੀ। ਉਨ੍ਹਾਂ ਦਾ ਕਹਿਣਾ ਹੈ, “ਅਸੀਂ ਜਾਤ ਅਤੇ ਧਰਮ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਸੀ ਕਿਸਮਤ ਪੱਖੋਂ ਮਾੜੇ ਹਨ ਅਤੇ ਅਸੀਂ ਦੇਖਿਆ ਕਿ ਉਹ ਲੋਕ ਕਿੰਨੇ ਲੋੜਵੰਦ ਹਨ।”
“ਅਸੀਂ ਸੋਸ਼ਲ ਮੀਡੀਆ ‘ਤੇ ਵੀ ਦੇਖਦੇ ਹੁੰਦੇ ਸੀ, ਇਸ ਲਈ ਅਸੀਂ ਉਨ੍ਹਾਂ ਲੋਕਾਂ ਲਈ ਸੋਲ ਏਡ ਸੰਸਥਾ ਦੀ ਸਥਾਪਨਾ ਕੀਤੀ ਜੋ ਖਾਣੇ ਲਈ ਲੋੜਵੰਦ ਸਨ।” ਦੀਪਕ ਕਰੀਬ ਪਿਛਲੇ 20 ਸਾਲਾਂ ਤੋਂ ਲੋੜਵੰਦਾਂ ਦੀ ਮਦਦ ਕਰਦੇ ਆ ਰਹੇ ਹਨ ਪਰ ਉਹ ਜੋ ਕੁਝ ਵੀ ਕਰ ਰਹੇ ਸਨ ਉਸ ਨੂੰ ਇੱਕ ਰਸਮੀ ਰੂਪ ਦੇਣ ਦਾ ਫ਼ੈਸਲਾ ਕੀਤਾ।” ਲੋਕਾਂ ਨੂੰ ਪੰਜਾਬੀ ਰਵਾਇਤੀ ਖਾਣਾ ਦਿੱਤਾ ਜਾਂਦਾ ਹੈ, ਜੋ ਕੁਲਚਾ ਐਕਸਪ੍ਰੈੱਸ ਵੱਲੋਂ ਦਾਨ ਕੀਤਾ ਜਾਂਦਾ ਹੈ। ਇਸ ਖਾਣੇ ਨੂੰ ਇਲਫੋਰਡ ਰੋਡ ‘ਤੇ ਫੂਡ ਪੁਆਇੰਟ ‘ਤੇ ਇਕੱਠਾ ਕੀਤਾ ਜਾਂਦਾ ਹੈ। ਸੰਸਥਾ ਭੋਜਨ ਦੀ ਡਿਲੀਵਰੀ ਵੀ ਕਰਦੀ ਹੈ।
ਸੰਸਥਾ ਕੋਲ ਲਗਭਗ ਹਰ ਉਮਰ ਅਤੇ ਧਰਮ ਦੇ ਲੋਕ ਪਹੁੰਚਦੇ ਹਨ, ਇਨ੍ਹਾਂ ਵਿੱਚ ਕੁਝ ਬੇਘਰ ਤੇ ਬੇਰੁਜ਼ਗਾਰ ਵੀ ਸ਼ਾਮਲ ਹਨ। ਇਸ ਲੋਕ ਸੰਸਥਾ ਤੱਕ ਜਾਂ ਤਾਂ ਫੋਨਾਂ ਰਾਹੀਂ ਪਹੁੰਚਦੇ ਹਨ ਜਾਂ ਸੋਸ਼ਲ ਮੀਡੀਆ ਰਾਹੀਂ ਪਹੁੰਚਦੇ ਹਨ। ਇਸ ਤੋਂ ਇਲਾਵਾ ਸੰਸਥਾ ਨੂੰ ਹੋਰ ਚੈਰਿਟੀ ਸੰਸਥਾਵਾਂ ਵੀ ਸੰਪਰਕ ਕਰਦੀਆਂ ਹਨ, ਜੋ ਉਨ੍ਹਾਂ ਨੂੰ ਲੋੜਵੰਦ ਲੋਕਾਂ ਬਾਰੇ ਜਾਣਕਾਰੀ ਦਿੰਦੀਆਂ ਹਨ। ਸੰਸਥਾ ਸੇਵਾ ਮੁਹੱਈਆ ਕਰਵਾਉਣ ਤੋਂ ਪਹਿਲਾਂ ਹਰੇਕ ਕੇਸ ਦਾ ਮੁਲਾਂਕਣ ਕਰਦੀ ਹੈ।
ਦੀਪਕ ਦਾ ਕਹਿਣਾ ਹੈ, “ਅਸੀਂ ਰਹਿਣ-ਸਹਿਣ ਦੇ ਖਰਚੇ ਵਿੱਚ ਵਾਧੇ ਕਾਰਨ ਮੁਫਤ ਭੋਜਨ ਖਾਣ ਲਈ ਆਉਣ ਵਾਲੇ ਲੋਕਾਂ ਵਿੱਚ ਲਗਭਗ 50 ਫੀਸਦ ਵਾਧਾ ਦੇਖਿਆ ਹੈ ਅਤੇ ਇਹ ਖਾਣਾ ਵੀ ਦਰਅਸਲ, ਵਧੀਆ ਹੁੰਦਾ ਹੈ।”
ਉਹ ਅੱਗੇ ਦੱਸਦੇ ਹਨ, “ਅਸੀਂ ਦੇਖਿਆ ਹੈ ਹੋਰ ਲੋਕ ਵੀ ਆ ਰਹੇ ਹਨ ਅਤੇ ਇਹ ਕੋਈ ਸਮੱਸਿਆ ਨਹੀਂ ਕਿਉਂਕਿ ਅਸੀਂ ਹੋਰ ਸੇਵਾ ਕਰਾਂਗੇ।”
ਇੰਗਲੈਂਡ ਵਿੱਚ ਖਾਣੇ ਦੀ ਕਮੀ ਨਾਲ ਜੂਝਦੇ ਲੋਕ
ਐਂਟੀ ਪੋਵਰਟੀ ਚੈਰਿਟੀ ਟਰੁਸੈਲ ਟਰੱਸਟ ਮੁਤਾਬਕ, ਯੂਕੇ ਵਿੱਚ ਲੱਖਾਂ ਲੋਕ ਭੁੱਖ ਨਾਲ ਲੜ ਰਹੇ ਹਨ ਅਤੇ ਹਰ ਪੰਜਾਂ ਮਗਰ ਇੱਕ ਬੱਚਾ ਕਈ ਪਰੇਸ਼ਾਨੀਆਂ ਤੇ ਭੁੱਖਮਰੀ ਦਾ ਸਾਹਮਣਾ ਕਰ ਰਿਹਾ ਹੈ। ਇੰਗਲੈਂਡ ਦੇ 9 ਵਿੱਚੋਂ 5 ਖੇਤਰਾਂ ਵਿੱਚ ਅਪ੍ਰੈਲ 2023 ਅਤੇ ਮਾਰਚ 2024 ਦੇ ਵਿਚਕਾਰ ਭੋਜਨ ਪਾਰਸਲ ਦੀ ਵਿਵਸਥਾ ਵਿੱਚ ਵਾਧਾ ਦੇਖਿਆ ਗਿਆ। ਇੰਗਲੈਂਡ ਦੇ ਪੂਰਬ ਵਿੱਚ ਭੋਜਨ ਦੇ ਪਾਰਸਲਾਂ ਦੀ ਗਿਣਤੀ ਵਿੱਚ ਵੀ 8 ਫੀਸਦ ਵਾਧਾ ਹੋਇਆ, ਜਿਨ੍ਹਾਂ ਦੀ ਗਿਣਤੀ ਕੁੱਲ ਮਿਲਾ ਕੇ 350,000 ਬਣਦੀ ਹੈ। ਤਾਜ਼ਾ ਡੇਟਾ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਬ੍ਰਿਟੇਨ ਵਿੱਚ 63 ਲੱਖ ਬਾਲਗ਼ ਅਤੇ 30 ਲੱਖ ਬੱਚੇ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ ਅਤੇ ਇਨ੍ਹਾਂ ਲੋਕਾਂ ਵੱਲੋਂ ਜ਼ਿਆਦਾਤਰ ਫੂਡ ਬੈਂਕ ਵਰਤੇ ਜਾਣ ਦੀ ਸੰਭਾਵਨਾ ਹੈ ਜਾਂ ਅਜਿਹਾ ਕਰਨ ਦੇ ਜੋਖ਼ਮ ਵੱਲ ਵਧ ਰਹੇ ਹਨ।
ਮਾਰਚ 2023 ਤੱਕ ਦਾ ਕੁੱਲ ਅੰਕੜਾ ਪਿਛਲੇ ਸਾਲ ਦੀ ਤੁਲਨਾ ਨਾਲੋਂ 5,80,000 ਵੱਧ ਸੀ ਅਤੇ ਪੰਜ ਸਾਲਾਂ ਵਿੱਚ 10 ਲੱਖ ਵੱਧ ਗਿਆ ਸੀ। ਚੈਰਿਟੀ ਨੇ ਕਿਹਾ ਕਿ 2000 ਵਿੱਚ ਰਿਕਾਰਡ ਸ਼ੁਰੂ ਹੋਣ ਤੋਂ ਬਾਅਦ ਇਹ ਉੱਚੇ ਰਿਕਾਰਡ ‘ਤੇ ਸੀ। ਟਰੁਸੈਲ, ਪੂਰੇ ਬ੍ਰਿਟੇਨ ਵਿੱਚ ਭੋਜਨ ਬੈਂਕਾਂ ਦਾ ਨੈਟਵਰਕ ਦਾ ਸੰਚਾਲਨ ਕਰਦੀ ਹੈ। ਉਸ ਦਾ ਕਹਿਣਾ ਹੈ ਕਿ ਤਾਜ਼ਾ ਅੰਕੜੇ ਦੱਸਦੇ ਹਨ ਕਿ ਸੱਤਾਂ ਵਿੱਚ ਇੱਕ ਵਿਅਕਤੀ ਭੁੱਖਾ ਅਤੇ ਔਕੜਾਂ ਦਾ ਸਾਹਮਣਾ ਕਰ ਰਿਹਾ ਹੈ।