Friday, April 4, 2025
10.8 C
Vancouver

ਵਧ ਰਹੀ ਅਸਹਿਣਸ਼ੀਲਤਾ ਲਈ ਜ਼ਿੰਮੇਵਾਰ ਕੌਣ?

 

ਲਿਖਤ : ਡਾ. ਇਕਬਾਲ ਸਿੰਘ ਸਕਰੌਦੀ
ਸੰਪਰਕ : 84276-85020
ਜੇਕਰ ਇਸ ਸੰਸਾਰ ਦੇ ਸਾਰੇ ਧਾਰਮਿਕ, ਨੈਤਿਕ ਅਤੇ ਨੀਤੀ ਸਿੱਖਿਆ ਦੇ ਗ੍ਰੰਥਾਂ ਦਾ ਅਧਿਐਨ ਕਰੀਏ ਤਾਂ ਉਨ੍ਹਾਂ ਵਿਚੋਂ ਮੂਲ਼ ਧੁਨੀ ਇਹੋ ਉਜਾਗਰ ਹੁੰਦੀ ਹੈ ਕਿ ਮਨੁੱਖ ਨੂੰ ਸ਼ਾਂਤ, ਸਹਿਜ, ਸੰਜਮ, ਸੰਤੋਖ ਅਤੇ ਸਹਿਣਸ਼ੀਲਤਾ ਦੇ ਧਾਰਨੀ ਹੋਣ ਦੀ ਸਿੱਖਿਆ ਅਤੇ ਸੰਦੇਸ਼ ਦਿੱਤਾ ਗਿਆ ਹੈ। ਪਰੰਤੂ ਇਹ ਵੀ ਕਿਹਾ ਜਾਂਦਾ ਹੈ ਕਿ ਸਮੁੱਚੇ ਸੰਸਾਰ ਵਿਚ ਸਭ ਤੋਂ ਵੱਧ ਝਗੜੇ, ਕਲੇਸ਼, ਈਰਖਾ, ਦਵੈਸ਼ ਅਤੇ ਅਸ਼ਾਂਤੀ ਵੀ ਧਰਮ ਦੇ ਨਾਂ ਉੱਤੇ ਹੀ ਫ਼ੈਲਾਈ ਜਾਂਦੀ ਰਹੀ ਹੈ। ਅੱਜ ਦੇ ਦੌਰ ਵਿਚ ਸ਼ਾਂਤੀ ਦਾ ਉਪਦੇਸ਼ ਦੇਣ ਵਾਲ਼ੇ ਤਥਾ ਕਥਿਤ ਬਾਬੇ, ਸੰਤ, ਪੁਜਾਰੀ, ਭਾਈ ਜੀ ਅਤੇ ਹੋਰ ਵੱਖਵੱਖ ਡੇਰਿਆਂ ਉੱਤੇ ਕਬਜ਼ਾ ਕਰੀ ਬੈਠੇ ਇਹ ਲੋਕ ਜਨ ਸਧਾਰਨ ਨੂੰ ਗਿਆਨ ਦੇਣ ਲਈ ਅਧਿਆਤਮਕਤਾ ਦੀ ਗੱਲ ਤਾਂ ਕਰਦੇ ਹਨ ਪਰੰਤੂ ਆਪਣੀ ਸੁਰੱਖਿਆ ਲਈ ਆਪਣੇ ਆਲ਼ੇ ਦੁਆਲ਼ੇ ਬੰਦੂਕਧਾਰੀਆਂ ਅਤੇ ਸਟੇਨਗੰਨਾਂ ਲੈ ਕੇ ਖੜ੍ਹੇ ਸ਼ਰਧਾਲੂਆਂ, ਸ਼ਾਗਿਰਦਾਂ ਦੀ ਵੱਡੀ ਭੀੜ ਵੀ ਜਮ੍ਹਾਂ ਰੱਖਦੇ ਹਨ। ਸਿੱਖਿਆ ਖੇਤਰ ਨਾਲ਼ ਜੁੜੇ ਵਿਦਵਾਨ, ਬੁੱਧੀਜੀਵੀ, ਸਿੱਖਿਆ ਸ਼ਾਸਤਰੀ, ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਅਧਿਆਪਕਾਂ ਵੱਲੋਂ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦਿੱਤੀ ਜਾਵੇ, ਜਿਸ ਵਿਚ ਸਹਿਹੋਂਦ ਅਤੇ ਭਰਾਤਰੀ ਭਾਵ ਪੈਦਾ ਕਰਨ ਵਾਲ਼ਾ ਗਿਆਨ ਹੋਵੇ। ਹਰ ਮਨੁੱਖ ਵਿਚ ਇੱਕ ਦੂਜੇ ਨੂੰ ਬਰਦਾਸ਼ਤ ਕਰਨ ਦਾ ਮਾਦਾ ਹੋਵੇ। ਉਹ ਆਮ ਗੱਲਬਾਤ ਅਤੇ ਵਿਚਾਰ ਚਰਚਾ ਕਰਦੇ ਹੋਏ ਸਹਿਜ ਹੋਣ। ਇੱਕ ਦੂਜੇ ਦੀ ਭਾਵਨਾ ਨੂੰ ਸਮਝਣ ਅਤੇ ਸਤਿਕਾਰ ਕਰਨ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਸੰਦਰਭ ਵਿਚ ਆਪਣੀ ਕ੍ਰਿਤ ਜਪੁਜੀ ਸਾਹਿਬ ਵਿਚ ਦਰਜ ਕਰਦੇ ਹਨਗਾਵੀਐ ਸੁਣੀਐ ਮਨਿ ਰੱਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥ ਪਰੰਤੂ ਅੱਜ ਦੇ ਪਦਾਰਥਵਾਦੀ ਯੁੱਗ ਵਿਚ ਵਧ ਰਹੇ ਅਕਾਦਮਿਕ ਅਤੇ ਆਰਥਿਕ ਮੁਕਾਬਲੇ ਨੇ ਵਿਦਿਆਰਥੀਆਂ ਵਿਚੋਂ ਸਹਿਣਸ਼ੀਲਤਾ ਦਾ ਮਾਦਾ ਲਗਪਗ ਖ਼ਤਮ ਕਰ ਦਿੱਤਾ ਹੈ। ਇਸ ਘਟ ਰਹੀ ਸਹਿਣਸ਼ੀਲਤਾ ਅਤੇ ਵਧ ਰਹੀ ਅਸਹਿਣਸ਼ੀਲਤਾ ਕਾਰਨ ਹਰ ਪਾਸੇ ਝਗੜੇ, ਕਲੇਸ਼, ਦਵੈਸ਼, ਨਫ਼ਰਤ ਵਧ ਰਹੀ ਹੈ। ਹੁਣ ਕੋਈ ਵੀ ਵਿਅਕਤੀ ਦੋ ਮਿੰਟ ਲਈ ਇੰਤਜ਼ਾਰ ਕਰਨ ਨੂੰ ਤਿਆਰ ਨਹੀਂ ਹੈ। ਅਸੀਂ ਹੁਣ ਧਾਰਮਿਕ ਸਥਾਨਾਂ ਉੱਤੇ ਜਾ ਕੇ ਵੀ ਸਹਿਜ ਨਹੀਂ ਹੁੰਦੇ। ਮੰਦਿਰ, ਮਸਜਿਦ, ਗੁਰਦੁਆਰੇ, ਚਰਚ ਆਦਿ ਵਿਚ ਮੱਥਾ ਟੇਕਣ ਵੇਲੇ ਵੀ ਮਨ ਵਿਚ ਕਾਹਲ ਪਈ ਰਹਿੰਦੀ ਹੈ। ਕਿਸੇ ਧਾਰਮਿਕ ਸਥਾਨ ਉੱਤੇ ਬਹੁਤ ਵੱਡੀ ਗਿਣਤੀ ਸ਼ਰਧਾਲੂਆਂ ਵੱਲੋਂ ਮੱਥਾ ਟੇਕਣ ਜਾਣ ਦੀ ਸੂਰਤ ਵਿਚ ਉਥੋਂ ਦੇ ਪ੍ਰਬੰਧਕਾਂ ਵੱਲੋਂ ਬਹੁਤ ਹੀ ਮਹੱਤਵਪੂਰਨ ਵਿਅਕਤੀਆਂ, ਰਾਜਸੀ ਲੀਡਰਾਂ, ਹੋਰ ਸਮਾਜ ਦੇ ਧਨੀ ਲੋਕਾਂ ਲਈ ਜਨ ਸਧਾਰਨ ਵਾਲ਼ੇ ਮਾਰਗ ਤੋਂ ਇਲਾਵਾ ਇੱਕ ਹੋਰ ਛੋਟਾ ਰਸਤਾ ਵੀ ਰੱਖਿਆ ਗਿਆ ਹੁੰਦਾ ਹੈ, ਜੋ ਲੋੜ ਅਨੁਸਾਰ ਹੀ ਖੋਲ੍ਹਿਆ ਜਾਂਦਾ ਹੈ ਤਾਂ ਜੋ ਵਧੇਰੇ ਮਹੱਤਵਪੂਰਨ ਵਿਅਕਤੀਆਂ ਨੂੰ ਮੱਥਾ ਟੇਕਣ ਵਿਚ ਦੇਰੀ ਨਾ ਹੋਵੇ। ਬੱਸ ਸਟੈਂਡ, ਰੇਲਵੇ ਸਟੇਸ਼ਨ ਉੱਤੇ ਲਾਈਨ ਵਿਚ ਖੜ੍ਹ ਕੇ ਟਿਕਟ ਕਟਾਉਂਦਿਆਂ, ਪੋਸਟ ਆਫ਼ਿਸ, ਬੈਂਕ, ਬੀਮਾ ਕੰਪਨੀ ਜਾਂ ਹੋਰ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਦਫ਼ਤਰ ਵਿਚ ਕੋਈ ਵੀ ਕੰਮ ਕਰਵਾਉਂਦਿਆਂ ਅਸੀਂ ਸਹਿਜਤਾ ਬਿਲਕੁਲ ਛੱਡ ਚੁੱਕੇ ਹਾਂ। ਬਹੁਤੇ ਲੋਕਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਉਹ ਨਿਯਮਾਂ ਨੂੰ ਛਿੱਕੇ ਟੰਗ ਕੇ ਪਹਿਲਾਂ ਆਪਣਾ ਕੰਮ ਕਰਵਾ ਲੈਣ। ਇਹ ਸਾਰਾ ਕੁਝ ਘਟ ਰਹੀ ਸਹਿਣਸ਼ੀਲਤਾ ਕਾਰਨ ਹੀ ਹੋ ਰਿਹਾ ਹੈ। ਜੇਕਰ ਸੜਕ ਉੱਤੇ ਚੱਲਦੇ ਸਮੇਂ ਕੋਈ ਅੱਗੇ ਜਾ ਰਿਹਾ ਵਾਹਨ ਆਪਣੇ ਤੋਂ ਪਿਛਲੇ ਵਾਹਨ ਨੂੰ ਸਮੇਂ ਸਿਰ ਰਸਤਾ ਨਾ ਦੇ ਸਕੇ ਤਾਂ ਸਹਿਜਤਾ ਗੁਆ ਕੇ ਇੱਕ ਧਿਰ ਦੂਜੀ ਧਿਰ ਨੂੰ ਕੋਸਣ ਲੱਗ ਪੈਂਦੀ ਹੈ। ਗਾਲ੍ਹਾਂ ਕੱਢੀਆਂ ਜਾਂਦੀਆਂ ਹਨ। ਕਈ ਵਾਰੀ ਤਾਂ ਹੱਥੋਪਾਈ ਤੱਕ ਨੌਬਤ ਆ ਜਾਂਦੀ ਹੈ। ਇਹ ਸਭ ਕੁਝ ਘਟ ਰਹੀ ਸਹਿਣਸ਼ੀਲਤਾ ਦਾ ਹੀ ਸਿੱਟਾ ਹੈ। ਗੁੱਸਾ ਆਉਣਾ, ਗੁੱਸੇ ਵਿਚ ਬੇਕਾਬੂ ਹੋ ਕੇ ਕੁੱਟ ਮਾਰ ਤੱਕ ਪਹੁੰਚ ਜਾਣਾ ਬਹੁਤ ਹੀ ਮਾੜੀ ਗੱਲ ਹੈ। ਸਾਡੀ ਸਿੱਖਿਆ ਪ੍ਰਣਾਲੀ ਵਿਚ ਸਾਨੂੰ ਇਹ ਸਿਖਾਉਣ ਵਿਚ ਕਿਧਰੇ ਕਮੀ ਰਹਿ ਗਈ ਹੈ ਕਿ ਦੂਜੇ ਇਨਸਾਨ ਦੀ ਕਿਸ ਪ੍ਰਕਾਰ ਕਦਰ ਕਰਨੀ ਹੈ? ਮਾਨਸ ਦੀ ਜਾਤ ਨੂੰ ਇੱਕ ਸਮਾਨ ਸਮਝਣਾ ਹੈ। ਮਾਨਵ ਦਾ ਸਤਿਕਾਰ ਕਿਸ ਤਰ੍ਹਾਂ ਕਰਨਾ ਹੈ? ਦੂਜਿਆਂ ਦਾ ਸਤਿਕਾਰ ਕਰਨਾ ਤਾਂ ਬਹੁਤ ਵੱਡੀ ਗੱਲ ਹੈ। ਹੁਣ ਹਾਲਾਤ ਇਹ ਬਣੇ ਪਏ ਹਨ ਕਿ ਬਹੁਤੇ ਆਪਣੇ ਆਪ ਦਾ, ਆਪਣੇ ਮਾਂ-ਬਾਪ ਦਾ ਸਤਿਕਾਰ ਵੀ ਨਹੀਂ ਕਰਦੇ। ਪਤੀ ਪਤਨੀ ਵਿਚ ਤਣਾਅ ਵਧ ਰਿਹਾ ਹੈ। ਭਰਾ, ਭਰਾ ਦੇ ਖ਼ੂਨ ਦਾ ਪਿਆਸਾ ਹੋ ਚੁੱਕਾ ਹੈ। ਅਜਿਹੇ ਹਾਲਾਤ ਵਿਚ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ? ਸੱਚਮੁੱਚ ਇਹ ਬਹੁਤ ਹੀ ਭਿਆਨਕ ਸਥਿਤੀ ਬਣੀ ਹੈ। ਪਿੱਛੇ ਜਿਹੇ ਕੁਝ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਕਤਲ ਇਸ ਲਈ ਕਰ ਦਿੱਤਾ, ਕਿਉਂਕਿ ਉਸ ਨੇ ਉਨ੍ਹਾਂ ਦੀ ਕਾਰ ਨੂੰ ਸਾਈਡ ਦੇਣ ਵਿਚ ਕੁਤਾਹੀ ਕਰ ਦਿੱਤੀ ਸੀ। ਇਸੇ ਪ੍ਰਕਾਰ ਪਿਛਲੇ ਸਾਲ ਕਮਰੇ ਦਾ ਕਿਰਾਇਆ ਸਮੇਂ ਸਿਰ ਨਾ ਦੇਣ ਕਾਰਨ ਮਾਮੂਲੀ ਤਕਰਾਰ ਉੱਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪੜ੍ਹਦੇ ਇੱਕ ਵਿਦਿਆਰਥੀ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਜਿਹੀਆਂ ਘਟਨਾਵਾਂ ਸਮਾਜ ਨੂੰ ਕਿਸ ਪਾਸੇ ਲੈ ਕੇ ਜਾ ਰਹੀਆਂ ਹਨ? ਅਜਿਹੀਆਂ ਦਰਦਨਾਕ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ? ਵਿਦਿਆਰਥੀਆਂ ਅਤੇ ਨੌਜਵਾਨਾਂ ਦੀ ਅਜਿਹੀ ਮਾਨਸਿਕਤਾ ਕਿਉਂ ਬਣ ਰਹੀ ਹੈ? ਕੀ ਇਸ ਸਭ ਕੁਝ ਦਾ ਜ਼ਿੰਮੇਵਾਰ ਸਮਾਜ ਹੈ? ਕੀ ਇਸ ਦਾ ਜ਼ਿੰਮੇਵਾਰ ਸਾਡਾ ਸਿੱਖਿਆ ਤੰਤਰ ਹੈ? ਕੀ ਇਸ ਦੇ ਜ਼ਿੰਮੇਵਾਰ ਸਾਡੇ ਪਰਿਵਾਰ ਹਨ? ਕੀ ਇਸ ਦੇ ਜ਼ਿੰਮੇਵਾਰ ਸਾਡੇ ਨੌਜਵਾਨ ਖ਼ੁਦ ਹਨ? ਕੀ ਇਸ ਦੇ ਜ਼ਿੰਮੇਵਾਰ ਨਸ਼ੇ ਹਨ? ਜਾਂ ਇਸ ਕਿਸਮ ਦੀਆਂ ਹੋਰ ਚੀਜ਼ਾਂ ਹਨ? ਅੱਜ ਵਿਦਿਆਰਥੀਆਂ ਨੂੰ, ਨੌਜਵਾਨਾਂ ਨੂੰ, ਮੁਟਿਆਰਾਂ ਨੂੰ ਕੇਵਲ ਇਹੋ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਬੱਸ ਅੱਗੇ ਵਧਣਾ ਹੈ। ਕੀ ਸਿੱਖਿਆ ਵਿਚ ਸਿਰਫ਼ ਇਹ ਸੋਚ ਹੁੰਦੀ ਹੈ ਕਿ ਹਰ ਹਾਲਤ ਵਿਚ ਦੂਜਿਆਂ ਨੂੰ ਪਛਾੜ ਕੇ ਪਹਿਲੇ ਨੰਬਰ ਉੱਤੇ ਹੀ ਆਉਣਾ ਹੈ? ਕੀ ਇਸ ਪ੍ਰਕਾਰ ਦੀ ਸਫ਼ਲਤਾ ਹਾਸਲ ਕਰਨ ਲਈ ਨੈਤਿਕਤਾ ਦੇ ਮਾਪਦੰਡ ਕੋਈ ਮਾਅਨੇ ਨਹੀਂ ਰੱਖਦੇ? ਬਿਲਕੁਲ ਇਸੇ ਪ੍ਰਕਾਰ ਹੀ ਅੱਜ ਹਰੇਕ ਵਿਅਕਤੀ ਦੀ ਅਮੀਰ ਬਣਨ ਦੀ ਲਾਲਸਾ ਇੰਨੀ ਵਧ ਗਈ ਹੈ ਕਿ ਪੈਸਾ ਕਮਾਉਣ ਲਈ ਯੋਗ ਜਾਂ ਅਯੋਗ ਸਾਧਨ ਕੋਈ ਮਾਇਨੇ ਨਹੀਂ ਰੱਖਦੇ? ਅਜਿਹੀ ਸਥਿਤੀ ਵਿਚ ਕਿਸ ਤਰ੍ਹਾਂ ਦੇ ਨਾਗਰਿਕ ਤਿਆਰ ਹੋ ਰਹੇ ਹਨ? ਅੱਜ ਦਾ ਨੌਜਵਾਨ ਵਰਗ ਨਾ ਤਾਂ ਹੱਥੀਂ ਕੰਮ ਕਰਨਾ ਚਾਹੁੰਦਾ ਹੈ। ਨਾ ਵੱਡਿਆਂ ਦੀ ਇੱਜ਼ਤ ਕਰਨੀ ਚਾਹੁੰਦਾ ਹੈ। ਨਾ ਆਪਣੇ ਮਾਪਿਆਂ ਨੂੰ ਸਤਿਕਾਰ ਦੇਣਾ ਚਾਹੁੰਦਾ ਹੈ। ਸੋਚਣ ਅਤੇ ਵਿਚਾਰਨ ਵਾਲ਼ੀ ਗੱਲ ਹੈ ਕਿ ਅਜਿਹੀਆਂ ਪ੍ਰਸਥਿਤੀਆਂ ਵਿਚ ਸਾਡੇ ਸਮਾਜ ਦੀ ਸਿਰਜਣਾ ਕਿਹੋ ਜਿਹੀ ਹੋਵੇਗੀ? ਸਾਡਾ ਸਮਾਜ ਕਿੱਧਰ ਨੂੰ ਜਾਵੇਗਾ? ਹੁਣ ਸਮਾਜ ਸ਼ਾਸਤਰੀਆਂ ਨੂੰ ਤਾਂ ਇੰਝ ਲੱਗਣ ਲੱਗ ਪਿਆ ਹੈ ਕਿ ਕੀ ਅਸੀਂ ਹੌਲੀਹੌਲੀ ਅਮਰੀਕਾ ਵਾਲੇ ‘ਸ਼ੂਟ-ਆਊਟ’ ਕਰਨ ਵਾਲ਼ੀਆਂ ਘਟਨਾਵਾਂ ਵੱਲ ਤਾਂ ਨਹੀਂ ਵਧ ਰਹੇ? ਅਜਿਹੀਆਂ ਪ੍ਰਸਥਿਤੀਆਂ ਵਿਚ ਸਾਡੇ ਸਿੱਖਿਆ ਸ਼ਾਸਤਰੀਆਂ, ਸਮਾਜ ਦੇ ਸੂਝਵਾਨ ਤੇ ਜ਼ਹੀਨ ਸੋਚ ਦੇ ਧਾਰਨੀ ਪਤਵੰਤਿਆਂ, ਸਾਡੀਆਂ ਸਰਕਾਰਾਂ ਨੂੰ ਸਾਡੇ ਵਿੱਦਿਅਕ ਢਾਂਚੇ ਉੱਪਰ ਗੌਰ, ਨਜ਼ਰਸਾਨੀ ਜ਼ਰੂਰ ਕਰਨੀ ਚਾਹੀਦੀ ਹੈ। ਕਿਤੇ ਅਜਿਹਾ ਤਾਂ ਨਹੀਂ ਕਿ ਵਿਦਿਆਰਥੀਆਂ ਨੂੰ ਜੋ ਪੜ੍ਹਾਇਆ ਜਾ ਰਿਹਾ ਹੈ। ਉਨ੍ਹਾਂ ਨੂੰ ਜੋ ਸਿਖਾਇਆ ਜਾ ਰਿਹਾ ਹੈ, ਉਹ ਚੰਗੇ ਨਾਗਰਿਕ ਪੈਦਾ ਕਰਨ ਵਿਚ ਸਹਾਈ ਨਾ ਹੋ ਰਿਹਾ ਹੋਵੇ। ਇਸ ਸਾਰੇ ਮਾਮਲੇ ਨੂੰ ਬਹੁਤ ਹੀ ਗੰਭੀਰਤਾ ਅਤੇ ਸੰਜੀਦਗੀ ਨਾਲ਼ ਵਿਚਾਰ ਕੇ ਇਸ ਦਾ ਯੋਗ ਅਤੇ ਢੁੱਕਵਾਂ ਹੱਲ ਕਰਨ ਵੱਲ ਵਧਣਾ ਚਾਹੀਦਾ ਹੈ। ਹੁਣ ਅਜਿਹੀ ਸਮਾਜਿਕ ਹਾਲਤ ਬਣ ਗਈ ਹੈ ਕਿ ਕੋਈ ਕਿਸੇ ਨੂੰ ਰੋਕ ਟੋਕ ਨਹੀਂ ਰਿਹਾ। ਕੋਈ ਕਿਸੇ ਨੂੰ ਵਰਜ ਨਹੀਂ ਰਿਹਾ। ਜਿਸ ਦਾ ਜੋ ਦਿਲ ਕਰਦਾ ਹੈ, ਉਹੀ ਕਰ ਰਿਹਾ ਹੈ। ਇਹ ਸਮੱਸਿਆ ਨਸ਼ੇ ਤੋਂ ਵੀ ਕਿਤੇ ਵੱਧ ਗੰਭੀਰ ਹੈ। ਜੇਕਰ ਇਸ ਗੰਭੀਰ ਮਸਲੇ ਵੱਲ ਫੌਰੀ ਤੌਰ ਉੱਤੇ ਸਾਡੇ ਸਮਾਜ ਸ਼ਾਸਤਰੀਆਂ, ਅਧਿਆਪਕਾਂ ਅਤੇ ਪਰਿਵਾਰਾਂ ਦੇ ਮੁਖੀਆਂ ਨੇ ਧਿਆਨ ਨਾ ਦਿੱਤਾ ਤਾਂ ਹਾਲਾਤ ਹੋਰ ਵੀ ਜ਼ਿਆਦਾ ਵਿਗੜਨ ਦੀਆਂ ਸੰਭਾਵਨਾਵਾਂ ਹਨ। ਅਸਹਿਣਸ਼ੀਲਤਾ ਨਾਂ ਦੀ ਬਿਮਾਰੀ ਸਾਰੇ ਸਮਾਜ ਵਿਚ ਅਮਰ ਵੇਲ ਵਾਂਗ ਵਧ ਰਹੀ ਹੈ। ਜੇਕਰ ਇਸ ਦਾ ਫੌਰੀ ਕੋਈ ਹੱਲ ਨਾ ਕੀਤਾ ਗਿਆ। ਇਸ ਨੂੰ ਜਲਦੀ ਨਾ ਰੋਕਿਆ ਗਿਆ ਤਾਂ ਇਹ ਸਾਡੇ ਸਮਾਜ ਲਈ ਬਹੁਤ ਹੀ ਘਾਤਕ ਸਿੱਧ ਹੋ ਸਕਦੀ ਹੈ। ਕੋਈ ਸਮਾਂ ਸੀ, ਜਦੋਂ ਖੇਡਾਂ ਆਪਸੀ ਪਿਆਰ, ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਲਈ ਖੇਡੀਆਂ ਜਾਂਦੀਆਂ ਸਨ। ਖੇਡ ਵਿਚ ਜੇਤੂ ਧਿਰ ਨੇ ਆਪਣੀ ਖ਼ੁਸ਼ੀ ਦੂਜਿਆਂ ਨਾਲ਼ ਸਲੀਕੇ ਨਾਲ਼ ਸਾਂਝੀ ਕਰਨੀ ਹੁੰਦੀ ਹੈ ਅਤੇ ਹਾਰੀ ਹੋਈ ਧਿਰ ਨੇ ਆਪਣੀ ਹਾਰ ਨੂੰ ਸਹਿਜਤਾ ਨਾਲ਼ ਲੈਂਦੇ ਹੋਏ ਖੇਡ ਦੌਰਾਨ ਕੀਤੀਆਂ ਆਪਣੀਆਂ ਗ਼ਲਤੀਆਂ ਉੱਤੇ ਨਜ਼ਰਸਾਨੀ ਕਰਕੇ ਅੱਗੋਂ ਲਈ ਆਪਣੀ ਖੇਡ ਨੂੰ ਬਿਹਤਰ ਬਣਾਉਣਾ ਹੁੰਦਾ ਹੈ। ਪਰੰਤੂ ਵਧ ਰਹੀ ਅਸਹਿਣਸ਼ੀਲਤਾ ਦੇ ਕਾਰਨ ਜਿੱਤ ਅਤੇ ਮੁਕਾਬਲੇ ਦੀ ਲਾਲਸਾ ਨੇ ਖੇਡਾਂ ਨੂੰ ਵੀ ਜੰਗ ਦਾ ਰੂਪ ਦੇ ਦਿੱਤਾ ਹੈ। ਹੁਣ ਖਿਡਾਰੀ ਕਬੱਡੀ, ਹਾਕੀ, ਫੁੱਟਬਾਲ, ਕ੍ਰਿਕਟ ਆਦਿ ਖੇਡ ਖੇਡਣ ਲਈ ਟੀਕੇ ਤੱਕ ਲਾਉਣ ਲੱਗ ਪਏ ਹਨ। ਤਾਂ ਜੋ ਉਹ ਹਰ ਹਾਲਤ ਵਿਚ ਜਿੱਤ ਹਾਸਲ ਕਰ ਸਕਣ। ਜੇਕਰ ਫਿਰ ਵੀ ਵਿਰੋਧੀ ਟੀਮ ਜਿੱਤ ਜਾਂਦੀ ਹੈ ਤਾਂ ਗਾਲੀ ਗਲੋਚ, ਹੱਥੋਪਾਈ ਅਤੇ ਕਤਲ ਕਰ ਦੇਣ ਤੱਕ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਵਧ ਰਹੀ ਅਸਹਿਣਸ਼ੀਲਤਾ ਕਾਰਨ ਜਦੋਂ ਜਦੋਂ ਸਾਡੇ ਸਮਾਜ ਵਿਚ ਦਰਦਨਾਕ, ਖੌਫ਼ਨਾਕ ਘਟਨਾਵਾਂ ਵਾਪਰਦੀਆਂ ਹਨ, ਉਦੋਂ ਹੀ ਸਮਾਜ ਸ਼ਾਸਤਰੀਆਂ ਨੂੰ ਚਿੰਤਾ ਅਤੇ ਫ਼ਿਕਰ ਸਤਾਉਣ ਲੱਗ ਪੈਂਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਇਸ ਗੰਭੀਰ ਮਸਲੇ ਉੱਤੇ ਸੋਚ-ਵਿਚਾਰ ਅਤੇ ਚਿੰਤਨ ਕਰਨ ਦੀ ਲੋੜ ਹੈ।