ਮਾੜੇ ਵਕਤ ਨੇਂ ਸਾਰੀ ਕਾਇਨਾਤ ਘੇਰੀ,
ਹਵਾ ਬਦਲ ਗਈ ਸਾਰੇ ਸੰਸਾਰ ਦੀ ਜੀ।
ਭਾਈ ਭਾਈ ਤੋਂ ਦੁੱਖੀ ਇੱਕੋ ਛੱਤ ਥੱਲੇ,
ਸਭ ਮੁੱਕ ਗਈ ਗੱਲ ਪਿਆਰ ਦੀ ਜੀ।
ਬੰਦਾ ਨਾਲ ਜ਼ੁਬਾਨ ਦੇ ਮਾਰ ਦਿੰਦੇ,
ਰਹਿ ਗਈ ਲੋੜ ਨਾਂ ਕੋਈ ਹਥਿਆਰ ਦੀ ਜੀ।
ਲਾਇਨਾਂ ਪੜ ਕੇ ਚਾਰ ਅਖਵਾਉਣ ਗਿਆਨੀ,
ਅਸਲੀ ਛੱਡ ਕੇ ਬਾਣੀ ਕਰਤਾਰ ਦੀ ਜੀ।
ਨਿੱਤ ਧਰਮਾਂ ਦੇ ਨਾਂਮ ਤੇ ਹੋਣ ਦੰਗੇ,
ਨੀਅਤ ਹੋ ਗਈ ਮਾੜੀ ਸਰਕਾਰ ਦੀ ਜੀ।
ਲੀਡਰ ਨਸ਼ੇ ਵਿੱਚ ਸਤਾ ਦੇ ਚੂਰ ਹੋਏ,
ਕੋਈ ਸੁਣਦਾ ਨਹੀਂ ਜਨਤਾ ਪੁਕਾਰ ਦੀ ਜੀ।
ਹਾਕਮ ਦੇਸ਼ ਦੇ ਦੇਸ਼ ਨੂੰ ਖਾ ਗਏ ਨੇਂ,
ਕਦਰਾਂ ਭੁੱਲ ਗਏ ਰਾਜ ਦਰਬਾਰ ਦੀ ਜੀ।
ਵਿਕਦੇ ਜੱਜ ਕਚਹਿਰੀ ਵਕੀਲ ਫਿਰਦੇ,
ਕਿਸਮਤ ਪਲਟ ਜੇ ਜਿੱਤ ਤੇ ਹਾਰ ਦੀ ਜੀ।
ਤਾਅਨੇ ਤਿੱਖੇ ਸ਼ਰੀਕਾਂ ਦੇ ਹੋਏ ਐਨੇਂ,
ਤਿੱਖੀ ਧਾਰ ਨੀਂ ਐਨੀਂ ਤਲਵਾਰ ਦੀ ਜੀ।
“ਕਾਮੀਂ ਵਾਲਿਆ” ਬਹੁਤਾ ਨਾਂ ਸੱਚ ਲਿਖੀਂ,
ਰਹੀ ਕਦਰ ਨਾਂ “ਖਾਨਾਂ” ਕਲਮਕਾਰ ਦੀ ਜੀ।
ਲੇਖਕ : ਸ਼ੁਕਰ ਦੀਨ ਕਾਮੀਂ ਖੁਰਦ
ਸੰਪਰਕ : 9592384393