Sunday, November 24, 2024
6.5 C
Vancouver

ਮਾਨਸਿਕ ਸਮੱਸਿਆਵਾਂ ਬਾਰੇ ਖੁੱਲ੍ਹ ਕੇ ਗੱਲ ਕਰੋ

ਲਿਖਤ : ਕਮਲਦੀਪ ਕੌਰ ਬੇਦੀ
*ਸਾਈਕੋ ਥੈਰੇਪਿਸਟ (ਵਿਨੀਪੈੱਗ, ਕੈਨੇਡਾ)
ਸੰਪਰਕ : 204 930-4438
ਮਾਨਸਿਕ ਸਿਹਤ ਦਾ ਮਤਲਬ ਹੁੰਦਾ ਹੈ ਤੁਹਾਡੀ ਸੋਚ ਅਤੇ ਵਿਚਾਰਾਂ ਦੀ ਅਜੋਕੀ ਹਾਲਤ ਜਾਂ ਸਥਿਤੀ। ਮਾਨਸਿਕ ਪਰੇਸ਼ਾਨੀਆਂ ਸਾਡੇ ਕੀਤੇ ਕੰਮਾਂ ਜਾਂ ਹੰਢਾਈ ਜ਼ਿੰਦਗੀ ਤੋਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਕਰਕੇ ਸਾਨੂੰ ਮਾਨਸਿਕ ਤਣਾਅ, ਡਰ, ਘਬਰਾਹਟ, ਸ਼ਰਮਿੰਦਗੀ, ਉਦਾਸੀ, ਗੁੱਸਾ ਅਤੇ ਦੁੱਖ ਮਹਿਸੂਸ ਹੁੰਦਾ ਹੈ। ਬਾਣੀ ‘ਚ ਕਿਹਾ ਗਿਆ ਹੈ ‘ਨਾਨਕ ਦੁਖੀਆ ਸਭ ਸੰਸਾਰ’ ਭਾਵ ਕਿ ਅਸੀਂ ਸਾਰੇ ਕਦੇ ਨਾ ਕਦੇ ਕਿਸੇ ਨਾ ਕਿਸੇ ਦੁੱਖ ਤੋਂ ਪੀੜਤ ਹੁੰਦੇ ਹਾਂ। ਕੁਝ ਗੱਲਾਂ ਸਾਨੂੰ ਪਲ ਭਰ ਲਈ ਦੁਖੀ ਕਰਦੀਆਂ ਹਨ, ਪਰ ਕੁਝ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀਆਂ ਹਨ। ਜਦੋਂ ਅਸੀਂ ਕਿਸੇ ਗੱਲ ਕਰਕੇ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੇ ਹਾਂ ਤਾਂ ਉਸਨੂੰ ਮਾਨਸਿਕ ਪਰੇਸ਼ਾਨੀ ਕਹਿੰਦੇ ਹਨ। ਜਦੋਂ ਕੋਈ ਮਾਨਸਿਕ ਸਿਹਤ ਦੀ ਸਮੱਸਿਆ ਸਾਡੀ ਜ਼ਿੰਦਗੀ ‘ਤੇ ਹਾਵੀ ਹੋ ਜਾਂਦੀ ਹੈ ਤੇ ਅਸੀਂ ਇਸਤੋਂ ਬਾਹਰ ਨਹੀਂ ਆ ਪਾਉਂਦੇ ਤੇ ਸਾਨੂੰ ਸਾਇਕੋ ਥੈਰੇਪਿਸਟ ਜਾਂ ਡਾਕਟਰ ਦੀ ਲੋੜ ਪੈਂਦੀ ਹੈ। ਮਾਨਸਿਕ ਸਿਹਤ ਸਮੱਸਿਆਵਾਂ ਇਕ ਆਮ ਗੱਲ ਹੈ ਤੇ ਇਹ ਬਹੁਤਿਆਂ ਨੂੰ ਹੋ ਜਾਂਦੀਆਂ ਹਨ। ਇਸ ਲਈ ਘਬਰਾਉਣ ਦੀ ਲੋੜ ਨਹੀਂ, ਪਰ ਮਦਦ ਦੀ ਲੋੜ ਜ਼ਰੂਰ ਹੋ ਸਕਦੀ ਹੈ।
ਮਾਨਸਿਕ ਰੋਗ ਸਾਡੇ ਰੋਜ਼ਾਨਾ ਦੇ ਕੰਮ ਕਾਜ ਤੇ ਕਾਰ ਵਿਹਾਰ ਵਿਚ ਰੁਕਾਵਟਾਂ ਪੈਦਾ ਕਰਦੇ ਹਨ। ਇਹ ਸਾਡੀ ਸੋਚ, ਖਾਣ-ਪੀਣ, ਬੋਲਚਾਲ ਤੇ ਮੇਲ ਜੋਲ ‘ਤੇ ਵੀ ਬੁਰਾ ਪ੍ਰਭਾਵ ਪਾਉਂਦੇ ਹਨ। ਮਾਨਸਿਕ ਪਰੇਸ਼ਾਨੀਆਂ, ਮਾਨਸਿਕ ਰੋਗ ਬਣ ਸਕਦੇ ਹਨ, ਜੇ ਅਸੀਂ ਉਨ੍ਹਾਂ ਦਾ ਸਮੇਂ ‘ਤੇ ਇਲਾਜ ਨਹੀਂ ਕਰਦੇ। ਹਰ ਇਨਸਾਨ ਦੀਆਂ ਦੋ ਪ੍ਰਕਾਰ ਦੀਆਂ ਜ਼ਰੂਰਤਾਂ ਹੁੰਦੀਆਂ ਹਨ- ਇਕ ਸਰੀਰਿਕ ਤੌਰ ‘ਤੇ ਜਿਵੇਂ ਕਿ ਰੋਟੀ, ਕੱਪੜਾ, ਮਕਾਨ, ਹਵਾ ਅਤੇ ਪਾਣੀ ਆਦਿ। ਦੂਜਾ ਮਾਨਸਿਕ ਤੌਰ ‘ਤੇ ਜਿਵੇਂ ਕਿ ਪਿਆਰ, ਇੱਜ਼ਤ, ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਾ ਅਤੇ ਆਜ਼ਾਦੀ ਆਦਿ। ਬਾਹਰੀ ਜਾਂ ਸਰੀਰਿਕ ਜ਼ਰੂਰਤਾਂ ਦਾ ਅਕਸਰ ਅਸੀਂ ਖਿਆਲ ਰੱਖਦੇ ਹਾਂ ਜਾਂ ਰੱਖਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕਈ ਵਾਰ ਅਸੀਂ ਮਾਨਸਿਕ ਜ਼ਰੂਰਤ ਨੂੰ ਬੇਧਿਆਨ ਕਰ ਦਿੰਦੇ ਹਾਂ। ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਸਾਡੀਆਂ ਅਤੇ ਸਾਡੇ ਪਰਿਵਾਰ ਦੇ ਮੈਂਬਰਾਂ ਦੀਆਂ ਮਾਨਸਿਕ ਜ਼ਰੂਰਤਾਂ ਕੀ ਹਨ। ਜਿੰਨਾ ਅਸੀਂ ਸਮਝਾਂਗੇ ਅਤੇ ਉਨ੍ਹਾਂ ਜ਼ਰੂਰਤਾਂ ਨੂੰ ਪੂਰਾ ਕਰਾਂਗੇ, ਓਨਾ ਹੀ ਸਾਡਾ ਰਿਸ਼ਤਾ ਖਿੜੇਗਾ।
ਬਚਪਨ ਤੋਂ ਲੈ ਕੇ ਅੱਜ ਤਕ ਸਾਡੇ ਸਾਰਿਆਂ ਦੇ ਕਈ ਤਰ੍ਹਾਂ ਦੀਆਂ ਸੱਟਾਂ ਲੱਗਦੀਆਂ ਰਹਿੰਦੀਆਂ ਹਨ ਜੋ ਬਾਹਰੀ ਤੌਰ ‘ਤੇ ਅਤੇ ਅੰਦਰੂਨੀ ਤੌਰ ‘ਤੇ ਹੁੰਦੀਆਂ ਹਨ। ਸਰੀਰਿਕ ਸੱਟਾਂ ਦਾ ਅਸੀਂ ਆਪ ਖਿਆਲ ਰੱਖਦੇ ਹਾਂ। ਜੇ ਸੱਟ ਜ਼ਿਆਦਾ ਲੱਗੀ ਹੈ ਤਾਂ ਸਾਨੂੰ ਤਕਲੀਫ ਜ਼ਿਆਦਾ ਹੁੰਦੀ ਹੈ, ਸਾਡੇ ਕੋਲੋਂ ਆਪ ਠੀਕ ਨਹੀਂ ਹੋ ਰਹੀ ਤਾਂ ਅਸੀਂ ਡਾਕਟਰ ਦੀ ਮਦਦ ਲੈਂਦੇ ਹਾਂ। ਪਰ ਜਿਹੜੀਆਂ ਸੱਟਾਂ ਸਾਡੇ ਮਨ ‘ਤੇ ਲੱਗਦੀਆਂ ਹਨ, ਜਦੋਂ ਕਿਸੇ ਪਰਿਵਾਰ ਦੇ ਮੈਂਬਰਾਂ ਨਾਲ ਝਗੜਾ ਹੁੰਦਾ ਹੈ, ਜਦੋਂ ਕਿਸੇ ਦੀ ਨੌਕਰੀ ਚਲੀ ਜਾਂਦੀ ਹੈ, ਜਦੋਂ ਕਿਸੇ ਅਜ਼ੀਜ਼ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਜਦੋਂ ਕਿਸੇ ਸਾਥ ਦੀ ਉਮੀਦ ਹੋਵੇ ਤੇ ਉਹ ਨਾ ਦੇਵੇ, ਉਸ ਵੇਲੇ ਉਨ੍ਹਾਂ ਵੱਜੀਆਂ ਸੱਟਾਂ ਤੋਂ ਅਸੀਂ ਕਿਵੇਂ ਬਾਹਰ ਆਉਂਦੇ ਹਾਂ? ਜ਼ਿਆਦਾਤਰ ਅਸੀਂ ਕੁਝ ਵੀ ਨਹੀਂ ਕਰਦੇ ਤੇ ਕੁਝ ਦਿਨਾਂ ਬਾਅਦ ਅਸੀਂ ਬਿਨਾਂ ਆਪਣੀ ਪਰੇਸ਼ਾਨੀ ਦਾ ਜ਼ਿਕਰ ਕੀਤਿਆਂ ਆਮ ਵਰਤਾਓ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਦੋਂ ਇਹ ਮਨ ਦੇ ਜ਼ਖਮ ਸਮੇਂ ਨਾਲ ਡੂੰਘੇ ਹੋ ਜਾਂਦੇ ਹਨ ਤਾਂ ਅਸੀਂ ਇਨ੍ਹਾਂ ਦਾ ਇਲਾਜ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕਰਦੇ। ਫਿਰ ਇਕ ਦਿਨ ਆਪਣੇ ਆਪ ‘ਤੇ ਕੰਟਰੋਲ ਨਾ ਰੱਖਦੇ ਹੋਏ ਕਿਸੇ ਵੀ ਛੋਟੀ ਜਿਹੀ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਕਰਦੇ ਹਾਂ। ਉਦੋਂ ਸਾਰਿਆਂ ਨੂੰ ਹੈਰਾਨੀ ਹੁੰਦੀ ਹੈ ਕਿ ਗੱਲ ਤਾਂ ਕੁਝ ਵੀ ਨਹੀਂ ਸੀ ਤੇ ਅਤੇ ਏਨੇ ਭੜਕ ਪਏ ਕਿਉਂਕਿ ਉਨ੍ਹਾਂ ਨੂੰ ਸਾਡੀ ਮਾਨਸਿਕ ਸਥਿਤੀ ਦਾ ਨਹੀਂ ਪਤਾ ਸੀ। ਅਸੀਂ ਆਪਣੇ ਅੰਦਰ ਕਿੰਨੀਆਂ ਸੱਟਾਂ ਨੂੰ ਦਬਾਅ ਕੇ ਰੱਖਿਆ ਹੈ, ਉਸ ਬਾਰੇ ਨਹੀਂ ਪਤਾ ਸੀ। ਕਈ ਵਾਰ ਅਸੀਂ ਆਪਣੀਆਂ ਇਨ੍ਹਾਂ ਪਰੇਸ਼ਾਨੀਆਂ ਤੋਂ ਦੂਰ ਭੱਜਣ ਲਈ ਕੋਈ ਗ਼ਲਤ ਰਸਤਾ ਅਪਣਾ ਲੈਂਦੇ ਹਾਂ। ਇਹ ਕੋਈ ਨਸ਼ਾ ਹੋ ਸਕਦਾ ਹੈ, ਨਾਜਾਇਜ਼ ਸਬੰਧ ਹੋ ਸਕਦੇ ਹਨ ਜਾਂ ਲੋੜ ਤੋਂ ਵੱਧ ਖ਼ਰੀਦਦਾਰੀ ਕਰਨੀ ਆਦਿ।
ਇਨ੍ਹਾਂ ਮਾਨਸਿਕ ਪਰੇਸ਼ਾਨੀਆਂ ਵਿਚੋਂ ਉਦਾਸੀ ਰੋਗ ਬਹੁਤ ਆਮ ਰੋਗ ਹੈ। ਜਦੋਂ ਕੋਈ ਵੀ ਲਗਾਤਾਰ ਘੱਟੋ-ਘੱਟ ਦੋ ਹਫ਼ਤਿਆਂ ਲਈ ਉਦਾਸ ਰਹਿੰਦਾ ਹੈ ਤੇ ਇਹ ਉਦਾਸੀ ਉਸਦੇ ਰੋਜ਼ਾਨਾ ਜੀਵਨ ਦੇ ਕੰਮ-ਕਾਜ ਵਿਚ ਰੁਕਾਵਟ ਪੈਦਾ ਕਰਦੀ ਹੈ, ਉਸਨੂੰ ‘ਡਿਪਰੈਸ਼ਨ’ ਕਿਹਾ ਜਾਂਦਾ ਹੈ। ਇਹ ਰੋਗ ਹਰੇਕ ਇਨਸਾਨ ਵਿਚ ਇਕ ਦੂਜੇ ਤੋਂ ਵੱਖਰੀ ਤਰ੍ਹਾਂ ਦਾ ਹੋ ਸਕਦਾ ਹੈ। ਇਸਦੇ ਹੋਣ ਦਾ ਪਤਾ ਕਈ ਲੱਛਣਾਂ ਤੋਂ ਲੱਗ ਸਕਦਾ ਹੈ ਜਿਵੇਂ ਹਰ ਵੇਲੇ ਮਨ ਉਦਾਸ ਰਹਿਣਾ, ਕਿਸੇ ਕੰਮ ਵਿਚ ਮਨ ਨਾ ਲੱਗਣਾ, ਥਕਾਵਟ ਮਹਿਸੂਸ ਕਰਨੀ, ਕਿਸੇ ਕੰਮ ਵਿਚ ਆਨੰਦ ਨਾ ਆਉਣਾ ਜਿਹੜਾ ਕਿ ਪਹਿਲਾਂ ਆਉਂਦਾ ਹੁੰਦਾ ਸੀ, ਸਾਰਾ ਦਿਨ ਸੁੱਤੇ ਰਹਿਣਾ ਜਾਂ ਫਿਰ ਨੀਂਦ ਨਾ ਆਉਣੀ। ਕਿਸੇ ਗੱਲਬਾਤ ਵਿਚ ਕੋਈ ਦਿਲਚਸਪੀ ਨਾ ਹੋਣੀ, ਢਹਿੰਦੀ ਕਲਾ ਵਾਲੇ ਖਿਆਲ ਆਉਣੇ, ਨਿਰਾਸ਼ਾ ਹੋਣੀ, ਸਰੀਰ ਦਾ ਦੁਖਦੇ ਰਹਿਣਾ, ਭਾਰ ਘਟ ਜਾਣਾ ਜਾਂ ਅਚਾਨਕ ਭਾਰ ਵਧ ਜਾਣਾ, ਖਾਣ ਵਿਚ ਰੁਚੀ ਘਟ ਜਾਣੀ, ਹਮੇਸ਼ਾਂ ਬੁਰੀ ਗੱਲ ਹੋਣ ਦੇ ਵਿਚਾਰ ਆਉਂਦੇ ਰਹਿਣਾ। ਉਨ੍ਹਾਂ ਨੂੰ ਲੱਗਦਾ ਹੈ ਕਿ ਹੁਣ ਕੁਝ ਵੀ ਠੀਕ ਨਹੀਂ ਹੋ ਸਕਦਾ। ਕਦੇ-ਕਦੇ ਆਤਮ ਹੱਤਿਆ ਦੇ ਖਿਆਲ ਆਉਂਦੇ ਹਨ। ਡਿਪਰੈਸ਼ਨ ਬੱਚੇ ਤੋਂ ਲੈ ਕੇ ਬਜ਼ੁਰਗ ਕਿਸੇ ਨੂੰ ਵੀ ਹੋ ਸਕਦੀ ਹੈ। ਕਦੇ-ਕਦੇ ਡਿਪਰੈਸ਼ਨ ਉਨ੍ਹਾਂ ਨੂੰ ਵੀ ਹੋ ਜਾਂਦੀ ਹੈ ਜਿਨ੍ਹਾਂ ਕੋਲ ਸਾਨੂੰ ਲੱਗਦਾ ਹੈ ਕਿ ਡਿਪਰੈਸ਼ਨ ਦੀ ਕੋਈ ਵਜ੍ਹਾ ਵੀ ਨਹੀਂ ਸੀ। ਸਾਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਤਾਂ ਕਿਸੇ ਚੀਜ਼ ਦੀ ਕਮੀ ਵੀ ਨਹੀਂ ਹੈ। ਅਸਲ ਵਿਚ ਕੋਈ ਇਨਸਾਨ ਆਪਣੇ ਆਪ ਨੂੰ ਬਾਹਰੀ ਰੂਪ ਵਿਚ ਕਿਵੇਂ ਪੇਸ਼ ਕਰਦਾ ਹੈ, ਉਸ ਤੋਂ ਅਸੀਂ ਉਸਦੇ ਅੰਦਰਲੀ ਮਾਨਸਿਕ ਸਥਿਤੀ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਕਈ ਵਾਰ ਸਾਡੀ ਬਾਹਰਲੀ ਅਤੇ ਅੰਦਰੂਨੀ ਸਥਿਤੀ ਵਿਚ ਬਹੁਤ ਫ਼ਰਕ ਹੁੰਦਾ ਹੈ। ਕਈ ਵਾਰ ਲੋਕ ਸਵੀਕਾਰ ਨਹੀਂ ਕਰ ਪਾਉਂਦੇ ਕਿ ਉਹ ਠੀਕ ਨਹੀਂ ਹਨ।
ਆਪਣੀ ਮਾਨਸਿਕ ਸਥਿਤੀ ਨੂੰ ਸਮਝਣ ਲਈ ਆਪਣੇ ਅੰਦਰ ਝਾਤ ਮਾਰਨੀ, ਆਪਣੇ ਜੀਵਨ ਵੱਲ ਤੱਕਣਾ ਜ਼ਰੂਰੀ ਹੈ। ਜਿਹੜੇ ਲੋਕਾਂ ਦੀ ਜ਼ਿੰਦਗੀ ਵਿਚ ਕੋਈ ਵੱਡਾ ਬਦਲਾਅ ਆਉਂਦਾ ਹੈ ਜਾਂ ਫਿਰ ਕੋਈ ਆਪਣੇ ਆਲੇ-ਦੁਆਲੇ ਦੇ ਮਾਹੌਲ ਤੋਂ ਤੰਗ ਹੋਵੇ, ਉਨ੍ਹਾਂ ਨੂੰ ਡਿਪਰੈਸ਼ਨ ਹੋਣ ਦਾ ਜ਼ਿਆਦਾ ਖ਼ਤਰਾ ਹੁੰਦਾ ਹੈ। ਜਦੋਂ ਮੌਸਮ ਬਦਲਦਾ ਹੈ ਤੇ ਠੰਢ ਹੋ ਜਾਂਦੀ ਹੈ, ਧੁੱਪ ਘੱਟ ਨਿਕਲਦੀ ਹੈ ਤਾਂ ਸੈਰ ਕਰਨ ਲਈ ਬਾਹਰ ਨਹੀਂ ਨਿਕਲਿਆ ਜਾਂਦਾ, ਉਦੋਂ ਵੀ ਕਾਫ਼ੀ ਲੋਕਾਂ ਨੂੰ ਡਿਪਰੈਸ਼ਨ ਹੋ ਜਾਂਦੀ ਹੈ।
ਡਿਪਰੈਸ਼ਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗ਼ਲਤਫਹਿਮੀਆਂ ਹਨ, ਜਿਨ੍ਹਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਹੈ। ਜਦੋਂ ਸਾਨੂੰ ਜਾਂ ਸਾਡੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੋਈ ਮਾਨਸਿਕ ਤੌਰ ‘ਤੇ ਪਰੇਸ਼ਾਨ ਦੱਸਦਾ ਹੈ, ਤਾਂ ਸਾਨੂੰ ਅਕਸਰ ਸ਼ਰਮ ਮਹਿਸੂਸ ਹੁੰਦੀ ਹੈ। ਅਸੀਂ ਛੋਟੀਆਂ ਆਮ ਬਿਮਾਰੀਆਂ ਨੂੰ ਪਾਗਲਪਨ ਦੇ ਨਾਲ ਰਲਾ ਦਿੰਦੇ ਹਾਂ ਜਿਹੜਾ ਕਿ ਸਹੀ ਨਹੀਂ ਹੈ। ਇਸੇ ਕਰਕੇ ਅਸੀਂ ਇਨ੍ਹਾਂ ਗੱਲਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਹਾਂ ਤੇ ਵੱਡੀ ਪਰੇਸ਼ਾਨੀ ਵਿਚ ਘਿਰ ਜਾਂਦੇ ਹਾਂ। ਇਹ ਛੋਟੀਆਂ ਸਮੱਸਿਆਵਾਂ ਨੇ ਜੋ ਸਮੇਂ ਸਿਰ ਖੁੱਲ੍ਹ ਕੇ ਗੱਲ ਕਰਨ ਨਾਲ ਬਹੁਤ ਛੇਤੀ ਹੱਲ ਹੋ ਸਕਦੀਆਂ ਹਨ। ਇਹ ਗੱਲਾਂ ਆਮ ਤੌਰ ‘ਤੇ ਅਸੀਂ ਆਪਣੇ ਨਜ਼ਦੀਕੀਆਂ ਨਾਲ ਪਰਦੇ ‘ਚ ਸਾਂਝੀਆਂ ਕਰਦੇ ਹਾਂ। ਸਾਨੂੰ ਉਨ੍ਹਾਂ ਤੋਂ ਦੋ ਤਰ੍ਹਾਂ ਦੇ ਜੁਆਬ ਮਿਲ ਸਕਦੇ ਹਨ-ਜਾਂ ਤਾਂ ਉਹ ਸਾਨੂੰ ਇਹ ਕਹਿਣਗੇ ਕਿ ਅਸੀਂ ਕੋਈ ਬਾਬੇ, ਸਾਧ, ਜੋਤਸ਼ੀ ਕੋਲ ਜਾਈਏ ਤੇ ਕੋਈ ਉਪਾਅ ਕਰੀਏ ਤੇ ਜਾਂ ਲੋਕ ਸਾਨੂੰ ਸ਼ਰਾਬ ਜਾਂ ਨਸ਼ਾ ਕਰਨ ਨੂੰ ਉਕਸਾਉਣਗੇ ਕਿ ਇਸ ਤਰ੍ਹਾਂ ਕਰਨ ਨਾਲ ਸਭ ਕੁਝ ਭੁੱਲ ਭੁਲਾ ਕੇ ਸਮੱਸਿਆ ਦੂਰ ਹੋ ਜਾਏਗੀ। ਪਰ ਅਸਲ ਵਿਚ ਇਹ ਕੋਈ ਹੱਲ ਨਹੀਂ, ਸਗੋਂ ਸਾਨੂੰ ਹਮੇਸ਼ਾਂ ਲਈ ਇਸ ਸਮੱਸਿਆ ਦੀ ਦਲਦਲ ਵਿਚ ਧੱਕਣ ਦਾ ਰਸਤਾ ਹੈ। ਇਹ ਸਾਡੀਆਂ ਗ਼ਲਤਫਹਿਮੀਆਂ ਹੀ ਨੇ ਕਿ ਜਦੋਂ ਕਿਸੇ ਨੂੰ ਡਿਪਰੈਸ਼ਨ ਹੋ ਜਾਂਦੀ ਹੈ ਤਾਂ ਅਸੀਂ ਅਕਸਰ ਕਹਿੰਦੇ ਸੁਣਿਆ ਹੈ ਕਿ ਸਾਨੂੰ ਕਿਸੇ ਨੇ ਕੁਝ ਕਰ ਦਿੱਤਾ ਹੋਵੇਗਾ ਜਾਂ ਫਿਰ ਸਾਨੂੰ ਨਜ਼ਰ ਲੱਗ ਗਈ ਹੋਈ ਹੈ। ਸੱਚਾਈ ਤਾਂ ਇਹ ਹੈ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਤੇ ਹਰ ਰੋਗ ਦੇ ਪਿੱਛੇ ਕੋਈ ਨਾ ਕੋਈ ਕਾਰਨ ਹੁੰਦਾ ਹੈ। ਗ਼ਲਤਫਹਿਮੀਆਂ ‘ਚ ਫਸ ਕੇ ਅਸੀਂ ਥੋੜ੍ਹੇ ਸਮੇਂ ਲਈ ਉਸ ਸਮੱਸਿਆ ਨੂੰ ਅਣਗੌਲਿਆਂ ਕਰਕੇ ਆਪਣੇ ਆਪ ਲਈ ਇਕ ਵੱਡੀ ਬਿਮਾਰੀ ਨੂੰ ਸੱਦਾ ਦਿੰਦੇ ਹਾਂ। ਦੂਜੀ ਤਰ੍ਹਾਂ ਦੇ ਲੋਕ ਉਹ ਹੋਣਗੇ ਜੋ ਤੁਹਾਨੂੰ ਸਲਾਹ ਦੇਣਗੇ ਕਿ ਤੁਸੀਂ ਆਪਣਾ ਰਹਿਣ ਸਹਿਣ ਬਦਲੋ, ਜਿਵੇਂ ਕਸਰਤ ਕਰਨੀ, ਗੁਰਬਾਣੀ ਪੜ੍ਹਨੀ, ਕਿਸੇ ਚੰਗੇ ਕੰਮ ਵਿਚ ਆਪਣੇ ਆਪ ਨੂੰ ਵਿਅਸਤ ਰੱਖਣਾ, ਜਿਸ ਨਾਲ ਤੁਸੀਂ ਇਸ ਸਮੱਸਿਆ ਤੋਂ ਦੂਰ ਹੋ ਸਕਦੇ ਹੋ। ਜਦੋਂ ਇਹ ਸਮੱਸਿਆ ਛੋਟੀ ਹੁੰਦੀ ਹੈ ਤਾਂ ਇਹ ਗੱਲਾਂ ਮਦਦਗਾਰ ਹੁੰਦੀਆਂ ਹਨ, ਪਰ ਕਈ ਵਾਰ ਜਦੋਂ ਲੋਕੀਂ ਜ਼ਿਆਦਾ ਉਦਾਸ ਹੁੰਦੇ ਹਨ ਤਾਂ ਉਹ ਇਨ੍ਹਾਂ ਵਿਚੋਂ ਕੁਝ ਵੀ ਕਰਨ ਵਿਚ ਦਿਲਚਸਪੀ ਨਹੀਂ ਲੈਂਦੇ ਤੇ ਉੱਥੇ ਹੀ ਫਸੇ ਰਹਿੰਦੇ ਹਨ। ਕੁਝ ਲੋਕ ਸਾਨੂੰ ਸਾਇਕੋ ਥੈਰੇਪਿਸਟ ਜਾਂ ਡਾਕਟਰ ਕੋਲ ਜਾਣ ਦੀ ਵੀ ਸਲਾਹ ਦਿੰਦੇ ਹਨ ਜੋ ਕਿ ਜ਼ਿਆਦਾ ਉਦਾਸ ਲੋਕਾਂ ਨੂੰ ਉਦਾਸੀ ਵਿਚੋਂ ਬਾਹਰ ਕੱਢਣ ਵਿਚ ਮਦਦਗਾਰ ਹੁੰਦੇ ਹਨ।
ਡਿਪਰੈਸ਼ਨ ਦਾ ਇਲਾਜ ਸੰਭਵ ਹੈ। ਉਮਰ ਜਾਂ ਹਾਲਾਤ ਕਿਹੋ ਜਿਹੇ ਵੀ ਹੋਣ, ਇਲਾਜ ਲਈ ਸ਼ਰਮ ਜਾਂ ਹਿਚਕਿਚਾਹਟ ਨਹੀਂ ਮੰਨਣੀ ਚਾਹੀਦੀ। ਇਸਦਾ ਇਲਾਜ ਹੋ ਸਕਦਾ ਹੈ ਤੇ ਬਹੁਤੀ ਵਾਰ ਇਹ ਬਿਨਾਂ ਦਵਾਈ ਤੋਂ ਵੀ ਠੀਕ ਕੀਤਾ ਜਾ ਸਕਦਾ ਹੈ। ਜਦੋਂ ਅਸੀਂ ਡਾਕਟਰ ਕੋਲ ਜਾਂਦੇ ਹਾਂ, ਉਹ ਸਾਨੂੰ ਦਵਾਈ ਦੇਣਗੇ ਤੇ ਉਸਦੇ ਨਾਲ-ਨਾਲ ਹੋਰ ਥੈਰੇਪੀਜ਼ ਲੈਣ ਬਾਰੇ ਵੀ ਸੁਝਾਅ ਦੇਣਗੇ, ਜਿਨ੍ਹਾਂ ਵਿਚੋਂ ਸਾਇਕੋਥੈਰੇਪੀ (ਕਾਊਂਸਲਿੰਗ, ਗੱਲਬਾਤ ਨਾਲ ਇਲਾਜ) ਸਭ ਤੋਂ ਵੱਧ ਪ੍ਰਸਿੱਧ ਤੇ ਕਾਮਯਾਬ ਹੈ।
ਸਾਈਕੋਥੈਰੇਪੀ ਬਹੁਤ ਵਧੀਆ ਇਲਾਜ ਪ੍ਰਣਾਲੀ ਹੈ। ਸਮੱਸਿਆ ਚਾਹੇ ਕੋਈ ਵੀ ਹੋਵੇ, ਉਹ ਤੁਹਾਡੇ ਤੋਂ ਤੁਹਾਡੀ ਪਰੇਸ਼ਾਨੀ ਦੀ ਜੜ ਤਕ ਜਾਣਗੇ ਤੇ ਪਰੇਸ਼ਾਨੀ ਦਾ ਹੱਲ ਕੱਢਣਗੇ। ਤੁਹਾਡੇ ਮਨੋਬਲ ਨੂੰ ਇੰਨਾ ਉੱਚਾ ਚੁੱਕਣਗੇ ਤੇ ਤੁਹਾਨੂੰ ਇਸ ਕਾਬਲ ਬਣਾਉਣਗੇ ਕਿ ਤੁਸੀਂ ਆਪਣੀਆਂ ਸਮੱਸਿਆਵਾਂ ਦਾ ਆਪ ਸਾਹਮਣਾ ਕਰ ਸਕੋਗੇ ਤੇ ਉਸਤੋਂ ਛੁਟਕਾਰਾ ਪਾ ਸਕੋਗੇ। ਜਿਵੇਂ ਕਿ ਜੇ ਸਰੀਰ ਦੀ ਕੋਈ ਸਮੱਸਿਆ ਹੁੰਦੀ ਹੈ ਤਾਂ ਅਸੀਂ ਸਰੀਰਿਕ ਕਸਰਤ ਕਰਦੇ ਹਾਂ ਅਤੇ ਹੌਲੀ-ਹੌਲੀ ਠੀਕ ਹੁੰਦੇ ਹਾਂ। ਠੀਕ ਉਸੇ ਤਰ੍ਹਾਂ ਇਕ ਸਾਇਕੋ ਥੈਰੇਪਿਸਟ ਸਾਨੂੰ ਮਨ ਦੀ ਕਸਰਤ ਕਰਾਉਂਦੇ ਨੇ ਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦੇ ਹਨ, ਜਿਹੜਾ ਕਿ ਖੁਸ਼ਹਾਲ ਜੀਵਨ ਜਿਊਣ ਲਈ ਬਹੁਤ ਜ਼ਰੂਰੀ ਹੈ।
ਅਸੀਂ ਕਈ ਸਾਵਧਾਨੀਆਂ ਰੱਖ ਸਕਦੇ ਹਾਂ ਤਾਂ ਕਿ ਸਾਨੂੰ ਡਿਪਰੈਸ਼ਨ ਨਾ ਹੋਵੇ। ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਇਕ ਜ਼ਰੂਰੀ ਸਵਾਲ ਕਰਨਾ ਚਾਹੀਦਾ ਹੈ ਕਿ ਜਿੱਥੇ ਮੈਂ ਆਪਣਾ ਜ਼ਿਆਦਾ ਸਮਾਂ ਬਤੀਤ ਕਰਦਾ ਹਾਂ, ਉਹ ਮਾਹੌਲ ਮੇਰੇ ਲਈ ਕਿਸ ਤਰ੍ਹਾਂ ਦਾ ਹੈ। ਕੀ ਮੈਂ ਉਸ ਵਿਚ ਖ਼ੁਸ਼ ਹਾਂ? ਮੈਂ ਉੱਥੇ ਸੁਰੱਖਿਅਤ ਹਾਂ? ਜੇ ਇਸ ਸੁਆਲ ਦਾ ਜੁਆਬ ਨਹੀਂ ਹੈ ਤਾਂ ਤੁਸੀਂ ਇਕ ਸਾਈਕੋ ਥੈਰੇਪਿਸਟ ਦੀ ਮਦਦ ਲੈ ਸਕਦੇ ਹੋ ਤੇ ਉਹ ਤੁਹਾਡੀ ਪਰੇਸ਼ਾਨੀ ਦੂਰ ਕਰਨ ਵਿਚ ਪੂਰੀ ਤਰ੍ਹਾਂ ਸਹਾਇਤਾ ਕਰਨਗੇ।
ਰੋਜ਼ਾਨਾ ਜ਼ਿੰਦਗੀ ਵਿਚ ਅਸੀਂ ਅਕਸਰ ਕੰਮ ਕਰਨਾ, ਘਰ ਦੀ ਸੰਭਾਲ ਤੇ ਬੱਚਿਆਂ ਦੀ ਸੰਭਾਲ ਵਿਚ ਵਿਅਸਤ ਹੋ ਜਾਂਦੇ ਹਾਂ। ਚਾਹੇ ਅਸੀਂ ਜਿੰਨਾ ਮਰਜ਼ੀ ਵਿਅਸਤ ਹੋਈਏ, ਆਪਣੇ ਮਨ ਦੀ ਖ਼ੁਸ਼ੀ ਲਈ ਸਾਨੂੰ ਸਮਾਂ ਕੱਢਣਾ ਚਾਹੀਦਾ ਹੈ ਤੇ ਉਹ ਕੰਮ ਕਰਨੇ ਚਾਹੀਦੇ ਹਨ, ਜਿਸ ਵਿਚ ਸਾਨੂੰ ਆਨੰਦ ਆਉਂਦਾ ਹੋਵੇ। ਜਿਵੇਂ ਕਿ ਗੁਰਬਾਣੀ ਨਾਲ ਜੁੜਨਾ, ਕਸਰਤ ਕਰਨੀ, ਕੋਈ ਵਧੀਆ ਕਿਤਾਬ ਪੜ੍ਹਨੀ ਜਾਂ ਚੰਗੀ ਫ਼ਿਲਮ ਦੇਖਣੀ, ਚੰਗੀ ਸੰਗਤ ਕਰਨੀ, ਪੌਸ਼ਟਿਕ ਖਾਣਾ, ਸਮੇਂ ਨਾਲ ਸੌਣਾ, ਹਾਸੇ ਵਾਲੀਆਂ ਗੱਲਾਂ ਸੁਣਨੀਆਂ ਤੇ ਕਰਨੀਆਂ ਜਾਂ ਕੋਈ ਮੋਟੀਵੇਸ਼ਨਲ ਲੈਕਚਰ ਸੁਣਨਾ ਆਦਿ। ਅਖੀਰ ਵਿਚ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਦੋਂ ਵੀ ਕਿਸੇ ਨੂੰ ਮਾਨਸਿਕ ਪਰੇਸ਼ਾਨੀ ਜਿਵੇਂ ਕਿ ਡਿਪਰੈਸ਼ਨ, ਲਤ, ਗੁੱਸਾ, ਮਾਨਸਿਕ ਤਣਾਅ, ਪਰਿਵਾਰਕ ਝਗੜੇ, ਬੱਚਿਆਂ ਦਾ ਪਾਲਣ ਪੋਸ਼ਣ, ਇਕੱਲਤਾ, ਜ਼ਿੰਦਗੀ ਤੋਂ ਨਿਰਾਸ਼ ਹੋਣਾ ਆਦਿ ਦੇ ਕੋਈ ਵੀ ਲੱਛਣ ਲੱਗਦੇ ਹੋਣ, ਤੁਸੀਂ ਉਸ ਸਬੰਧੀ ਸਾਇਕੋ ਥੈਰੇਪਿਸਟ ਨੂੰ ਮਿਲੋ ਤੇ ਖੁੱਲ੍ਹ ਕੇ ਉਸ ਬਾਰੇ ਗੱਲ ਕਰੋ। ਖੁੱਲ੍ਹ ਕੇ ਗੱਲ ਕਰਨ ਨਾਲ ਤੁਸੀਂ ਆਪਣਾ ਤੇ ਆਪਣੇ ਘਰ ਦੇ ਮੈਂਬਰਾਂ ਦਾ ਚੰਗੀ ਤਰ੍ਹਾਂ ਖਿਆਲ ਰੱਖ ਸਕਦੇ ਹੋ ਤੇ ਖੁਸ਼ਹਾਲ ਜੀਵਨ ਜੀ ਸਕਦੇ ਹੋ।