ਬਹੁਤ ਹੋ ਗਿਆ ਬੱਸ ਕਰ ਜਾਈਏ।
ਆ ਜਾ ਘੁੱਟ ਕੇ ਜੱਫੀਆਂ ਪਾਈਏ।
ਨਰਾਜ਼ਗੀ ਵਿੱਚ ਕੁੱਝ ਨਹੀਂ ਰੱਖਿਆ,
ਇਕ ਦੂਜੇ ਨਾਲ ਪ੍ਰੇਮ ਵਧਾਈਏ।
ਦੋਵਾਂ ਅਸੀਂ ਏਥੇ ਹੀ ਰਹਿਣਾ,
ਕਿਉਂ ਨਾ ਆਪਾਂ ਲੁੱਡੀਆਂ ਪਾਈਏ।
ਤੂੰ ਤੂੰ ਮੈਂ ਮੈਂ ਛੱਡੀਏ ਆਪਾਂ,
ਆ ਜਾ ਅੱਜ ਇਹ ਕਸਮਾਂ ਖਾਈਏ।
ਦਰਦ ਤੈਨੂੰ ਹੋਵੇ ਮੇਰੀ ਚੋਟ ਦੀ,
ਦੋ ਜਿਸਮ ਇਕ ਜਾਨ ਬਣ ਜਾਈਏ।
ਪਹਿਲਾਂ ਸਾਡਾ ਪਿਆਰ ਸੀ ਜਿੰਨ੍ਹਾਂ,
ਆ ਉਹ ਵੇਲਾ ਫਿਰ ਲੈ ਆਈਏ।
ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵਾਲੇ,
ਲੋਕਾਂ ਦੇ ਮੂੰਹ ਬੰਦ ਕਰਾਈਏ।
ਰਲ ਕੇ ਦੋਵੇਂ ਚੱਲੀਏ “ਭਕਨਾਂ”,
ਇਮਾਨਦਾਰੀ ਨਾਲ ਵਾਅਦਾ ਨਿਭਾਈਏ।
ਲਿਖਤ : ਰਾਜਿੰਦਰ ਸਿੰਘ
“ਭਕਨਾਂ”, ਅੰਮ੍ਰਿਤਸਰ।