ਵਾਅਦਿਆਂ ਦੇ ਅੰਬਾਰ ਲਗਾ ਕੇ,
ਚੋਣ ਸਰੀ ਵਿਚ ਜਿੱਤਾਂਗੇ
ਭਰਮਾਂ ਦੇ ਬਹੁ-ਜਾਲ ਵਿਛਾ ਕੇ,
ਚੋਣ ਸਰੀ ਵਿਚ ਜਿੱਤਾਂਗੇ
ਕਰਨ ਕਰਾਉਣ ਦੀ ਲੋੜ ਭਲਾ ਕੀ,
ਸ਼ੋਰ ਸ਼ਰਾਬਾ ਕਾਫੀ ਹੈ
ਹੱਥਾਂ ਉੱਤੇ ਸਰੋਂ ਜਮਾ ਕੇ,
ਚੋਣ ਸਰੀ ਵਿਚ ਜਿੱਤਾਂਗੇ
ਤੁਸੀਂ ਉਡਾਓ ਰੇਲ ਹਵਾ ਵਿਚ,
ਚਾਹੇ ਕਰਲੋ ਟੈਕਸ ਫਰੀਜ਼
ਅਸੀਂ ਤਾਂ ਆਪਣੀ ਪੁਲਿਸ ਬਣਾ ਕੇ,
ਚੋਣ ਸਰੀ ਵਿਚ ਜਿੱਤਾਂਗੇ
ਭਾਈ-ਭਤੀਜ ਦਾ ਕੰਮ ਕੋਈ ਨਾ
ਸਾਡੇ ਸੋਹਣੇ ਸ਼ਹਿਰ ਅੰਦਰ
ਵੋਟਾਂ ਦਾ ਹਥਿਆਰ ਫੜਾ ਕੇ,
ਚੋਣ ਸਰੀ ਵਿਚ ਜਿੱਤਾਂਗੇ
ਸੁਰਗਾਂ ਦਾ ਹੁਣ ਫਿਕਰ ਨਾ ਕਰਿਓ,
ਅਸਥਾ-ਘਾਟ ਸਜਾ ਦੇਣੈਂ
ਸੁਰਗ-ਸਮੁੰਦਰ ਤਾਰੀ ਲਾ ਕੇ,
ਚੋਣ ਸਰੀ ਵਿਚ ਜਿੱਤਾਂਗੇ
ਚਾਰ ਸਾਲ ਹੈ ਕੁਰਸੀ ਭਾਵੇਂ
ਫਿਰ ਵੀ ਸਾਡੀ ਲੰਮੀ ਸੋਚ
ਦਸ ਸਾਲਾਂ ਦੇ ਸਬਜ਼ ਦਿਖਾ ਕੇ,
ਚੋਣ ਸਰੀ ਵਿਚ ਜਿੱਤਾਂਗੇ
ਸੁਣਨੇ ਪੈਣੇ, ਜਰਨੇ ਪੈਣੇ
ਸੱਚੇ-ਕੌੜੇ ਬੋਲ-ਕਬੋਲ
ਚਿਹਰੇ ‘ਤੇ ਹਾਸਾ ਚਿਪਕਾ ਕੇ,
ਚੋਣ ਸਰੀ ਵਿਚ ਜਿੱਤਾਂਗੇ
ਦੁਨੀਆਂਦਾਰੀ ਦਾ ਦਸਤੂਰ ਹੈ,
ਮੰਨਣਾ ਪੈਣੈਂ, ਮੰਨਾਂਗੇ
ਇਕ ਦੂਜੇ ਨੂੰ ਠਿੱਬੀ ਲਾ ਕੇ,
ਚੋਣ ਸਰੀ ਵਿਚ ਜਿੱਤਾਂਗੇ
ਹੱਥ ਜੋੜਣੇ, ਤਰਲੇ, ਮਿੰਨਤਾਂ,
ਚਾਰ ਦਿਨਾਂ ਦੀ ਖੇਡ ਹੈ ‘ਮਾਨ’
ਬਣਦਾ ਫਰਜ਼ੀ ਰੋਲ ਨਿਭਾ ਕੇ,
ਚੋਣ ਸਰੀ ਵਿਚ ਜਿੱਤਾਂਗੇ
ਲਿਖਤ : ਹਰਦਮ ਮਾਨ