Saturday, November 23, 2024
9.1 C
Vancouver

ਕਾਹਦੀ ਆਜ਼ਾਦੀ! ਵੱਖ-ਵੱਖ ਹਲਕਿਆਂ ਵਿਚ ਵੰਡਿਆ ਪਿੰਡ

ਲਿਖਤ : ਕੁਲਦੀਪ ਧਨੌਲਾ ਫੋਨ: 94642-91023
ਕਪੂਰਥਲਾ ਤੇ ਜਲੰਧਰ ਦੋ ਜ਼ਿਲ੍ਹੇ, ਖਡੂਰ ਸਾਹਿਬ ਅਤੇ ਜਲੰਧਰ ਦੋ ਲੋਕ ਸਭਾ ਹਲਕੇ, ਦੋ ਵਿਧਾਨ ਸਭਾ ਹਲਕੇ, ਦੋ ਤਹਿਸੀਲਾਂ, ਦੋ ਥਾਣੇ, ਦੋ ਐਸਡੀਐਮ ਅਤੇ ਤਿੰਨ ਪੰਚਾਇਤਾਂ ਵਿਚ ਵੰਡੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਸਹੁਰੇ ਪਿੰਡ ਦਿਆਲਪੁਰ ਦੀ ਅਜਬ ਕਹਾਣੀ ਕਈ ਮੁੱਦੇ ਸਿਰਫ਼ ਚੋਣਾਂ ਦੌਰਾਨ ਹੀ ਸਾਹਮਣੇ ਆਉਂਦੇ ਹਨ ਤੇ ਚੋਣਾਂ ਬਾਅਦ ਦਬ ਕੇ ਰਹਿ ਜਾਂਦੇ ਹਨ। ਮੁੜ ਉਨ੍ਹਾਂ ਦੀ ਕੋਈ ਸਾਰ ਨਹੀਂ ਲੈਂਦਾ ਤੇ ਗੱਲ ਆਈ-ਗਈ ਹੋ ਜਾਂਦੀ ਹੈ। ਜੇ ਪਾਕਿਸਤਾਨ ਨੂੰ ਹੁਸੈਨੀਵਾਲਾ ਲੈਣ ਖ਼ਾਤਰ ਤਬਾਦਲੇ ਵਿਚ ਜ਼ਮੀਨ ਦਿੱਤੀ ਜਾ ਸਕਦੀ ਹੈ ਤਾਂ ਫੇਰ ਦੇਸ਼ ਅੰਦਰਲੇ ਅਜਿਹੇ ਮਸਲੇ ਕਿਉਂ ਨਹੀਂ ਹੱਲ ਕੀਤੇ ਜਾਂਦੇ? ਇਹ ਤਾਂ ਸੁਣਿਆ ਹੈ ਡੱਬਵਾਲੀ ਦੇ ਕਈ ਘਰਾਂ ਦੇ ਵਿਹੜੇ ਪੰਜਾਬ ਵਿਚ ਹਨ ਤੇ ਘਰ ਹਰਿਆਣੇ ਵਿਚ ਅਤੇ ਇਸ ਤਰ੍ਹਾਂ ਕਈ ਘਰਾਂ ਦੇ ਵਿਹੜੇ ਹਰਿਆਣੇ ਵਿਚ ਹਨ ਤੇ ਘਰ ਪੰਜਾਬ ਵਿਚ। ਚਲੋ ਇਹ ਤਾਂ ਹੋ ਗਿਆ ਦੋ ਰਾਜਾਂ ਦਾ ਮਸਲਾ ਪਰ ਹੈ ਇਹ ਵੀ ਮਾੜਾ। ਪਰ ਪਿੰਡ ਦਿਆਲਪੁਰ ਤਾਂ ਪੰਜਾਬ ਦਾ ਹੀ ਪਿੰਡ ਹੈ। ਦੋ ਪਾਰਲੀਮੈਂਟ ਮੈਂਬਰ ਅਤੇ ਦੋ ਵਿਧਾਇਕ ਹੋਣ ਦੇ ਬਾਵਜੂਦ ਮਸਲਾ ਜਿਉਂ ਦਾ ਤਿਉਂ ਖੜ੍ਹਾ ਹੈ। ਕੀ ਫ਼ਾਇਦਾ ਅਜਿਹੇ ਨੁਮਾਇੰਦਿਆਂ ਦਾ ਜੋ ਲੋਕ ਮਸਲੇ ਹੀ ਹੱਲ ਨਹੀਂ ਕਰਵਾਉਂਦੇ? ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਉਤੇ ਸਥਿਤ ਦਿਆਲਪੁਰ, ਪੰਜਾਬ ਦਾ ਅਜਿਹਾ ਪਿੰਡ ਹੈ, ਜੋ ਦੋ ਜ਼ਿਲ੍ਹਿਆਂ, ਦੋ ਪਾਰਲੀਮੈਂਟ ਤੇ ਦੋ ਵਿਧਾਨ ਸਭਾ ਹਲਕਿਆਂ, ਦੋ ਤਹਿਸੀਲਾਂ, ਦੋ ਐਸਡੀਐਮਜ਼, ਦੋ ਥਾਣਿਆਂ ਅਤੇ ਤਿੰਨ ਪੰਚਾਇਤਾਂ ਵਿਚ ਵੰਡਿਆ ਹੋਇਆ ਹੈ। ਇਸ ਦੀਆਂ ਦੋ ਪੰਚਾਇਤਾਂ ਕਪੂਰਥਲਾ ਜ਼ਿਲ੍ਹੇ ਅਧੀਨ ਆਉਂਦੀਆਂ ਹਨ ਜਦੋਂਕਿ ਇਕ ਜਲੰਧਰ ਵਾਲੇ ਹਿੱਸੇ ਵੱਲ ਹੈ। ਪਿੰਡ ਦੇ ਦੋ ਪਾਰਲੀਮੈਂਟ ਮੈਂਬਰ ਅਤੇ ਦੋ ਵਿਧਾਇਕ ਹੋਣ ਦੇ ਬਾਵਜੂਦ ਮਸਲਾ ਜਿਉਂ ਦਾ ਤਿਉਂ ਹੈ। ਲਗਪਗ 9500 ਦੀ ਆਬਾਦੀ ਵਾਲਾ ਇਹ ਮਹਾਰਾਜਾ ਜਗਜੀਤ ਸਿੰਘ ਦੀ ਰਿਆਸਤ ਦਾ ਆਖ਼ਰੀ ਪਿੰਡ ਸੀ। ਦੂਜੇ ਪਾਸ ਕਰਤਾਰਪੁਰ ਦੀ ਜ਼ਮੀਨ ਸੀ। ਓਧਰ ਵੀ ਲੋਕ ਆ ਕੇ ਵਸ ਗਏ ਅਤੇ ਦੇਸ਼ ਦੀ ਵੰਡ ਤੋਂ ਬਾਅਦ ਪਿੰਡ ਦਾ ਇਕ ਹਿੱਸਾ ਕਪੂਰਥਲਾ ਜ਼ਿਲ੍ਹੇ, ਜਦੋਂ ਕਿ ਦੂਜਾ ਹਿੱਸਾ ਜਲੰਧਰ ਜ਼ਿਲ੍ਹੇ ਅਧੀਨ ਆ ਗਿਆ। 2018 ਵਿਚ ਕਪੂਰਥਲੇ ਵਾਲੇ ਹਿੱਸੇ ਦੀਆਂ ਦੋ ਪੰਚਾਇਤਾਂ ਬਣਾ ਦਿੱਤੀਆਂ ਗਈਆਂ। ਇਸ ਪਿੰਡ ਦਾ, ਜੋ ਏਰੀਆ ਜਲੰਧਰ ਜ਼ਿਲ੍ਹੇ ਅਧੀਨ ਆਉਂਦਾ ਹੈ, ਉਹਦੇ ਸਰਪੰਚ ਹਰਜਿੰਦਰ ਸਿੰਘ ਰਾਜਾ ਹਨ। ਇਸ ਪੰਚਾਇਤ ਦਾ ਵਿਧਾਨ ਸਭਾ ਏਰੀਆ, ਤਹਿਸੀਲ, ਸਬ-ਡਿਵੀਜ਼ਨ ਅਤੇ ਪੁਲੀਸ ਥਾਣਾ ਕਰਤਾਰਪੁਰ ਹੈ। ਕਪੂਰਥਲੇ ਅਧੀਨ ਆਉਣ ਵਾਲੇ ਹਿੱਸੇ ਦੇ ਸਰਪੰਚ ਸੁਖਦੇਵ ਮਰਵਾਹਾ ਦੀ ਮੌਤ ਹੋ ਚੁੱਕੀ ਹੈ ਜਦੋਂਕਿ ਦੂਜੀ ਪੰਚਾਇਤ ਦੀ ਸਰਪੰਚ ਬੀਬੀ ਰਾਜਵਿੰਦਰ ਕੌਰ ਹੈ। ਦੋਵਾਂ ਦਾ ਪੰਚਾਇਤੀ ਖੇਤਰ, ਤਹਿਸੀਲ, ਐਸਡੀਐਮ ਭੁਲੱਥ ਹੈ, ਜਦੋਂਕਿ ਥਾਣਾ ਸੁਭਾਨਪੁਰ ਹੈ। ਲੋਕਾਂ ਨੇ ਪਹਿਚਾਣ ਬਣਾਉਣ ਲਈ ਪਿੰਡ ਨੂੰ ਜਲੰਧਰ ਵਾਲਾ ਦਿਆਲਪੁਰ, ਕਪੂਰਥਲੇ ਵਾਲਾ ਦਿਆਲਪੁਰ ਅਤੇ ਨਵਾਂ ਦਿਆਲਪੁਰ ਤਿੰਨ ਨਾਵਾਂ ਨਾਲ ਪੁਕਾਰਨਾ ਸ਼ੁਰੂ ਕਰ ਦਿੱਤਾ ਹੈ। ਉਂਜ ਭਾਵੇਂ ਕਾਗਜ਼ਾਂ ਵਿਚ ਪਿੰਡ ਦਾ ਨਾਂ ਇੱਕੋ ਹੀ ਹੈ ਪਰ ਵੱਖੋ-ਵੱਖ ਪੰਚਾਇਤਾਂ ਦੇ ਨਾਲ-ਨਾਲ ਵੱਖੋ-ਵੱਖਰੇ ਸਕੂਲ ਅਤੇ ਵੱਖਰੇ-ਵੱਖਰੇ ਗੁਰਦੁਆਰੇ ਵੀ ਹਨ। ਹੈਰਾਨੀਜਨਕ ਗੱਲ ਇਹ ਵੀ ਹੈ ਕਿ ਇਸ ਪਿੰਡ ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਭੈਣ ਅਮਰ ਕੌਰ ਵਿਆਹੀ ਹੋਣ ਦੇ ਬਾਵਜੂਦ ਕਿਸੇ ਨੇਤਾ ਜਾਂ ਅਧਿਕਾਰੀ ਨੇ ਪਿੰਡ ਦੀ ਸਮੱਸਿਆ ਤਣ-ਪੱਤਣ ਲਾਉਣ ਦੀ ਖੇਚਲ ਨਹੀਂ ਕੀਤੀ ਤੇ ਪਿੰਡ ਵਾਸੀਆਂ ਨੂੰ ਇਸ ਦੀ ਸਜ਼ਾ ਭੁਗਤਣੀ ਪੈ ਰਹੀ ਹੈ। ਮੁੱਦੇ ਚੁੱਕਣ ਦੇ ‘ਮਾਹਿਰ’ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ ਕਦੇ ਇਸ ਪਿੰਡ ਦਾ ਜ਼ਿਕਰ, ਨਾ ਵਿਧਾਨ ਸਭਾ ਵਿਚ ਅਤੇ ਨਾ ਹੀ ਜਨਤਕ ਤੌਰ ਉਤੇ ਕੀਤਾ ਜਾਪਦਾ ਹੈ, ਨਹੀਂ ਤਾਂ ਹੁਣ ਤਕ ਇਹਦਾ ਹੱਲ ਨਿਕਲਿਆ ਹੁੰਦਾ। ਇਸ ਮਸਲੇ ‘ਤੇ ਬੀਬੀ ਜਗੀਰ ਕੌਰ ਵੀ ਚੁੱਪ ਹੈ ਪਰ ਪ੍ਰੇਸ਼ਾਨੀ ਤਾਂ ਲੋਕਾਂ ਨੂੰ ਹੁੰਦੀ ਹੈ। ਨੇਤਾ ਤਾਂ ਵੋਟਾਂ ਵੇਲੇ ਆਉਂਦੇ ਹਨ ਤੇ ਆਪੋਆਪਣੀ ਡਫਲੀ ਵਜਾ ਕੇ ਤੁਰ ਜਾਂਦੇ ਹਨ। ਵਿਧਾਨ ਸਭਾ ਹਲਕਿਆਂ ਦੀ ਨਵੀਂ ਹੱਦਬੰਦੀ ਸਮੇਂ ਲੋਕਾਂ ਦੀ ਸਮੱਸਿਆ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ। ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਪੁਲੀਸ ਹੱਦਬੰਦੀ ਦੇ ਚੱਕਰ ਵਿਚ ਫਸ ਜਾਂਦੀ ਹੈ। ਇੱਥੇ ਹੀ ਬੱਸ ਨਹੀਂ, ਜੇ ਕਿਸੇ ਨੇ ਸਰਟੀਫਿਕੇਟ ਵਗੈਰਾ ਤਸਦੀਕ ਕਰਵਾਉਣਾ ਹੋਵੇ ਤਾਂ ਜਲੰਧਰ ਵਾਲਾ ਨੰਬਰਦਾਰ ਜਾਂ ਕਪੂਰਥਲੇ ਵਾਲਾ ਨੰਬਰਦਾਰ ਦੇ ਨਾਂ ਉੱਤੇ ਵੀ ਵਿਵਾਦ ਖੜ੍ਹਾ ਹੋ ਜਾਂਦਾ ਹੈ। ਕਈ ਵਾਰ ਜਦੋਂ ਪਾਰਲੀਮੈਂਟ ਮੈਂਬਰ ਆਪਣੇ ਏਰੀਏ ਵਾਲੇ ਹਿੱਸੇ ਨੂੰ ਗਰਾਂਟ ਦੇ ਜਾਂਦਾ ਹੈ ਤਾਂ ਦੂਜਾ ਹਿੱਸਾ ਕੰਨੀਂ ਦੇ ਕਿਆਰੇ ਵਾਂਗ ਗਰਾਂਟ ਬਾਝੋਂ ਸੁੱਕਾ ਹੀ ਰਹਿ ਜਾਂਦਾ ਹੈ। ਉਂਜ ਚੋਣਾਂ ਵੇਲੇ ਰੈਲੀਆਂ ਦੌਰਾਨ ਚਾਹ-ਪਾਣੀ ਦਾ ਆਨੰਦ ਸਾਰਾ ਪਿੰਡ ਇਕੱਠਾ ਹੀ ਮਾਣਦਾ ਹੈ। ਇਸ ਪਿੰਡ ਦੀ ਕਹਾਣੀ ਤੋਂ ਮੈਨੂੰ ਬਚਪਨ ਦੀ ਗੱਲ ਯਾਦ ਆ ਗਈ, ਜਦੋਂ ਸਾਡੇ ਪਿੰਡ ਧਨੌਲਾ ਦੀ ਦਾਣਾ ਮੰਡੀ ਵਿਚ (ਇਹ ਉਨ੍ਹਾਂ ਭਲੇ ਦਿਨਾਂ ਦੀ ਗੱਲ ਹੈ ਜਦੋਂ ਕਦੇ ਅਕਾਲੀ ਦਲ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦਾ ਹੁੰਦਾ ਸੀ, ਬਾਅਦ ਵਿਚ ਸੱਤਾ ਦੇ ਨਸ਼ੇ ਵਿਚ ਚੂਰ ਨੇਤਾਵਾਂ ਨੇ ਇਹ ਮੁੱਦੇ ਹੀ ਭੁਲਾ ਦਿੱਤੇ) ਪ੍ਰਕਾਸ਼ ਸਿੰਘ ਬਾਦਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ, ”ਮੇਰੇ ਕੋਲ ਪਿੰਡ ਕੁੱਤੀਵਾਲ ਦੀ ਪੰਚਾਇਤ ਆ ਕੇ ਕਹਿੰਦੀ, ”ਸਾਡੇ ਪਿੰਡ ਦਾ ਨਾਂ ਬਦਲ ਦਿਓ, ਜਦੋਂ ਅਸੀਂ ਕੁੜੀ-ਮੁੰਡੇ ਦਾ ਰਿਸ਼ਤਾ ਕਰਨਾ ਹੁੰਦਾ ਹੈ ਤਾਂ ਪਿੰਡ ਦਾ ਨਾਂ ਸੁਣ ਕੇ ਲੋਕ ਕੰਨੀਂ ਕਤਰਾਉਂਦੇ ਹਨ ਤੇ ਮੈਂ ਹਾਂ ਕਰ ਦਿੱਤੀ ਕਿ ਇਹ ਤਾਂ ਜਾਇਜ਼ ਮੰਗ ਹੈ, ਮੈਂ ਪਿੰਡ ਦਾ ਨਾਂ ਜ਼ਰੂਰ ਬਦਲੂੰਗਾ ਤੇ ਜਦੋਂ ਚੰਡੀਗੜ੍ਹ ਜਾ ਕੇ ਸੈਕਟਰੀ ਨੂੰ ਕਿਹਾ ਕੇ ਭਾਈ ਲਿਆਓ ਕੁੱਤੀਵਾਲ ਵਾਲੀ ਫਾਈਲ ਬਦਲੀਏ ਪਿੰਡ ਦਾ ਨਾਂ।” ਤਾਂ ਅੱਗੋਂ ਸੈਕਟਰੀ ਕਹਿਣ ਲੱਗਿਆ, ”ਸਰ ਤੁਸੀਂ ਪਿੰਡ ਦਾ ਨਾਂ ਨਹੀਂ ਬਦਲ ਸਕਦੇ, ਇਸ ਖ਼ਾਤਰ ਤਾਂ ਕੇਂਦਰ ਤੋਂ ਮਨਜ਼ੂਰੀ ਲੈਣੀ ਪੈਣੀ ਹੈ।” ਬਾਦਲ ਕਹਿਣ ਲੱਗੇ, ”ਲੋਕੋ ਪੰਜਾਬ ਦੇ ਮੁੱਖ ਮੰਤਰੀ ਕੋਲ ਤਾਂ ਪਿੰਡ ਦਾ ਨਾਂ ਬਦਲਣ ਦਾ ਵੀ ਅਧਿਕਾਰ ਨਹੀਂ, ਫੇਰ ਕੀ ਫਾਇਦਾ ਅਜਿਹੇ ਅਹੁਦੇ ਦਾ?” ਪਰ ਇਸ ਤਰ੍ਹਾਂ ਕੇਂਦਰ ਦੇ ‘ਧੱਕੇ’ ਦੀ ਗੱਲ ਕਰ ਕੇ ਉਹ ਤੁਰਦੇ ਬਣੇ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਉਸ ਤੋਂ ਬਾਅਦ ਵੀ ਉਹ ਤਿੰਨ ਵਾਰ ਮੁੱਖ ਮੰਤਰੀ ਬਣ ਕੇ ਪੰਜ ਵਾਰ ਮੁੱਖ ਮੰਤਰੀ ਬਣਨ ਦਾ ਰਿਕਾਰਡ ਬਣਾ ਗਏ ਪ੍ਰੰਤੂ ਉਨ੍ਹਾਂ ਪਿੰਡ ਕੁੱਤੀਵਾਲ ਦਾ ਨਾਂ ਬਦਲਣ ਦੀ ਖੇਚਲ ਨਹੀਂ ਕੀਤੀ। ਹਾਂ ਜਦੋਂ ਉਨ੍ਹਾਂ ਦੇ ਦੋ ਸਾਲ਼ਿਆਂ ‘ਚ ਜੀਜਾ ਜੀ, ਮੈਨੂੰ ਸਰਪੰਚ ਬਣਾਓ, ਜੀਜਾ ਜੀ, ਮੈਨੂੰ ਸਰਪੰਚ ਬਣਾਓ ਦੀ ‘ਜੰਗ’ ਛਿੜੀ ਸੀ ਤਾਂ ਬਾਦਲ ਸਾਹਬ ਨੇ ਰਾਤੋ-ਰਾਤ ਆਪਣੇ ਸਹੁਰੇ ਪਿੰਡ ਚੱਕ ਫਤਿਹ ਸਿੰਘ ਦੀਆਂ ਦੋ ਪੰਚਾਇਤਾਂ ਬਣਾ ਕੇ ਦੋਵੇਂ ਸਾਲੇ ਸਰਪੰਚ ਬਣਾ ਕੇ ਖੁਸ਼ ਕਰ ਦਿੱਤੇ ਸਨ। ਸੋ ਗੱਲ ਤਾਂ ਮਸਲੇ ਨੂੰ ਤਰਜੀਹ ਦੇਣ ਦੀ ਹੈ, ਜੇ ਉਹ ਸੱਚੇ ਦਿਲੋਂ ਚਾਹੁੰਦੇ ਤਾਂ ਕੁੱਤੀਵਾਲ ਦਾ ਨਾਂ ਵੀ ਬਦਲ ਸਕਦੇ ਸਨ ਪਰ ਉਹ ਆਮ ਪਿੰਡ ਦੇ ਲੋਕਾਂ ਦੀ ਮੰਗ ਸੀ। ਜੇ ਕਿਤੇ ਪਿੰਡ ਚੱਕ ਫ਼ਤਿਹ ਸਿੰਘ ਦੀ ਥਾਂ ਪਿੰਡ ਕੁੱਤੀਵਾਲ, ਬਾਦਲ ਸਾਹਬ ਸਿਹਰੇ ਬੰਨ੍ਹ ਕੇ ਢੁੱਕੇ ਹੁੰਦੇ ਤਾਂ ਫੇਰ ਇਸ ਦਾ ਨਾਂ ਵੀ ਸ਼ਾਇਦ ਕਦੋਂ ਦਾ ‘ਸੁਰਿੰਦਰਗੜ੍ਹ, ਬਾਦਲਗੜ੍ਹ ਜਾਂ ਸੁਖਬੀਰਗੜ੍ਹ’ ਪੈ ਗਿਆ ਹੁੰਦਾ। ਇਹੀ ਹਾਲ ਪਿੰਡ ਦਿਆਲਪੁਰ ਦਾ ਹੈ, ਕਿਉਂਕਿ ਇਹ ਸ੍ਰੀ ਬਾਦਲ ਦੇ ਸਹੁਰੇ ਪਿੰਡ ਦੀ ਥਾਂ ਸ਼ਹੀਦ ਭਗਤ ਸਿੰਘ ਦੀ ਭੈਣ ਦੇ ਸਹੁਰਿਆਂ ਦਾ ਪਿੰਡ ਹੈ। ਇਸੇ ਕਾਰਨ ਇਹ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਲੋਕਾਂ ਨੂੰ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਚੁੱਕਣ ਤੋਂ ਆਸ ਜਾਗੀ ਸੀ ਕਿ ਸ਼ਾਇਦ ਨਿੱਜੀ ਤੌਰ ‘ਤੇ ਦੋ ਭਾਗਾਂ ਵਿਚ ਵੰਡੇ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਭੈਣ ਅਮਰ ਕੌਰ ਦੇ ਸਹੁਰਿਆਂ ਦੇ ਪਿੰਡ ਦਿਆਲਪੁਰ ਨੂੰ ਕਿਸੇ ਇਕ ਜ਼ਿਲ੍ਹੇ, ਇਕ ਪਾਰਲੀਮੈਂਟ ਅਤੇ ਇਕ ਵਿਧਾਨ ਸਭਾ ਹਲਕੇ ਨਾਲ ਜੋੜ ਕੇ ਆਏ ਦਿਨ ਹੁੰਦੀ ਖੱਜਲ-ਖੁਆਰੀ ਤੋਂ ਨਿਜ਼ਾਤ ਦਿਵਾਉਣਗੇ ਭਾਵੇਂ ਭਗਵੰਤ ਮਾਨ ਦੀ ਪਾਰੀ ਅੱਧੀ ਬੀਤ ਚੁੱਕੀ ਹੈ ਪਰ ਅਜੇ ਤੱਕ ਮਸਲਾ ਹੱਲ ਨਹੀਂ ਹੋਇਆ। ਉਂਜ, ਲੋਕਾਂ ਨੂੰ ਅਜੇ ਵੀ ਆਸ ਹੈ ਕਿ ਉਹ ਇਸ ਮਸਲੇ ਦਾ ਹੱਲ ਜ਼ਰੂਰ ਕਰਨਗੇ। ਇਸ ਦੇ ਨਾਲ ਹੀ ਜੇ ਲਗਦੇ ਹੱਥ ਉਹ ਪਿੰਡ ਕੁੱਤੀਵਾਲ ਦਾ ਨਾਂ ਵੀ ਬਦਲ ਦੇਣ ਤਾਂ ਉਥੋਂ ਦੇ ਲੋਕ ਵੀ ਖ਼ੁਸ਼ ਹੋ ਜਾਣਗੇ ਪਰ ਗੱਲ ਤਾਂ ਮੁੱਦੇ ਨੂੰ ਤਰਜੀਹ ਦੇਣ ਦੀ ਹੈ।