ਬਾਤ ਇਸ਼ਕ ਦੀ, ਪਾ ਤਾਂ ਸਹੀਂ।
ਸੁਪਨੇ ‘ਚ ਕਦੇ, ਆ ਤਾਂ ਸਹੀਂ।
ਰੋਜ਼ ਹੀ ਲਾਉਣੈ, ਲਾਰੇ ਝੂਠੇ,
ਆਕੇ ਜੱਬ ਮੁਕਾ ਤਾਂ ਸਹੀਂ।
ਕਹਿ ਨਾ ਸਕੇਂ, ਦੋ ਹਰਫ਼ੀਂ ਤੂੰ,
ਵਲ ਵਲੇਮਾਂ ਪਾ ਤਾਂ ਸਹੀਂ।
ਕਿਉਂ ਨਈਂ ਟਿਕਦੈ, ਤੇਰਾ ਮੰਨ,
ਪਹਿਲਾਂ ਮੰਨ ਟਿਕਾ ਤਾਂ ਸਹੀਂ।
ਜੇ ਜਾਣਾ ਗੋਰਖ ਦੇ ਟਿੱਲੇ,
ਪਹਿਲਾਂ ਕੰਨ ਪੜਵਾ ਤਾਂ ਸਹੀਂ।
ਜੇ ਸਹਿਰਾ ਦੀ ਰੇਤਾ ਸੜਣਾ,
ਪੁੰਨੂੰ ਯਾਰ ਅਖਵਾ ਤਾਂ ਸਹੀਂ।
ਕੱਚਿਆਂ ਤੇ ਮੈਂ, ਤਰ ਤਾਂ ਜਾਂਵਾਂ,
ਪਹਿਲਾਂ ਪੱਟ ਚਿਰਵਾ ਤਾਂ ਸਹੀਂ।
ਬਣ ਤਾਂ ਜਾਂਵਾਂ, ਸਹਿਬਾਂ ਤੇਰੀ,
ਜੰਡ ਕਰੀਰਾਂ ਲਾ ਤਾਂ ਸਹੀਂ।
ਜਿੱਤੀ ਬਾਜ਼ੀ ਹਰ ਕਿਉਂ ਜਾਣੈ,
ਸੱਜਣਾਂ ਦੱਸ ਵਜ੍ਹਾ ਤਾਂ ਸਹੀਂ।
ਤੱਕੀ ਜਾਨਾਂ ਦੂਰੋਂ ਈਂ ਮੈਨੂੰ,
ਨੇੜਿਓਂ ਨੈਣ ਮਿਲਾ ਤਾਂ ਸਹੀਂ।
‘ਸਾਬ੍ਹ’ ਮੈਖ਼ਾਨੇ ਕੀ ਰੱਖਿਆ ਏ,
ਘੁੱਟ ਕੁ ਨੈਣੋਂ ਲਾ ਤਾਂ ਸਹੀਂ।
ਲਿਖਤ : ਸਾਬ੍ਹ ਲਾਧੂਪੁਰੀਆ
ਮੋਬਾਈਲ : 98558-31446