Saturday, November 23, 2024
9.4 C
Vancouver

ਦਿਲਜੀਤ ਦੋਸਾਂਝ ਦੀ ‘ਪੰਜਾਬ 95’ ਫਿਲਮ ‘ਚ ਭਾਰਤ ਦੇ ਸੈਂਸਰ ਬੋਰਡ ਵੱਲੋਂ ਲਗਾਏ ਜਾ ਰਹੇ ਕੱਟਾਂ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਖ਼ਤ ਇਤਰਾਜ਼

 

ਅੰਮ੍ਰਿਤਸਰ: ਦਿਲਜੀਤ ਦੋਸਾਂਝ ਦੀ ਬਹੁ-ਚਰਚਿਤ ਫਿਲਮ ‘ਪੰਜਾਬ 95’ ਮੁੜ ਮੁਸ਼ਿਕਲਾਂ ‘ਚ ਘਿਰੀ ਨਜ਼ਰ ਆ ਰਹੀ ਹੈ ਅਤੇ ਸੈਂਸਰ ਬੋਰਡ ਵੱਲੋਂ 120 ਕੱਟ ਲਗਾਏ ਜਾਣ ਦੀ ਹਿਦਾਇਤ ਕੀਤੀ ਗਈ ਹੈ। ਮਨੁੱਖੀ ਅਧਿਕਾਰ ਕਾਰਕੁਨ ਅਤੇ ਮਹਾਨ ਸਿੱਖ ਸ਼ਖਸੀਅਤ ਵਜੋ ਜਾਣੇ ਜਾਂਦੇ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ, ਸੰਘਰਸ਼ ਅਤੇ ਅਣਮਨੁੱਖੀ ਮੌਤ ਦੀ ਦਾਸਤਾਂ ਬਿਆਨ ਕਰਦੀ ਉਕਤ ਫ਼ਿਲਮ ਦੇ ਮੁੱਖ ਕਿਰਦਾਰ ਦਾ ਨਾਂਅ ਬਦਲਣ ਦੀ ਵੀ ਮੰਗ ਸੈਂਸਰ ਬੋਰਡ ਦੁਆਰਾ ਕੀਤੀ ਜਾ ਚੁੱਕੀ ਹੈ, ਜਿਸ ਨੂੰ ਲੈ ਕੇ ਨਿਰਮਾਤਾਵਾਂ ਨੇ ਆਪਣੀ ਨਾਰਾਜ਼ਗੀ ਵੀ ਜ਼ਾਹਿਰ ਕੀਤੀ ਸੀ।
ਮਰਹੂਮ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਅਧਾਰਿਤ ਇਸ ਫਿਲਮ ਦੇ ਸੀਨਾਂ ਉੱਤੇ ਸੈਂਸਰ ਬੋਰਡ ਦੀ ਚੱਲ ਰਹੀ ਕੈਂਚੀ ਨੂੰ ਲੈਕੇ ਐੱਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਕਾਂਗਰਸ ਵੱਲੋਂ ਕੀਤੇ ਜਾ ਰਹੇ ਤਸ਼ੱਦਦ ਉੱਤੇ ਪਰਦਾ ਪਾਉਣ ਦੀ ਸ਼ਰੇਆਮ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਨੇ 1984 ਵਿੱਚ ਸਿੱਖ ਕੌਮ ਉੱਤੇ ਹਰ ਤਰ੍ਹਾਂ ਦਾ ਤਸ਼ੱਦਦ ਕੀਤਾ ਅਤੇ ਇਸ ਜ਼ੁਲਮ ਦੇ ਵਿਰੋਧ ਵਿੱਚ ਅਵਾਜ਼ ਚੁੱਕਣ ਵਾਲੇ ਮਰਹੂਮ ਜਸਵੰਤ ਸਿੰਘ ਖਾਲੜਾ ਦੇ ਨਾਮ ਨੂੰ ਹੀ ਫਿਲਮ ਵਿੱਚ ਬਦਲਣ ਦੀ ਗੱਲਾਂ ਹੋ ਰਹੀਆੰ ਹਨ ਜੋ ਕਿ ਸ਼ਰੇਆਮ ਭਾਜਪਾ ਦੇ ਦੋਗਲੇ ਚਿਹਰੇ ਨੂੰ ਬੇਨਕਾਬ ਕਰਨ ਲਈ ਕਾਫੀ ਹੈ।
ਭਾਜਪਾ ਵਿੱਚ ਸ਼ਾਮਿਲ ਸਿੱਖਾਂ ਚਿਹਰਿਆਂ ਉੱਤੇ ਵਾਰ
‘ਪੰਜਾਬ 95’ ਉੱਤੇ ਸੈਂਸਰ ਬੋਰਡ ਵੱਲੋਂ 120 ਕੱਟ ਲਗਾਏ ਜਾਣ ਦੀ ਹਿਦਾਇਤ ਨੂੰ ਲੈਕੇ ਐੱਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਅੱਗੇ ਕਿਹਾ ਕਿ ਭਾਜਪਾ ਦੇ ਚਹੇਤੇ ਸਿੱਖ ਆਗੂ ਸ਼ਰੇਆਮ ਸਿੱਖ ਕੌਮ ਨਾਲ ਕੀਤੇ ਜਾ ਰਹੇ ਧੱਕੇ ਦੇ ਬਾਵਜੂਦ ਕੁੱਝ ਵੀ ਨਹੀ ਬੋਲ ਰਹੇ। ਉਨ੍ਹਾਂ ਆਖਿਆ ਕਿ ਸਿੱਖ ਚਿਹਰੇ ਜੋ ਭਾਜਪਾ ਵਿੱਚ ਸ਼ਾਮਿਲ ਨੇ ਉਹ ਹਮੇਸ਼ਾ ਕੌਮ ਦੀ ਅਗਵਾਈ ਕਰਨ ਦੀ ਗੱਲ ਕਰਦੇ ਨੇ ਪਰ ਅੱਜ ਭਾਜਪਾ ਵੱਲੋਂ ਕੀਤੇ ਜਾ ਰਹੇ ਧੱਕੇ ਦੇ ਵਿਰੋਧ ਲਈ ਇੱਕ ਸ਼ਬਦ ਵੀ ਨਹੀਂ ਬੋਲ ਰਹੇ। ਜੇਕਰ ਇਨ੍ਹਾਂ ਨੂੰ ਸਿੱਖ ਕੌਮ ਨਾਲ ਕੋਈ ਹਮਦਰਦੀ ਹੈ, ਤਾਂ ਹੁਣ ਅੱਗੇ ਆਉਣ ਦੀ ਲੋੜ ਹੈ।