ਸਰੀ, (ਹਰਦਮ ਮਾਨ): ਸਿੱਖ ਕੌਮ ਦੇ ਨਾਮਵਰ ਵਿਦਵਾਨ, ਕਥਾ ਵਾਚਕ ਭਾਈ ਪਿੰਦਰਪਾਲ ਸਿੰਘ ਵੱਲੋਂ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਸਰੀ ਵਿਖੇ ਹਰ ਸਾਲ ਦੀ ਤਰ੍ਹਾਂ ਬਾਬਾ ਬੁੱਢਾ ਜੀ ਦੇ ਜੀਵਨ ਨੂੰ ਸਮਰਪਿਤ ਦੋ ਦਿਨ ਕਥਾ ਕਰ ਕੇ ਸੰਗਤ ਨੂੰ ਗੁਰੂ ਲੜ ਲਾਉਣ ਦਾ ਸੁਹਿਰਦ ਯਤਨ ਕੀਤਾ ਗਿਆ। ਉਨ੍ਹਾਂ ਗੁਰਬਾਣੀ ਤੋਂ ਇਲਾਵਾ ਭਾਈ ਗੁਰਦਾਸ, ਭਾਈ ਨੰਦ ਲਾਲ ਅਤੇ ਹੋਰ ਮਹੱਤਵਪੂ੍ਰਨ ਸਿੱਖ ਲਿਖਤਾਂ ਦੇ ਸਟੀਕ ਹਵਾਲਿਆਂ ਨਾਲ ਕਥਾ ਨੂੰ ਸੁਹਜ ਅਤੇ ਨਵੀਨਤਾ ਨਾਲ ਸੰਗਤਾਂ ਦੇ ਹਿਰਦਿਆਂ ਵਿਚ ਵਸਾਇਆ। ਉਨ੍ਹਾਂ ਆਪਣੀ ਕਥਾ ਦੇ ਦੌਰਾਨ ਨਿਰੋਲ ਗੁਰਬਾਣੀ ਵਿੱਚੋਂ ਗੁਰਮਤਿ ਦੇ ਅਸੂਲਾਂ ਨੂੰ ਪ੍ਰਗਟ ਕਰਨ ਲਈ ਦ੍ਰਿਸ਼ਟਾਂਤ ਅਤੇ ਉਦਾਹਰਣਾਂ ਪੇਸ਼ ਕੀਤੀਆਂ।
ਇਸ ਮੌਕੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਬਚਿੱਤਰ ਸਿੰਘ ਜੀ ਮੈਮੋਰੀਅਲ ਟਰੱਸਟ ਕੋਟਲਾ ਨਿਹੰਗ ਖਾਂ ਰੋਪੜ ਦੇ ਪ੍ਰਧਾਨ ਗੁਰਮੇਲ ਸਿੰਘ, ਸਰਪ੍ਰਸਤ ਅਤੇ ਕੈਨੇਡਾ ਦੇ ਉਘੇ ਕਾਰੋਬਾਰੀ ਜੇ ਮਿਨਹਾਸ, ਡਾਇਰੈਕਟਰ ਅਤੇ ਚੇਅਰਮੈਨ ਰਣਜੀਤ ਸਿੰਘ ਖੰਨਾ, ਜੱਥੇਦਾਰ ਹਰਪਾਲ ਸਿੰਘ ਜੱਲਾ (ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਭਾਈ ਪਿੰਦਰਪਾਲ ਸਿੰਘ ਅਤੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਪ੍ਰਧਾਨ ਗਿਆਨੀ ਨਰਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।