Sunday, November 24, 2024
9.6 C
Vancouver

ਕੈਨੇਡਾ ਵਿੱਚ ਵਸਦੇ ਪ੍ਰਵਾਸੀ ਲੋਕਾਂ ਦੇ ਦਿਮਾਗਾਂ ਦਾ ਤਣਾਅ ਕਿਉਂ ਵਧਦਾ ਜਾ ਰਿਹਾ ਹੈ?

ਲਿਖਤ : ਪ੍ਰਿੰ. ਵਿਜੈ ਕੁਮਾਰ
ਸੰਪਰਕ : 98726 – 27136
ਪਾਰਕਾਂ ਵਿੱਚ ਜਨਤਕ ਥਾਵਾਂ ‘ਤੇ ਬੈਠੇ ਅਤੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਕੈਨੇਡਾ ਵਿੱਚ ਕੱਚੇ ਅਤੇ ਪੱਕੇ ਤੌਰ ‘ਤੇ ਵਸਦੇ ਹਰ ਪ੍ਰਵਾਸੀ ਦੇ ਮੂੰਹੋਂ ਇਹ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਹੁਣ ਇਹ ਕੈਨੇਡਾ ਪਹਿਲਾਂ ਵਰਗਾ ਕੈਨੇਡਾ ਨਹੀਂ ਰਿਹਾ, ਅਸੀਂ ਜੋ ਕੁਝ ਕੈਨੇਡਾ ਬਾਰੇ ਸੁਣਿਆ ਸੀ, ਉਸ ਤਰ੍ਹਾਂ ਦਾ ਕੈਨੇਡਾ ਤਾਂ ਹੈ ਹੀ ਨਹੀਂ। ਅਸੀਂ ਤਾਂ ਇਸ ਮੁਲਕ ਵਿੱਚ ਆ ਕੇ ਫਸ ਹੀ ਗਏ ਹਾਂ। ਪਹਿਲਾਂ ਅਤੇ ਹੁਣ ਵਾਲੇ ਕੈਨੇਡਾ ਵਿੱਚ ਲੋਕਾਂ ਨੂੰ ਫਰਕ ਇਸ ਲਈ ਲੱਗ ਰਿਹਾ ਹੈ ਕਿਉਂਕਿ ਅੱਜ ਤੋਂ ਵੀਹ ਪੱਚੀ ਸਾਲ ਪਹਿਲਾਂ ਇਸ ਮੁਲਕ ਵਿੱਚ ਰੋਜ਼ਗਾਰ ਅਸਾਨੀ ਨਾਲ ਮਿਲ ਜਾਂਦਾ ਸੀ। ਅਬਾਦੀ ਘੱਟ ਸੀ, ਸਾਫ ਸਫਾਈ ਦੀ ਵਿਵਸਥਾ ਬਹੁਤ ਕਮਾਲ ਦੀ ਸੀ। ਰਹਿਣ ਲਈ ਮਕਾਨਾਂ ਦੀ ਸਮੱਸਿਆ ਨਹੀਂ ਸੀ। ਮਹਿੰਗਾਈ ਬਹੁਤ ਘੱਟ ਸੀ। ਸਿਹਤ ਸੇਵਾਵਾਂ ਬਹੁਤ ਚੰਗੀਆਂ ਸਨ। ਜੁਰਮ, ਹੇਰਾਫੇਰੀਆਂ, ਧੋਖਾਧੜੀਆਂ, ਚੋਰੀਆਂ, ਫ਼ਿਰੌਤੀਆਂ, ਲੁੱਟਾਂ ਖੋਹਾਂ ਸੜਕ ਦੁਰਘਟਨਾਵਾਂ, ਮਾਰ ਮਰਾਈ ਅਤੇ ਨਸ਼ਿਆਂ ਵਰਗੀਆਂ ਬੁਰਾਈਆਂ ਨਾ ਮਾਤਰ ਹੀ ਸਨ ਪਰ ਇਸ ਮੁਲਕ ਦੀਆਂ ਸਰਕਾਰਾਂ ਨੇ ਆਪਣੀ ਆਰਥਿਕਤਾ ਨੂੰ ਮਜ਼ਬੂਤੀ ਪ੍ਰਦਾਨ ਕਰਨ ਲਈ ਦੂਜੇ ਦੇਸ਼ਾਂ ਤੋਂ ਪ੍ਰਵਾਸੀ ਲੋਕਾਂ ਨੂੰ ਬਿਨਾਂ ਸੋਚੇ ਸਮਝੇ ਧੜਾਧੜ ਬੁਲਾਉਣਾ ਸ਼ੁਰੂ ਕਰ ਦਿੱਤਾ। ਸਰਕਾਰਾਂ ਨੇ ਦੂਜੇ ਦੇਸ਼ ਤੋਂ ਪ੍ਰਵਾਸੀ ਲੋਕਾਂ ਨੂੰ ਬੁਲਾਉਣ ਤੋਂ ਪਹਿਲਾਂ ਇਹ ਸੋਚਿਆ ਹੀ ਨਹੀਂ ਕਿ ਇਸ ਮੁਲਕ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸਮੱਸਿਆ ਵੀ ਖੜ੍ਹੀਆਂ ਹੋ ਸਕਦੀਆਂ ਹਨ। ਬੁਲਾਏ ਜਾਣ ਵਾਲੇ ਲੋਕਾਂ ਲਈ ਲੋੜੀਂਦੇ ਪ੍ਰਬੰਧ ਵੀ ਕਰਨੇ ਹਨ। ਦੇਸ਼ ਨੂੰ ਸੁੱਚਜੇ ਢੰਗ ਨਾਲ ਚਲਾਉਣ ਲਈ ਪੁਲਿਸ, ਜੱਜਾਂ, ਅਦਾਲਤਾਂ ਅਤੇ ਹੋਰ ਸੇਵਾਵਾਂ ਦਾ ਪ੍ਰਬੰਧ ਵੀ ਕਰਨਾ ਹੈ। ਕਾਨੂੰਨਾਂ ਵਿੱਚ ਸੋਧ ਵੀ ਕਰਨੀ ਹੈ। ਅੱਜ ਇਸ ਮੁਲਕ ਵਿੱਚ 162 ਦੇਸ਼ਾਂ ਦੇ 42 ਮਿਲੀਅਨ ਯਾਨੀ ਕਿ 5 ਕਰੋੜ ਲੋਕ ਰਹਿ ਰਹੇ ਹਨ। ਅੱਜ ਇਸ ਮੁਲਕ ਵਿੱਚ 25% ਭਾਰਤੀ ਅਤੇ 40% ਚੀਨ ਦੇ ਲੋਕ ਵਸ ਰਹੇ ਹਨ। ਇਹ ਮੁਲਕ ਇਮਾਨਦਾਰੀ, ਵਿਸ਼ਵਾਸ, ਸ਼ਾਂਤੀ, ਕੁਦਰਤ ਦੇ ਨਿਯਮਾਂ, ਇਨਸਾਨੀਅਤ, ਕਾਨੂੰਨਾਂ ਤੇ ਉੱਚ ਪੱਧਰ ਦੀਆਂ ਨੈਤਿਕ ਕਦਰਾਂ ਦਾ ਪੁਜਾਰੀ ਹੈ।
ਪਰ ਇਸ ਮੁਲਕ ਦੀਆਂ ਸਰਕਾਰਾਂ ਨੇ ਉਨ੍ਹਾਂ ਮੁਲਕਾਂ ਦੇ ਲੋਕਾਂ ਨੂੰ ਵੀ ਬਹੁਗਿਣਤੀ ਵਿੱਚ ਬੁਲਾ ਲਿਆ ਹੈ, ਜਿਨ੍ਹਾਂ ਮੁਲਕਾਂ ਵਿੱਚ ਕਾਨੂੰਨ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ, ਜਿਨ੍ਹਾਂ ਮੁਲਕਾਂ ਵਿੱਚ ਨੈਤਿਕ ਕਦਰਾਂ ਨੂੰ ਤਰਜੀਹ ਬਹੁਤ ਘੱਟ ਦਿੱਤੀ ਜਾਂਦੀ ਹੈ। ਚੋਰੀਆਂ, ਹੇਰਾਫੇਰੀਆਂ, ਜੁਰਮਾਂ ਲੁੱਟਾਂ ਖੋਹਾਂ, ਡਕੈਤੀਆਂ, ਫ਼ਿਰੌਤੀਆਂ, ਟੈਕਸ ਦੀਆਂ ਹੇਰਾਫੇਰਾਂ, ਨਸ਼ਿਆਂ ਅਤੇ ਧੋਖਾਧੜੀਆਂ ਦੀ ਭਰਮਾਰ ਹੈ। ਉਨ੍ਹਾਂ ਮੁਲਕਾਂ ਦੇ ਲੋਕਾਂ ਨੇ ਇਸ ਮੁਲਕ ਵਿੱਚ ਆਕੇ ਵੀ ਆਪਣੀਆਂ ਉਹ ਮਾੜੀਆਂ ਆਦਤਾਂ ਨਹੀਂ ਛੱਡੀਆਂ। ਉਨ੍ਹਾਂ ਲੋਕਾਂ ਨੇ ਇਸ ਮੁਲਕ ਦੇ ਹਾਲਾਤ ਵੀ ਵਿਗਾੜ ਦਿੱਤੇ। ਕੈਨੇਡਾ ਦੇ ਬਿਗੜ ਰਹੇ ਇਨ੍ਹਾਂ ਹਾਲਾਤ ਨੂੰ ਵੇਖਕੇ ਇੱਥੇ ਵਸ ਰਹੇ ਲੋਕਾਂ ਦਾ ਇਹ ਸੋਚਕੇ ਕਿ ਉਨ੍ਹਾਂ ਦਾ ਇਸ ਮੁਲਕ ਵਿੱਚ ਭਵਿੱਖ ਕੀ ਹੋਵੇਗਾ, ਦਿਮਾਗੀ ਤਣਾਅ ਵਧ ਰਿਹਾ ਹੈ। ਕਿਸੇ ਵੀ ਮੁਲਕ ਦਾ ਸਾਰਾ ਦਾਰੋਮਦਾਰ, ਖੁਸ਼ਹਾਲੀ, ਸ਼ਾਂਤੀ ਵਿਵਸਥਾ, ਵਪਾਰ ਅਤੇ ਆਰਥਿਕ ਮਜ਼ਬੂਤੀ ਉਸ ਮੁਲਕ ਦੇ ਰੋਜ਼ਗਾਰ ਦੇ ਸਾਧਨਾਂ ਨਾਲ ਜੁੜੇ ਹੋਏ ਹੁੰਦੇ ਹਨ। ਕੈਨੇਡਾ ਵਿੱਚ ਸਭ ਤੋਂ ਵੱਧ ਤਣਾਅ ਵਿੱਚ ਦੂਜੇ ਮੁਲਕਾਂ ਤੋਂ ਆਏ ਵਿਦਿਆਰਥੀ ਹਨ। ਕੋਈ ਵੀ ਵਿਦਿਆਰਥੀ ਕੈਨੇਡਾ ਵਿੱਚ ਆਪਣਾ ਮੁਲਕ ਛੱਡਕੇ ਤੇ ਆਪਣੇ ਮਾਪਿਆਂ ਦਾ 30-35 ਲੱਖ ਰੁਪਇਆ ਖਰਚ ਕਰਕੇ ਪੜ੍ਹਨ ਲਈ ਨਹੀਂ, ਸਗੋਂ ਰੋਜ਼ਗਾਰ ਹਾਸਲ ਕਰਨ ਹੀ ਆਉਂਦਾ ਹੈ ਪਰ ਇਸ ਮੁਲਕ ਦੀਆਂ ਸਰਕਾਰਾਂ ਨੇ ਲੱਖਾਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਨੂੰ ਬੁਲਾ ਤਾਂ ਲਿਆ ਪਰ ਉਸ ਗਿਣਤੀ ਮੁਤਾਬਿਕ ਰੋਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਅਤੇ ਭਵਿੱਖ ਵਿੱਚ ਵੀ ਰੋਜ਼ਗਾਰ ਦੇ ਮੌਕੇ ਪੈਦਾ ਹੋਣ ਦੇ ਆਸਾਰ ਵਿਖਾਈ ਨਹੀਂ ਦੇ ਰਹੇ। ਇੱਕ ਪਾਸੇ ਮਾਪਿਆਂ ਦੇ ਸਿਰ ਬੈਂਕਾਂ ਦਾ ਕਰਜ਼ਾ, ਕਾਲਜਾਂ ਦੀਆਂ ਫੀਸਾਂ, ਮਕਾਨਾਂ ਦੇ ਕਿਰਾਏ ‘ਤੇ ਹੋਰ ਖਰਚੇ ਪਰ ਦੂਜੇ ਪਾਸੇ ਰੋਜ਼ਗਾਰ ਮਿਲਣ ਦੀ ਕੋਈ ਸੰਭਾਵਨਾ ਨਹੀਂ। ਕੈਨੇਡਾ ਸਰਕਾਰਾਂ ਵੱਲੋਂ ਵਿਦਿਆਰਥੀਆਂ ਦੇ ਵਰਕ ਪਰਮਿਟ ਬੰਦ ਕਰਨ ਅਤੇ ਉਨ੍ਹਾਂ ਨੂੰ ਆਪਣੇ ਮੁਲਕ ਵਿੱਚੋਂ ਵਾਪਸ ਭੇਜਣ ਦੇ ਨਵੇਂ ਨਵੇਂ ਫੈਸਲੇ ਲਏ ਜਾ ਰਹੇ ਹਨ। ਅਜਿਹੇ ਹਾਲਾਤਾਂ ਵਿੱਚ ਉਹ ਨਾ ਆਪਣੇ ਘਰ ਨੂੰ ਮੁੜਨ ਜੋਗੇ ਤੇ ਨਾ ਇੱਥੇ ਵਸਣ ਜੋਗੇ। ਇਹੋ ਜਿਹੇ ਹਾਲਤ ਉਨ੍ਹਾਂ ਦੇ ਦਿਮਾਗ ਦਾ ਤਣਾਅ ਵਧਾ ਰਹੇ ਹਨ। ਉਹ ਨਸ਼ਿਆਂ, ਖੁਦਕੁਸ਼ੀਆਂ ਤੇ ਹਾਰਟ ਅਟੈਕ ਦਾ ਸ਼ਿਕਾਰ ਹੋ ਰਹੇ ਹਨ।
ਨਵੇਂ ਮੁੰਡੇ ਕੁੜੀਆਂ ਨੂੰ ਤਾਂ ਨੌਕਰੀਆਂ ਕੀ ਮਿਲਣੀਆਂ, ਜਿਹੜੇ ਨੌਕਰੀਆਂ ਕਰਦੇ ਵੀ ਹਨ, ਉਨ੍ਹਾਂ ਦੀਆਂ ਨੌਕਰੀਆਂ ਵੀ ਖਤਰੇ ਵਿੱਚ ਨਜ਼ਰ ਆ ਰਹੀਆਂ ਹਨ। ਕੰਪਨੀਆਂ ਆਰਥਿਕ ਸੰਕਟ ਦੀਆਂ ਆੜ ਵਿਚ ਤਿੰਨਾਂ ਚਾਰ ਵਿਅਕਤੀਆਂ ਦਾ ਕੰਮ ਇੱਕ ਵਿਅਕਤੀ ਤੋਂ ਲੈਣ ਲਈ ਆਨੇ ਬਹਾਨੇ ਆਪਣੇ ਮੁਲਾਜ਼ਮਾਂ ਨੂੰ ਨੌਕਰੀਆਂ ਵਿੱਚੋਂ ਕੱਢ ਰਹੀਆਂ ਹਨ। ਜਿਨ੍ਹਾਂ ਮੁਲਾਜ਼ਮਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ, ਜਾਂ ਜਿਨ੍ਹਾਂ ਨੂੰ ਨੌਕਰੀਆਂ ਜਾਣ ਦਾ ਖਤਰਾ ਹੈ, ਉਨ੍ਹਾਂ ਦਾ ਦਿਮਾਗੀ ਤਣਾਅ ਇਸ ਲਈ ਵਧ ਰਿਹਾ ਹੈ ਕਿ ਉਹ ਮਕਾਨਾਂ, ਗੱਡੀਆਂ ਤੇ ਹੋਰ ਸਮਾਨ ਲਈ ਲਏ ਹੋਏ ਕਰਜ਼ਿਆਂ ਦੀਆਂ ਕਿਸ਼ਤਾਂ ਕਿੱਥੋਂ ਦੇਣਗੇ, ਬੱਚਿਆਂ ਦੀਆਂ ਫੀਸਾਂ ਕਿੱਥੋਂ ਦੇਣਗੇ, ਘਰ ਦੇ ਖਰਚੇ ਕਿਵੇਂ ਕਰਨਗੇ? ਉਹ ਨਾ ਤਾਂ ਆਪਣੇ ਮੁਲਕ ਵਾਪਸ ਜਾਣ ਜੋਗੇ ਰਹੇ ਹਨ ਅਤੇ ਨਾ ਇੱਥੇ ਵਸਣ ਜੋਗੇ ਰਹੇ।
ਜਿਹੜੇ ਲੋਕ ਆਪਣੇ ਮੁਲਕ ਨੂੰ ਛੱਡਕੇ ਲੰਬੇ ਸਮੇਂ ਤੋਂ ਆਪਣੇ ਬੱਚਿਆਂ ਨਾਲ ਇਸ ਮੁਲਕ ਵਿੱਚ ਵਸ ਰਹੇ ਹਨ, ਉਨ੍ਹਾਂ ਲੋਕਾਂ ਦਾ ਦਿਮਾਗੀ ਤਣਾਅ ਇਸ ਲਈ ਵਧ ਰਿਹਾ ਹੈ ਕਿਉਂਕਿ ਉਨ੍ਹਾਂ ਨੂੰ ਹੁਣ ਇਸ ਮੁਲਕ ਵਿੱਚ ਆਪਣਾ ਅਤੇ ਆਪਣੇ ਬੱਚਿਆਂ ਦਾ ਭਵਿੱਖ ਖਤਰੇ ਵਿੱਚ ਨਜ਼ਰ ਆ ਰਿਹਾ ਹੈ। ਇਸ ਮੁਲਕ ਦੀ ਸਰਕਾਰ ਦੂਜੇ ਦੇਸ਼ਾਂ ਤੋਂ ਮੁੰਡੇ ਕੁੜੀਆਂ ਤੇ ਹੋਰ ਲੋਕਾਂ ਨੂੰ ਬੁਲਾਉਣਾ ਘਟਾ ਰਹੀ ਹੈ। ਇੱਥੇ ਪੜ੍ਹਨ ਆਏ ਮੁੰਡੇ ਕੁੜੀਆਂ ਨੂੰ ਵਾਪਸ ਭੇਜਣ ਲਈ ਨਵੇਂ ਫੈਸਲੇ ਕਰ ਰਹੀ ਹੈ। ਲੋਕ ਇਸ ਮੁਲਕ ਦੇ ਮਾੜੇ ਹਾਲਾਤ ਕਾਰਨ ਆਪਣੇ ਆਪ ਇਸ ਨੂੰ ਛੱਡਕੇ ਜਾ ਰਹੇ ਹਨ। ਇਸ ਕਾਰਨ ਇਸ ਮੁਲਕ ਦੇ ਰੀਅਲ ਇਸਟੇਟ ਦਾ ਕੰਮ ਕਰਨ ਵਾਲੇ, ਵਪਾਰੀ ਵਰਗ ਅਤੇ ਕੰਪਨੀਆਂ ਦੇ ਮਾਲਕਾਂ ਦੇ ਦਿਮਾਗਾਂ ਦਾ ਤਣਾਅ ਵਧ ਰਿਹਾ ਹੈ। ਸਿੱਖਿਆ ਅਤੇ ਸਿਹਤ ਸਹੂਲਤਾਂ ਦੀ ਵਿਵਸਥਾ ਦੀ ਹਾਲਤ ਬਹੁਤੀ ਚੰਗੀ ਨਾ ਹੋਣ ਕਾਰਨ ਇੱਥੇ ਵਸਦੇ ਪ੍ਰਵਾਸੀ ਲੋਕਾਂ ਦੇ ਦਿਮਾਗਾਂ ਦਾ ਤਣਾਅ ਵਧਦਾ ਜਾ ਰਿਹਾ ਹੈ।
ਮਹਿੰਗਾਈ, ਬੇਰੋਜ਼ਗਾਰੀ, ਕੈਨੇਡਾ ਸਰਕਾਰ ਵੱਲੋਂ ਟੈਕਸਾਂ ਦਾ ਬੋਝ ਵਧਾਉਣ, ਤਨਖਾਹਾਂ ਵਿੱਚ ਵਾਧਾ ਨਾ ਕਰਨ, ਇਸ ਮੁਲਕ ਦੀ ਆਰਥਿਕ ਮੰਦਹਾਲੀ, ਪਰਿਵਾਰਾਂ ਦੇ ਚੰਗੇ ਗੁਜ਼ਾਰੇ ਲਈ ਪਤੀ ਪਤਨੀ ਦੋਹਾਂ ਨੂੰ ਨੌਕਰੀ ਨਾ ਮਿਲਣ, ਮਕਾਨਾਂ ਦੇ ਕਿਰਾਏ ਵਧਣ, ਬੱਚਿਆਂ ਦੇ ਪਾਲਣ ਪੋਸਣ, ਬੇਸਮੈਂਟਾਂ ਦੀ ਮਾੜੀ ਜ਼ਿੰਦਗੀ, ਬੱਚਿਆਂ ਤੇ ਬਜ਼ੁਰਗਾਂ ਦੇ ਟਕਰਾਅ, ਬਜ਼ੁਰਗਾਂ ਦੀਆਂ ਬਿਮਾਰੀਆਂ, ਬਜ਼ੁਰਗਾਂ ਦਾ ਸਮਾਂ ਪਾਸ ਨਾ ਹੋਣ, ਮੁੰਡੇ ਕੁੜੀਆਂ ਦੇ ਵਿਆਹ ਨਾ ਹੋਣ ਵਜੋਂ ਉਨ੍ਹਾਂ ਦੀ ਵਧ ਰਹੀ ਉਮਰ, ਪਤੀ ਪਤਨੀ ਦੇ ਹੋਣ ਵਾਲੇ ਝਗੜਿਆਂ ਅਤੇ ਤਲਾਕਾਂ ਕਾਰਨ ਇਸ ਮੁਲਕ ਵਿੱਚ ਵਸ ਰਹੇ ਪ੍ਰਵਾਸੀ ਲੋਕਾਂ ਦੇ ਦਿਮਾਗਾਂ ਦੇ ਤਣਾਅ ਵਿੱਚ ਵਾਧਾ ਹੋ ਰਿਹਾ ਹੈ। ਕੈਨੇਡਾ ਦੀ ਸਰਕਾਰ ਨੂੰ ਆਪਣੇ ਜ਼ਿਹਨ ਵਿੱਚ ਇਹ ਗੱਲ ਚੰਗੀ ਤਰ੍ਹਾਂ ਬਿਠਾ ਲੈਣੀ ਚਾਹੀਦੀ ਹੈ ਕਿ ਉਸ ਨੂੰ ਦੂਜੇ ਮੁਲਕਾਂ ਤੋਂ ਇਸ ਮੁਲਕ ਵਿੱਚ ਵਸੇ ਹੋਏ ਪ੍ਰਵਾਸੀ ਲੋਕਾਂ ਪ੍ਰਤੀ ਆਪਣੀ ਨੀਅਤ ਅਤੇ ਨੀਤੀ ਸਾਫ ਰੱਖਣੀ ਪਵੇਗੀ। ਕਿਉਂਕਿ ਇਸ ਮੁਲਕ ਦੀ ਆਰਥਿਕਤਾ ਵਿਦੇਸ਼ੀ ਮੁਲਕਾਂ ਤੋਂ ਆਕੇ ਇੱਥੇ ਆਕੇ ਵਸਣ ਵਾਲੇ ਪ੍ਰਵਾਸੀ ਲੋਕਾਂ ਉੱਤੇ ਹੀ ਨਿਰਭਰ ਕਰਦੀ ਹੈ। ਦੂਜੇ ਮੁਲਕਾਂ ਤੋਂ ਇਸ ਮੁਲਕ ਵਿੱਚ ਲੋਕ ਤਾਂ ਹੀ ਆਉਣਗੇ ਜੇਕਰ ਇੱਥੇ ਰੋਜ਼ਗਾਰ ਦੇ ਮੌਕੇ ਹੋਣਗੇ। ਇਸਦੀ ਆਰਥਿਕਤਾ ਮਜ਼ਬੂਤ ਹੋਵੇਗੀ। ਇੱਥੇ ਅਮਨ ਸ਼ਾਂਤੀ ਵਾਲਾ ਮਾਹੌਲ ਹੋਵੇਗਾ। ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨਗੇ। ਮੁਲਾਜ਼ਮਾਂ, ਵਿਦਿਆਰਥੀ ਵਰਗ, ਵਪਾਰੀਆਂ ਤੇ ਕੰਪਨੀਆਂ ਨੂੰ ਆਪਣਾ ਭਵਿੱਖ ਉੱਜਲ ਵਿਖਾਈ ਦੇਵੇਗਾ।