Sunday, November 24, 2024
6 C
Vancouver

ਕੈਨੇਡਾ ਦੇ ਵਿਜ਼ਟਰ ਵੀਜ਼ਿਆਂ ਦੀ ਦੁਰਵਰਤੋਂ ਰੋਕਣ ਲਈ ਹੋਰ ਕਦਮ ਚੁੱਕਣ ਦੀ ਜ਼ਰੂਰਤ: ਮੰਤਰੀ ਮਾਰਕ ਮਿਲਰ

 

ਸਰੀ, (ਏਕਜੋਤ ਸਿੰਘ): ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਹੈ ਕਿ ਕੈਨੇਡਾ ਆਉਣ ਵਾਲੇ ਵਿਦੇਸ਼ੀ ਨਾਗਰਿਕਾਂ ਵੱਲੋਂ ਵਿਜ਼ਟਰ ਵੀਜ਼ਿਆਂ ਦੀ ਦੁਰਵਰਤੋਂ ਰੋਕਣ ਲਈ ਫੈਡਰਲ ਸਰਕਾਰ ਨੂੰ ਹੋਰ ਸਖ਼ਤ ਕਦਮ ਲੈਣ ਦੀ ਲੋੜ ਹੈ। ਉਹਨਾਂ ਦਾ ਕਹਿਣਾ ਸੀ ਕਿ ਸਰਕਾਰ ਨੇ ਗਰਮੀਆਂ ਦੌਰਾਨ ਕਈ ਮਹੱਤਵਪੂਰਨ ਉਪਾਅ ਕੀਤੇ ਹਨ, ਖਾਸ ਕਰਕੇ ਉਨ੍ਹਾਂ ਲੋਕਾਂ ਨਾਲ ਨਜਿੱਠਣ ਲਈ ਜੋ ਵਿਜ਼ਟਰ ਵੀਜ਼ਿਆਂ ‘ਤੇ ਦੇਸ਼ ਵਿੱਚ ਦਾਖਲ ਹੋ ਰਹੇ ਹਨ। ਮਿਲਰ ਨੇ ਜ਼ੋਰ ਦਿੱਤਾ ਕਿ ਇਹ ਸੂਰੀ ਕਰਨ ਦੀ ਲੋੜ ਹੈ ਕਿ ਜਿਹੜੇ ਲੋਕ ਵਿਜ਼ਟਰ ਵੀਜ਼ਿਆਂ ‘ਤੇ ਕੈਨੇਡਾ ਆ ਰਹੇ ਹਨ, ਉਹ ਸਿਰਫ ਇਸੇ ਉਦੇਸ਼ ਲਈ ਆਉਣ, ਨਾ ਕਿ ਸ਼ਰਣ ਦੀ ਮੰਗ ਕਰਨ ਜਾਂ ਅਮਰੀਕਾ ਜਾਣ ਦਾ ਰਾਹ ਲੱਭਣ ਲਈ।
ਇਸ ਦੌਰਾਨ, ਅਮਰੀਕਾ ਦੇ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (ਸੀਬੀਪੀ) ਨੇ ਰਿਪੋਰਟ ਦਿੱਤੀ ਹੈ ਕਿ ਅਕਤੂਬਰ 2023 ਤੋਂ ਅਗਸਤ 2024 ਤੱਕ ਕੈਨੇਡਾ-ਅਮਰੀਕਾ ਸਰਹੱਦ ‘ਤੇ 21,929 ਪਰਵਾਸੀਆਂ ਨੂੰ ਰੋਕਿਆ ਗਿਆ। ਉਨ੍ਹਾਂ ਵਿੱਚੋਂ 17,810 ਪਰਵਾਸੀ ਸਵਾਂਟਨ ਸੈਕਟਰ ਵਿਚ ਫੜੇ ਗਏ, ਜੋ ਕਿ ਕਿਊਬੈਕ ਅਤੇ ਅਮਰੀਕਾ ਦੇ ਨਿਊਯਾਰਕ ਅਤੇ ਵਰਮੌਂਟ ਸੂਬਿਆਂ ਨਾਲ ਲੱਗਦੀ ਸਰਹੱਦ ‘ਤੇ ਹੈ। ਇਹ ਗਿਣਤੀ ਪਿਛਲੇ ਸਾਲ ਨਾਲੋਂ ਦੁੱਗਣੀ ਤੋਂ ਵੀ ਵੱਧ ਹੈ। ਇਸ ਦੇ ਨਾਲ ਹੀ ਰਿਪੋਰਟ ਵਿਚ ਇਹ ਵੀ ਦਰਸਾਇਆ ਗਿਆ ਕਿ ਰੋਕੇ ਗਏ 21,929 ਪਰਵਾਸੀਆਂ ਵਿਚੋਂ ਤਕਰੀਬਨ 60% ਲੋਕ ਭਾਰਤ ਤੋਂ ਸਨ। ਇਸ ਨੂੰ ਦੇਖਦੇ ਹੋਏ, ਮਿਲਰ ਨੇ ਕਿਹਾ ਕਿ ਭਾਰਤ ਤੋਂ ਆ ਰਹੀਆਂ ਵੀਜ਼ਾ ਅਰਜ਼ੀਆਂ ‘ਤੇ ਭਵਿੱਖ ਵਿਚ ਹੋਰ ਸਖ਼ਤ ਨਿਗਰਾਨੀ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਕਿਹਾ, “ਅਸੀਂ ਕਈ ਲੋਕਾਂ ਨੂੰ ਵੇਖਦੇ ਹਾਂ ਜੋ ਭਾਰਤ ਜਾਂ ਹੋਰ ਦੇਸ਼ਾਂ ਤੋਂ ਆ ਕੇ ਸ਼ਰਣ ਦੀ ਮੰਗ ਕਰਦੇ ਹਨ, ਪਰ ਉਨ੍ਹਾਂ ਨੂੰ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ ਤੋਂ ਸਕਾਰਾਤਮਕ ਨਿਰਣਾ ਨਹੀਂ ਮਿਲਦਾ। ਇਸ ਨਾਲ ਸਾਨੂੰ ਇਹ ਸੂਚਨਾ ਮਿਲਦੀ ਹੈ ਕਿ ਵੀਜ਼ਾ ਪ੍ਰਕਿਰਿਆ ਵਿੱਚ ਹੋਰ ਸਖ਼ਤੀ ਦੀ ਲੋੜ ਹੈ।” ਇਹ ਵਾਧਾ ਸਿਰਫ ਸੰਖਿਆ ਤੱਕ ਸੀਮਿਤ ਨਹੀਂ ਹੈ, ਇਸ ਨਾਲ ਇਕ ਮੁਨਾਫ਼ੇ ਵਾਲਾ ਕਾਰੋਬਾਰ ਵੀ ਜਨਮ ਲਿਆ ਹੈ। ਇੰਸਟਾਗ੍ਰਾਮ ਅਤੇ ਟਿੱਕਟੋਕ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਵਿਡੀਓਆਂ ਅਤੇ ਪੋਸਟਾਂ ਵਿੱਚ ਕਈ ਪਰਵਾਸੀਆਂ ਨੂੰ ਦਿਖਾਇਆ ਜਾਂਦਾ ਹੈ ਜੋ ਕੈਨੇਡਾ-ਅਮਰੀਕਾ ਸਰਹੱਦ ਪਾਰ ਕਰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਮੌਂਟਰੀਅਲ ਤੋਂ ਅਮਰੀਕਾ ਜਾਣ ਦਾ ਰਾਹ ਕਿੰਨਾ ਆਸਾਨ ਹੈ। ਇਸ ਤਰੀਕੇ ਨੂੰ ਬੇਬਾਕ ਦੱਸਦਿਆਂ, ਮਿਲਰ ਨੇ ਕਿਹਾ ਕਿ ਇਹ ਨੈੱਟਵਰਕ ਬਹੁਤ ਹੀ ਸਫਾਈ ਨਾਲ ਕੰਮ ਕਰਦੇ ਹਨ, ਜਿਸ ਵਿੱਚ ਕਈ ਵਾਰ ਅਪਰਾਧਿਕ ਗਿਰੋਹਾਂ ਦੀ ਭੂਮਿਕਾ ਵੀ ਹੁੰਦੀ ਹੈ। ਮਿਲਰ ਨੇ ਕਿਹਾ ਕਿ ਇਸ ਮਸਲੇ ‘ਤੇ ਉਹਨਾਂ ਨੇ ਅਮਰੀਕਾ ਦੇ ਹੋਮਲੈਂਡ ਸਕਿਓਰਿਟੀ ਸਕੱਤਰ ਅਲੇਜੈਂਡਰੋ ਮੇਅਰਕਸ ਅਤੇ ਕੈਨੇਡਾ ਵਿੱਚ ਅਮਰੀਕੀ ਰਾਜਦੂਤ ਡੇਵਿਡ ਕੋਹੇਨ ਨਾਲ ਗੱਲਬਾਤ ਕੀਤੀ ਹੈ। ਉਹਨਾਂ ਦੱਸਿਆ ਕਿ ਦੋਵੇਂ ਦੇਸ਼ ਇਸ ਮਾਮਲੇ ‘ਤੇ ਮਿਲਕੇ ਕੰਮ ਕਰ ਰਹੇ ਹਨ ਤਾਂ ਜੋ ਕੈਨੇਡਾ-ਅਮਰੀਕਾ ਸਰਹੱਦਾਂ ਨੂੰ ਮਹਫ਼ੂਜ਼ ਰੱਖਿਆ ਜਾ ਸਕੇ।