Monday, November 25, 2024
5.4 C
Vancouver

ਬਹਿਸਾਂ ਨੇ ਅਮਰੀਕੀ ਲੋਕਤੰਤਰ ਦਾ ਮਜ਼ਬੂਤ ਥੰਮ੍ਹ

ਲਿਖਤ : ਦਰਬਾਰਾ ਸਿੰਘ ਕਾਹਲੋਂ
ਸੰਪਰਕ : +12898 292929
ਅਮਰੀਕੀ ਰਾਜਨੀਤੀਵਾਨਾਂ, ਰਾਸ਼ਟਰਵਾਦੀ ਸ਼ਖ਼ਸੀਅਤਾਂ ਅਤੇ ਲੋਕਤੰਤਰ ਦੇ ਦੀਵਾਨਿਆਂ ਨੇ ਅਮਰੀਕੀ ਲੋਕਤੰਤਰ ਦੀ ਰਾਖੀ, ਵਿਕਾਸ, ਸਦਾਕਤ, ਪਵਿੱਤਰਤਾ, ਰਾਸ਼ਟਰਵਾਦੀ ਇਕਜੁੱਟਤਾ ਕਾਇਮ ਰੱਖਣ ਲਈ ਰਾਸ਼ਟਰਪਤੀ ਦੇ ਨਾਮਵਰ ਅਹੁਦੇ ਲਈ ਸਹੀ ਰਾਜਨੀਤਕ ਆਗੂ ਤੇ ਸ਼ਖ਼ਸੀਅਤ ਦੀ ਚੋਣ ਲਈ ਰਾਸ਼ਟਰੀ ਪੱਧਰ ‘ਤੇ ਬਹਿਸ ਕੀਤੇ ਜਾਣ ਦੇ ਤਰੀਕਾਕਾਰ ਨੂੰ ਅਪਣਾਇਆ। ਅਮਰੀਕੀ ਲੋਕਤੰਤਰ ਦੀ ਮਜ਼ਬੂਤੀ ਸਵੱਛਤਾ, ਉੱਚ ਕਦਰਾਂ-ਕੀਮਤਾਂ ਦੀ ਰਾਖੀ ਲਈ ਇਸ ਨੂੰ ਇਕ ਜ਼ਰੂਰੀ ਰਵਾਇਤ ਵਜੋਂ ਅਪਣਾਇਆ ਭਾਵੇਂ ਇਸ ਨੂੰ ਕੋਈ ਸੰਵਿਧਾਨਕ ਮਾਨਤਾ ਹਾਸਲ ਨਹੀਂ ਹੈ।
ਰਾਸ਼ਟਰਪਤੀ ਪਦ ਲਈ ਪ੍ਰਾਇਮਰੀ ਚੋਣਾਂ ਵੇਲੇ ਵੱਖ-ਵੱਖ ਉਮੀਦਵਾਰਾਂ ਵਿਚਕਾਰ ਬਹਿਸਾਂ ਦਾ ਇਤਿਹਾਸ ਕਾਫ਼ੀ ਪੁਰਾਣਾ ਹੈ। ਸੰਨ 1860 ‘ਚ ਇਬਰਾਹੀਮ ਲਿੰਕਨ ਅਤੇ ਸੈਨੇਟਰ ਸਟੀਫਨ ਏ ਡਗਲਸ ਵੀ ਭਿੜੇ ਸਨ ਪਰ ਕਿਸੇ ਸੰਚਾਲਕ ਬਗੈਰ। ਰੇਡੀਓ ਤੇ ਟੈਲੀਵਿਜ਼ਨ ‘ਤੇ ਅਮਰੀਕੀ ਰਾਸ਼ਟਰਪਤੀ ਪਦ ਲਈ ਪ੍ਰਮੁੱਖ ਡੈਮੋਕ੍ਰੈਟਿਕ ਤੇ ਰਿਪਬਲਿਕਨ ਉਮੀਦਵਾਰਾਂ ਦਰਮਿਆਨ ਪਹਿਲੀ ਵਿਧੀਵਤ ਬਹਿਸ 26 ਸਤੰਬਰ 1960 ਨੂੰ ਜਾਹਨ ਐੱਫ ਕੈਨੇਡੀ ਤੇ ਰਿਚਰਡ ਨਿਕਸਨ ਵਿਚਾਲੇ ਹੋਈ ਸੀ। ਅਮਰੀਕਾ ਦੀ ਉਸ ਸਮੇਂ ਕੁੱਲ ਆਬਾਦੀ 179 ਮਿਲੀਅਨ ‘ਚੋਂ 66 ਮਿਲੀਅਨ ਲੋਕਾਂ ਨੇ ਇਸ ਨੂੰ ਵੇਖਿਆ ਸੀ। ਇਸ ਤੋਂ 16 ਸਾਲ ਬਾਅਦ 1976 ‘ਚ 23 ਸਤੰਬਰ ਨੂੰ ਜਿਮੀ ਕਾਰਟਰ ਤੇ ਜੇਰਾਲਡ ਫੋਰਡ ਦਰਮਿਆਨ ਗਹਿਗੱਚ ਬਹਿਸ ਵੇਖਣ ਨੂੰ ਮਿਲੀ ਸੀ। ਸੰਨ 1980 ‘ਚ ਹੋਈ ਬਹਿਸ 226 ਮਿਲੀਅਨ ਅਮਰੀਕੀਆਂ ‘ਚੋਂ 80 ਮਿਲੀਅਨ ਨੇ ਵੇਖੀ ਸੀ। ਸੰਨ 1992 ਵਿਚ ਤ੍ਰੈਪੱਖੀ ਬਹਿਸ ਵੇਖਣ ਨੂੰ ਮਿਲੀ। ਇਹ ਡੈਮੋਕ੍ਰੈਟ ਬਿਲ ਕਲਿੰਟਨ, ਰਿਪਬਲਿਕਨ ਰਾਸ਼ਟਰਪਤੀ ਜਾਰਜ ਬੁਸ਼ ਤੇ ਅਰਬਪਤੀ ਰਾਸ ਪੀਰੋਟ ਦਰਮਿਆਨ ਹੋਈ ਸੀ। ਸੰਨ 2012 ਦੀ ਬਹਿਸ 67 ਮਿਲੀਅਨ ਲੋਕਾਂ ਨੇ ਵੇਖੀ ਸੀ ਪਰ ਸੰਨ 2016 ‘ਚ ਰਿਪਬਲਿਕਨ ਡੋਨਾਲਡ ਟਰੰਪ ਤੇ ਡੈਮੋਕ੍ਰੈਟ ਹਿਲੇਰੀ ਕਲਿੰਟਨ ਵਿਚਾਲੇ ਦਿਲਚਸਪ ਬਹਿਸ ‘ਚ ਪਿਛਲੇ ਸਭ ਰਿਕਾਰਡ ਟੁੱਟੇ। ਲਗਪਗ 84 ਮਿਲੀਅਨ ਅਮਰੀਕਨਾਂ ਨੇ ਇਹ ਬਹਿਸ ਵੇਖੀ। ਸੰਨ 2020 ‘ਚ ਬਾਇਡਨ ਤੇ ਰਾਸ਼ਟਰਪਤੀ ਟਰੰਪ ਦੀ ਬਹਿਸ 73.1 ਮਿਲੀਅਨ ਲੋਕਾਂ ਵੇਖੀ। ਦਸ ਸਤੰਬਰ 2024 ਨੂੰ ਡੈਮੋਕ੍ਰੈਟ ਉਮੀਦਵਾਰ ਕਮਲਾ ਹੈਰਿਸ ਤੇ ਰਿਪਬਲਿਕਨ ਉਮੀਦਵਾਰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਬਹਿਸ ਫਿਲਾਡੇਲਫੀਆ (ਪੈਨਸਿਲਵੇਨੀਆ) ਵਿਖੇ 90 ਮਿੰਟ ਚੱਲੀ।
ਇਹ ਬਹਿਸ 67.1 ਮਿਲੀਅਨ ਲੋਕਾਂ ਨੇ ਵੇਖੀ। ਇਹ ਗਿਣਤੀ 27 ਜੂਨ 2024 ਨੂੰ ਰਾਸ਼ਟਰਪਤੀ ਜੋਅ ਬਾਇਡਨ ਤਤਕਾਲੀ ਡੈਮੋਕ੍ਰੈਟਿਕ ਉਮੀਦਵਾਰ ਤੇ ਡੋਨਾਲਡ ਟਰੰਪ ਰਿਪਬਲਿਕਨ ਉਮੀਦਵਾਰ ਦਰਮਿਆਨ ਹੋਈ ਬਹਿਸ ਨਾਲੋਂ 16 ਮਿਲੀਅਨ ਭਾਵ 31 ਪ੍ਰਤੀਸ਼ਤ ਗਿਣਤੀ ਪੱਖੋਂ ਵੱਧ ਸੀ। ਇਹ ਬਹਿਸਾਂ ਕਿਵੇਂ ਅਮਰੀਕੀ ਰਾਸ਼ਟਰ, ਜਨਤਾ ਤੇ ਨੀਤੀਆਂ ਨੂੰ ਪ੍ਰਭਾਵਿਤ ਕਰਦੀਆਂ ਹਨ, ਇਸ ਦੀ ਜਿਊਂਦੀ-ਜਾਗਦੀ ਮਿਸਾਲ 27 ਜੂਨ ਦੀ ਬਹਿਸ ਹੈ ਜਿਸ ਵਿਚ 82 ਸਾਲਾ ਬੁੱਢੇ ਭੁਲੱਕੜ ਮਾਨਸਿਕ ਤੇ ਸਰੀਰਕ ਪੱਖੋਂ ਕਮਜ਼ੋਰ ਪੈ ਚੁੱਕੇ ਰਾਸ਼ਟਰਪਤੀ ਜੋਅ ਬਾਇਡਨ ਦੀ ਅਤਿ-ਨਿਰਾਸ਼ਾਜਨਕ ਕਾਰਗੁਜ਼ਾਰੀ ਕਰ ਕੇ ਡੈਮੋਕ੍ਰੈਟਿਕ ਪਾਰਟੀ ਨੂੰ ਆਪਣਾ ਉਮੀਦਵਾਰ ਬਦਲਣਾ ਪਿਆ। ਉਸ ਦੀ ਥਾਂ ਗਤੀਸ਼ੀਲ ਕਾਨੂੰਨਦਾਨ, ਪ੍ਰਸ਼ਾਸਕ ਤੇ ਦੂਰ-ਅੰਦੇਸ਼ ਡਿਪਲੋਮੈਟ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਉਮੀਦਵਾਰ ਚੁਣਨਾ ਪਿਆ। ਰਾਸ਼ਟਰਪਤੀ ਪਦ ਲਈ ਚੋਣ 5 ਨਵੰਬਰ 2024 ਨੂੰ ਹੋਣ ਜਾ ਰਹੀ ਹੈ। ਰਾਸ਼ਟਰਪਤੀ ਬਾਇਡਨ ਸਾਹਮਣੇ ਪਾਰਟੀ ਨਿਰਣੇ ਅੱਗੇ ਗੋਡੇ ਟੇਕਣ ਤੋਂ ਬਗੈਰ ਹੋਰ ਕੋਈ ਚਾਰਾ ਵੀ ਨਹੀਂ ਸੀ ਤਾਂ ਕਿ ਉਨ੍ਹਾਂ ਦੀ ਸਨਮਾਨਤ ਵਿਦਾਇਗੀ ਸੰਭਵ ਹੋ ਸਕੇ। ਸਾਰਾ ਵਿਸ਼ਵ ਜਾਣਦਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੰਨ 2020 ਦੀ ਚੋਣ ਹਾਰਨ ਦੇ ਬਾਵਜੂਦ ਆਪਣਾ ਅਹੁਦਾ ਨਹੀਂ ਸੀ ਛੱਡਣਾ ਚਾਹੁੰਦਾ। ਇਸ ਮੰਤਵ ਲਈ ਉਸ ਨੇ ਅਮਰੀਕੀ ਇਤਿਹਾਸ ਵਿਚ ਕਮਲਾ ਹੈਰਿਸ ਅਨੁਸਾਰ 6 ਜਨਵਰੀ 2021 ਨੂੰ ਅਮਰੀਕੀ ਕੈਪੀਟਲ ‘ਤੇ ਰਾਸ਼ਟਰਪਤੀ ਹੁੰਦੇ ਹਮਲੇ ਲਈ ਹਿੰਸਾ ਨੂੰ ਭੜਕਾਇਆ। ਸੋ, ਇਸ ਵਾਰ ਹਰ ਹਾਲਤ ਵਿਚ ਅਮਰੀਕੀ ਰਾਸ਼ਟਰਪਤੀ ਚੋਣਾਂ ਜਿੱਤਣਾ ਚਾਹੁੰਦਾ ਹੈ।
ਸਤਾਈ ਜੂਨ 2024 ਦੀ ਬਹਿਸ ਵਿਚ ਰਾਸ਼ਟਰਪਤੀ ਜੋਅ ਬਾਇਡਨ ਨੂੰ ਚਿੱਤ ਕਰਨ ਤੋਂ ਬਾਅਦ ਨਿਸ਼ਚਤ ਤੌਰ ‘ਤੇ ਉਸ ਦੇ ਹੌਸਲੇ ਬੁਲੰਦ ਸਨ। ਪਰ ਜਿਉਂ ਹੀ ਬਹਿਸ ਦੇ ਪੋਡੀਅਮ ‘ਤੇ ਕਮਲਾ ਹੈਰਿਸ ਨੇ ਪੂਰਨ ਵਿਸ਼ਵਾਸ ਅਤੇ ਸਵੈ ਮਾਨਸਿਕ ਸੰਤੁਲਨ ਦਾ ਮੁਜ਼ਾਹਰਾ ਕਰਦੇ ਹੋਏ ਡੋਨਾਲਡ ਟਰੰਪ ਨਾਲ ਹੱਥ ਮਿਲਾਇਆ, ਮਿਲੀਅਨਜ਼ ਲੋਕਾਂ ਨੇ ਮਹਿਸੂਸ ਕੀਤਾ ਜਿਵੇਂ ਉਹ ਛਾ ਗਈ ਹੋਵੇ। ਪੈਂਦਿਆਂ ਹੀ ਹੈਰਿਸ ਬਹਿਸ ਦੌਰਾਨ ਹਾਵੀ-ਪ੍ਰਭਾਵੀ ਹੁੰਦੀ ਦਿਸੀ। ਟਰੰਪ ਆਪਣੇ ਹਮਲਾਵਰ ਤੇ ਤੇਜ਼-ਤਰਾਰ ਗੁਸੈਲੇ ਸੁਭਾਅ ਕਰ ਕੇ ਮਸ਼ਹੂਰ ਹੈ ਪਰ ਇਸ ਬਹਿਸ ਵਿਚ ਉਹ ਜੁੰਬਸ਼ ਅੰਗੜਾਈ ਲੈਂਦੀ ਕਿਧਰੇ ਨਜ਼ਰ ਨਹੀਂ ਆਈ। ਇਹ ਗੱਲ ਰਿਪਬਲਿਕਨ ਸਾਂਸਦ ਵੀ ਮਹਿਸੂਸ ਕਰਦੇ ਵਿਖਾਈ ਦਿੰਦੇ ਦਿਸੇ। ਟੈਸਲਾ ਦੇ ਸੀਈਓ ਐਲਨ ਮਸਕ ਦਾ ਕਹਿਣਾ ਹੈ ਕਿ 10 ਸਤੰਬਰ ਦੀ ਰਾਤ ਟਰੰਪ ਲਈ ਬੁਰੀ ਸਾਬਿਤ ਹੋਈ। ਹੈਰਿਸ ਲੋਕਾਂ ਦੀਆਂ ਉਮੀਦਾਂ ਤੋਂ ਵੱਧ ਖਰੀ ਉਤਰੀ ਭਾਵੇਂ ਉਹ ਇਹ ਵੀ ਕਹਿੰਦਾ ਸੁਣਿਆ ਕਿ ਹੈਰਿਸ ਜੇ ਜਿੱਤ ਜਾਂਦੀ ਹੈ ਤਾਂ ਕੀ ਅਸੀਂ ਮੰਗਲ ਗ੍ਰਹਿ ‘ਤੇ ਪੁੱਜ ਜਾਵਾਂਗੇ। ਹਕੀਕਤ ਵਿਚ ਇਹ ਬਹਿਸ ਬਹੁਤ ਹੀ ਤਿੱਖੀ ਅਤੇ ਹਮਲਾਵਰ ਕਿਸਮ ਦੀ ਸੀ। ਇਸ ਵਿਚ ਟਰੰਪ ਨੇ ਆਪਣੀ ਆਦਤ ਮੁਤਾਬਕ ਝੂਠ ਲੱਦਣ, ਬਦਨਾਮੀ ਭਰੀ ਸ਼ਬਦਾਵਲੀ, ਨਾਮਕਰਨ ਪੱਖੋਂ ਕੋਈ ਕਸਰ ਨਹੀਂ ਛੱਡੀ। ਕੌਮਾਂਤਰੀ ਮਸਲਿਆਂ ‘ਤੇ ਗਾਜ਼ਾ ਜੰਗਬੰਦੀ, ਯੂਕਰੇਨ ‘ਤੇ ਰੂਸੀ ਹਮਲਾ, ਵਾਤਾਵਰਨ, ਕੌਮਾਂਤਰੀ ਭਾਈਚਾਰੇ ਨਾਲ ਸਬੰਧ, ਨਾਟੋ, ਵਪਾਰਕ, ਘਰੋਗੀ ਮਤਿਆਂ ਤੇ ਟੈਕਸ ਨਿਜ਼ਾਮ, ਲੋਕਤੰਤਰ ਦੀ ਰਾਖੀ, ਗਰਭਪਾਤ, ਬੰਦੂਕ ਸੱਭਿਆਚਾਰ, ਅਮਰੀਕਨ ਕੌਮੀ ਸਬੰਧਾਂ, ਮਹਿੰਗਾਈ, ਰੁਜ਼ਗਾਰ ਆਦਿ ‘ਤੇ ਗਹਿ-ਗੱਚ ਮੁਕਾਬਲਾ ਚੱਲਿਆ।
ਸ਼ੁਰੂ ‘ਚ ਟਰੰਪ ਸ਼ਾਂਤੀ ਦਾ ਮੁਜ਼ਾਹਰਾ ਆਪਣੇ ਸੁਭਾਅ ਦੇ ਉਲਟ ਕਰਦਾ ਵਿਖਾਈ ਦਿੱਤਾ ਪਰ ਫਿਰ ਉਸ ਨੇ ਭੌਂਅ-ਭੌਂਅ ਹਮਲੇ ਕੀਤੇ। ਕਮਲਾ ਹੈਰਿਸ ਨੇ ਜਵਾਬ ‘ਚ ਆਪਣੀਆਂ ਟੈਕਸ ਨੀਤੀਆਂ ਦਾ ਪ੍ਰਗਟਾਵਾ ਕਰਦੇ ਹੋਏ ਉਸ ਦੀ ਬੋਲਤੀ ਬੰਦ ਕਰਦਿਆਂ ਕਿਹਾ ਕਿ ਉਹ ਬਾਇਡਨ ਵਿਰੁੱਧ ਨਹੀਂ, ਉਸ ਵਿਰੁੱਧ ਚੋਣ ਲੜ ਰਹੇ ਹਨ। ਉਸ ਨੂੰ ਕਈ ਵਾਰ ਚਿਤਾਵਨੀ ਦਿੱਤੀ, ‘ਕੁਫ਼ਰ ਮਤ ਤੋਲੋ।’ ਟਰੰਪ ਨੇ ਆਪਣੇ ਵਿਰੁੱਧ ਅਪਰਾਧਾਂ ਨੂੰ ਡੈਮੋਕ੍ਰੈਟਾਂ ਵੱਲੋਂ ਬੁਣਿਆ ਜਾਲ਼ ਦੱਸਿਆ ਜਿਸ ਕਰਕੇ ਉਸ ਨੂੰ ਆਪਣੇ ਸਿਰ ਵਿਚ ਗੋਲ਼ੀ ਖਾਣੀ ਪਈ। ਪਰ ਕੌਣ ਨਹੀਂ ਜਾਣਦਾ ਉਸ ਦੇ ਸ਼ਰਮਨਾਕ ਅਪਰਾਧਾਂ ਨੂੰ। ‘ਹੱਸ਼ ਮਨੀ’ ਪੋਰਨ ਫਿਲਮ ਔਰਤ ਨਾਲ ਜਿਨਸੀ ਸਬੰਧਾਂ ਕਰਕੇ ਕੀ ਰਾਸ਼ਟਰਪਤੀ ਪਦ ਦੇ ਉਮੀਦਵਾਰ ਲਈ ਚੱਪਣੀ ‘ਚ ਨੱਕ ਡੋਬ ਕੇ ਮਰਨ ਵਾਲੀ ਗੱਲ ਨਹੀਂ? ਹਰਬਰਟ ਹੂਵਰ ਅਨੁਸਾਰ ਸਿਰਫ਼ ਫਰੈਂਕਲਿਨ ਰੂਜ਼ਵੈਲਟ ਆਧੁਨਿਕ ਅਮਰੀਕਾ ਦੀ ਐਸੀ ਮਿਸਾਲ ਹਨ ਜਿਨ੍ਹਾਂ ਹਮੇਸ਼ਾ ਆਪਣੇ ਪੂਰਵਜ ਰਾਸ਼ਟਰਪਤੀਆਂ ਦੀ ਆਲੋਚਨਾ ਤੋਂ ਗੁਰੇਜ਼ ਕੀਤਾ। ਬਹਿਸ ਦੌਰਾਨ ਬਾਇਡਨ ਦੀ ਤਿੱਖੀ ਆਲੋਚਨਾ ਕਰਨ ਵਜੋਂ ਟਰੰਪ ਸਭ ਮਾਨਵੀ, ਰਾਸ਼ਟਰੀ ਅਮਰੀਕੀ ਕਦਰਾਂ-ਕੀਮਤਾਂ ਭੁੱਲ ਗਿਆ। ਉਸ ਨੇ ਹੈਰਿਸ ਨੂੰ ਮਾਰਕਸਵਾਦੀ ਗਰਦਾਨਿਆ ਤੇ ਡੈਮੋਕ੍ਰੈਟਾਂ ‘ਤੇ ਦੇਸ਼ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ। ਯੂਕਰੇਨ ‘ਚ ਜੰਗਬੰਦੀ ਦਾ ਦਾਅਵਾ ਕੀਤਾ। ਹੈਰਿਸ ਨੂੰ ਸੁਰੱਖਿਆ ਮਾਮਲਿਆਂ ਲਈ ਕਮਜ਼ੋਰ ਤੇ ਪਾਗਲਾਨਾ ਪਰਵਾਸੀ ਪਨਾਹਗਾਹ ਲਈ ਦੋਸ਼ੀ ਕਿਹਾ। ਹੈਰਿਸ ਨੇ ਉਸ ਨੂੰ ਪੁਤਿਨ ਦੀ ਤਰ੍ਹਾਂ ਡਿਕਟੇਟਰ ਬਣਨ ਦਾ ਚਾਹਵਾਨ ਦੱਸਿਆ। ਵਾਤਾਵਰਨ ਸਬੰਧੀ ਨੀਤੀਆਂ ਢਿੱਲੀਆਂ ਕਰ ਕੇ ਤੇਲ ਕੰਪਨੀਆਂ ਨੂੰ ਫ਼ਾਇਦਾ ਪਹੁੰਚਾਉਣ ਵਾਲਾ ਦੱਸਿਆ, ਉਨ੍ਹਾਂ ਤੋਂ ਚੋਣ ਮੁਹਿੰਮ ਲਈ 1 ਬਿਲੀਅਨ ਡਾਲਰ ਦਾਨ ਦੀ ਮੰਗ ਕੀਤੀ, ਅਮੀਰਾਂ ਤੋਂ ਫੈਕਸ ਹਟਾ ਕੇ ਦਰਾਮਦ ‘ਤੇ 10 ਤੋਂ 20% ਟੈਰਿਫ ਠੋਕਣ, ਨੀਰਸ ਚੋਣ ਰੈਲੀਆਂ ‘ਚ ਵਿੰਡ ਮਿੱਲਾਂ ਤੋਂ ਕੈਂਸਰ ਹੋਣ ਦਾ ਡਰ ਪੈਦਾ ਕਰਨ, ਅਮਰੀਕੀਆਂ ‘ਚ ਰੰਗਭੇਦ ਤੇ ਸੱਜੇ-ਪੱਖੀਆਂ ਨੂੰ ਭੜਕਾ ਕੇ ਵੰਡ ਪਾਉਣ, ਗਰਭਪਾਤ ਤੇ ਬੰਦੂਕ ਸੱਭਿਆਚਾਰ ‘ਤੇ ਸਟੈਂਡ ਨਾ ਲੈਣ, ਰੂਸ ਨੂੰ ਨਾਟੋ ਨਾਲ ਟਕਰਾਅ ਲਈ ਉਕਸਾਉਣ ਆਦਿ ਮੁੱਦਿਆਂ ‘ਤੇ ਲੰਬੇ ਹੱਥੀਂ ਲਿਆ।
ਸੀਐੱਨਐੱਨ ਫਲੈਸ਼ ਪੋਲ ਅਨੁਸਾਰ 37 ਪ੍ਰਤੀਸ਼ਤ ਦੇ ਮੁਕਾਬਲੇ 63% ਲੋਕ ਮੰਨਦੇ ਹਨ ਕਿ ਹੈਰਿਸ ਨੇ ਵਧੀਆ ਬਹਿਸ ਕੀਤੀ। ਹੈਰਿਸ ਦੇ 96 ਫ਼ੀਸਦ ਜਦਕਿ ਟਰੰਪ ਦੇ 69% ਹਮਾਇਤੀ ਉਨ੍ਹਾਂ ਦੀ ਕਾਰਗੁਜ਼ਾਰੀ ਵਧੀਆ ਮੰਨਦੇ ਵਿਖਾਈ ਦਿੱਤੇ। ਪਰ ਟਰੰਪ ਦੀਆਂ ਨੀਤੀਆਂ ਤੋਂ ਗੁਆਂਢੀ ਕੈਨੇਡਾ ਤੇ ਮੈਕਸੀਕੋ ਸਹਿਮੇ ਨਜ਼ਰ ਆਏ। ਟਰੰਪ ਨੇ ਬਹਿਸ ਤੋਂ ਬਾਅਦ ਦਾਅਵਾ ਕੀਤਾ ਕਿ ਲੋਕ ਇਸ ਨੂੰ ਉਸ ਦੀ ਵੱਡੀ ਜਿੱਤ ਦੱਸ ਰਹੇ ਹਨ। ਜਦੋਂ ਟਰੰਪ ਨੇ ਬਹਿਸ ਦੌਰਾਨ ਹੈਰਿਸ ਨੂੰ ਜੋਅ ਬਾਇਡਨ ਕਿਹਾ ਤਾਂ ਉਸ ਨੇ ਅਮਰੀਕੀਆਂ ਦੇ ਮਨਾਂ ਨੂੰ ਟੁੰਬਣ ਵਾਲੀ ਭਾਸ਼ਾ ਵਿਚ ਜਵਾਬ ਦਿੱਤਾ, ”ਮੈਂ ਦੇਸ਼ ਨੂੰ ਨਵੀਂ ਪੀੜ੍ਹੀ ਦੀ ਲੀਡਰਸ਼ਿਪ ਪੇਸ਼ ਕਰ ਰਹੀ ਹਾਂ।” ਇਸ ਬਹਿਸ ਤੋਂ ਬਾਅਦ ਸਟਾਰ ਟੇਲਰ ਸਵਿਫਟ ਨੇ ਹੈਰਿਸ ਦੀ ਹਮਾਇਤ ਦਾ ਐਲਾਨ ਕਰ ਦਿੱਤਾ।