Thursday, November 21, 2024
6.8 C
Vancouver

ਗ਼ਦਰੀ ਬਾਬਾ ਹਰਨਾਮ ਸਿੰਘ ਟੁੰਡੀਲਾਟ ਨੂੰ ਚੇਤੇ ਕਰਦਿਆਂ…

ਲਿਖਤ : ਲਿਖਤ : ਅਜੀਤ ਖੰਨਾ
ਮੋਬਾਈਲ : 85448-54669
ਹਰਨਾਮ ਸਿੰਘ ਟੁੰਡੀਲਾਟ ਦਾ ਜਨਮ 26 ਅਕਤੂਬਰ 1884 ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਕੋਟਲਾ ਨੌਧ ਸਿੰਘ ਵਿਖੇ ਹੋਇਆ ਸੀ। ਪਿਤਾ ਗੁਰਦਿੱਤ ਸਿੰਘ ਖੇਤੀਬਾੜੀ ਕਰਦੇ ਸਨ। ਉਹ ਪੰਜਵੀਂ ਜਮਾਤ ਤੱਕ ਦੀ ਸਿੱਖਿਆ ਹੀ ਹਾਸਲ ਕਰ ਸਕੇ ਸਨ ਜੋ ਉਨ੍ਹਾਂ ਨੇ ਪਿੰਡ ਦੇ ਧਰਮਸ਼ਾਲਾ ਸਕੂਲ ਤੋਂ ਹਾਸਲ ਕੀਤੀ ਸੀ।
ਇਸੇ ਦੌਰਾਨ ਉਨ੍ਹਾਂ ਉਰਦੂ ਫ਼ਾਰਸੀ ਤੇ ਗੁਰਮੁਖੀ ਸਿੱਖ ਲਈ ਸੀ। ਅਠਾਈ ਨਵੰਬਰ 1902 ਨੂੰ ਉਹ ਪਿਸ਼ਾਵਰ ਦੇ ਪਲਟੂਨ ਨੰਬਰ 25 ਵਿਚ ਇਕ ਫ਼ੌਜੀ ਵਜੋਂ ਭਰਤੀ ਹੋ ਗਏ। ਦੇਸ਼ ਭਗਤੀ ਦਾ ਜਜ਼ਬਾ ਹੋਣ ਕਰਕੇ ਬਾਅਦ ‘ਚ ਉਨ੍ਹਾਂ ਨੌਕਰੀ ਛੱਡ ਦਿੱਤੀ ਅਤੇ 12 ਜੁਲਾਈ 1906 ਨੂੰ ਉਹ ਵੈਨਕੂਵਰ (ਕੈਨੇਡਾ) ਚਲੇ ਗਏ। ਉਸ ਪਿੱਛੋਂ 1909 ‘ਚ ਕੈਲੀਫੋਰਨੀਆ (ਯੂਐੱਸਏ) ਚਲੇ ਗਏ ਜਿੱਥੇ ਉਨ੍ਹਾਂ ਨੇ ਓਰੇਗਨ ਰਾਜ ਦੇ ਪ੍ਰਸਿੱਧ ਸ਼ਹਿਰ ਪੋਰਟਲੈਂਡ ਕੋਲ ਬ੍ਰਦਲਵਿਲੇ ਦੀ ਇਕ ਲੱਕੜ ਮਿੱਲ ‘ਚ ਕੰਮ ਕੀਤਾ ਜਿੱਥੇ ਭਾਰਤੀਆਂ ਨੂੰ ਗ਼ੁਲਾਮ ਸਮਝ ਕੇ ਬੜੀ ਨਫ਼ਰਤ ਕੀਤੀ ਜਾਂਦੀ ਸੀ।
ਇਸ ‘ਤੇ ਹਰਨਾਮ ਸਿੰਘ ਨੇ ਜੀਡੀ ਕੁਮਾਰ ਦੇ ਸੱਦੇ ‘ਤੇ 1912 ਦੇ ਸ਼ੁਰੂ ‘ਚ ਪੋਰਟਲੈਂਡ ‘ਚ ਕ੍ਰਾਂਤੀਕਾਰੀਆਂ ਦੀ ਹੋਈ ਬੈਠਕ ‘ਚ ਹਿੱਸਾ ਲਿਆ ਅਤੇ ਹਿੰਦੁਸਤਾਨੀ ਮਜ਼ਦੂਰਾਂ ਦਾ ਇਕ ਸੰਗਠਨ ਬਣਾਇਆ। ਇਸ ਦੀ ਪਲੇਠੀ ਬੈਠਕ 31 ਮਾਰਚ 1913 ਨੂੰ ਬ੍ਰੈਡਲਵਿਲੇ ‘ਚ ਹੋਈ ਸੀ ਜਿਸ ਵਿਚ ਹਰਨਾਮ ਸਿੰਘ ਨੂੰ ਸਥਾਨਕ ਸ਼ਾਖਾ ਦਾ ਸਕੱਤਰ ਚੁਣਿਆ ਗਿਆ। ਅਪ੍ਰੈਲ 1914 ਵਿਚ ਲਾਲਾ ਹਰਦਿਆਲ ਦੇ ਅਮਰੀਕਾ ‘ਚੋਂ ਕੱਢੇ ਜਾਣ ਮਗਰੋਂ ਸਾਨ ਫਰਾਂਸਿਸਕੋ ਵਿਚ ਪਾਰਟੀ ਦੇ ਮੁੱਖ ਦਫ਼ਤਰ ਯੁਗਾਂਤਰ ਆਸ਼ਰਮ ਵਿਚ ਇਸ ਦੇ ਕੰਮ ਦੀ ਪੁਨਰ ਵੰਡ ਕੀਤੀ ਗਈ ਤਾਂ ਗ਼ਦਰੀ ਹਰਨਾਮ ਸਿੰਘ ਟੁੰਡੀਲਾਟ ਨੂੰ ‘ਗ਼ਦਰ’ ਪਰਚੇ ਦਾ ਸੰਪਾਦਕ ਚੁਣਿਆ ਗਿਆ। ਜਦੋਂ 1914 ਵਿਚ ਇੰਗਲੈਂਡ ਪਹਿਲੇ ਵਿਸ਼ਵ ਯੁੱਧ ਸਮੇਂ ਜਰਮਨੀ ਨਾਲ ਯੁੱਧ ਵਿਚ ਉਲਝਿਆ ਹੋਇਆ ਸੀ ਤਾਂ ਮਾਸਟਰ ਊਧਮ ਸਿੰਘ ਕਸੇਲ ਨੇ ਗ਼ਦਰ ਪਾਰਟੀ ਦੇ ਕਾਰਕੁਨਾਂ ਨੂੰ ਫ਼ੌਜੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ।
ਹੀਰਾ ਸਿੰਘ ਦਰਦ ਆਪਣੀ ਕਿਤਾਬ ‘ਜੀਵਨ ਦੇਸ਼ ਭਗਤ ਬਾਬਾ ਹਰਨਾਮ ਸਿੰਘ ਟੁੰਡੀਲਾਟ’ ਵਿਚ ਲਿਖਦੇ ਹਨ ਕਿ 5 ਜੁਲਾਈ 1914 ਨੂੰ ਕਰਤਾਰ ਸਿੰਘ ਸਰਾਭਾ ਤੇ ਪ੍ਰਿਥਵੀ ਸਿੰਘ ਆਜ਼ਾਦ ਨੂੰ ਬੰਬ ਬਣਾਉਣ ਦੇ ਇਕ ਸਫਲ ਤਜਰਬੇ ਤੋਂ ਬਾਅਦ ਹਰਨਾਮ ਸਿੰਘ ਦਾ ਸੱਜਾ ਹੱਥ ਬਾਂਹ ਤੋਂ ਅਲੱਗ ਹੋ ਗਿਆ ਜਿਸ ਦੇ ਸਿੱਟੇ ਵਜੋਂ ਉਸ ਦੀ ਸੱਜੀ ਬਾਂਹ ਕੂਹਣੀ ਤੋਂ ਉੱਪਰੋਂ ਕੱਟਣੀ ਪਈ। ਇਸ ਮਗਰੋਂ ਇਸ ਦੇ ਸਾਥੀਆਂ ਨੇ ਹਰਨਾਮ ਸਿੰਘ ਦਾ ਨਵਾਂ ਨਾਂ ਟੁੰਡੀਲਾਟ ਰੱਖ ਦਿੱਤਾ।
ਸੰਨ 1914 ਵਿਚ ਜਿਹੜੇ ਗ਼ਦਰੀ ਆਗੂ ਐੱਸ.ਐੱਸ. ਕੋਰੀਆ ਜਹਾਜ਼ ਰਾਹੀਂ ਕਲਕੱਤੇ ਵੱਲੋਂ ਭਾਰਤ ਪਹੁੰਚੇ ਸਨ, ਉਨ੍ਹਾਂ ਨੂੰ ਬੰਦਰਗਾਹ ‘ਤੇ ਹੀ ਗ੍ਰਿਫ਼ਤਾਰ ਕਰ ਕੇ ਮਿੰਟਗੁਮਰੀ ਤੇ ਮੁਲਤਾਨ ਦੀਆਂ ਕੇਂਦਰੀ ਜੇਲ੍ਹਾਂ ਵਿਚ ਕੈਦ ਕਰਨ ਦੇ ਹੁਕਮ ਦਿੱਤੇ ਗਏ। ਹਰਨਾਮ ਸਿੰਘ ਅਕਤੂਬਰ ਦੇ ਆਖ਼ਰ ਵਿਚ ਆਪਣੀ ਸੋਚ ਮੁਤਾਬਕ ‘ਮਸ਼ੀਮਾ ਮਾਰੂ’ ਜਹਾਜ਼ ਰਾਹੀਂ ਕੋਲੰਬੋ, 24 ਦਸੰਬਰ ਨੂੰ ਭਾਰਤ ਤੇ ਮਗਰੋਂ ਪੰਜਾਬ ਵਿਚ ਦਾਖ਼ਲ ਹੋਇਆ।
ਇੱਥੇ ਉਨ੍ਹਾਂ ਗ਼ਦਰ ਪਾਰਟੀ ਵੱਲੋਂ ਪਿਸ਼ਾਵਰ, ਰਾਵਲਪਿੰਡੀ ਅਤੇ ਨੌਸ਼ਹਿਰਾ ਛਾਉਣੀਆਂ ਵਿਚ ਫ਼ੌਜੀ ਸਿਪਾਹੀਆਂ ਦੇ ਦਸਤਿਆਂ ਨਾਲ ਰਾਬਤਾ ਕਾਇਮ ਕੀਤਾ। ਗ਼ਦਰ ਅੰਦੋਲਨ ਨੂੰ ਅਸਫਲ ਕਰਨ ਲਈ ਅੰਗਰੇਜ਼ ਹਕੂਮਤ ਨੇ ਕਿਰਪਾਲ ਸਿੰਘ ਮਾਧੋਕੇ ਗ਼ਦਾਰ ਨੂੰ ਪਾਰਟੀ ਵਿਚ ਜਾਸੂਸ ਬਣਾ ਕੇ ਭੇਜਿਆ। ਦਿਨਾਂ ਵਿਚ ਹੀ ਗ਼ਦਰ ਦੀ ਸਾਰੀ ਖ਼ੁਫ਼ੀਆ ਜਾਣਕਾਰੀ ਪੁਲਿਸ ਅਫ਼ਸਰ ਲਿਆਕਤ ਖਾਂ ਕੋਲ ਪਹੁੰਚ ਗਈ ਤੇ ਕਈ ਗ਼ਦਰੀ ਫੜੇ ਗਏ। ਹਰਨਾਮ ਸਿੰਘ ਟੁੰਡੀਲਾਟ, ਕਰਤਾਰ ਸਿੰਘ ਸਰਾਭਾ, ਤੇ ਜਗਤ ਸਿੰਘ ਸੁਰਸਿੰਘ ਕੁਝ ਦਿਨਾਂ ਵਾਸਤੇ ਅਫ਼ਗਾਨਿਸਤਾਨ ਵੱਲ ਚਲੇ ਗਏ।
ਦੋ ਮਾਰਚ, 1915 ਨੂੰ ਟੁੰਡੀਲਾਟ, ਕਰਤਾਰ ਸਿੰਘ ਸਰਾਭਾ ਤੇ ਜਗਤ ਸਿੰਘ ਗ਼ਦਰ ਅਸਫਲ ਹੋਣ ਮਗਰੋਂ ਸ਼ਾਹਪੁਰ ਜ਼ਿਲ੍ਹਾ ਸਰਗੋਧਾ ਦੇ ਵਿਲਾਸਪੁਰ ਚੱਕ ਨੰਬਰ 5 ਦੇ ਇਕ ਫਾਰਮ ‘ਤੇ ਇਕ ਫ਼ੌਜੀ ਪੈਨਸ਼ਨਰ ਰਾਜਿੰਦਰ ਸਿੰਘ ਕੋਲ ਠਹਿਰਨ ਲਈ ਆ ਪਹੁੰਚੇ। ਉਸ ਨੇ ਬੁਲ੍ਹੋਵਾਲ ਥਾਣੇ ‘ਚ ਗ਼ਦਰੀਆਂ ਦੇ ਆਉਣ ਦੀ ਸੂਹ ਦੇ ਕੇ ਹਰਨਾਮ ਸਿੰਘ ਟੁੰਡੀਲਾਟ ਤੇ ਉਸ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਵਾ ਦਿੱਤਾ।
ਮਗਰੋਂ ਹਰਨਾਮ ਸਿੰਘ ‘ਤੇ ‘ਪਹਿਲਾ ਲਾਹੌਰ ਸਾਜ਼ਿਸ਼ ਮਕੱਦਮਾ’ ਚਲਾਇਆ ਗਿਆ। ਡਿਫੈਂਸ ਆਫ ਇੰਡੀਆ ਐਕਟ 1914 ਤਹਿਤ ਵਿਸ਼ੇਸ਼ ਟ੍ਰਿਬਿਊਨਲ ਰਾਹੀਂ 26 ਅਪ੍ਰੈਲ 1915 ਨੂੰ ਲਗਪਗ 81 ਗ਼ਦਰੀਆਂ ‘ਤੇ ਮੁਕੱਦਮਾ ਸ਼ੁਰੂ ਹੋਇਆ। ਹਰਨਾਮ ਸਿੰਘ ਟੁੰਡੀਲਾਟ ਸਮੇਤ 24 ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਗ਼ਦਰੀਆਂ ਵੱਲੋਂ ਮੁਕੱਦਮੇ ਦੀ ਪੈਰਵੀ ਕਰ ਰਹੇ ਵਕੀਲ ਰਘੂਨਾਥ ਸਹਾਏ ਨੇ 24 ਗ਼ਦਰੀਆਂ ਨੂੰ ਫਾਂਸੀ ਦੀ ਸਜ਼ਾ ਦਾ ਮੁੱਦਾ ਵਾਇਸਰਾਏ ਕੌਂਸਲ ਕੋਲ ਉਠਾਇਆ ਤੇ ਕੌਂਸਲ ਦੇ ਮੈਂਬਰ ਸਰ ਅਲੀ ਇਮਾਮ ਦੇ ਕਾਨੂੰਨੀ ਪੈਂਤੜਿਆਂ ਤੋਂ ਬਾਅਦ ਭਾਰਤ ਦੇ ਵਾਇਸਰਾਏ ਚਾਰਲਸ ਹਾਰਡਿੰਗ ਨੇ ਆਪਣੇ ਤੌਰ ‘ਤੇ ਇਨ੍ਹਾਂ ‘ਚੋਂ 17 ਦੀ ਮੌਤ ਸਜ਼ਾ ਨੂੰ ਉਮਰ ਕੈਦ ਵਿਚ ਬਦਲ ਦਿੱਤਾ ਜਿਨ੍ਹਾਂ ਵਿਚ ਟੁੰਡੀਲਾਟ ਵੀ ਸ਼ਾਮਲ ਸੀ।
ਬਾਅਦ ਵਿਚ ਟੁੰਡੀਲਾਟ ਨੇ ਜ਼ਿੰਦਗੀ ਦੇ 6 ਸਾਲ ਕੈਦੀ ਦੇ ਰੂਪ ਵਿਚ ਅੰਡੇਮਾਨ ਦੀ ਜੇਲ੍ਹ ਵਿਚ ਗੁਜ਼ਾਰੇ ਅਤੇ ਬਾਕੀ ਦੇ 9 ਵਰ੍ਹੇ ਮਦਰਾਸ, ਪੁਣੇ, ਮੁੰਬਈ ਅਤੇ ਮਿੰਟਗੁਮਰੀ ਦੀਆਂ ਜੇਲ੍ਹਾਂ ਵਿਚ ਬਤੀਤ ਕੀਤੇ। ਟੁੰਡੀਲਾਟ ਬਾਕੀ ਸਾਥੀਆਂ ਸਣੇ 1945 ਨੂੰ ਜੇਲ੍ਹ ਤੋਂ ਬਾਹਰ ਆਏ। ਅੰਤ 15 ਅਗਸਤ 1947 ਨੂੰ ਮੁਲਕ ਆਜ਼ਾਦ ਹੋ ਗਿਆ ਪਰ ਆਜ਼ਾਦੀ ਦੇ 15 ਸਾਲਾਂ ਪਿੱਛੋਂ 18 ਸਤੰਬਰ 1962 ਨੂੰ 78 ਵਰ੍ਹਿਆਂ ਦੀ ਉਮਰ ਭੋਗ ਕੇ ਭਾਰਤ ਦਾ ਇਹ ਮਹਾਨ ਆਜ਼ਦੀ ਘੁਲਾਟੀਆ ਜਹਾਨੋਂ ਰੁਖ਼ਸਤ ਹੋ ਗਿਆ।