Sunday, November 24, 2024
6 C
Vancouver

ਉੱਖੜੇ ਨੂੰ ਆਸ ਕਾਹਦੀ?

ਮਨ ਟੁੱਟਿਆ ਤਨ ਟੁੱਟਿਆ ਫਿਰਦਾ,
ਉੱਖੜਿਆ ਫਿਰਦਾ ਹਿਰਦਾ॥
ਪਤਾ ਨਹੀਂ ਇਹ ਕੀ ਪਿਆ ਚੱਲੇ,
ਵਾਰ ਵਾਰ ਮੈਂ ਗਿਰਦਾ॥
ਇੱਕ ਸੋਚ ਮੈਨੂੰ ਉੱਪਰ ਚੁੱਕੇ ,
ਦੂਜੀ ਸੁੱਟਦੀ ਥੱਲੇ ॥
ਪਤਾ ਨਹੀਂ ਕੀ ਹੋਇਆ ਮੈਨੂੰ,
ਪੈਂਦਾ ਨਹੀ ਕੁਝ ਪੱਲੇ ॥
ਖਾਣਾ ਭੁੱਲਿਆ ਪਾਣਾ ਭੁੱਲਿਆ,
ਪਡ੍ਹ਼ਨਾ ਭੁੱਲਿਆ ਮੈਨੂੰ॥
ਦੁਨੀਆਂ ਨਾਲੋਂ ਨਾਤਾ ਤੋੜਾਂ,
ਯਾਦ ਕਰਾਂ ਨਾ ਤੈਨੂੰ ॥
ਸਭ ਕੁਝ ਮੈਨੂੰ ਲੱਗੇ ਓਪਰਾ,
ਚੀਜ਼ ਬਿਗਾਨੇ ਜਾਪੇ॥
ਤੇਰੇ ਤੋਂ ਜੇ ਟੁੱਟਿਆ ਮਾਲਕਾ,
ਜੋੜ ਲਈਂ ਤੂੰ ਆਪੇ॥
ਆਸ ਪਾਸ ਹੁਣ ਦਿਸੇ ਹਨ੍ਹੇਰਾ,
ਸਭ ਧੁੰਦਲਾ ਧੁੰਦਲਾ ਲੱਗੇ ॥
ਹਾਲੇ ਤਾਂ ਸ਼ੁਰੂਆਤ ਹੈ ਮਿੱਤਰਾ,
ਜਾਣਾ ਬਹੁਤ ਹੀ ਅੱਗੇ ॥
ਯਕਦਮ ਸੱਜਣਾ ਕੁਝ ਨਹੀਂ ਬਣਦਾ,
ਸਮਾਂ ਤਾਂ ਸਭ ਨੂੰ ਲੱਗਦਾ ॥
ਜਿਉਂਦੇ ਜੀਅ ਕੋਈ ਹਾਲ ਨਹੀਂ ਪੁੱਛਦਾ,
ਮਰੇ ਤੇ ਦੀਵਾ ਜਗਦਾ॥
ਕੋਈ ਨ੍ਹੀਂ ਮਿੱਤਰ ਦੋਸਤ ਖੜ੍ਹਦਾ,
ਛੱਡ ਜਾਂਦੇ ਨੇ ਮਾਪੇ ॥
ਛੱਡ ਜਾਂਦੇ ਸਭ ਯਾਰ ਕਰੀਬੀ,
ਜੋ ਤੂੰ ਦਿਲ ਤੇ ਛਾਪੇ ॥
ਉੱਠ ਜਾਗ ਓਏ ਤੁਰਨਾ ਪੈਣੈਂ,,
ਸਿੱਖ ਲੈ ਤੌਰ ਤਰੀਕੇ ॥
ਸੰਭਲ ਸੰਭਲ ਕੇ ਚੱਲਣਾ ਪੈਂਣਾ,,
ਰਸਤਾ ਬੜਾ ਬਰੀਕ ਏ॥
ਛੱਡਦੇ ਆਸ ਪਰਾਈ ਬਾਬਾ,,
ਛੱਡਦੇ ਪਾਪ ਕਮਾਣਾ ॥
ਨਾਮ ਬੰਦਗੀ ਭਜਨ ਬਾਣੀ ਬਿਨ,
ਕਿਸੇ ਨਾਲ ਨਹੀਂ ਜਾਣਾ॥
ਮੰਗਤ ਸਿੰਘ ਲੌਂਗੋਵਾਲ